ਵੇਖ ਕੇ ਸ਼ੀਸ਼ੇ ‘ਚੋਂ ਚਿਹਰਾ,ਖੁਦ ਤੋਂ ਮੈਂ ਸ਼ਰਮਾ ਗਿਆ

ਗਜ਼ਲ
ਵੇਖ ਕੇ ਸ਼ੀਸ਼ੇ ‘ਚੋਂ ਚਿਹਰਾ,ਖੁਦ ਤੋਂ ਮੈਂ ਸ਼ਰਮਾ ਗਿਆ i
ਹਰ ਗੁਨਾਹ ਇਕ ਦੂਸਰੇ ਨੂੰ,ਮਿਲਣ ਤੇ ਘਬਰਾ ਗਿਆ i

ਮਿਰਗ ਜ਼ਖਮੀ ਹੋ ਕੇ ਗਿਰਿਆ, ਵਸਲ ਮੇਰੇ ਦਾ ਜਦੋਂ,
ਆ ਕੇ ਸ਼ਿਕਰਾ ਹਿਜ਼ਰ ਦਾ ਇਕ,ਮਾਸ ਦਿਲ ਦਾ ਖਾ ਗਿਆ i

ਭੁਗਤਿਆ ਹਾਂ ਹਰ ਸਜਾ ਨੂੰ, ਰੋਜ ਮੈਂ ਜਿਸਦੇ ਲਈ,
ਲੋੜ ਜਦ ਉਸਦੀ ਪਈ ਉਹ,ਵਕਤ ਤੇ ਠੁਕਰਾ ਗਿਆ i

ਮੁੜ ਤੋਂ ਉੱਜੜ ਕੇ ਬਣਾਏ, ਪੰਛੀਆਂ ਨੇ ਆਲਣੇ,
ਆ ਕੇ ਝੱਖੜ ਫਿਰ ਉਨ੍ਹਾ ਦਾ,ਹੌਸਲਾ ਅਜਮਾ ਗਿਆ i

ਉਹ ਉਸਾਰੇ ਮਹਿਲ ਭਾਵੇਂ, ਰੰਜ ਕੀ ਹੈ ਗਗਨ ਨੂੰ,
ਰੋਸ ਹੈ ਕਿ ਮਹਿਲ ਖਾਤਿਰ,ਝੁੱਗੀਆਂ ਕਿਓਂ ਢਾਹ ਗਿਆ ?

ਅੱਗ ਦੇ ਸੰਗ ਖੇਡਿਓ ਨਾ, ਵਰਜਦੇ ਉਸਨੂੰ ਰਹੇ,
ਖੇਡ ਵਿਚ ਪਰ ਆਪਣੇ ਹੀ, ਅੱਗ ਘਰ ਨੂੰ ਲਾ ਗਿਆ i

ਹਰ ਖੁਸ਼ੀ ਤੇ ਹਰ ਗਮੀ ਵਿਚ, ਸਾਂਭਿਓ ਕਿਰਦਾਰ ਨੂੰ,
ਉਂਝ ਫੁੱਲਾਂ ਨੂੰ ਵੀ ਕਾਦਰ , ਖਾਰਾਂ ਵਿਚ ਉਲਝਾ ਗਿਆ i
ਆਰ.ਬੀ.ਸੋਹਲ
 
Top