ਵਫ਼ਾ ਨਾਲ ਰਿਸ਼ਤਾ, ਨਿਭਾਇਆ ਕਦੋਂ ਹੈ ?

ਗਜ਼ਲ
ਤੁਸਾਂ ਜੋ ਕਿਹਾ ਹੈ, ਪੁਗਾਇਆ ਕਦੋਂ ਹੈ ?
ਵਫ਼ਾ ਨਾਲ ਰਿਸ਼ਤਾ, ਨਿਭਾਇਆ ਕਦੋਂ ਹੈ ?

ਹਮੇਸ਼ਾਂ ਹਾਂ ਫਸਿਆ, ਮੈਂ ਮੰਝਧਾਰ ਵਿਚ ਹੀ,
ਤੁਸਾਂ ਪਾਰ ਸਾਨੂੰ, ਲਗਾਇਆ ਕਦੋਂ ਹੈ ?

ਸੁਆਂਤੀ ਨੇ ਬੂੰਦਾਂ, ਜਿਓਂ ਪਿਆਰ ਤੇਰਾ,
ਤੂੰ ਬੱਦਲ ਬਣਾ ਕੇ, ਵਰ੍ਹਾਇਆ ਕਦੋਂ ਹੈ ?

ਸਦਾ ਕੋਲ ਰਹਿ ਕੇ, ਤੂੰ ਦੂਰੀ ਵਧਾਈ,
ਤੂੰ ਦਿਲ ਨਾਲ ਦਿਲ ਨੂੰ, ਵਟਾਇਆ ਕਦੋਂ ਹੈ ?

ਖਿਜਾਂ ਬਣ ਕੇ ਦਿਲ ਤੇ ,ਸਦਾ ਹੀ ਤੂੰ ਸ਼ਾਇਆ,
ਤੂੰ ਪਰ ਦਿਲ ਦਾ ਗੁਲਸ਼ਨ ,ਸਜਾਇਆ ਕਦੋਂ ਹੈ ?

ਰਿਹਾ ਦਿਲ ਦੇ ਵਿਹੜੇ, ਉਦਾਸੀ ਦਾ ਨ੍ਹੇਰਾ,
ਤੂੰ ਆਸਾਂ ਦਾ ਦੀਵਾ, ਜਗਾਇਆ ਕਦੋਂ ਹੈ ?

ਨਹੀਂ ਸਾਰ ਤੈਨੂੰ, ਕਿਵੇਂ ਨਿਭਦੇ ਰਿਸ਼ਤੇ,
ਕਿਹਾ ਪਾਕ ਵੀ ਜੋ, ਨਿਭਾਇਆ ਕਦੋਂ ਹੈ ?

ਤੁਰੇ ਨਾਲ ਲੈ ਕੇ, ਉਮੀਦਾਂ ਤੇ ਆਸਾਂ,
ਤੂੰ ਸੂਲਾਂ ਨੂੰ ਰਾਹ ਚੋਂ, ਹਟਾਇਆ ਕਦੋਂ ਹੈ ?
ਆਰ.ਬੀ.ਸੋਹਲ

progress.gif
 
Top