ਅਸਾਡੀ ਤੁਹਾਡੀ ਮੁਲਾਕਾਤ ਹੋਈ

KARAN

Prime VIP
ਅਸਾਡੀ ਤੁਹਾਡੀ ਮੁਲਾਕਾਤ ਹੋਈ l
ਜਿਵੇਂ ਬਲਦੇ ਜੰਗਲ 'ਤੇ ਬਰਸਾਤ ਹੋਈ l

ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ
ਤੇਰਾ ਮੁਖੜਾ ਦਿਸਿਆ ਤਾਂ ਪਰਭਾਤ ਹੋਈ l

ਤੂੰ ਤੱਕਿਆ ਤਾਂ ਰੁੱਖਾ ਨੂੰ ਫੁੱਲ ਪੈ ਗਏ ਸਨ
ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ l

ਮੈਂ ਉਸਦਾ ਹੀ ਲਫਜ਼ਾਂ ' ਅਨੁਵਾਦ ਕੀਤਾ
ਜੁ ਰੁੱਖਾਂ ਤੇ ਪੌਣਾਂ 'ਚ ਗੱਲਬਾਤ ਹੋਈ l

ਉਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ
ਅਜਬ ਗੱਲ ਖਵਾਤੀਨੋ ਹਜ਼ਰਾਤ ਹੋਈ l

ਪਲਕ ਤੇਰੀ ਮਿਜ਼ਰਾਬ, ਦਿਲ ਸਾਜ਼ ਮੇਰਾ
ਸੀ ਅਨੁਰਾਗ ਦੀ ਇਉਂ ਸ਼ੁਰੂਆਤ ਹੋਈ l

ਉਹ ਓਨਾ ਕੁ ਖੁਰਿਆ ਪਿਘਲਿਆ ਤੇ ਰੁਲਿਆ
ਹੈ ਜਿੰਨੀ ਕੁ ਜਿਸ ਜਿਸ ਦੀ ਔਕਾਤ ਹੋਈ l

ਉਨੇ ਜ਼ਹਿਰ ਪੀਤੀ ਜਿਵੇਂ ਹੋਵੇ ਅੰਮ੍ਰਿਤ
ਨਹੀਂ ਐਵੇਂ ਸੁਕਰਾਤ ਸੁਕਰਾਤ ਹੋਈ l

ਰਗਾਂ ਰਾਗ ਹੋਈਆਂ, ਲਹੂ ਲਫਜ਼ ਬਣਿਆ
ਕਵੀ ਦੀ ਤੇ ਕਵਿਤਾ ਦੀ ਇਕ ਜ਼ਾਤ ਹੋਈ l
 
Top