ਜਦੋਂ ਚਿੜੀਆਂ ਨੂੰ ਚੂਕਣ ‘ਤੇ

KARAN

Prime VIP
ਜਦੋਂ ਚਿੜੀਆਂ ਨੂੰ ਚੂਕਣ ‘ਤੇ, ਇਹ ਕੁਦਰਤ ਲਾ ਰਹੀ ਹੁੰਦੀ,
ਤੇ ਅੰਮ੍ਰਿਤ-ਵੇਲਿਆਂ ਦੀ ਹੂਕ, ਕਿਧਰੋਂ ਆ ਰਹੀ ਹੁੰਦੀ,

ਤੇਰੀ ਸੁੱਤੀ ਹੋਈ ਸੂਰਤ ਦਾ ਜਾਦੂ ਛਾ ਰਿਹਾ ਹੁੰਦਾ,
“ਉੱਠੋ ਜੀ! ਚਾਹ ਪੀਓ” ਕਹਿ ਕੇ, ਮੈਂ ਤੈਨੂੰ ‘ਠਾ ਰਿਹਾ ਹੁੰਦਾ,

ਮੇਰੇ ਇੰਝ ‘ਠਾਉਣ ਦੇ ਕਰਕੇ, ਤੂੰ ਖਿੱਝ ਕੇ ਉੱਠ ਤਾਂ ਪੈਂਦੀ,
“ਤੁਸੀਂ ਕਿਉਂ ਸੌਣ ਨਈਂ ਦਿੰਦੇ”, ਤੂੰ ਮੈਨੂੰ ਰੋਸ ਨਾ’ ਕਹਿੰਦੀ,

ਮੈਂ ਹੱਸਦਾ ਛੇੜਦਾ ਤੈਨੂੰ, ਤੇਰਾ ਗੁੱਸਾ ਵੀ ਠਰ ਜਾਂਦਾ,
ਜਦੋਂ ਚਾਹ ਦੀ ਪਿਆਲੀ ਦਾ ਮਸਾਲਾ ਕਰ ਅਸਰ ਜਾਂਦਾ,

ਫਿਰ ਰਾਤੀਂ ਵੇਖਿਆ ਜਿਹੜਾ, ਉਹ ਸੁਫਨਾ ਖੋਲ ਕੇ ਦੱਸਦੇ,
ਤੇ ਸੁਫਨੇ ਦੀ ਹਕੀਕਤ ਨੂੰ, ਅਸੀਂ ਫਿਰ ਸੋਚ ਕੇ ਹੱਸਦੇ,

“ਚਲੋ ਜੀ ਲੇਟ ਨਾ ਹੋਈਏ, ਤੇ ਆਪਾਂ ਸੈਰ ਨੂੰ ਤੁਰੀਏ,
ਹਵਾ ਕੋਈ ਵੇਖੀਏ ਤਾਜ਼ੀ, ਚਲੋ ਹੁਣ ਨਹਿਰ ਨੂੰ ਤੁਰੀਏ”

ਅਸੀਂ ਇਕ ਦੂਸਰੇ ਸੰਗ ਫਿਰ, ਸਮੇਂ ਨੂੰ ਪੁੱਗਦਾ ਵਿਹੰਦੇ,
ਹਨੇਰਾ ਭੱਜਦਾ ਵਿਹੰਦੇ ਤੇ ਸੂਰਜ ਉੱਗਦਾ ਵਿਹੰਦੇ,

ਜਦੋਂ ਚਾਨਣ ਜਿਹਾ ਹੁੰਦਾ, ਜ਼ਰਾ ਰਫਤਾਰ ਨੂੰ ਫੜਦੇ,
ਘਰਾਂ ਨੂੰ ਵਾਪਸੀ ਵੜਦੇ, ਤੇ ਆ ਅਖਬਾਰ ਨੁੰ ਪੜਦੇ,
ਹੈ ਕਿੱਦਾਂ ਚੱਲਣਾ ਅੱਗੇ, ਕੋਈ ਆਪਾਂ ਯੋਜਨਾ ਘੜਦੇ,
ਓ ‘ਬੇਲੀ’ ਦੱਸ ਜੇ ਹੁੰਦੇ, ਸਵੇਰੇ ਇਸ ਤਰ੍ਹਾਂ ਚੜਦੇ,
ਫਿਰ ਆਪਾਂ ਕਿਸ ਤਰ੍ਹਾਂ ਲੜਦੇ ! ? ! ? !

Baba Beli​
 
Top