Punjab News ਅਕਾਲੀ ਆਗੂ ਵਲੋਂ ਸਰੇਬਾਜ਼ਾਰ ਏ. ਐੱਸ. ਆਈ. ਕਤਲ

Android

Prime VIP
Staff member
* ਥਾਣੇ ਤੋਂ ਕੁਝ ਦੂਰੀ 'ਤੇ ਹੋਈ ਵਾਰਦਾਤ * ਥਾਣਾ ਛੇਹਰਟਾ ਦਾ ਇੰਚਾਰਜ ਸਸਪੈਂਡ
ਅੰਮ੍ਰਿਤਸਰ (ਸੰਜੀਵ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਰਣਜੀਤ ਸਿੰਘ ਰਾਣਾ ਨੇ ਅੱਜ ਸਰੇਬਾਜ਼ਾਰ ਏ. ਐੱਸ. ਆਈ. ਰਵਿੰਦਰਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਏ. ਐੱਸ. ਆਈ. ਆਪਣੀ ਕੁੜੀ ਨਾਲ ਅਕਾਲੀ ਆਗੂ ਨੂੰ ਛੇੜਛਾੜ ਕਰਨ ਤੋਂ ਰੋਕਣ ਲਈ ਆਇਆ ਸੀ, ਜਿੱਥੇ ਦੋਹਾਂ ਵਿਚ ਮਾਮੂਲੀ ਝੜਪ ਹੋਈ ਅਤੇ ਅਕਾਲੀ ਆਗੂ ਨੇ ਆਪਣੀ ਪਿਸਤੌਲ ਕੱਢ ਕੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਏ. ਐੱਸ. ਆਈ. ਜ਼ਖਮੀ ਹੋ ਕੇ ਸੜਕ 'ਤੇ ਡਿੱਗ ਗਿਆ ਜਿਸ ਨੂੰ ਬਚਾਉਣ ਲਈ ਅੱਗੇ ਵਧੀ ਉਸ ਦੀ ਕੁੜੀ 'ਤੇ ਵੀ ਅਕਾਲੀ ਆਗੂ ਨੇ ਗੋਲੀ ਚਲਾ ਦਿੱਤੀ। ਗੋਲੀ ਉਸਦੇ ਹੱਥ ਨੂੰ ਛੂੰਹਦੀ ਹੋਈ ਅੱਗੇ ਨਿਕਲ ਗਈ। ਇੰਨੇ ਵਿਚ ਅਕਾਲੀ ਆਗੂ ਦੀ ਪਿਸਤੌਲ ਵਿਚੋਂ ਗੋਲੀਆਂ ਖਤਮ ਹੋ ਗਈਆਂ ਤੇ ਉਹ ਲਗਭਗ 20 ਮਿੰਟਾਂ ਬਾਅਦ ਘਰੋਂ ਆਪਣੀ ਰਾਈਫਲ ਲਿਆਇਆ ਤੇ ਏ. ਐੱਸ. ਆਈ. ਦੀ ਛਾਤੀ ਵਿਚ ਗੋਲੀ ਮਾਰ ਕੇ ਉਸ ਨੂੰ ਮਾਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ. ਸੀ. ਪੀ. ਕੌਸਤੁਭ ਸ਼ਰਮਾ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਤੇ ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਗੁਰਵਿੰਦਰ ਸਿੰਘ ਤੇ ਉਸਦੇ ਡਰਾਈਵਰ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ। ਛੇਹਰਟਾ ਬਾਜ਼ਾਰ ਵਿਚ ਹੋਏ ਏ. ਐੱਸ. ਆਈ. ਦੇ ਕਤਲ ਦੇ ਮਾਮਲੇ ਵਿਚ ਥਾਣਾ ਛੇਹਰਟਾ ਦੇ ਇੰਚਾਰਜ ਇੰਸਪੈਕਟਰ ਅਸ਼ਵਨੀ ਕੁਮਾਰ ਦੇ ਮੌਕੇ 'ਤੇ ਨਾ ਪਹੁੰਚਣ ਕਾਰਨ ਪੁਲਸ ਕਮਿਸ਼ਨਰ ਰਾਮ ਸਿੰਘ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਅੱਜ ਦੁਪਹਿਰ 3 ਵਜੇ ਦੇ ਕਰੀਬ ਏ. ਐੱਸ. ਆਈ. ਰਵਿੰਦਰਪਾਲ ਸਿੰਘ ਆਪਣੀ ਕੁੜੀ ਨਾਲ ਛੇਹਰਟਾ ਬਾਜ਼ਾਰ ਵਿਚ ਆਇਆ, ਜਿੱਥੇ ਉਸਦੀ ਕੁੜੀ ਨੇ ਉਸ ਨੂੰ ਕਿਹਾ ਕਿ ਉਕਤ ਮੁਲਜ਼ਮ ਉਸ ਨਾਲ ਛੇੜਛਾੜ ਕਰਦਾ ਹੈ। ਜਦੋਂ ਏ. ਐੱਸ. ਆਈ. ਨੇ ਅਕਾਲੀ ਆਗੂ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਭੜਕ ਉੱਠਿਆ ਤੇ ਉਸਨੇ ਆਪਣੀ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਤੇ ਏ. ਐੱਸ. ਆਈ. ਜ਼ਖ਼ਮੀ ਹੋ ਕੇ ਉਥੇ ਹੀ ਸੜਕ 'ਤੇ ਡਿੱਗ ਗਿਆ ਤੇ ਅਕਾਲੀ ਆਗੂ ਮੌਕੇ ਤੋਂ ਚਲਾ ਗਿਆ। ਜਦੋਂ ਅਕਾਲੀ ਆਗੂ ਆਪਣੀ ਰਾਈਫਲ ਲੈ ਕੇ ਪਰਤਿਆ ਤਾਂ ਏ. ਐੱਸ. ਆਈ. ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਜਾ ਰਿਹਾ ਸੀ, ਜਿਸ 'ਤੇ ਅਕਾਲੀ ਆਗੂ ਨੇ ਪਹਿਲਾਂ ਕਾਰ ਉੱਤੇ ਗੋਲੀ ਚਲਾਈ ਤੇ ਉਸਦੇ ਬਾਅਦ ਏ. ਐੱਸ. ਆਈ. ਨੂੰ ਕਾਰ 'ਚੋਂ ਬਾਹਰ ਕੱਢਿਆ ਤੇ ਉਸਨੂੰ ਮੌਕੇ 'ਤੇ ਹੀ ਮਾਰ ਦਿੱਤਾ। ਅੱਧਾ ਘੰਟਾ ਚੱਲੇ ਇਸ ਖੂਨੀ ਕਾਂਡ ਦੌਰਾਨ ਥਾਣਾ ਛੇਹਰਟਾ ਦੇ ਇੰਚਾਰਜ ਤੇ ਹੋਰ ਪੁਲਸ ਫੋਰਸ ਦੇ ਮੌਕੇ 'ਤੇ ਨਾ ਪਹੁੰਚਣ ਕਾਰਨ ਬਾਜ਼ਾਰ 'ਚ ਇਕੱਠੇ ਹੋਏ ਲੋਕਾਂ ਨੇ ਮੁਲਜ਼ਮ 'ਤੇ ਇੱਟਾਂ ਚਲਾ ਕੇ ਉਸ ਨੂੰ ਭਜਾਇਆ ਤੇ ਪੁਲਸ ਦੇ ਘਟਨਾ ਸਥਾਨ 'ਤੇ ਦੇਰੀ ਨਾਲ ਪਹੁੰਚਣ ਕਾਰਨ ਰੋਸ ਪ੍ਰਦਰਸ਼ਨ ਵੀ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਪੁਲਸ ਸਮੇਂ ਸਿਰ ਮੌਕੇ 'ਤੇ ਪਹੁੰਚ ਜਾਂਦੀ ਤਾਂ ਜਿੱਥੇ ਹਾਲਾਤ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ, ਉਥੇ ਹੀ ਜ਼ਖ਼ਮੀ ਏ. ਐੱਸ. ਆਈ. ਨੂੰ ਵੀ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਸੀ।
ਮੌਕੇ 'ਤੇ ਪਹੁੰਚੇ ਜ਼ਿਲਾ ਦਿਹਾਤੀ ਦੇ ਡੀ. ਐੱਸ. ਪੀ. : ਏ. ਐੱਸ. ਆਈ. ਰਵਿੰਦਰਪਾਲ ਸਿੰਘ ਥਾਣਾ ਘਰਿੰਡਾ ਵਿਚ ਤਾਇਨਾਤ ਸੀ, ਜਿਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਡੀ. ਐੱਸ. ਪੀ. ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਵਲੋਂ ਕਾਤਲਾਂ ਦੀ ਪਛਾਣ ਕਰ ਲਈ ਗਈ ਹੈ ਤੇ ਬਹੁਤ ਜਲਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।​
 
Top