ਜੀਨੂੰ ਗੁੱਸਾ ਨਹੀਂ ਆਉਂਦਾ ਉਹ 'ਮਰਦ' ਨਹੀਂਓ

ਜੀਨੂੰ ਗੁੱਸਾ ਨਹੀਂ ਆਉਂਦਾ ਉਹ 'ਮਰਦ' ਨਹੀਂਓ,
ਜੀਨੂੰ ਲਾਜ਼ ਨਾ ਆਵੇਂ ਉਹ 'ਨਾਰ' ਹੈ ਨਹੀਂ ,

ਵੇ ਜਿਸ ਤੋਂ ਡਰ ਨਾ ਲੱਗੇ ਉਹ 'ਪੁਲਿਸ' ਨਹੀਂਓ,
ਜਿਹੜੀ ਸਖ਼ਤ ਨਾ ਹੋਵੇ ਉਹ 'ਸਰਕਾਰ' ਹੈ ਨਹੀਂ,

'ਆਸ਼ਕ' ਉਹ ਕਾਹਦਾ ਜੀਨੂੰ ਸਬਰ ਨਹੀਂਉ,
ਕੀ 'ਮਾਸ਼ੂਕ' ਹੈ ਜੋ ਵਫ਼ਾਦਾਰ ਹੈ ਨਹੀਂ,

ਜਿਹੜਾ ਕਰੇ ਖ਼ੜਾਕਾ ਉਹ ‘ਚੋਰ’ ਕਾਹਦਾ,
ਸੌਵੇਂ ਪਹਿਰੇ ਤੇ ਜੋ ‘ਚੌਂਕੀਦਾਰ’ ਹੈ ਨਹੀਂ,

ਠੀਕ ਰਾਹ ਨਾ ਦੱਸੇ ਉਹ ‘ਗੁਰੂ’ ਨਹੀਂਓ,
ਉਹ ‘ਚੇਲਾ’ ਕੀ ਜਿਸ ਨੂੰ ਇਤਬਾਰ ਹੈ ਨਹੀਂ,

ਗਲਤੀ ਮੁਆਫ਼ ਨਾ ਕਰੇ ਉਹ ‘ਰੱਬ’ ਕਾਹਦਾ ,
ਉਹ ‘ਬੰਦਾ’ ਨਹੀਂ ਜੋ ਗੁਣਾ ਗਾਰ ਹੈ ਨਹੀਂ,

ਬਿਨ੍ਹਾਂ ਨਖ਼ਰੇ ਤੋਂ ਹੋਈ ‘ਮੁਟਿਆਰ’ ਕਾਹਦੀ,
ਤੇ ਬਿਨ੍ਹਾਂ ‘ਪੈਸੇ’ ਦੇ ਕੋਈ ਵਪਾਰ ਹੈ ਨਹੀਂ ,

ਪੈਸਾ ਲੈ ਜੋ ਕਿਸੇ ਦੇ ਗੁਣ ਗਾਵੇ,
ਉਹ ਤਾਂ ‘ਕੱਜ਼ਰੀ’ ਹੈ , ‘ਅਖ਼ਬਾਰ’ ਹੈ ਨਹੀਂ,

ਰੋਗ ਜੜ੍ਹੋ ਨਾ ਕੱਢੇ ਉਹ ‘ਵੈਦ’ ਨਹੀਂਓ,
ਜੋ ਹਾਏ - ਹਾਏ ਨਾ ਕਰੇ ‘ਬਿਮਾਰ’ ਹੈ ਨਹੀਂ,

ਸਾਹ ਰੋਕ ਨਾ ਸੁਣੇ ਉਹ ‘ਸਰੋਤਾ’ ਨਹੀਓ,
ਤੇ ਅਖਾੜਾ ਬੰਨ੍ਹੇ ਨਾ ਜੋ ‘ਕਲਾਕਾਰ’ ਹੈ ਨਹੀਂ,

ਵਾਰ ਪਿੱਠ ਤੇ ਕਰੇ ਉਹ ‘ਸੂਰਮਾਂ’ ਨਹੀਂਓ,
ਤੇ ਔਖੇ ਵੇਲੇ ਨਾ ਖੜੇ ਉਹ ‘ਯਾਰ’ ਹੈ ਨਹੀਂ,

ਸੱਭ ਤੋਂ ਵੱਧ ਨਿਕੰਮਾਂ ‘ਗੁਰਦੇਵ ਸਿਘਾਂ’(ਦੇਬੀ) ,
ਜੀਨੂੰ ਵਤਨ ਦੇ ਨਾਲ ਪਿਆਰ ਹੈ ਨਹੀਂ
 
Top