ਦੋ ਸੁਆਲ

'MANISH'

yaara naal bahara
ਪੰਨੇ: 103; ਮੁੱਲ: 140 ਰੁਪਏ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ,
ਲੁਧਿਆਣਾ/ਚੰਡੀਗੜ੍ਹ।
‘ਦੋ ਸੁਆਲ’ ਇੰਗਲੈਂਡ ਨਿਵਾਸੀ ਸੁਰਜੀਤ ਸਿੰਘ ਕਾਲੜਾ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕੁੱਲ ਪੰਦਰਾਂ ਕਹਾਣੀਆਂ ਸ਼ਾਮਲ ਕੀਤੀਆਂ ਹਨ।
ਸੁਰਜੀਤ ਸਿੰਘ ਕਾਲੜਾ ਦੀਆਂ ਇਨ੍ਹਾਂ ਕਹਾਣੀਆਂ ਵਿਚ ਇੰਗਲੈਂਡ ਦੇ ਜੀਵਨ ਦੇ ਨਾਲ-ਨਾਲ ਪੰਜਾਬੀ ਜਨ-ਜੀਵਨ ਦੇ ਵੀ ਅਨੇਕਾਂ ਚਿੱਤਰ ਪੇਸ਼ ਹੋਏ ਹਨ। ਪੱਛਮੀ ਸਭਿਆਚਾਰ ਦਾ ਰੰਗ ਚੜ੍ਹਣ ਕਰਕੇ ਪੰਜਾਬੀ ਰਿਸ਼ਤਿਆਂ ਵਿਚ ਲਗਾਤਾਰ ਹੋ ਰਹੀ ਟੁੱਟ-ਭੱਜ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਕਹਾਣੀਆਂ ਵਿਚਲਾ ਮਾਨਵਵਾਦੀ ਨਜ਼ਰੀਆ ਮਨੁੱਖੀ ਰਿਸ਼ਤਿਆਂ ਦੀ ਡੂੰਘਾਈ ਨੂੰ ਪੇਸ਼ ਕਰਦਾ ਹੈ। ਪੱਛਮੀ ਆਜ਼ਾਦੀ ਨੇ ਮਨੁੱਖ ਹੱਥੋਂ ਉਸ ਦਾ ਪਿਆਰ, ਦਿਆਨਤਦਾਰੀ ਤੇ ਲੋੜੀਂਦੀ ਸੁਰਮ ਹਯਾ ਵੀ ਸੂਤ ਲਈ ਹੋਈ ਹੈ।
‘ਦੋ ਸੁਆਲ’ ਦੀ ਔਰਤ ਰਾਣੀ ਲਈ ਅੰਨ੍ਹਾ ਪਤਾ ਸੂਰਦਾਸ ਵੀ ਵੱਡਾ ਆਸਰਾ ਸਿੱਧ ਹੁੰਦਾ ਹੈ। ਉਸ ਰਾਹੀਂ ਉਸ ਨੂੰ ਸਾਥ ਦਾ ਨਿੱਘ ਅਤੇ ਸਵੈ-ਰੱਖਿਆ ਦੀ ਪ੍ਰਾਪਤੀ ਹੁੰਦੀ ਹੈ। ‘ਉਸ ਨੇ ਕਿਹਾ ਸੀ’ ਦਾ ਬੇਦੀ ਸਾਹਿਬ ਮਰ ਰਹੀ ਪਤਨੀ ਦੇ ਵਚਨਾਂ ਦੀ ਵਫ਼ਾਦਾਰੀ ਨਿਭਾਉਂਦਿਆਂ ਘਰੇਲੂ ਨੌਕਰਾਣੀ ਨੂੰ ਵੀ ਇਲਾਜ ਲਈ ਇੰਗਲੈਂਡ ਲੈ ਕੇ ਆਉਂਦਾ ਹੈ। ‘ਮਤਰੇਏ ਪਰਿਵਾਰ’ ਦੀ ਪੱਛਮੀ ਚਮਕ-ਦਮਕ ਵਾਲੀ ਹਾਜੀ ਦਾ ਸਭ ਕੁਝ ਨਕਲੀ ਹੁੰਦਾ ਹੈ। ‘ਲੀਵ ਮੀ ਅਲੋਨ’ ਫੌਸਟਰ ਮਾਪਿਆਂ ਕੋਲ ਪਲ ਰਹੀ ਬੱਚੀ ਦੀ ਮਾਨਸਿਕ ਦੁਭਿਧਾ ਦਾ ਸੋਹਣਾ ਚਿੱਤਰ ਖਿੱਚਦੀ ਹੈ। ‘ਨੀਤਾ ਤੇ ਮੀਤਾ’ ਕਹਾਣੀ ਦੀ ਨੀਤਾ ਨੂੰ ਅਮਰੀਕਾ ’ਚ ਸੈੱਟ ਹੋਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਤੇ ਕਈ ਰਿਸ਼ਤੇ ਨਿਭਾਉਣੇ ਪੈਂਦੇ ਹਨ। ‘ਅਮਾਨਤ ਵਿਚ’ ਦੀ ਪਾਤਰ ਆਪਣੇ ਸਬੰਧਾਂ ’ਚੋਂ ਗਰਭ ਠਹਿਰੀ ਔਲਾਦ ਦੀ ਐਬਾਰਸ਼ਨ ਕਰਵਾਉਣਾ ਨਹੀਂ ਮੰਨਦੀ। ‘ਨਾ ਮੰਮੀ ਨਾ’ ਦੀ ਮਿਸਿਜ਼ ਢਿੱਲੋਂ ਦੇ ਇਕ ਲੇਖ ਦਾ ਪ੍ਰਸਾਰ ਤੇ ਪ੍ਰਭਾਵ ਬਹੁਤ ਡੂੰਘਾ ਅਸਰ ਕਰਦਾ ਹੈ। ‘ਬਾਬਾ ਇਕ ਬੁਝਾਰਤ’ ਵਿਚਲਾ ‘ਬਾਬਾ’ ਔਲਾਦ ਦੇ ਸੁਖ ਤੋਂ ਵਾਂਝਾ ਹੋ ਕੇ ‘ਆਸਰਾ ਸੈਂਟਰ’ ਵਿਚ ਹੱਸ-ਖੇਡ ਕੇ ਦਿਨ ਗੁਜ਼ਾਰਦਾ ਹੈ। ਆਪਣੇ ਅੰਦਰਲੇ ਦੁੱਖ ਅਤੇ ਇਕੱਲ ਦੀ ਕਿਸੇ ਨੂੰ ਭਿਣਕ ਤਕ ਨਹੀਂ ਪੈਣ ਦਿੰਦਾ। ‘ਪੰਜਾ ਸਾਹਿਬ ਦੇ ਨਾਂ ’ਤੇ’ ਵਿਚਲੀ ਮੰਗਤੀ ਔਰਤ ਪ੍ਰਦੇਸੀ ਸਿੱਖ ਪ੍ਰਤੀ ਮੋਹ ਤੇ ਮਮਤਾ ਨਾਲ ਭਰ ਜਾਂਦੀ ਹੈ। ‘ਹਰਿਦੁਆਰ’ ਵਿਚਲੀ ਨੂੰਹ ਦੇ ਦੁਰਵਿਹਾਰ ਕਾਰਨ ਸੱਸ-ਸਹੁਰਾ ਹਰਿਦੁਆਰ ਜਾ ਕੇ ਰਹਿਣ ਲਈ ਮਜਬੂਰ ਹੋ ਜਾਂਦੇ ਹਨ।
‘ਬੁਆਏ ਫਰੈਂਡ’ ਕਹਾਣੀ ਵਿਚ ਪੱਛਮੀ ਦੀ ਆਜ਼ਾਦੀ ਦਾ ਰੰਗ ਉੱਘੜਵੇਂ ਰੂਪ ਵਿਚ ਦਿਖਾਈ ਦਿੰਦਾ ਹੈ ਜਿੱਥੇ ਧੀ ਦਾ ਪ੍ਰੇਮੀ ਮਾਂ ਦਾ ਵੀ ਬੁਆਏ ਫਰੈਂਡ ਨਿਕਲ ਆਉਂਦਾ ਹੈ। ‘ਸਾਲਾ’ ਦੋ ਪ੍ਰਵਾਸੀਆਂ ਦੀ ਔਲਾਦ ਉਨ੍ਹਾਂ ਦੇ ਵੱਸ ’ਚ ਨਹੀਂ ਰਹੀ ਤੇ ਉਹ ਆਪਣੇ ਬੱਚਿਆਂ ਵੱਲੋਂ ਕਰਵਾਏ ਜਾ ਰਹੇ ਅੰਤਰਜਾਤੀ ਵਿਆਹਾਂ ਤੋਂ ਅੰਤਾਂ ਦੇ ਦੁਖੀ ਨੇ। ‘ਰਿਸ਼ਤੇ’ ਵਿਚਲੀ ਪਾਤਰ ਵਿਦੇਸ਼ ’ਚ ਸੈੱਟ ਹੋਣ ਲਈ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦੀ ਹੈ। ‘ਅੱਛਾ ਇਹ ਦੱਸੋ’ ਦਾ ਨਦੀਮ ਆਪਣੇ ਰਹਿਤਲ ਵਿਚ ਹੀ ਰਹਿਣਾ ਪਸੰਦ ਕਰਦਾ ਹੈ। ਇੰਗਲੈਂਡ ਜਾ ਕੇ ਦੀਨੋ ਬੇਦੀਨ ਨਹੀਂ ਹੋਣਾ ਚਾਹੁੰਦਾ। ‘ਮੈਂ ਘਰਵਾਲੀ ਨੂੰ ਛੱਡ ਦੇਣਾ ਏ’ ਦਾ ਪਾਤਰ ਘਰਵਾਲੀ ਨੂੰ ਛੱਡਣਾ ਚਾਹੁੰਦਾ ਹੈ ਪਰ ਸਮਾਜਕ ਤੇ ਪਰਿਵਾਰਕ ਲੋੜਾਂ ਉਸ ਨੂੰ ਅਜਿਹਾ ਕਰਨ ਲਈ ਮੌਕਾ ਹੀ ਨਹੀਂ ਦਿੰਦੀਆਂ।
ਇੰਜ ਕਾਲੜਾ ਦੀਆਂ ਇਹ ਕਹਾਣੀਆਂ ਪੱਛਮੀ ਪ੍ਰਭਾਵ ਕਾਰਨ ਪੰਜਾਬੀ ਸਭਿਆਚਾਰ ਤੇ ਰਿਸ਼ਤਿਆਂ ਵਿਚ ਹੋ ਰਹੀ ਟੁੱਟ-ਭੱਜ ਤੇ ਬਦਲਾਉ ਦਾ ਯਥਾਰਥਵਾਦੀ ਚਿਤਰਣ ਕਰਦੀਆਂ ਹਨ। ‘ਪੰਜਾ ਸਾਹਿਬ ਦੇ ਨਾਂ ’ਤੇ’, ‘ਬੁਆਏ ਫਰੈਂਡ’, ‘ਮੈਂ ਘਰਵਾਲੀ ਨੂੰ ਛੱਡ ਦੇਣਾ ਏ’ ਜਿਹੀਆਂ ਕਹਾਣੀਆਂ ਇਸ ਪੁਸਤਕ ਦੀ ਪ੍ਰਾਪਤੀ ਹਨ।
 
Top