ਕਾਵਿ ਕਿਆਰੀ

ਗ਼ਜ਼ਲ
ਸੱਚੇ ਇਸ਼ਕ ਦਾ ਵੇਖ ਕਰਿਸ਼ਮਾ, ਤੱਕ ਇਹ ਖੇਡ ਨਿਰਾਲੀ,
ਐਸਾ ਸਿਰ ਸਰਦਲ ’ਤੇ ਸੁੱਟਿਆ, ਬਣ ਗਏ ਘਰ ਦੇ ਵਾਲੀ।
ਗੁੱਸਾ ਨਫ਼ਰਤ ਲਹਿ ਗਈ ਫੁੱਲ ਤੋਂ, ਅਸਲੀ ਰੂਪ ’ਚ ਮਹਿਕੇ,
ਚਿਹਰਾ ਖਿੜਿਆ, ਜਿੱਦਾਂ ਚੜ੍ਹਦੇ ਸੂਰਜ ਵਾਲੀ ਲਾਲੀ।
ਨਹੀਂ ਪਰਿੰਦੇ ਡੱਕ ਸਕਦਾ ਉਹ, ਲੱਖਾਂ ਰੋਕਾਂ ਲਾ ਕੇ,
ਪਿੰਜਰੇ ਦੀ ਔਕਾਤ ਹੈ ਏਨੀ, ਆਖ਼ਿਰ ਹੋਣਾ ਖਾਲੀ।
ਬਾਗ਼ ’ਚ ਨ੍ਹੀਂ ਹਰ ਥਾਂ ਹਰਿਆਵਲ, ਬੰਜਰ ਧਰਤੀ ਬੁਸਕੇ,
ਕੁਝ ਬੂਟੇ ਤਾਂ ਮੰਗਤੇ ਬਣ ਗਏ, ਕਿੱਥੇ ਬਾਗ਼ ਦਾ ਮਾਲੀ।
ਨਾ ਗ਼ਰੀਬ ਦੇ ਬੱਚੇ ਮੂੰਹੋਂ ਅੰਨ ਦਾ ਦਾਣਾ ਖੋਹੀਂ,
ਇਹ ਕਰਤੂਤ ਛੁਪੀ ਨ੍ਹੀਂ ਰਹਿਣੀ, ਬਣੂ ਸਰਾਪ ਦਲਾਲੀ।
ਸ਼ਾਖਾਵਾਂ ਤੇ ਪੱਤੇ ਜਦ ਵੀ, ਬੁੱਢੇ ਮੁੱਢ ਵਿਸਾਰਨ,
‘ਫੇਰੂਮਾਨਾ’ ਹਰ ਰੁੱਖ ਪੁੱਛੇ, ਇਹ ਕੀ ਨਮਕ-ਹਲਾਲੀ।
ਸੰਪਰਕ: 95309-58070 ਮੁਹੱਬਤ
ਪਤਨੀ ਨੂੰ
ਫੋਨ ਲਗਾਉਣ ਲੱਗਦਾ ਹਾਂ
ਅਚਾਨਕ ਬੈੱਲ ਵੱਜਦੀ ਹੈ।
ਸਕਰੀਨ ’ਤੇ
ਪਤਨੀ ਦਾ ਨਾਂ ਦਿਖਾਈ ਦਿੰਦਾ ਹੈ
ਫੋਨ ਉਠਾ ਕੇ ਕਹਿੰਦਾ ਹਾਂ
ਮੈਂ ਵੀ ਨੰਬਰ ਡਾਇਲ ਕਰਨ ਲੱਗਿਆ ਸੀ।
ਸੁਣ ਕੇ ਚਹਿਕ ਉੱਠਦੀ ਹੈ
‘ਮੈਨੂੰ ਪਤਾ ਲੱਗ ਗਿਆ ਸੀ
ਦੇਖ ਲਓ, ਮੈਂ ਤੁਹਾਡਾ ਮਨ ਵੀ ਪੜ੍ਹ ਲੈਂਦੀ ਹਾਂ।’
ਮੇਰੇ ਚਿਹਰੇ ’ਤੇ ਵੀ ਲਾਲੀ ਆ ਜਾਂਦੀ ਹੈ।
ਮੈਨੂੰ ਇਹ ਇਤਫ਼ਾਕ
ਚੰਗਾ ਲੱਗਦਾ ਹੈ
ਜੋ ਦੋ ਚਾਰ ਮਹੀਨਿਆਂ ’ਚ
ਇੱਕ ਅੱਧੀ ਵਾਰ ਹੋ ਜਾਂਦਾ ਹੈ
ਤੇ ਸਾਨੂੰ ਫਿਰ
ਨਵੇਂ ਨਕੋਰ ਕਰ ਜਾਂਦਾ ਹੈ।
– ਕੁਲਵਿੰਦਰ ਕੌਸ਼ਲ਼
ਸੰਪਰਕ: 94176-36255
ਸੰਨਾਟੇ ਦਾ ਤੋੜ
ਬਹੁਤ ਭਿਆਨਕ ਸੰਨਾਟਾ ਹੈ
ਜਿਵੇਂ ਚਾਨਣੀ ਰਾਤ ਦੇ ਪੱਟ ’ਤੇ
ਸਿਵਾ ਕੋਈ ਸੌਂ ਰਿਹਾ ਹੋਵੇ
ਜਾਂ ਜਿਉਂ ਜੰਗ ਤੋਂ ਪਹਿਲਾਂ ਦਾ ਮੰਜ਼ਰ
ਜਾਂ ਜਿਉਂ ਜੰਗ ਹੁਣੇ ਹਟੀ ਹੀ ਹੋਵੇ!
ਬੱਦਲ, ਵਰਖਾ, ਬਨਸਪਤੀ, ਮੂੰਹ-ਜ਼ੋਰ ਹਵਾ
ਛੱਰਾਟਾ ਜਾਂ ਕਿਣਮਿਣ ਕਿਣਮਿਣ
ਪਰ ਚੁੱਪ ਦੇ ਆਹੂ ਲਾਹੁਣ ਲਈ
ਕਿਣਮਿਣ ਦਾ ਸੰਗੀਤ ਬਹੁਤ ਨਾਕਾਫ਼ੀ ਹੈ!
ਮੈਂ ਨਹੀਂ ਕਹਿੰਦਾ ਭੁੱਲ ਜਾਵੀਂ
ਮੈਂ ਨਹੀਂ ਕਹਿੰਦਾ ਚੇਤੇ ਰੱਖੀਂ
ਦਿਲ ਤੋਂ ਦਿਲ ਤਕ ਦਾ ਜੋ ਪੁਲ਼ ਹੈ
ਪਾਸੇ ਰੇਤ ਜਾਂ ਕਲਕਲ ਹੈ
ਜੋ ਵੀ ਹੈ ਪਰ ਸੰਨਾਟੇ ਦੇ
ਲੰਗਾਰ ਲਾਹੁਣ ਲਈ ਕਾਫ਼ੀ ਨਹੀਂ!
ਤੇਰਾ ਸੱਚ ਮੇਰਾ ਸੁਪਨਾ ਹੈ
ਸੱਚ ਓੜਕ ਸੱਚ ਰਹੇਗਾ ਵੀ,
ਮੇਰਾ ਸੁਪਨਾ ਫਿਰ ਵੀ ਸੁਪਨਾ ਹੈ
ਪਰ ਬਹੁਤ ਭਿਆਨਕ ਸੰਨਾਟਾ
ਜਿਵੇਂ ਚਾਨਣੀ ਰਾਤ ਦੇ ਪੱਟ ’ਤੇ
ਸਿਰ ਰੱਖ ਕੇ ਆਪਣਾ ਕੋਈ ਸਿਵਾ
ਵਰ੍ਹਿਆਂ ਤੋਂ ਸੁੱਤਾ ਘੂਕ ਪਿਆ!
ਏਸ ਬੁਰਜ਼ੁਆ ਸੰਨਾਟੇ ਦਾ ਕੋਈ ਤੋੜ ਨਹੀਂ?
ਏਸ ਬੁਰਜ਼ੁਆ ਸੰਨਾਟੇ ਦਾ ਤੋੜ ਤਾਂ ਕੋਈ ਹੋਵੇਗਾ??
– ਮੋਹਣ ਮਤਿਆਲਵੀ
ਸੰਪਰਕ: 97803-98455
 
Top