ਭਵਾਨੀਗੜ੍ਹ ਦਾ ਇਤਿਹਾਸਕ ਕਿਲਾ

ਭਵਾਨੀਗੜ੍ਹ ਦਾ ਇਤਿਹਾਸਕ ਕਿਲਾ



ਭਵਾਨੀਗੜ੍ਹ ਦੇ ਖੰਡਰ ਹੋਏ ਇਤਿਹਾਸਕ ਕਿਲੇ ਦਾ ਮੁੱਖ ਦਰਵਾਜ਼ਾ।


ਭਵਾਨੀਗੜ੍ਹ: ਕਿਸੇ ਸਮੇਂ ਢੋਡਿਆਂ ਵਜੋਂ ਜਾਣੇ ਜਾਂਦੇ ਇਸ ਪਿੰਡ ਨੇ ਅੱਜ ਪੰਜਾਬ ਦੇ ਨਕਸ਼ੇ ’ਤੇ ਆਪਣੀ ਨਿਵੇਕਲੀ ਪਹਿਚਾਣ ਕਾਇਮ ਕਰ ਲਈ ਹੈ। ਲਗਪਗ 75 ਕੁ ਸਾਲ ਪਹਿਲਾਂ ਇਹ ਕਸਬਾ ਰਿਆਸਤ ਪਟਿਆਲਾਅੰਦਰ ਸੁਨਾਮ ਜ਼ਿਲ੍ਹੇ ਦੇ ਅਹਿਮ ਪ੍ਰਬੰਧਕੀ ਕੇਂਦਰ ਵਜੋਂ ਜਾਣਿਆ ਜਾਂਦਾ ਸੀ। ਉਸ ਸਮੇਂ ਸੁਨਾਮ ਜ਼ਿਲ੍ਹੇ ਦੀ ਭਵਾਨੀਗੜ੍ਹ ਇਕ ਅਹਿਮ ਤਹਿਸੀਲ ਸੀ ਅਤੇ ਇਸ ਅੰਦਰ ਚਾਰ ਥਾਣੇ ਭਵਾਨੀਗੜ੍ਹ, ਦਿੜ੍ਹਬਾ, ਸਮਾਣਾ ਤੇ ਸ਼ੁਤਰਾਣਾ ਸ਼ਾਮਲ ਸਨ।
ਇੱਥੋਂ ਦਾ ਢਹਿ-ਢੇਰੀ ਹੋ ਕੇ ਆਪਣੀ ਹੋਂਦ ਗੁਆ ਚੁੱਕਿਆ ਕਿਲਾ ਇਤਿਹਾਸਕ ਮਹੱਤਤਾ ਰੱਖਦਾ ਹੈ। ਇਸ ਕਿਲੇ ਨੂੰ ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਨੇ 1749 ਈਸਵੀ ਵਿੱਚ ਆਪਣੇ ਰਾਜ ਦੀ ਰੱਖਿਆ ਕਰਨ ਲਈ ਬਣਵਾਇਆ ਸੀ। 1781 ਈਸਵੀ ਵਿੱਚ ਜਦੋਂ ਪਟਿਆਲਾ ਦਾ ਮਹਾਰਾਜਾ ਸਾਹਿਬ ਸਿੰਘ ਗੱਦੀ ਉਤੇ ਬੈਠਿਆ ਤਾਂ ਉਸ ਦੀ ਉਮਰ ਕੇਵਲ 7 ਸਾਲ ਦੀ ਸੀ। ਜਦੋਂ 1794 ਈਸਵੀ ਵਿੱਚ ਮਰਾਠਿਆਂ ਨੇ ਪੰਜਾਬ ਉਤੇ ਹਮਲਾ ਕੀਤਾ ਤਾਂ ਰਾਣੀ ਸਾਹਿਬ ਕੌਰ ਨੇ ਆਪਣੀਆਂ ਫੌਜਾਂ ਨਾਲ ਇਸ ਹਮਲੇ ਦਾ ਮੁਕਾਬਲਾ ਕੀਤਾ ਅਤੇ ਅੰਤ ਇਸ ਲੜਾਈ ਵਿੱਚ ਮਰਾਠੇ ਹਾਰ ਕੇ ਇਕ ਵਾਰ ਤਾਂ ਮੈਦਾਨ ਛੱਡ ਕੇ ਭੱਜ ਗਏ ਪ੍ਰੰਤੂ ਬਾਅਦ ਵਿੱਚ ਦਰਬਾਰੀ ਸਾਜਿਸ਼ਾਂ ਕਾਰਨ ਰਾਣੀ ਸਾਹਿਬ ਕੌਰ ਨੂੰ ਮਹਾਰਾਜਾ ਸਾਹਿਬ ਸਿੰਘ ਨੇ ਭਵਾਨੀਗੜ੍ਹ ਕਿਲੇ ਵਿਚ ਕੈਦ ਕਰ ਦਿੱਤਾ।
ਰਾਣੀ ਕਿਲੇ ਵਿੱਚੋਂ ਨਿਕਲ ਕੇ ਪਿੰਡ ਉਭਾਵਾਲ ਚਲੀ ਗਈ ਉਥੇ ਹੀ 1799 ਈਸਵੀ ਵਿੱਚ ਰਾਣੀ ਦੀ ਮੌਤ ਹੋ ਗਈ। ਕਾਫੀ ਸਮੇਂ ਬਾਅਦ ਇਸ ਕਿਲ੍ਹੇ ਵਿਚ ਭਵਾਨੀਗੜ੍ਹ ਦਾ ਥਾਣਾ ਸਥਾਪਤ ਕੀਤਾ ਗਿਆ। ਖਾੜਕੂਵਾਦ ਦੌਰਾਨ ਇਸ ਕਿਲੇ ਨੂੰ ਜ਼ਿਲ੍ਹਾ ਪੁਲੀਸ ਵੱਲੋਂ ਮੁੱਖ ਤਸੀਹਾ ਕੇਂਦਰ ਦੇ ਤੌਰ ’ਤੇ ਵੀ ਵਰਤਿਆ ਜਾਂਦਾ ਰਿਹਾ ਹੈ। ਲਗਪਗ 20 ਸਾਲਾਂ ਮਗਰੋਂ ਥਾਣਾ ਨਵੀਂ ਬਿਲਡਿੰਗ ਵਿੱਚ ਤਬਦੀਲ ਹੋ ਗਿਆ।
ਸਮੇਂ-ਸਮੇਂ ਸਿਰ ਬਣਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਬੇਰੁਖੀ ਕਾਰਨ ਇਹ ਇਤਿਹਾਸਕ ਕਿਲਾ ਹੌਲੀ-ਹੌਲੀ ਖੰਡਰ ਦਾ ਰੂਪ ਧਾਰਨ ਕਰ ਗਿਆ। ਹੁਣ ਇਸ ਦੀ ਥਾਂ ’ਤੇ ਇਕ ਲੜਕੀਆਂ ਦਾ ਸਰਕਾਰੀ ਸਕੂਲ ਬਣ ਗਿਆ ਅਤੇ ਕਿਲੇ ਦੇ ਇੱਕ ਹਿੱਸੇ ਵਿੱਚ ਬਾਬਾ ਆਤਮਾ ਨੰਦ ਪੋਥੀ ਵਾਲਿਆਂ ਦਾ ਮੰਦਰ ਸਥਾਪਤ ਹੋ ਗਿਆ ਹੈ। ਇਸ ਕਿਲੇ ਦਾ ਹੁਣ ਨਿਸ਼ਾਨੀ ਵਜੋਂ ਮੁੱਖ ਦਰਵਾਜ਼ਾ ਹੀ ਖੜ੍ਹਾ ਹੈ।
ਲੋਕਾਂ ਦੀ ਮੰਗ ਹੈ ਕਿ ਵਿਰਾਸਤ ਨੂੰ ਸੰਭਾਲਣ ਲਈ ਅਜਿਹੇ ਕਿਲਿਆਂ ਨੂੰ ਢਹਿ-ਢੇਰੀ ਕਰਨ ਦੀ ਥਾਂ ਸੰਭਾਲਣਾ ਚਾਹੀਦਾ ਹੈ।
 
Top