Lyrics ਨੀਂ ਮਿੱਟੀਏ...

sss_rc

Member
"ਮੈਂ ਮਿੱਟੀ-ਮੇਰੀ ਜ਼ਾਤ ਵੀ ਮਿੱਟੀ,
ਤੇ ਮੇਰੇ ਗਲ ਮਿੱਟੀ ਦਾ ਬਾਣਾ,
ਮਾਂ ਮੇਰੀ ਨੇਂ ਮਿੱਟੀ ਜੰਮੀਂ,
ਤੇ ਮੇਰਾ ਬਾਬਲ ਮਿੱਟੀ ਖਾਣਾਂ,
ਮਿੱਟੀ ਜੰਮੀ ਖੁਸ਼ੀ ਮਨਾਈ,
ਤੇ ਮੇਰਾ ਨਾਂ ਰੱਖਿਆ ਮਰਜਾਣਾਂ,
ਜਦ ਮਿੱਟੀ ਨੇਂ ਮਿੱਟੀ ਛੱਡੀ,
ਤੇ ਸਾਡੇ ਢੁਕ-ਢੁਕ ਪੈਣ ਮਕਾਣਾਂ.."

ਨੀਂ ਮਿੱਟੀਏ,
ਵਾ ਲੱਗਿਆਂ ਉੱਡ ਜਾਣਾਂ..||

ਮੈਂ ਮਿੱਟੀ ਘੁਮਿਆਰਾਂ ਲੱਭੀ,
ਨਾਲ ਮੇਰੇ ਕੀ ਬੀਤੀ..
ਮਾਰ-ਮਾਰ ਮੇਰੇ ਸਿਰ ਵਿੱਚ ਥਾਪੇ,
ਸੁਰਮੇ ਵਰਗੀ ਕੀਤੀ..
ਪਾਣੀ ਸੰਗ ਰਲ੍ਹਾ ਕੇ ਮੇਰੀ,
ਬਣ ਗਈ ਕੱਚੀ ਘਾਣੀ..
ਫ਼ਿਰ ਘੁਮਿਆਰਾਂ ਗੁੰਨਿਆ ਮੈਨੂੰ,
ਲੱਤਾਂ-ਮੁੱਕੀਆਂ ਥਾਣੀਂ..
ਨੀਂ ਮਿੱਟੀਏ,
ਵਾ ਲੱਗਿਆਂ ਉੱਡ ਜਾਣਾਂ..||

ਲੱਤਾਂ-ਮੁੱਕੀਆਂ ਖਾ-ਖਾ,
ਮੇਰੀ ਬਣ ਗਈ ਸ਼ਕਲ ਨਿਮਾਣੀ..
ਚੱਕਰ ਤੇ ਚੜ੍ਹ ਚੱਕਰ ਕੱਟੇ,
ਪੈ ਗਈ ਹੋਸ਼ ਭੁਲਾਣੀ..
ਫ਼ਿਰ ਮੈਂ ਅੱਗ ਦੀ ਜੂਨੇ ਪਾਈ,
ਓ ਵੀ ਪਈ ਹੰਢਾਣੀ..
ਥੋੜੀ ਦੇਰ ਚ’ ਬਣ ਬੈਠੀ,
ਮੈਂ ਗਾਗਰ ਖਸਮਾਂ-ਖਾਣੀ..
ਨੀਂ ਮਿੱਟੀਏ,
ਵਾ ਲੱਗਿਆਂ ਉੱਡ ਜਾਣਾਂ..||

ਲਾਲ-ਪੀਲੀਆਂ ਮਾਰ ਲਕੀਰਾਂ,
ਰੰਗਿਆ ਮੇਰਾ ਬਾਣਾ..
ਆਏ ਸੌਦਾਗਰ ਸੌਦਾ ਕਰ ਗਏ,
ਦੇ ਗਏ ਮੁੱਲ ਨਿਮਾਣਾ..
ਫ਼ਿਰ ਮੁਟਿਆਰਾਂ ਸਿਰ ਤੇ ਚੁੱਕ ਕੇ,
ਘਰ ਵਿੱਚ ਢੋਇਆ ਪਾਣੀ..
ਨਿੱਤ ਸਿਰਾਂ ਤੇ ਰਹਿੰਦੀ-ਰਹਿੰਦੀ,
ਮੈਂ ਬਣ ਗਈ ਪਟਰਾਣੀ..
ਫ਼ਿਰ ਮੇਰੇ ਵਿੱਚ ਆਕੜ ਆ ਗਈ,
ਕੋਈ ਨਾਂ ਮੇਰਾ ਹਾਣੀ..
ਨੀਂ ਮਿੱਟੀਏ,
ਵਾ ਲੱਗਿਆਂ ਉੱਡ ਜਾਣਾਂ..||

ਹੌਲੀ-ਹੌਲੀ ਖਤਮ ਹੋਈ,
ਜਦ ਮੇਰੀ ਕਥਾ-ਕਹਾਣੀ..
ਰੰਗ-ਰੂਪ ਮੇਰੇ ਫ਼ਿੱਕੇ ਪੈ ਗਏ,
ਚੋਵਣ ਲੱਗਿਆ ਪਾਣੀ..
ਇੱਕ-ਦਿਨ ਮਾਰੀ ਸਿਰੋਂ ਵਗਾਹ ਕੇ,
ਮੈਂ ਗਾਗਰ ਮਰ ਜਾਣੀ..
ਜਾ ਪੱਥਰ ਨਾਲ ਐਸੀ ਵੱਜੀ,
ਸਾਰੀ ਟੁੱਕੜੇ ਪਈ ਜਵਾਨੀਂ..
ਨੀਂ ਮਿੱਟੀਏ,
ਵਾ ਲੱਗਿਆਂ ਉੱਡ ਜਾਣਾਂ..||

ਟੋਟੇ ਚੁੱਕ ਜਵਾਕਾਂ ਮੇਰੇ,
ਗੀਟੀ ਘੜ ਲਈ ਮੇਰੀ..
ਨਿੱਤ ਰਹੀ ਮੈਂ ਠੋਕਰ ਖਾਂਦੀ,
ਝੱਲੀ ਮਾਰ ਬਥੇਰੀ..
ਮੈਂ-ਮੇਰੀ ਦੀ ਸਜ਼ਾ ਏਹੋ ਸੀ,
ਏਹੋ ਹਕੀਕਤ ਮੇਰੀ..
ਮੁੜ ਮਿੱਟੀ ਨੇਂ ਮਿੱਟੀ ਰਹਿਣਾਂ,
ਨਾਂ ਕਰ ਮੇਰੀ-ਮੇਰੀ..
ਨੀਂ ਮਿੱਟੀਏ,
ਵਾ ਲੱਗਿਆਂ ਉੱਡ ਜਾਣਾਂ..||
 
Top