pps309
Prime VIP
ਮਾਲੇਗਾਉਂ ਧਮਾਕਿਆਂ ਸਬੰਧੀ ਗ੍ਰਿਫ਼ਤਾਰ ਸਵਾਮੀ ਦਿਆਨੰਦ ਪਾਂਡੇ ਦਾ ਲੈਪਟਾਪ ਮੁੰਬਈ ਏ. ਟੀ. ਐਸ. ਨੂੰ ਮਿਲਣ ਮਗਰੋਂ ਸਵਾਮੀ ਪਾਂਡੇ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ। ਜਿਵੇਂ ਹੀ ਸਵਾਮੀ ਨੂੰ ਪਤਾ ਲਗਿਆ ਕਿ ਉਸ ਦਾ ਲੈਪਟਾਪ ਏ. ਟੀ. ਐਸ. ਹੱਥੇ ਚੜ੍ਹ ਗਿਆ ਹੈ ਤਾਂ ਉਹ ਵਾਰ-ਵਾਰ ਅਧਿਕਾਰੀਆਂ ਨੂੰ ਇਹੀ ਕਹਿੰਦਾ ਰਿਹਾ ਕਿ, ‘‘ਮੇਰੇ ਲੈਪਟਾਪ ਨੂੰ ਹੱਥ ਨਾ ਲਾਉ, ਭਾਵੇਂ ਮੈਨੂੰ ਫਾਂਸੀ ’ਤੇ ਚੜ੍ਹਾ ਦਿਉ ਜਾਂ ਕੋਈ ਹੋਰ ਸਜ਼ਾ ਦੇ ਦਿਉ, ਪਰ ਲੈਪਟਾਪ ਨੂੰ ਹੱਥ ਨਾ ਲਾਉ।’’ ਏ. ਟੀ. ਐਸ. ਸੂਤਰਾਂ ਮੁਤਾਬਕ ਇਸ ਲੈਪਟਾਪ ਵਿਚ ਬੰਬ ਧਮਾਕਿਆਂ ਦੀ ਸਾਜ਼ਿਸ਼ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਛਿਪਿਆ ਹੋਇਆ ਹੈ ਜੋ ਕਿ ਭਗਵੇਂ ਚੋਲੇ ਵਾਲੇ ਸਵਾਮੀ ਦਿਆਨੰਦ ਨਾਲ ਕਤਈ ਮੇਲ ਨਹੀਂ ਖਾਂਦਾ। ਜ਼ਿਕਰਯੋਗ ਹੈ ਕਿ ਜਦੋਂ ਸਵਾਮੀ ਦਿਆਨੰਦ ਨੂੰ ਪਤਾ ਲਗਿਆ ਕਿ ਮੁੰਬਈ ਏ. ਟੀ. ਐਸ. ਉਸ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ ਤਾਂ ਉਸ ਨੇ ਸੱਭ ਤੋਂ ਪਹਿਲਾਂ ਅਪਣੇ ਲੈਪਟਾਪ ਵਿਚੋਂ ਅਹਿਮ ਜਾਣਕਾਰੀਆਂ ਖ਼ਤਮ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਪਰ ਕਾਹਲੀ-ਕਾਹਲੀ ਵਿਚ ਸਵਾਮੀ ਦਿਆਨੰਦ ਨੇ ਕੁੱਝ ਅਜਿਹੀਆਂ ਚੀਜ਼ਾਂ ਛੱਡ ਦਿਤੀਆਂ, ਜੋ ਉਸ ਦੇ ਲਈ ਮੁਸੀਬਤ ਬਣ ਗਈਆਂ। ਏ. ਟੀ. ਐਸ. ਸੂਤਰਾਂ ਮੁਤਾਬਕ ਸਵਾਮੀ ਦਿਆਨੰਦ ਦੇ ਲੈਪਟਾਪ ਵਿਚੋਂ ਕਈ ਅਹਿਮ ਸ਼ਖ਼ਸੀਅਤਾਂ ਦੀਆਂ ਅਸ਼ਲੀਲ ਤਸਵੀਰਾਂ ਮਿਲੀਆਂ ਹਨ। ਇਸ ਤੋਂ ਇਲਾਵਾ ਸਵਾਮੀ ਦਿਆਨੰਦ ਦੀਆਂ ਵੀ ਕੁੱਝ ਇਤਰਾਜ਼ਯੋਗ ਤਸਵੀਰਾਂ ਹਨ। ਹੁਣ ਮੁੰਬਈ ਏ. ਟੀ. ਐਸ. ਸਵਾਮੀ ਦਿਆਨੰਦ ਦੇ ਲੈਪਟਾਪ ਦੀ ਫਾਰੈਂਸਿਕ ਜਾਂਚ ਕਰਵਾ ਰਹੀ ਹੈ ਅਤੇ ਖ਼ਤਮ ਹੋਈਆਂ ਫ਼ਾਈਲਾਂ ਨੂੰ ਮੁੜ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਕਿ ਮਾਲੇਗਾਉਂ ਧਮਾਕਿਆਂ ਨਾਲ ਜੁੜੇ ਰਾਜ਼ਾਂ ਦਾ ਪਰਦਾਫ਼ਾਸ਼ ਹੋ ਸਕੇ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਜਨਰਲ ਐਸ. ਕੇ. ਸਿਨਹਾ ਨੇ ਸਵਾਮੀ ਦਿਆਨੰਦ ਪਾਂਡੇ ਨੂੰ ਸਾਲ 2002 ਵਚ ਰਾਜ ਸਰਕਾਰ ਦਾ ਮਹਿਮਾਨ ਬਣਾਉਣ ਅਤੇ 2007 ਵਿਚ ਰਾਜ ਭਵਨ ’ਚ ਠਹਿਰਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨ ਦਾ ਇਸ਼ਾਰਾ ਦਿਤਾ ਹੈ। ਅੱਜ ਇਥੇ ਜਾਰੀ ਬਿਆਨ ਵਿਚ ਜਨਰਲ ਸਿਨਹਾ ਨੇ ਕਿਹਾ ਕਿ ਉਹ ਉੁਨ੍ਹਾਂ ’ਤੇ ਮਨਘੜਤ ਦੋਸ਼ ਲਾਉਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਬਾਰੇ ਸੋਚ ਰਹੇ ਹਨ। ਉਧਰ ਮਾਲੇਗਾਉਂ ਧਮਾਕਿਆਂ ਸਬੰਧੀ ਗ੍ਰਿਫ਼ਤਾਰ ਸਾਧਵੀ ਪ੍ਰਗਿਆ ਠਾਕੁਰ ਦਾ ਬਚਾਅ ਕਰਦਿਆਂ ਭਾਰਤੀ ਜਨਸ਼ਕਤੀ ਪਾਰਟੀ ਦੀ ਮੁਖੀ ਉਮਾ ਭਾਰਤੀ ਨੇ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਲਾਹ ਦਿਤੀ ਹੈ ਕਿ ਉਹ ਇਸ ਸਬੰਧੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨਾਲ ਮੁਲਾਕਾਤ ਕਰਨ। ਉਮਾ ਭਾਰਤੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਸਾਧਵੀ ਨੂੰ ਏ. ਟੀ. ਐਸ. ਵਲੋਂ ਤਸੀਹੇ ਦਿਤੇ ਜਾ ਰਹੇ ਹਨ ਤਾਂ ਅਡਵਾਨੀ ਨੂੰ ਉੁਨ੍ਹਾਂ ਦੀ ਸਲਾਹ ਹੈ ਕਿ ਵਿਰੋਧੀ ਧਿਰ ਦੇ ਆਗੂ ਹੋਣ ਦੇ ਨਾਤੇ ਉਹ ਤੁਰਤ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ।