ਪੱਥਰਾਂ ਦੇ ਸ਼ਹਿਰ ਵਿਚ ਰੁਲ ਰਹੀ ਹੈ ਇਨਸਾਨੀਅਤ

'MANISH'

yaara naal bahara
ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਕੁੱਲ ਆਬਾਦੀ ਦਾ 13.2 ਫੀਸਦੀ ਹਿੱਸਾ ਝੁੱਗੀਆਂ-ਝੌਂਪੜੀਆਂ ਵਿਚ ਅੰਤਾਂ ਦੀ ਮੰਦਹਾਲੀ ਵਿਚ ਦਿਨ ਕੱਟ ਰਿਹਾ ਹੈ। ਮੁਲਕ ਵਿਚ ਪ੍ਰਤੀ ਵਿਅਕਤੀ ਆਮਦਨ ਅਤੇ ਰਹਿਣੀ-ਬਹਿਣੀ ਪੱਖੋਂ ਜਿਸ ਸ਼ਹਿਰ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ, ਉਸ ਦੀ ਬੁੱਕਲ ਵਿਚ ਆਬਾਦੀ ਦਾ ਇਹ ਹਿੱਸਾ ਢਿੱਡ ਭਰਨ ਤੇ ਸਿਰ ਢਕਣ ਲਈ ਵਿਲਕ ਰਿਹਾ ਹੈ। ਮੁਸ਼ਕਿਲਾਂ ਭਰੀ ਜ਼ਿੰਦਗੀ ਬਿਤਾ ਰਿਹਾ ਇਹ ਹਿੱਸਾ ਜਿਥੇ ਬੁਨਿਆਦੀ ਸਹੂਲਤਾਂ ਪੱਖੋਂ ਅੱਤ ਦੀ ਤੋਟ ਹੰਢਾ ਰਿਹਾ ਹੈ, ਉਥੇ ਇਨ੍ਹਾਂ ਦੇ ਬੱਚੇ ਅਤੇ ਨੌਜਵਾਨ ਬਿਮਾਰੀਆਂ ਅਤੇ ਨਸ਼ਿਆਂ ਦੀ ਗ੍ਰਿਫਤ ਵਿਚ ਆ ਰਹੇ ਹਨ। ਸ਼ਹਿਰ ਦੀਆਂ ਝੁੱਗੀਆਂ-ਝੌਂਪੜੀਆਂ ਦੀ ਇਹ ਤਸਵੀਰ ਪੇਂਡੂ ਅਤੇ ਉਦਯੋਗਿਕ ਵਿਕਾਸ ਲਈ ਖੋਜ ਕੇਂਦਰ (ਕਰਿਡ) ਦੀ ਐਸੋਸੀਏਟ ਰਿਸਰਚ ਕੋਆਰਡੀਨੇਟਰ ਡਾ. ਬਿੰਦੂ ਦੁੱਗਲ ਵੱਲੋਂ ਕੀਤੀ ਖੋਜ ਵਿਚ ਸਾਹਮਣੇ ਆਈ ਹੈ। ਡਾ. ਦੁੱਗਲ ਦੀ ਇਸ ਖੋਜ ’ਤੇ ਆਧਾਰਿਤ ਪੁਸਤਕ ‘ਚੰਡੀਗੜ੍ਹ ਸਲੱਮਸ- ਇਸ਼ੂਜ ਆਫ਼ ਪਾਵਰਟੀ ਐਂਡ ਹਿਊਮਨ ਰਾਈਟਸ’ (ਚੰਡੀਗੜ੍ਹ ਦੀਆਂ ਝੁੱਗੀਆਂ-ਗਰੀਬੀ ਅਤੇ ਮਨੁੱਖੀ ਅਧਿਕਾਰਾਂ ਦੇ ਮਸਲੇ) ਅੱਜ ਇਸ ਖੋਜ ਕੇਂਦਰ ਵਿਖੇ ਪੰਜਾਬ ਦੇ ਰਾਜਪਾਲ ਤੇ ਪ੍ਰਸ਼ਾਸਕ ਚੰਡੀਗੜ੍ਹ ਸ਼ਿਵਰਾਜ ਪਾਟਿਲ ਨੇ ਰਿਲੀਜ਼ ਕੀਤੀ। ਇਸ ਮੌਕੇ ਟ੍ਰਿਬਿਊਨ ਸਮੂਹ ਦੇ ਟਰੱਸਟੀ ਅਤੇ ਕਰਿੱਡ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰੋਫੈਸਰ ਆਰ.ਪੀ. ਬਾਂਬਾ ਹਾਜ਼ਰ ਸਨ। ਉਨ੍ਹਾਂ ਇਸ ਕਾਰਜ ਨੂੰ ਅਹਿਮ ਦੱਸਦਿਆਂ ਕਿਹਾ ਕਿ ਸਮਾਜਿਕ ਵਿਕਾਸ ਲਈ ਇਸ ਤਰ੍ਹਾਂ ਦੀ ਖੋਜ ਉਸਾਰੂ ਭੂਮਿਕਾ ਅਦਾ ਕਰਦੀ ਹੈ।
ਡਾ. ਦੁੱਗਲ ਨੇ ਦੱਸਿਆ ਕਿ ਇਸ ਸ਼ਹਿਰ ਦੀ ਯੋਜਨਾ ਘੜ੍ਹਨ ਵਾਲੇ ਲੀ. ਕਾਰਬੂਜੀਅਰ ਨੇ ਪੰਜ ਲੱਖ ਲੋਕਾਂ ਦੀ ਸਮਰੱਥਾ ਵਾਲੇ ਸ਼ਹਿਰ ਦੀ ਤਸਵੀਰ ਘੜੀ ਸੀ ਪਰ ਮੌਜੂਦਾ ਸਮੇਂ ਇਸ ਦੀ ਆਬਾਦੀ 10 ਲੱਖ ਦੇ ਕਰੀਬ ਹੋ ਗਈ ਹੈ। ਇਨ੍ਹਾਂ ਝੁੱਗੀਆਂ ਦੇ ਵਧਣ ਦਾ ਕਾਰਨ ਸ਼ਹਿਰੀਕਰਨ ਦਾ ਰੁਝਾਨ ਅਤੇ ਪਰਵਾਸ ਹੈ। ਖੋਜ ਅਨੁਸਾਰ ਸ਼ਹਿਰ ਵਿਚ ਅਣਅਧਿਕਾਰਤ ਸਥਾਪਤੀਆਂ ਜੋ 1974 ਵਿਚ 8,003 ਸਨ 2006 ਵਿਚ ਵਧ ਕੇ 23,841 ਹੋ ਗਈਆਂ ਸਨ। ਡਾ. ਦੁੱਗਲ ਅਨੁਸਾਰ ਇਨ੍ਹਾਂ ਝੁੱਗੀਆਂ ਦੇ ਵਧਣ ਦਾ ਕਾਰਨ ਨੀਤੀਆਂ ਦੀ ਅਸਫਲਤਾ ਹੈ। ਇਸ ਸ਼ਹਿਰ ਦੀ ਸਾਖਰਤਾ ਦਰ ਭਾਵੇਂ 81.9 ਫੀਸਦੀ ਹੈ ਪਰ ਝੁੱਗੀਆਂ ਵਿਚ ਵਸੇਬਾ ਕਰਨ ਵਾਲਿਆਂ ਦੀ ਸਾਖਰਤਾ ਦਰ 54.8 ਫੀਸਦੀ ਹੈ, ਜੋ ਦੇਸ਼ ਵਿਚ ਸਭ ਤੋਂ ਨੀਵੀਂ ਹੈ। ਇਨ੍ਹਾਂ ਇਲਾਕਿਆਂ ਦੇ ਵਸਨੀਕ ਗੰਦਗੀ ਭਰੇ ਵਾਤਾਵਰਣ ਕਾਰਨ ਪੀਲੀਆ, ਟੀ.ਬੀ, ਦਿਮਾਗੀ ਤਵਾਜ਼ਨ ਦਾ ਹਿੱਲਣਾ, ਸਾਹ ਅਤੇ ਚਮੜੀ ਦੀਆਂ ਬੀਮਾਰੀਆਂ ਦੀ ਗ੍ਰਿਫਤ ਵਿਚ ਰਹਿੰਦੇ ਹਨ। ਵਿੱਦਿਅਕ ਸਹੂਲਤਾਂ ਦੀ ਅਣਹੋਂਦ ਕਾਰਨ ਨੌਜਵਾਨਾਂ ਦਾ ਰੁਝਾਨ ਨਸ਼ਿਆਂ ਵੱਲ ਵਧੇਰੇ ਹੈ। ਡਾ. ਦੁੱਗਲ ਅਨੁਸਾਰ ਬਾਲ ਮਜ਼ਦੂਰੀ ਕਾਫੀ ਜ਼ਿਆਦਾ ਹੈ। ਅੱਤ ਦੀ ਮੰਦਹਾਲੀ ਕਾਰਨ ਇਨ੍ਹਾਂ ਖੇਤਰਾਂ ਦੀਆਂ ਔਰਤਾਂ ਸੈਕਸ ਵਰਕਰਾਂ ਵਜੋਂ ਵਿਚਰਨ ਲੱਗੀਆਂ ਹਨ। ਹਾਲਾਂਕਿ ਇਹ ਰੁਝਾਨ ਬਹੁਤ ਘੱਟ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਨ੍ਹਾਂ ਲੋਕਾਂ ਦੀ ਮੁੜਸਥਾਪਤੀ ਤੋਂ ਪਹਿਲਾਂ ਅਜਿਹੇ ਇਲਾਕਿਆਂ ਦੇ ਸਭ ਪਹਿਲੂਆਂ ਬਾਰੇ ਅਧਿਐਨ ਕੀਤਾ ਜਾਵੇ। ਸ੍ਰੀ ਪਾਟਿਲ ਨੇ ਕਿਹਾ ਕਿ ਮੁਲਕ ਦੀਆਂ 80 ਫੀਸਦੀ ਗਤੀਵਿਧੀਆਂ ਪ੍ਰਾਈਵੇਟ ਖੇਤਰ ਦੇ ਹੱਥ ਵਿਚ ਹਨ ਪਰ ਇਹ ਖੇਤਰ ਮਜ਼ਦੂਰਾਂ ਦੀਆਂ ਸੇਵਾਵਾਂ ਤਾਂ ਲੈਂਦਾ ਹੈ ਪਰ ਉਨ੍ਹਾਂ ਦੀ ਸਥਾਪਤੀ ਲਈ ਬਣਦੀ ਭੂਮਿਕਾ ਅਦਾ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਸਰਕਾਰੀ ਜ਼ਿੰਮੇਵਾਰੀ ਹੈ ਪਰ ਸਮਾਜਿਕ ਚੇਤਨਤਾ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਖੋਜ ਦਾ ਘੇਰਾ ਵਿਸ਼ਾਲ ਹੋਣਾ ਚਾਹੀਦਾ ਹੈ। ਕਰਿਡ ਦੇ ਐਗਜ਼ੈਕਟਿਵ ਵਾਈਸ ਚੇਅਰਮੈਨ ਡਾ. ਰਸ਼ਪਾਲ ਮਲਹੋਤਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
 
Top