Punjab News ਲੁਧਿਆਣਾ ’ਚ ਪਾਕਿਸਤਾਨੀ ਜਾਸੂਸ ਗ੍ਰਿਫਤਾਰ

'MANISH'

yaara naal bahara
ਲੁਧਿਆਣਾ ਪੁਲੀਸ ਵੱਲੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਜਾਸੂਸੀ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਹੈ। ਸੰਦੀਪ ਸਿੰਘ ਦੇ ਨਾਂ ਹੇਠ ਵਿਚਰ ਰਿਹਾ ਇਹ ਆਈ.ਐਸ.ਆਈ. ਏਜੰਟ ਪਿਛਲੇ 5 ਸਾਲਾਂ ਤੋਂ ਪੀ.ਓ.ਪੀ. ਦੇ ਠੇਕੇਦਾਰ ਵਜੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿ ਰਿਹਾ ਸੀ। ਵਧੀਕ ਡਿਪਟੀ ਕਮਿਸ਼ਨਰ ਪੁਲੀਸ-1 ਹਰਸ਼ ਬਾਂਸਲ ਅਨੁਸਾਰ ਇਹ ਮੁਲਜ਼ਮ ਅੱਜ-ਕੱਲ੍ਹ ਸੰਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਜੋਂ ਰਹਿ ਰਹਿ ਰਿਹਾ ਸੀ ਤੇ ਆਪਣਾ ਪਤਾ ਪਰਜੀਆਂ ਰੋਡ ਸ਼ਾਹਕੋਟ (ਜਲੰਧਰ) ਦੱਸਦਾ ਸੀ। ਪੁਲੀਸ ਨੂੰ ਇਸ ਜਾਸੂਸ ਬਾਰੇ ਕੱਲ੍ਹ ਰਾਤ ਸੂਚਨਾ ਮਿਲੀ ਸੀ ਕਿ ਉਹ ਰੇਲਵੇ ਸਟੇਸ਼ਨ ਨੇੜੇ ਘੁੰਮ ਰਿਹਾ ਹੈ ਤੇ ਉਸ ਦੇ ਹੱਥ ਵਿੱਚ ਇੱਕ ਲਿਫਾਫਾ ਤੇ ਮੋਢੇ ’ਤੇ ਬੈਗ ਟੰਗਿਆ ਹੋਇਆ ਹੈ। ਐਸ.ਐਚ.ਓ. ਕੋਤਵਾਲੀ ਨੇ ਇਸ ਸੂਚਨਾ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ, ਜਿਸ ’ਤੇ ਸਹਾਇਕ ਕਮਿਸ਼ਨਰ ਪੁਲੀਸ ਲੁਧਿਆਣਾ ਉੱਤਰੀ ਪਰਮਜੀਤ ਸਿੰਘ ਪੰਨੂ ਦੀ ਅਗਵਾਈ ਵਿੱਚ ਪੁਲੀਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਦੀ ਗ੍ਰਿਫਤਾਰੀ ਲੁਧਿਆਣਾ ਦੇ ਲੋਕਲ ਬੱਸ ਅੱਡੇ ਨੇੜੇ ਉਸ ਵੇਲੇ ਕੀਤੀ ਗਈ ਜਦੋਂ ਉਹ ਲਕਸ਼ਮੀ ਸਿਨੇਮੇ ਵੱਲੋਂ ਆ ਰਿਹਾ ਸੀ।
ਸਰਕਾਰੀ ਭੇਤ ਐਕਟ ਦੀ ਧਾਰਾ 3, 4 ਤੇ 5 ਤਹਿਤ ਅਤੇ ਜ਼ਾਬਤਾ ਫੌਜਦਾਰੀ ਦੀ ਧਾਰਾ 120 ਬੀ ਤਹਿਤ ਫੜੇ ਗਏ ਇਸ ਜਾਸੂਸ ਨੇ ਪੁੱਛਗਿੱਛ ਦੌਰਾਨ ਪੁਲੀਸ ਕੋਲ ਗੰਭੀਰ ਪ੍ਰਗਟਾਵੇ ਕੀਤੇ ਹਨ। ਸ੍ਰੀ ਬਾਂਸਲ ਅਨੁਸਾਰ ਉਸ ਨੇ ਆਪਣਾ ਅਸਲ ਨਾਂ ਨਿਜ਼ਾਮ ਬਖ਼ਸ਼ ਪੁੱਤਰ ਅੱਲਾ ਦਿੱਤਾ ਵਾਸੀ ਚੱਕ ਨੰਬਰ 114/10 ਆਰ, ਤਹਿਸੀਲ ਜਹਾਨਵੀਆ, ਜ਼ਿਲ੍ਹਾ ਖਾਨੇਵਾਲ, ਮੁਲਤਾਨ ਡਿਵੀਜ਼ਨ (ਲਹਿੰਦਾ ਪੰਜਾਬ) ਦੱਸਿਆ।
ਨਿਜ਼ਾਮ ਬਖ਼ਸ਼ ਦੇ ਕਬਜ਼ੇ ਵਿੱਚੋਂ ਖੁਫ਼ੀਆ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਪੁਲੀਸ ਅਨੁਸਾਰ ਉਸ ਵੱਲੋਂ ਫੌਜੀ ਟਿਕਾਣਿਆਂ ਦੇ ਭੇਤ ਪਾਕਿਸਤਾਨ ਪਹੁੰਚਾਏ ਜਾਂਦੇ ਹਨ ਤੇ ਹੁਣ ਤੱਕ ਉਹ ਬਹੁਤ ਸਾਰੀ ਅਹਿਮ ਜਾਣਕਾਰੀ ਪਾਕਿਸਤਾਨ ਭੇਜ ਚੁੱਕਾ ਹੈ। ਸ੍ਰੀ ਬਾਂਸਲ ਨੇ ਦੱਸਿਆ ਕਿ ਜਾਸੂਸ ਵੱਲੋਂ ਖੁਦਕੁਸ਼ੀ ਆਦਿ ਦੀਆਂ ਗੱਲਾਂ ਕਰਨ ਤੋਂ ਇਹ ਵੀ ਜ਼ਾਹਰ ਹੁੰਦਾ ਸੀ ਕਿ ਉਹ ਬਹੁਤ ਹੀ ਚਲਾਕ ਮੁਲਜ਼ਮ ਹੈ ਤੇ ਪੁਲੀਸ ਨੂੰ ਭਾਵਨਾਤਮਕ ਤੌਰ ’ਤੇ ਪ੍ਰਭਾਵਿਤ ਕਰਨਾ ਚਾਹੁੰਦਾ ਹੈ। ਉਸ ਕੋਲੋਂ ਮੋਬਾਈਲ ਫੋਨ ਦੇ ਸਿੰਮ ਵਗੈਰਾ ਵੀ ਮਿਲੇ ਹਨ, ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਉਸ ਦੇ ਹੋਰ ਸਾਥੀਆਂ ਦੀ ਮੌਜੂਦਗੀ ਬਾਰੇ ਹਾਲਾਂ ਪੁੱਛਗਿੱਛ ਕੀਤੀ ਜਾ ਰਹੀ ਹੈ। ਲੁਧਿਆਣਾ ਪੁਲੀਸ ਦੇ ਸੂਤਰਾਂ ਅਨੁਸਾਰ ਇਸ ਜਾਸੂਸ ਦਾ ਇੱਕ ਹੋਰ ਸਾਥੀ ਵੀ ਪੁਲੀਸ ਦੇ ਹੱਥ ਆਇਆ ਹੈ ਪਰ ਮਾਮਲਾ ਸੰਵੇਦਨਸ਼ੀਲ ਹੋਣ ਕਾਰਨ ਪੁਲੀਸ ਉਸ ਨੂੰ ਹਾਲਾਂ ਸਾਹਮਣੇ ਨਹੀਂ ਲਿਆਉਣਾ ਚਾਹੁੰਦੀ। ਪੁਲੀਸ ਅਧਿਕਾਰੀ ਇਸ ਜਾਸੂਸ ਦੇ ਇੱਕੋ ਹੋਣ ਦੀ ਗੱਲ ਹੀ ਮੰਨਦੀ ਹੈ।
 
Top