-ਖਾਲਸਾ ਅਕਾਲ ਪੁਰਖ ਕੀ ਫੌਜ-

Saini Sa'aB

K00l$@!n!
-ਖਾਲਸਾ ਅਕਾਲ ਪੁਰਖ ਕੀ ਫੌਜ-
ਸੀਸ ਦੇ ਕੇ ਸਿਦਕ ਨਿਭਾਉਣ ਵਾਲੇ
-ਗਿਆਨ ਸਿੰਘ ਕੋਟਲੀ ਕਨੇਡਾ


ਇੱਕੋ ਪਿਤਾ ਦੇ ਅਸੀਂ ਹਾਂ ਪੁੱਤ ਸਾਰੇ, ਫੌਜ ਗੁਰੂ ਦੀ ਅਸੀਂ ਕਹਾਉਣ ਵਾਲੇ ।
ਸਾਡਾ ਪਿਤਾ ਦਸਮੇਸ਼ ਸਰਬੰਸ ਦਾਨੀ, ਸ਼ਮ੍ਹਾਂ ਉਸ ਦੀ ਅਸੀਂ ਜਗਾਉਣ ਵਾਲੇ ।
ਸਿਰਜੀ ਪੰਜਾਂ ਕੱਕਾਰਾਂ ਨੇ ਸ਼ਾਨ ਸਾਡੀ, ਅਸੀਂ ਸਿੰਘ ਤੇ ਕੌਰ ਕਹਾਉਣ ਵਾਲੇ ।
ਅਸੀਂ ਨਾਮ ਤੇ ਬਾਣੀ ਦੀ ਓਟ ਲੈ ਕੇ, ਸੋਹਿਲੇ ਹੱਕ ਤੇ ਸੱਚ ਦੇ ਗਾਉਣ ਵਾਲੇ।
ਲਾਲਚ ਲਈ ਨਾ ਅਸਾਂ ਜ਼ਮੀਰ ਵੇਚੀ, ਦੀਨ ਵੇਚ ਨਾ ਚੌਧਰਾਂ ਪਾਉਣ ਵਾਲੇ ।
ਅਸੀਂ ਨਾਨਕ ਦੇ ਨੂਰ ਦੇ ਸੰਤ-ਸੂਰੇ, ਸੀਸ ਦੇ ਕੇ ਸਿਦਕ ਨਿਭਾਉਣ ਵਾਲੇ।

ਨਿਰੇ ਪ੍ਰੇਮ ਤੇ ਪਿਆਰ ਦੇ ਅਸੀਂ ਪੁਤਲੇ, ਮੂਹੋਂ ਮੰਦਾ ਨਾ ਕਦੀ ਉਚਾਰਦੇ ਹਾਂ ।
ਪੈਂਦੇ ਅਕਲ ਦੇ ਪਿਛੇ ਨਾ ਡਾਂਗ ਲੈ ਕੇ, ਨਾਂ ਹੀ ਕਿਸੇ ਦੀ ਪੱਗ ਉਤਾਰਦੇ ਹਾਂ ।
ਹੋਵੇ ‘ਮਨ ਨੀਵਾਂ‘ ਅਤੇ ‘ਮੱਤ ਉਚੀ, ਭਲਾ ਸਭ ਦਾ ਦਾ ਅਸੀਂ ਚਿਤਾਰਦੇ ਹਾਂ ।
ਸੌਦੇ ਅਣਖ ਈਮਾਨ ਦੇ ਨਹੀਂ ਕਰਦੇ, ਨਾ ਹੀ ਦੀਨ ਨੂੰ ਦੁਨੀਂ ਤੋਂ ਵਾਰਦੇ ਹਾਂ ।
ਅਸੀਂ ਪੁੰਜ ਹਾਂ ਅਮਨ ਤੇ ਸ਼ਾਂਤੀ ਦੇ, ਤੱਤੀ ਤਵੀ ਤੇ ਬਹਿ ਮੁਸਕਾਉਣ ਵਾਲੇ।
ਅਰਜਣ ਗੁਰੂ ਦੇ ਤੇਜ ਦਾ ਅਸੀਂ ਚਾਨਣ, ਸੀਸ ਦੇ ਕੇ ਸਿਦਕ ਨਿਭਾਉਣ ਵਾਲੇ

ਗੁਰੂ ਘਰਾਂ ਵਿਚ ਰੇੜਕੇ ਨਹੀਂ ਪਾਉਂਦੇ, ਅਸੀਂ ਧਰਮ ਤੇ ਕਰਮ ਕਮਾਉਣ ਵਾਲੇ ।
ਨਹੀਓਂ ਕਦੇ ਕਚਹਿਰੀਆਂ ਵਿਚ ਜਾਂਦੇ, ਝਗੜੇ ਬੈਠ ਕੇ ਅਸੀਂ ਮੁਕਾਉਣ ਵਾਲੇ ।
ਗੋਲ੍ਹਕ ਗੁਰੂ ਦੀ ਉੱਤੇ ਨਾ ਨਜ਼ਰ ਸਾਡੀ, ਗੱਫੇ ਗੁਪਤ ਨਾ ਅਸੀਂ ਲਗਾਉਣ ਵਾਲੇ ।
ਨਿਰੀ ਸੇਵਾ ਤਿਆਗ ਦੀ ਅਸੀਂ ਮੂਰਤ, ਅਸੀਂ ਦਾਸਾਂ ਦੇ ਦਾਸ ਕਹਾਉਣ ਵਾਲੇ ।
ਅਸੀਂ ਜੰਝੂ ਤੇ ਤਿਲਕ ਦੀ ਰੱਖਿਆ ਲਈ, ਦਿੱਲੀ ਜਾ ਕੇ ਸੀਸ ਕਟਾਉਣ ਵਾਲੇ ।
ਅਸੀਂ ਤੇਗ ਬਹਾਦਰ ਦਾ ਸਿਰੜ ਨੂਰੀ, ਸੀਸ ਦੇ ਕੇ ਸਿਦਕ ਨਿਭਾਉਣ ਵਾਲੇ

ਕੰਨ ਰਸੀ ਨਾ ਅਸਾਂ ਦੇ ਲਈ ਬਾਣੀ, ਅਸੀਂ ਬਾਣੀ ਤੇ ਅਮਲ ਕਮਾਉਣ ਵਾਲੇ ।
ਅਸੀਂ ਛੰਡ ਕੇ ਨੇਰ੍ਹ ਅਗਿਆਨਤਾ ਦਾ, ਲੜ ਗੁਰੂ ਦੇ ਲੋਕਾਂ ਨੂੰ ਲਾਉਣ ਵਾਲੇ ।
ਮੰਨੀਏ ਮੂੰਹ ਗਰੀਬ ਦਾ ਗੁਰੂ ਗੋਹਲਕ, ਸਦਾ ਭੁੱਖੇ ਨੂੰ ਅਸੀਂ ਰਜਾਉਣ ਵਾਲੇ ।
ਕਦੇ ਅਣਖ ਨੂੰ ਆਂਚ ਨਾ ਆਉਣ ਦਿੱਤੀ, ਬੰਦ ਬੰਦ ਹਾਂ ਅਸੀਂ ਕਟਾਉਣ ਵਾਲੇ ।
ਤਾਰੂ ਸਿੰਘ ਸ਼ਹੀਦ ਦੇ ਅਸੀਂ ਵਾਰਿਸ, ਖੋਪਰ ਰੰਬੀ ਦੇ ਨਾਲ ਲੁਹਾਉਣ ਵਾਲੇ ।
ਸਿਰੋਂ ਤਾਜ ਨਾ ਕੇਸਾਂ ਦਾ ਲਹਿਣ ਦਿੰਦੇ, ਸੀਸ ਦੇ ਕੇ ਸਿਦਕ ਨਿਭਾਉਣ ਵਾਲੇ।

ਕਰਦੇ ਰਸਮ ਤੇ ਦੰਭ ਦੀ ਨਹੀਂ ਪੂਜਾ, ਉਦਮ ਆਪਣੇ ਵਿਚ ਕਲਿਆਣ ਸਾਡੀ ।
ਨਹੀਓਂ ਨਸ਼ਿਆਂ ਕੁਕਰਮਾਂ ਦੇ ਨੇੜ ਜਾਂਦੇ, ਨਾਮ ਦਾਨ ਹੈ ਸੁੱਖਾਂ ਦੀ ਖਾਨ ਸਾਡੀ ।
ਨਹੀਓਂ ਖੋਹ ਕੇ ਕਿਸੇ ਦਾ ਹੱਕ ਖਾਣਾ, ਛਕਣਾ ਵੰਡ ਕੇ ਕਿਰਤ ਮਹਾਨ ਸਾਡੀ ।
ਧੱਬਾ ਧਰਮ ਦੇ ਨਾਮ ਨੂੰ ਨਹੀਂ ਲਾਉਂਦੇ, ਬਾਣੀ ਬਾਣੇ ਦੀ ਲਾਜ ਹੈ ਜਾਨ ਸਾਡੀ।
ਇੱਜ਼ਤ ਆਪਣੀ ਮਿੱਟੀ ਵਿਚ ਰੋਲਦੇ ਨਾ, ਇੱਜ਼ਤ ਜੱਗ ਦੀ ਸਦਾ ਬਚਾਉਣ ਵਾਲੇ।
ਖਾਲਿਸ ਰੂਪ ਹਾਂ ਅਸੀਂ ਗੋਬਿੰਦ ਸਿੰਘ ਦਾ, ਸੀਸ ਦੇ ਕੇ ਸਿਦਕ ਨਿਭਾਉਣ ਵਾਲੇ।​
 
Top