ਅੰਮੀਏ ਨਾ ਮਾਰ ਲਾਡਲੀ

ਅੰਮੀਏ ਨਾ ਮਾਰ ਲਾਡਲੀ
ਰੋਜ਼ੀ ਸਿੰਘ
ਵਿਗਿਆਨ ਦੁਨੀਆ ਦੇ ਹਰ ਖੇਤਰ ਵਿਚ ਆਪਣੀਆਂ ਲੀਹਾਂ ਛੱਡਦਾ ਜਾ ਰਿਹਾ ਹੈ। ਲੋਕ ਹੁਣ ਚੰਨ ਅਤੇ ਵਸਣ ਦੀ ਤਿਆਰੀ ਕਰ ਰਹੇ ਹਨ। ਜੀਵਨ ਦੇ ਹਰ ਪਹਿਲੂ ਦੀ ਜਾਣਕਾਰੀ ਅੱਜ ਹਰ ਮਨੁੱਖ ਰੱਖਦਾ ਹੈ। ਮਨੁੱਖਤਾ ਦੀ ਟੀਸੀ ਤੇ ਪਹੁੰਚਣ ਲਈ ਅੱਜ ਹਰ ਵਿਅਕਤੀ ਆਪਣੇ ਸਰੀਰਿਕ ਅਤੇ ਮਾਨਸਿਕ ਸੰਤੁਲਣ ਨੂੰ ਅਰੋਗ ਅਤੇ ਸੁਡੋਲ ਰੱਖਦਾ ਹੈ। ਜਿਥੇ ਵਿਗਿਆਨ ਨੇ ਜਿੰਦਗੀ ਦੇ ਹਰ ਖੇਤਰ ਵਿਚ ਮਨੁੱਖ ਨੂੰ ਸਹੂਲਤਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਉਸ ਦੀ ਸੋਚ ਦਾ ਦਾਇਰਾ ਵਿਸ਼ਾਲ ਕੀਤਾ ਹੈ, ਉਥੇ ਇਸ ਦੇ ਬਹੁਤ ਸਾਰੇ ਮਾਡ਼ੇ ਪ੍ਰਭਾਵ ਵੀ ਪਏ ਹਨ। ਮੈਡੀਕਲ ਖੇਤਰ ਵਿਚ ਭਰੂਣ ਟੈਸਟ ਤਕਨਾਲੋਜੀ ਵਿਗਿਆਨ ਦੀ ਇਕ ਕਾਢ ਹੈ ਪਰ ਇਹ ਉਨ੍ਹਾਂ ਸਾਰੀਆਂ ਅਭਾਗਣ ਕੁਡ਼ੀਆਂ ਲਈ ਮੌਤ ਦਾ ਸੁਨੇਹਾਂ ਸਾਬਤ ਹੋਈ ਜਿਨ੍ਹਾਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਇਸ ਥਾਂ ਆ ਕੇ ਮਨੁੱਖ ਦੀ ਸੋਚ ਅਤੇ ਮਾਨਸਿਕਤਾ ਕੋਝੀ ਨਜ਼ਰ ਆਉਂਦੀ ਹੈ। ਕੁਡ਼ੀਆਂ ਨੂੰ ਕੁੱਖ ਚ ਹੀ ਮਾਰਨ ਦਾ ਰੁਝਾਨ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਜੋ ਕਿ ਪੂਰੇ ਭਾਰਤ ਲਈ ਇਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਵੱਡੇ-ਵੱਡੇ ਬੁੱਧੀ ਜੀਵੀਆਂ, ਨਾਵਲਕਾਰਾਂ, ਨੇਤਾਵਾਂ ਅਤੇ ਕਾਨੂੰਨ ਦੇ ਉਪਰਾਲੇ ਇਸ ਰੁਝਾਨ ਨੂੰ ਘੱਟ ਕਰਨ ਵਿਚ ਅਸਫਲ ਰਹੇ ਹਨ। ਇਥੇ ਆ ਕੇ ਸਾਡਾ ਕਾਨੂੰਨ ਵੀ ਮਹਿਜ ਦਰਸ਼ਕ ਬਣ ਕੇ ਰਹਿ ਜਾਂਦਾ ਹੈ।
ਇਸ ਵਿਚ ਕਸੂਰ ਕਿਸੇ ਇਕ ਦਾ ਨਹੀਂ ਹੈ। ਸਗੋਂ ਸਾਡਾ ਸਾਰਾ ਸਮਾਜ ਇਸ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਵਿਚ ਮਾਂ, ਪਿਉ, ਘਰ ਦੇ ਸਾਰੇ ਮੈਂਬਰ, ਡਾਕਟਰ, ਅਤੇ ਉਹ ਸਾਰੇ ਲੋਕ ਜਿੰਮੇਵਾਰ ਹਨ ਜਿਹਡ਼ੇ ਉਪਰੋਕਤ ਕਾਰਵਾਈ ਨੂੰ ਅੱਖੀਂ ਵੇਖ ਕੇ ਕੁਝ ਬੋਲਦੇ ਨਹੀਂ ਹਨ।
ਸਾਹੂਕਾਰ, ਅਮੀਰ ਲੋਕਾਂ ਵਲੋਂ ਆਪਣੀਆਂ ਲਡ਼ਕੀਆਂ ਦੇ ਵਿਆਹਾਂ ਵਿਚ ਕੀਤੇ ਜਾਂਦੇ ਰਾਜੇ ਮਹਾਰਾਜਿਆਂ ਵਾਲੇ ਖਰਚੇ ਕਰਕੇ ਅੱਜ ਸਮਾਜ ਵਿਚ ਲਡ਼ਕੀ ਇਕ ਹਊਆ ਬਣ ਕੇ ਰਹਿ ਗਈ ਹੈ। ਕਿਉਂਕਿ ਆਮ ਆਦਮੀ ਅੱਜ ਆਪਣੀ ਲਡ਼ਕਾ ਨੂੰ ਪਹਿਲਾਂ ਤਾਂ ਮਹਿੰਗੀ ਵਿਦਿਆ ਦੇ ਨਹੀਂ ਸਕਦਾ ਦੂਸਰਾ ਉਹ ਆਪਣੀ ਲਡ਼ਕੀ ਦੇ ਵਿਆਹ ਵਿਚ ਅਮੀਰਾਂ ਵਾਲੇ ਖਰਚੇ ਕਰਦਾ ਕਰਦਾ ਆਪਣਾ ਝੁੱਗਾ ਚੌਡ਼ ਕਰਾ ਲੈਂਦਾ ਹੈ ਅਤੇ ਸਾਰੀ ਉਮਰ ਉਹ ਆਪਣੇ ਸਿਰ ਚਡ਼੍ਹਿਆ ਕਰਜ਼ਾ ਉਤਾਰਦਾ ਮਰ ਜਾਂਦਾ ਹੈ। ਇਸ ਤਰ੍ਹਾਂ ਅਮੀਰ ਲੋਕਾਂ ਵੱਲੋਂ ਸਮਾਜ ਵਿਚ ਫੈਲਾਈ ਜਿਆਦਾ ਖਰਚ ਕਰਨ ਦੀ ਰੂਚੀ ਅਤੇ ਦਾਜ਼ ਵਿਚ ਅੱਤ ਮਹਿੰਗੀਆਂ ਵਸਤਾਂ ਆਪਣੀਆਂ ਕੁਡ਼ੀਆਂ ਨੂੰ ਦੇਣਾ ਵੀ ਕੁਡ਼ੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ।
ਇਕ ਰਿਪੋਰਟ ਮੁਤਾਬਕ ਕੁਡ਼ੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਵਾਲਿਆਂ ਵਿਚ ਮੱਧ ਵਰਗ ਦੇ ਲੋਕ ਜਿਆਦਾ ਹਨ। ਇਹ ਲੋਕ ਆਪਣੀ ਲਡ਼ਕੀ ਦੇ ਵਿਆਹ ਸਮੇਂ ਦਾਜ਼ ਦੇਣ ਤੋਂ ਅਸਮਰੱਥ ਹਨ ਕਿਉਂਕਿ ਉਹ ਆਪਣੀ ਹੀ ਰੋਟੀ-ਟੁੱਕ ਦਾ ਪ੍ਰਬੰਧ ਕਰਨ ਦੇ ਮਸਾਂ ਯੋਗ ਹੁੰਦੇ ਹਨ। ਬੇਰੁਜ਼ਗਾਰੀ ਵੀ ਇਕ ਅਜਿਹਾ ਕੋਹਡ਼ ਹੈ ਜਿਹਡ਼ਾ ਭਰੂਣ ਹੱਤਿਆ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਵਿਕਾਸ ਅਤੇ ਤਰੱਕੀ ਦੀ ਇਸ ਸਿਖਰ ਤੇ ਪਹੁੰਚ ਕੇ ਅੱਜ ਅਸੀਂ ਬਹੁਤ ਪਿੱਛੇ ਛੱਡਦੇ ਜਾ ਰਹੇ ਹਨ। ਅੱਜ ਔਰਤ ਜਿਹਡ਼ੀ ਆਪਣੀ ਧੀ ਨੂੰ ਕੁੱਖ ਵਿਚ ਹੀ ਮਾਰ ਰਹੀ ਹੈ ਉਹ ਇਹ ਵੀ ਭੁੱਲ ਰਹੀ ਹੈ ਕਿ ਉਹ ਵੀ ਕਿਸੇ ਦੀ ਧੀ ਹੈ। ਅੱਜ ਅਸੀਂ ਔਰਤਾਂ ਵਲੋਂ ਦੇਸ ਦੀ ਆਜ਼ਾਦੀ ਵੇਲੇ ਦੇ ਪਾਏ ਗਏ ਯੋਗਦਾਨ ਨੂੰ ਅੱਖੋਂ-ਪਰੋਖੇ ਕਰਕੇ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਦੀ ਵਿਉਂਤ ਬਣਾਈ ਬੈਠੇ ਹਾਂ। ਹਾਲਾਂ ਕਿ ਬਹੁਤੀਆਂ ਔਰਤਾਂ ਕਿਸੇ ਤੇ ਨਿਰਭਰ ਨਹੀਂ ਹਨ, ਅੱਜ ਦੀ ਔਰਤਾਂ ਆਪਣੇ ਪੈਰਾਂ ਤੇ ਆਪ ਖਡ਼੍ਹੀ ਹੈ ਅਤੇ ਵੱਡੇ-ਵੱਡੇ ਸਰਕਾਰੀ ਅਤੇ ਨਿਜੀ ਅਹੁਦਿਆਂ ਤੇ ਬਿਰਾਜਮਾਨ ਹਨ।
ਲੋਡ਼ ਹੈ ਅੱਜ ਸਮਾਜ ਵਿਚ ਫੈਲੀ ਇਸ ਬੀਮਾਰੀ ਨੂੰ ਨੱਥ ਪਾਉਣ ਦੀ, ਅੱਜ ਉਹ ਹਰ ਅਣਜੰਮੀ ਧੀ ਆਪਣੀ ਮਾਂ ਨੂੰ ਇਹੀ ਕਹਿ ਰਹੀ ਹੈ।
“ਜੋਡ਼ੀ,
ਅੰਮੀਏ ਨਾ ਮਾਰ ਲਾਡ਼ਲੀ
ਕੌਣ ਗਾਉਗਾ ਵੀਰੇ ਦੀ ਦੱਸ ਘੋਡ਼ੀ ।“
ਇਹਨਾਂ ਅਣਜੰਮੀਆਂ ਧੀਆਂ ਦਾ ਵੀ ਤਾਂ ਕੋਈ ਸੁਪਨਾ ਹੋਵੇਗਾ। ਜਿਹਡ਼ਾ ਪੂਰਾ ਹੋਣ ਤੋਂ ਪਹਿਲਾਂ ਹੀ ਦਫਨਾ ਦਿੱਤਾ ਜਾਂਦਾ ਹੈ। ਉਹਨਾਂ ਦੀਆਂ ਰੂਹਾਂ ਚਿੱਲਾ-ਚਿੱਲਾ ਕੇ ਸਮਾਜ ਨੂੰ ਇਹੀ ਕਹਿ ਰਹੀਆਂ ਹਨ
“ਆਖੋਂ ਮੇਂ ਸਪਨਾ ਸਾ ਹੈ, ਜੋ ਮੇਰਾ ਅਪਣਾ ਸਾ ਹੈ,
ਛੂ ਲੂੰ ਮੈਂ ਆਸਮਾਨ, ਐਸੀ ਹੋ ਮੇਰੀ ਉਡਾਨ।“
 
Top