ਸੈਰ ਖੂਹਾਂ ਦੀ ਕਰਾਵਾਂਗੇ,

ਸਾਡੇ ਪਿੰਡ ਆਵੀਂ ਸੈਰ ਖੂਹਾਂ ਦੀ ਕਰਾਵਾਂਗੇ,
ਬੋਹੜਾਂ ਥੱਲੇ ਬਾਬਿਆਂ ਦੀ ਢਾਣੀ ਨੂੰ ਮਿਲਾਵਾਂਗੇ।
ਟਿੰਡਾਂ ਵਾਲੇ ਖੂਹ ਵੇਖੀਂ ਕਿੱਦਾਂ ਬੀਬਾ ਚੱਲਦੇ,
ਵੱਖਰੇ ਨਜ਼ਾਰੇ ਲਵੀਂ ਪੀ ਕੇ ਠੰਢੇ ਜਲ ਦੇ
ਸ਼ੱਕਰ ਨਾਲ ਰੋਟੀ ਬਹਿ ਕੇ ਨੀ ਖਵਾਵਾਂਗੇ
ਸਾਡੇ ਪਿੰਡ ਆਵੀਂ ਸੈਰ ਖੂਹਾਂ ਦੀ ਕਰਾਵਾਂਗੇ।
ਛਲੀਆਂ ਚਬਾਊਂ ਤੈਨੂੰ ਬੇਬੇ ਭੁੰਨ ਭੁੰਨ ਕੇ,
ਮਿੱਠੇ ਬੇਰ ਬੇਰੀਆਂ ਦੇ ਦੇਣੇ ਚੁਣ ਚੁਣ ਕੇ,
ਲੋਰੀਆਂ ਜਿਨ੍ਹਾਂ ਨੂੰ ਕਹਿੰਦੇ, ਉਹ ਵੀ ਸੁਣਾਵਾਂਗੇ।

ਮੱਕੀ ਦੀਆਂ ਰੋਟੀਆਂ ਸਰ੍ਹੋਂ ਵਾਲਾ ਸਾਗ ਨੀ,
ਅੰਬ, ਅਮਰੂਦ, ਕਿੰਨੂ, ਘਰਾਂ ਦੇ ਐ ਬਾਗ਼ ਨੀ
ਛਿਲ ਛਿਲ ਗੰਨੇ ਮਿਸ਼ਰੀ ਦੇ ਵੀ ਚਬਾਵਾਂਗੇ
ਸਾਡੇ ਪਿੰਡ ਆਵੀਂ ਸੈਰ ਖੂਹਾਂ ਦੀ ਕਰਾਵਾਂਗੇ।
ਵੇਖੀਂ ਮੇਰੇ ਬਾਪੂ ਦਾ ਹੈ ਕਿੱਦਾਂ ਦਾ ਸੁਭਾਅ ਨੀ
ਵੇਖ ਕੇ ਪ੍ਰਾਹੁਣਾ ਕਿੱਦਾਂ ਚੜ੍ਹਦਾ ਹੈ ਚਾਅ ਨੀ
ਬਾਪੂ ਜੀ ਦੇ ਹਰੇ ਭਰੇ ਖੇਤ ਵੀ ਵਿਖਾਵਾਂਗੇ
ਸਾਡੇ ਪਿੰਡ ਆਵੀਂ ਸੈਰ ਖੂਹਾਂ ਦੀ ਕਰਾਵਾਂਗੇ।
ਖੁੰਡੇ ਪਿੰਡੋਂ ਦਿਲ ਵੇਖੀਂ ਦਿਲ ਕਰਨਾ ਨਹੀਂ ਜਾਣ ਨੂੰ
ਫੁੱਲਾਂ ਵਾਂਗ ਜਿਥੇ ਰੱਖਦੇ ਨੇ ਮਹਿਮਾਨ ਨੂੰ
ਗੀਤਕਾਰ 'ਪਾਰਸ' ਨਾਲ ਮੇਲ ਵੀ ਕਰਾਵਾਂਗੇ
ਸਾਡੇ ਪਿੰਡ ਆਵੀਂ ਸੈਰ ਖੂਹ ਦੀ ਕਰਾਵਾਂਗੇ
ਬੋਹੜਾਂ ਥੱਲੇ ਬਾਬਿਆਂ ਦੀ ਢਾਣੀ ਨੂੰ ਮਿਲਾਵਾਂ
 
Top