ਗੋਲ ਚੱਕਰ


ਸਕੂਲ ਵਿੱਚ ਭੈਣਜੀ
ਪੈਨਸਲ ਦਾ ਮੁੰਮਣਾ ਖਾ ਗਿਆ,
ਸੈਂਡੋ ਚੱਬ ਗਿਆ,
ਕੁੜੀ ਦੇ ਵਾਲ ਪੱਟਦੈਂ,
ਘੂਘੂ-ਘਾਂਗੜੇ ਮਾਰ ਦਿੱਤੇ ਕਾਇਦੇ ਤੇ,
ਬੈਠ ਐਥੇ ਮੇਰੇ ਕੋਲ,
ਬਸਤਾ ਚੁੱਕ ਲਿਆ,

ਫਿਰ ਪਬਲਿਕ ਸਕੂਲ ਵਿੱਚ,
ਪੰਜਾਬੀ ਦੇ ਪਹਾੜੇ ਨਹੀਂ ਅੰਗਰੇਜੀ ਵਿੱਚ ਟੇਬਲ,
ਅੱਖਰ ਜੁੜਨੇ ਚਾਹੀਦੇ ਨੇ,
ਮੈਸੋਪੋਟਾਮੀਆ ਦੀ ਸੱਭਿਅਤਾ ਪੜ,
ਬੈਠ ਜਾ ਜੇ ਨਹੀਂ ਪੜਨਾ ਆਉਂਦਾ,
ਕਿਥੋਂ ਆ ਜਾਂਦੇ ਪੇਂਡੂ ਜੰਗਲੀ ਦੇਸੀ ਸਕੂਲਾਂ ਚੋਂ,
ਉਹੀ ਭੈਣਜੀ ਦੱਸਵੀਂ ਵਿੱਚ ਅੱਵਲ ਆਉਣ ਤੇ
ਮੁਖ-ਅਧਿਆਪਕਾ ਬਣ ਮੈਨੁੰ ਇਨਾਮ ਦੇ ਰਹੀ,

ਘਰ,
ਸਕੂਲ ਦਾ ਬਸਤਾ ਨੀਂ ਖੋਲਿਆ,
ਵਰਦੀ ਨੀਂ ਬਦਲੀ,
ਵਿਹਲਾ ਘੁੰਮਦੈਂ,
ਆਏ ਹਫਤੇ ਪੈਸੇ ਲੈਣ ਆ ਜਾਣੈਂ,
ਐਂ ਨੀਂ,ਬਾ ਨੀਂ

ਫਿਰ ਘਰ ਵਾਲੀ,
ਖੂੰਜੇ ਵਿੱਚ ਕੱਪੜਿਆਂ ਦਾ ਢੇਰ,
ਉਹ ਚੀਜ਼ ਓਥੇ ਨੀਂ,
ਚਿੱਠੀ ਨੀ ਪੋਸਟ ਕੀਤੀ,
ਬਿਲ ਨੀਂ ਭਰਿਆ,
ਹੋਰ ਪਤਾ ਨੀਂ ਕੀ ਕੀ?

ਫਿਰ ਬੱਚੇ,
ਬੁੜਿਆ ਊਂਈ ਬੋਲੀ ਜਾਨੈਂ,
ਟਿਕ ਕੇ ਨੀਂ ਬੈਠਦਾ,
ਗੋਡੇ ਭਨਾ ਲੇਂ ਗਾ,
ਹੁਣੇ ਤਾਂ ਚਾਹ ਪੀ ਕੇ ਹਟਿਐਂ,
ਤੇ ……………!!!

ਤੇ ਉਪਰ ਗਏ ਨੂੰ ਰੱਬ,
ਦਾਨ ਨੀਂ ਕੀਤਾ,
ਫਲਾਣੀ ਥਾਂ ਸਿਰ ਨੀਂ ਢਕਿਆ,
ਸਾਧ ਨੂੰ ਗਾਲਾਂ ਕੱਢੀਆਂ,
ਮੇਰਾ ਨਾਮ ਨੀਂ ਲਿਆ,
ਆਹ ਕੀ ਲਿਖੀ ਜਾਨੈਂ,

ਤੇ ਮੈਂ ਉਪਰ ਲਿਖਿਆ ਸਾਰਾ ਕੁੱਝ
ਰੱਬ ਨੂੰ ਫੜਾ ਦਿੱਤਾ,
ਰੱਬ ਨੇ ਮੈਨੂੰ
ਇਹ ਨਾਂ ਪਤਾ ਲੱਗਣ ਦਿੱਤਾ ਕਿ ਰੋਂਦੈ ਕਿ ਹੱਸਦੈ,
ਤੇ ਯਾਰ ਹੋਰੀਂ ਇੱਕ ਵਾਰ ਫਿਰ ਬੰਦੇ ਦੀ ਜੂਨ ‘ਚ‘,
ਫਿਰ ਉਹੀ ਚੁਲਬੁਲੇ, ਕਠੋਰ ਪੜਾਅ,
ਬਸ ਚਿਹਰੇ ਬਦਲ ਜਾਂਦੇ
ਰਿਸ਼ਤਿਆਂ ਦੇ, ਸ਼ਿਕਵਿਆਂ ਦੇ;
 
Top