ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ

ਗਜ਼ਲ

ਸੁਗੰਧੀ ਤੇ ਕਦੇ ਪਹਿਰੇ ਬਿਠਾਏ ਹੀ ਨਹੀਂ ਜਾਂਦੇ i
ਦਿਲਾਂ ਦੇ ਹਾਲ ਨਜ਼ਰਾਂ ਤੋਂ ਛੁਪਾਏ ਹੀ ਨਹੀਂ ਜਾਂਦੇ i

ਕਿਸੇ ਹਸਤੀ ਲਈ ਟਿਪਣੀ ਕਦੇ ਬੇਅਰਥ ਨਾ ਕਰਨਾ,
ਕਦੇ ਵੀ ਦੀਪ ਸੂਰਜ ਨੂੰ ਵਿਖਾਏ ਹੀ ਨਹੀਂ ਜਾਂਦੇ i

ਜੋ ਨਖਲਿਸਤਾਨ ਮਿਲ ਜਾਵੇ ਸਮੁੰਦਰ ਤਰਦਿਆਂ ਅੱਗ ਦਾ,
ਕਿਨਾਰੇ ਲਗਦਿਆਂ ਫਿਰ ਉਹ ਭੁਲਾਏ ਹੀ ਨਹੀਂ ਜਾਂਦੇ i

ਸਦਾ ਹੀ ਆਪਸੀ ਰਿਸ਼ਤੇ ਖੜੇ ਵਿਸ਼ਵਾਸ਼ ਤੇ ਰਹਿੰਦੇ,
ਭਰੋਸੇ ਬਿਨ ਕਦੇ ਵੀ ਇਹ ਨਿਭਾਏ ਹੀ ਨਹੀਂ ਜਾਂਦੇ i

ਜਗ੍ਹਾ ਫੁੱਲਾਂ ਦੀ ਖੋਹ ਕੇ ਹੁਣ ਉਗਾਓ ਨਾ ਤੁਸੀਂ ਕਿੱਕਰਾਂ,
ਕਦੇ ਕਿੱਕਰਾਂ ਦੇ ਫੁੱਲ ਮੰਦਰੀਂ ਚੜਾਏ ਹੀ ਨਹੀਂ ਜਾਂਦੇ i

ਘੜਾ ਚਾਵਾਂ ਤੇ ਸੱਧਰਾਂ ਦਾ ਜਦੋਂ ਵੀ ਤਿੜਕ ਜਾਵੇ ਤਾਂ,
ਇਹ ਪਾਣੀ ਸੁਪਨਿਆਂ ਦੇ ਫਿਰ ਟਿਕਾਏ ਹੀ ਨਹੀਂ ਜਾਂਦੇ i

ਕਦੇ ਹੀਰਾ ਨਾ ਕੱਟ ਸਕਿਆ ਇਹ ਕਾਲਾ ਕਚ ਭਰਮਾਂ ਦਾ,
ਜੋ ਪੈਰੀਂ ਵਹਿਮ ਦੇ ਸੰਗਲ ਛੁਡਾਏ ਹੀ ਨਹੀਂ ਜਾਂਦੇ i

ਘੜੇ ਮੈਂ ਦੁੱਧ ਦੇ ਵੇਖੇ ਹੈ ਡੁਲਦੇ ਪੱਥਰਾਂ ਤੇ ਜੋ,
ਇਹ ਦੋ ਘੁੱਟ ਬਾਲ ਭੁੱਖੇ ਨੂੰ ਪਿਲਾਏ ਹੀ ਨਹੀਂ ਜਾਂਦੇ i
ਆਰ.ਬੀ.ਸੋਹਲ
 
Top