ਜਿਸ ਦਿਨ ਸੱਚ ਨਿੱਤਰੇਗਾ ਰੋਹ ਵਿੱਚ ਬਦਲੇਗੀ ਮੁਸਕ&#262

ਹੱਸਦਾ ਰਹਿ ਮੇਰੇ ਬੇਲੀਆ ਜਿੰਦਗੀ ਤੋਂ ਰਹਿਕੇ ਅਣਜਾਣ।
ਜਿਸ ਦਿਨ ਸੱਚ ਨਿੱਤਰੇਗਾ ਰੋਹ ਵਿੱਚ ਬਦਲੇਗੀ ਮੁਸਕਾਣ।

ਨਿੱਸਰੀਆਂ ਕਣਕਾਂ ਵੱਲ ਤੱਕਕੇ ਸੋਨੇ ਨਾਲ ਮੜਾਉਂਦਾ ਹਲ
ਉੱਸਰਦੇ ਬੰਗਲਿਆਂ ਨੂੰ ਘੋਖਕੇ ਦੂਣਾ ਕਰਦਾ ਆਪਣਾ ਦਿਲ
ਗੀਝੇ ਖੜਕਦੇ ਸਿੱਕੇ ਸੁਣਕੇ ਮਨ ਬਣਾ ਆਪਣਾ ਚੰਚਲ
ਯਾਦ ਤੈਨੂੰ ਨਹੀਂ ਆਉਂਦੀ ਅੱਗੇ ਖੜੀ ਤੇਰੇ ਮੁਸ਼ਕਲ।

ਖੋਲ੍ਹਿਆਂ ਵਿੱਚੋਂ ਧੂੰਆਂ ਉੱਠਦਾ ਤੂੰ ਇਸਤੋਂ ਲਾਪਰਵਾਹ ਬੈਠਾ
ਭੁੱਖ ਨਾਲ ਬੱਚਾ ਰੋਂਦਾ ਯਾਰਾ ਸੁਣਨਾ ਭੁਲਾ ਬੈਠਾ
ਨੰਗੇ ਤਨ ਮੰਗਤਾ ਰੁਲਦਾ ਐਨੇ ਨੈਣ ਚੁਰਾ ਬੈਠਾ
ਆਪਣੀਆਂ ਜਮੀਨਾਂ ਵਿਕਦੀਆਂ ਦੇਖਕੇ ਖੜ੍ਹਾ ਰਹੇਂਗਾ ਕਿ ਬੈਠਾ।

ਨਾਹਰੇ ਲਾਉਂਦਾ ਜਾ ਖੋਖਲੇ ਤੇਰੇ ਮਾਲਕ ਖ਼ੁਸ਼ ਹੋਣਗੇ
ਚੋਣਾਂ ਕਰਵਾਉਂਦਾ ਜਾਂ ਢਕੋਸਲੇ ਦੌਲਤਾਂ ਦੀਆਂ ਵੰਡੀਆਂ ਨਾ ਕਰਨਗੇ
ਨੇਤਾ ਚੁਣਦਾ ਜਾਂ ਪੋਪਲੇ ਗੱਦੀਆਂ ਉੱਤੇ ਉਹੀ ਰਹਿਣਗੇ
ਅਫਸਰਸ਼ਾਹੀ ਤੇਰਾ ਖੂਨ ਚੂਸਦੀ ਰਿਸ਼ਵਤਾਂ ਤੋਂ ਮਹੱਲ ਉੱਸਰਨਗੇ।

ਗੁਆਂਢੀ ਦੇ ਘਰ ਅੱਗ ਲੱਗੀ ਕਿਓਂ ਖੁਸ਼ੀ ਬਿਖੇਰਦਾ
ਨਿਰਦੋਸ਼ ਰੱਖਦਾ ਪੈਰੀਂ ਪੱਗ ਦੇਖਕੇ ਕਿਓਂ ਹਾਸੇ ਖਿਲੇਰਦਾ
ਕੁਆਰੀਆਂ ਦੀ ਰੁਲਦੀ ਅਸਮਤ ਬੁੱਲ੍ਹੀਂ ਕਿਓਂ ਜੀਭਾਂ ਫੇਰਦਾ
ਸਮਾਂ ਆਉਂਦਾ ਤਲਵਾਰ ਲੈਕੇ ਤੇਰੇ ਘਰ ਵਾਲੇ ਘੇਰਦਾ।

ਅੰਨ੍ਹੇ ਜੁਲਮ ਦੀ ਚੱਕੀ ਕਰ ਰਹੀ ਤੇਰਾ ਘਾਣ
ਬਚਿਆ ਜੇ ਕੁਝ ਬਾਕੀ ਗਿਣ ਲਵੀਂ ਆਪਣਾ ਨੁਕਸਾਨ
ਤੇਰੇ ਲਈ ਚਿਤਾ ਸਜੀ ਉਡੀਕਦਾ ਹੁਣ ਤੈਨੂੰ ਮਸਾਣ
ਮੈਂ ਦੇਖ ਰਿਹਾ ਹਾਂ ਤੇਰੀ ਰੋਹ ਵਿੱਚ ਬਦਲਦੀ ਮੁਸਕਾਣ।

ਇਸ ਰੋਹ ਨੂੰ ਦੇਦੇ ਲਾਲ ਰੰਗ ਸਮਾਜਵਾਦ ਦਾ
ਹਾਕਮਾਂ ਨੂੰ ਬੜ੍ਹਕਾਂ ਮਾਰਦੇ ਤਖਤਾ ਹਿਲਾ ਪੂੰਜੀਵਾਦ ਦਾ
ਯਾਰਾਂ ਤੱਕ ਸੁਨੇਹਾ ਪਹੁੰਚਾਦੇ ਰੋਕ ਲੈਣ ਭਾਵ ਪਿਆਰ ਦਾ
ਮੁਸਕਾਣ ਛੱਡਕੇ ਅਪਣਾਉਣ ਗੰਭੀਰਤਾ ਭਰਿਆ ਰੋਹ ਇਨਕਲਾਬ ਦਾ।

ਜਦ ਸਰਮਾਏਦਾਰੀ ਦੇ ਵਪਾਰੀ ਗਾਂਧੀ ਟੋਪੀਆਂ ਉਤਾਰ ਦੇਣਗੇ
ਜਦ ਇਨਕਲਾਬ ਦੇ ਪੁਜਾਰੀ ਮਜਦੂਰਾਂ ਦੇ ਸਰਦਾਰ ਬਣਨਗੇ
ਜਦ ਹਟੇਗੀ ਗਰੀਬੀ ਦੀ ਬਿਮਾਰੀ ਜਦ ਬੱਚੇ ਰੱਜਕੇ ਹੱਸਣਗੇ
ਤਦ ਤੂੰ ਅਤੇ ਤੇਰੇ ਯਾਰ ਰੋਹ ਬਜਾਇ ਮੁਸਕਰਾ ਸਕਣਗੇ।


writen by:- kaka gill
 
Top