ਰੱਬ ਵਿਚ ਵਿਸ਼ਵਾਸ

Mandeep Kaur Guraya

MAIN JATTI PUNJAB DI ..
ਇਕ ਵਾਰ ਇਕ ਨੌਜਵਾਨ ਮਹਾਂਰਿਸ਼ੀ ਰਮਨ ਕੋਲ ਆ ਕੇ ਕਹਿਣ ਲੱਗਾ, ‘‘ਮਹਾਰਾਜ! ਮੈਨੂੰ ਲੱਗਦਾ ਕਿ ਕੁਝ ਅੰਧਵਿਸ਼ਵਾਸੀ ਅਤੇ ਮੂਰਖ ਲੋਕਾਂ ਨੇ ਵੀ ਰੱਬ ਦੀ ਕਲਪਨਾ ਕੀਤੀ ਹੈ। ਮੈਂ ਤਾਂ ਸਿਰਫ਼ ਉਨ੍ਹਾਂ ਗੱਲਾਂ ਉਤੇ ਹੀ ਪੂਰਨ ਵਿਸ਼ਵਾਸ ਕਰਦਾ ਹਾਂ ਜਿਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦਾ ਹਾਂ ਅਤੇ ਕਿਉਂਕਿ ਮੈਂ ਰੱਬ ਨੂੰ ਕਦੇ ਤੱਕਿਆ ਨਹੀਂ ਹੈ, ਇਸ ਕਰਕੇ ਮੈਨੂੰ ਇਸ ਦੀ ਹੋਂਦ ਉਪਰ ਬਿਲਕੁਲ ਵੀ ਭਰੋਸਾ ਨਹੀਂ ਹੈ।
ਇਹ ਸੁਣ ਕੇ ਮਹਾਂਰਿਸ਼ੀ ਮੁਸਕਰਾਏ ਅਤੇ ਬੋਲੇ ‘‘ਬੇਟਾ! ਕੀ ਤੇਰੇ ਪਾਸ ਦਿਮਾਗ ਹੈ? ਜੇ ਹੈ ਤਾਂ ਕੀ ਤੂੰ ਇਸ ਨੂੰ ਕਦੇ ਦੇਖਿਆ ਹੈ? ਉਸ ਨੌਜਵਾਨ ਨੇ ਕਿਹਾ ‘‘ਮੇਰੇ ਸਿਰ ਵਿਚ ਦਿਮਾਗ ਤਾਂ ਹੈ ਪਰ ਮੈਂ ਹੁਣ ਤਕ ਇਸ ਨੂੰ ਕਦੇ ਵੇਖ ਨਹੀਂ ਪਾਇਆ। ਆਪ ਨੇ ਕਿਹਾ ‘‘ਜੇ ਤੂੰ ਆਪਣਾ ਦਿਮਾਗ ਨਹੀਂ ਦੇਖ ਸਕਦਾ ਤਾਂ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਤੇਰੇ ਕੋਲ ਦਿਮਾਗ ਹੈ ਹੀ ਨਹੀਂ।’‘ ਇਹ ਗੱਲ ਸੁਣ ਕੇ ਉਹ ਨੌਜਵਾਨ ਕੁਝ ਕੱਚਾ ਜਿਹਾ ਹੋ ਗਿਆ।
ਹੁਣ ਆਪ ਉਸ ਨੂੰ ਸਮਝਾਉਣ ਲੱਗੇ ‘‘ਜਿਸ ਤਰ੍ਹਾਂ ਸਾਡੇ ਆਲੇ-ਦੁਆਲੇ ਹਵਾ ਹੈ ਪਰ ਦਿੱਸਦੀ ਨਹੀਂ, ਜਿਸ ਪ੍ਰਕਾਰ ਫੁੱਲਾਂ ਵਿਚ ਖੁਸ਼ਬੋ ਅਤੇ ਕੂੜੇ-ਕਰਕਟ ਵਿਚ ਬਦਬੋ ਹੈ ਪਰ ਦਿਖਾਈ ਨਹੀਂ ਦਿੰਦੀ, ਜਿਸ ਤਰ੍ਹਾਂ ਪਾਣੀ ਵਿਚ ਘੁਲੀ ਮਿਸ਼ਰੀ ਅਤੇ ਲੂਣ ਨੂੰ ਵੇਖਿਆ ਨਹੀਂ ਜਾ ਸਕਦਾ, ਜਿਸ ਪ੍ਰਕਾਰ ਦੁੱਖ-ਸੁਖ ਆਦਿ ਭਾਵਨਾਵਾਂ ਨੂੰ ਦੇਖਣ ਵਿਚ ਸਾਡੀਆਂ ਅੱਖਾਂ ਅਸਮਰਥ ਹੁੰਦੀਆਂ ਹਨ ਅਤੇ ਇਹ ਸਭ ਚੀਜ਼ਾਂ ਕੇਵਲ ਮਹਿਸੂਸ ਅਤੇ ਅਨੁਭਵ ਕੀਤੀਆਂ ਜਾ ਸਕਦੀਆਂ ਹਨ, ਉਸੇ ਪ੍ਰਕਾਰ ਹੀ ਅਸੀਂ ਇਸ ਅਦੁੱਤੀ ਅਤੇ ਸਰਬ ਵਿਆਪਕ ਸ਼ਕਤੀ ਪ੍ਰਮਾਤਮਾ ਦਾ ਵੀ ਅਨੁਭਵ ਕਰ ਸਕਦੇ ਹਾਂ।’’
ਆਪ ਦੀ ਇਹ ਭਾਵਪੂਰਤ ਗੱਲ ਸੁਣ ਕੇ ਉਸ ਨੌਜਵਾਨ ਦੀ ਕੁਝ ਤਸੱਲੀ ਤਾਂ ਹੋਈ ਪਰ ਉਸ ਨੇ ਫੇਰ ਆਪ ਅੱਗੇ ਪ੍ਰਸ਼ਨ ਕੀਤਾ ‘‘ਮਹਾਰਾਜ! ਤੁਹਾਡੀ ਇਹ ਗੱਲ ਤਾਂ ਮੈਨੂੰ ਸਮਝ ਆ ਗਈ ਕਿ ਪ੍ਰਮਾਤਮਾ ਹਾਜ਼ਰ-ਨਾਜ਼ਰ ਹੈ ਪਰ ਫੇਰ ਵੀ ਕਈ ਲੋਕ ਅਧਾਰਮਿਕ ਅਤੇ ਨਾਸਤਕ ਬਣ ਕੇ ਇਸ ਵਿਚ ਵਿਸ਼ਵਾਸ ਕਿਉਂ ਨਹੀਂ ਕਰਦੇ?’’ ਆਪ ਨੇ ਝਟਪਟ ਉੱਤਰ ਦਿੰਦਿਆਂ ਕਿਹਾ ‘‘ਇਹ ਤਾਂ ਬਹੁਤ ਹੀ ਸਰਲ ਅਤੇ ਸਪਸ਼ਟ ਜਿਹੀ ਗੱਲ ਹੈ ਕਿ ਧਰਮ ਸਾਨੂੰ ਸੱਚਾਈ, ਇਮਾਨਦਾਰੀ, ਸੇਵਾ ਭਾਵਨਾ, ਸ਼ੁੱਭ ਆਚਰਣ ਅਤੇ ਸਰਬੱਤ ਦਾ ਭਲਾ ਮੰਗਣ ਦਾ ਉਪਦੇਸ਼ ਦਿੰਦਾ ਹੈ ਪ੍ਰੰਤੂ ਜਿਹੜੇ ਲੋਕ ਝੂਠੇ, ਬੇਈਮਾਨ, ਲਾਲਚੀ ਅਤੇ ਧੋਖੇਬਾਜ਼ ਆਦਿ ਔਗੁਣਾਂ ਨਾਲ ਭਰੇ ਹੁੰਦੇ ਹਨ ਉਹ ਇਨ੍ਹਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਉਤਾਰਨ ਤੋਂ ਕਤਰਾਉਂਦੇ ਹਨ ਅਤੇ ਇਹ ਕਹਿ ਕੇ ਆਪਣਾ ਬਚਾਓ ਕਰ ਲੈਂਦੇ ਅਤੇ ਸੰਤੁਸ਼ਟ ਹੋ ਜਾਂਦੇ ਹਨ ਕਿ ਰੱਬ ਨਾਂ ਦੀ ਕੋਈ ਚੀਜ਼ ਮੌਜੂਦ ਹੀ ਨਹੀਂ ਹੈ। ਐਸੇ ਲੋਕ ਮੂਰਖ ਹੋ ਕੇ ਵੀ ਆਪਣੇ ਆਪ ਨੂੰ ਬੜੇ ਵੱਡੇ ਗਿਆਨੀ ਅਤੇ ਮਹਾਨ ਵਿਦਵਾਨ ਸਮਝਦੇ ਹਨ ਅਤੇ ਹੋਰਨਾਂ ਬੇਸਮਝ ਅਤੇ ਭੋਲੇ-ਭਾਲੇ ਲੋਕਾਂ ਨੂੰ ਗਲਤ ਰਸਤੇ ਪਾਉਂਦੇ ਹਨ।’’
ਆਪ ਦੇ ਵਚਨ ਸੁਣ ਕੇ ਉਹ ਨੌਜਵਾਨ ਬਹੁਤ ਸੰਤੁਸ਼ਟ ਹੋ ਗਿਆ ਅਤੇ ਆਪ ਦਾ ਅਸ਼ੀਰਵਾਦ ਪ੍ਰਾਪਤ ਕਰ ਉਥੋਂ ਵਿਦਾ ਹੋਇਆ।

-ਹਰਗੁਣਪ੍ਰੀਤ ਸਿੰਘ
 
Top