ਦੋਸਤੀ ਦਾ ਰੰਗ

Mandeep Kaur Guraya

MAIN JATTI PUNJAB DI ..
ਬੱਲੂ ਨੇ ਡੇਵਿਡ ਨੂੰ ਆਪਣੀ ਯੋਜਨਾ ਦੱਸੀ ਤਾਂ ਡੇਵਿਡ ਇਕਦਮ ਸੋਚਾਂ 'ਚ ਡੁੱਬ ਗਿਆ। ਸੋਚਣ ਲੱਗਾ ''ਤਿਉਹਾਰ ਤਾਂ ਖੁਸ਼ੀ ਦਾ ਮੌਕਾ ਹੁੰਦਾ ਹੈ। ਇਸ ਮੌਕੇ 'ਤੇ ਰੰਗ 'ਚ ਭੰਗ ਪਾਉਣਾ ਠੀਕ ਨਹੀਂ ਕਿਉਂਕਿ ਅਜਿਹਾ ਕਰਨ ਨਾਲ ਨਾ ਸਿਰਫ ਸਾਡੇ ਮਨਾਂ 'ਚ ਫਿੱਕ ਪੈਂਦੀ ਹੈ ਸਗੋਂ ਘਰ-ਪਰਿਵਾਰ 'ਚ ਵੀ ਕੁੜੱਤਣ ਪੈਦਾ ਹੋ ਜਾਂਦੀ ਹੈ।''
ਹੋਲੀ ਦੇ ਤਿਉਹਾਰ 'ਚ ਕੁਝ ਦਿਨ ਬਾਕੀ ਸਨ। ਬੱਲੂ ਸੋਚ ਰਿਹਾ ਸੀ, ਐਤਕੀਂ ਨਿਤਿਨ ਨੂੰ ਅਜਿਹਾ ਸੁਆਦ ਚਖਾਵਾਂਗਾ ਕਿ ਉਹਨੂੰ ਨਾਨੀ ਯਾਦ ਆ ਜਾਏਗੀ।
ਬੱਲੂ ਨਿਤਿਨ ਨਾਲ ਇਸ ਗੱਲੋਂ ਗੁੱਸੇ ਸੀ ਕਿ ਪਿਛਲੇ ਸਾਲ ਉਸ ਨੇ ਉਹਦੇ ਮੂੰਹ 'ਤੇ ਕਾਲਾ ਤੇਲ ਮੱਲ ਦਿਤਾ ਸੀ ਜੋ ਕਿ ਕਈ ਦਿਨਾਂ ਪਿੱਛੋਂ ਵੀ ਬੜੀ ਮੁਸ਼ਕਲ ਨਾਲ ਉਤਰਿਆ ਸੀ। ਕੁਝ ਇਕ ਮੁੰਡੇ ਬੱਲੂ ਨੂੰ ਕਾਲੂ-ਕਾਲੂ ਕਹਿ ਕੇ ਚਿੜ੍ਹਾਉਂਦੇ ਵੀ ਰਹੇ ਸਨ।
ਆਖਰ ਬੱਲੂ ਨੇ ਸਕੀਮ ਬਣਾ ਹੀ ਲਈ। ਉਹਨੇ ਬਾਹਰੋਂ ਲਾਲ ਰੰਗ ਦੇ ਪੈਕੇਟ ਖਰੀਦ ਲਏ। ਰਾਹ 'ਚ ਆਉਂਦਾ ਹੋਇਆ ਉਹ ਸੋਚ ਰਿਹਾ ਸੀ 'ਹੁਣ ਦੇਖੀਂ ਨਿਤਿਨ, ਜਿਵੇਂ ਤੂੰ ਪਿਛਲੇ ਸਾਲ ਮੈਨੂੰ ਜ਼ਲੀਲ ਕੀਤਾ ਸੀ, ਐਤਕੀਂ ਤੇਰਾ ਡਿਸਕੋ ਡਾਂਸ ਸਾਰੇ ਦੇਖਣਗੇ।'
ਬੱਲੂ ਨੇ ਆਪਣੀ ਯੋਜਨਾ ਮੁਤਾਬਕ ਪਾਣੀ 'ਚ ਲਾਲ ਰੰਗ ਘੋਲ ਕੇ ਉਸ 'ਚ ਥੋੜ੍ਹੀ ਜਿਹੀ ਪੀਸੀ ਹੋਈ ਲਾਲ ਮਿਰਚ ਘੋਲਣੀ ਸੀ। ਫਿਰ ਉਸ ਨੇ ਮਿਰਚ ਵਾਲਾ ਪਾਣੀ ਨਿਤਿਨ ਦੇ ਮੂੰਹ 'ਤੇ ਸੁੱਟਣਾ ਸੀ।
ਬੱਲੂ ਦੇ ਗੁਆਂਢ 'ਚ ਹੀ ਰਹਿੰਦਾ ਸੀ ਡੇਵਿਡ। ਡੇਵਿਡ ਇਕ ਚੰਗਾ ਮੁੰਡਾ ਸੀ। ਜਦੋਂ ਕਦੇ ਵੀ ਦੋ ਦੋਸਤਾਂ 'ਚ ਝਗੜਾ ਹੋਣ ਲੱਗਦਾ ਤਾਂ ਉਹ ਵਿਚ ਦਖਲ ਦੇ ਕੇ ਝਗੜਾ ਬੰਦ ਕਰਵਾ ਦਿੰਦਾ ਸੀ।
ਬੱਲੂ ਨੇ ਡੇਵਿਡ ਨੂੰ ਆਪਣੀ ਯੋਜਨਾ ਦੱਸੀ ਤਾਂ ਡੇਵਿਡ ਇਕਦਮ ਸੋਚਾਂ 'ਚ ਡੁੱਬ ਗਿਆ। ਸੋਚਣ ਲੱਗਾ ''ਤਿਉਹਾਰ ਤਾਂ ਖੁਸ਼ੀ ਦਾ ਮੌਕਾ ਹੁੰਦਾ ਹੈ। ਇਸ ਮੌਕੇ 'ਤੇ ਰੰਗ 'ਚ ਭੰਗ ਪਾਉਣਾ ਠੀਕ ਨਹੀਂ ਕਿਉਂਕਿ ਅਜਿਹਾ ਕਰਨ ਨਾਲ ਨਾ ਸਿਰਫ ਸਾਡੇ ਮਨਾਂ 'ਚ ਫਿੱਕ ਪੈਂਦੀ ਹੈ ਸਗੋਂ ਘਰ-ਪਰਿਵਾਰ 'ਚ ਵੀ ਕੁੜੱਤਣ ਪੈਦਾ ਹੋ ਜਾਂਦੀ ਹੈ।''
ਅਖੀਰ ਹੋਲੀ ਦੇ ਤਿਉਹਾਰ 'ਚ ਇਕ ਦਿਨ ਹੀ ਬਾਕੀ ਰਹਿ ਗਿਆ ਸੀ। ਸ਼ਾਮ ਨੂੰ ਡੇਵਿਡ ਨਿਤਿਨ ਦੇ ਘਰ ਵੱਲ ਰਵਾਨਾ ਹੋ ਗਿਆ। ਦੋਸਤਾਂ ਨੇ ਪੂਰੇ ਉਤਸ਼ਾਹ ਨਾਲ ਹੋਲੀ ਖੇਡਣ ਦੀ ਯੋਜਨਾ ਬਣਾਈ ਹੋਈ ਸੀ। ਉਹ ਕਹਿ ਰਿਹਾ ਸੀ ਕਿ ਇਸ ਵਾਰੀ ਫੇਰ ਮੇਰੀ ਹੋਲੀ ਸ਼ਰਾਰਤਾਂ ਭਰੀ ਹੋਵੇਗੀ। ਸਾਰੇ ਮੈਥੋਂ ਡਰ ਕੇ ਨਾ ਭੱਜੇ, ਫੇਰ ਕਹੀਂ।
ਉਦੋਂ ਚਾਣਚੱਕ ਨਿਤਿਨ ਦੇ ਘਰ ਦੀ ਬੈੱਲ ਵੱਜੀ। ਨਿਤਿਨ ਦੀ ਮੰਮੀ ਨੇ ਦਰਵਾਜ਼ਾ ਖੋਲ੍ਹਿਆ। ਦੇਖਿਆ ਸਾਹਮਣੇ ਡੇਵਿਡ ਖੜ੍ਹਾ ਸੀ। ਹੋਲੀ ਮੁਬਾਰਕ ਹੋਵੇ ਆਂਟੀ ਜੀ। ਡੇਵਿਡ ਨੇ ਨਿਤਿਨ ਦੀ ਮੰਮੀ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ।
ਨਿਤਿਨ ਦੀ ਮੰਮੀ ਨੇ ਉਸ ਦਾ ਸਿਰ ਪਲੋਸਦਿਆਂ ਕਿਹਾ, ''ਤੈਨੂੰ ਵੀ ਹੋਲੀ ਮੁਬਾਰਕ ਹੋਵੇ। ਤੂੰ ਤਾਂ ਈਦ ਦਾ ਚੰਦ ਈ ਬਣ ਗਿਐਂ। ਕਿੱਥੇ ਲੁਕਿਆ ਰਹਿਨੈਂ?''
ਉਹਨੇ ਜਵਾਬ ਦਿਤਾ, ''ਬਸ ਆਂਟੀ ਜੀ, ਰਹਿੰਦਾ ਤਾਂ ਘਰੇ ਹੀ ਹਾਂ ਪਰ ਪੇਪਰਾਂ ਦੇ ਦਿਨ ਨੇੜੇ ਆਉਣ ਕਾਰਨ ਬਾਹਰ ਘੁੰਮਣ-ਫਿਰਨ ਦਾ ਸਮਾਂ ਘੱਟ ਹੀ ਮਿਲਦੈ।''
ਇੰਨੇ ਨੂੰ ਨਿਤਿਨ ਡੇਵਿਡ ਦੀ ਆਵਾਜ਼ ਸੁਣ ਕੇ ਚੁਬਾਰੇ ਦੀਆਂ ਪੌੜੀਆਂ ਉਤਰਦਾ ਹੇਠਾਂ ਆ ਗਿਆ। ਦੋਵੇਂ ਮਿੱਤਰ ਇਕ-ਦੂਸਰੇ ਨੂੰ ਮਿਲੇ ਤੇ ਗੱਲਾਂ ਕਰਦੇ ਗਲੀ 'ਚ ਨਿਕਲ ਗਏ।
''ਹਾਂ ਫਿਰ, ਤਿਆਰੀਆਂ ਨੇ ਹੋਲੀ ਦੀਆਂ?'' ਡੇਵਿਡ ਨੇ ਪੁੱਛਿਆ।
''ਹਾਂ-ਹਾਂ ਭਲਕੇ ਜ਼ਰਾ ਸਾਵਧਾਨ ਰਹਿਣਾ। ਮੇਰੀ ਹੋਲੀ ਤਾਂ ਲੋਕ ਕਈ-ਕਈ ਦਿਨਾਂ ਤਕ ਯਾਦ ਰੱਖਦੇ ਨੇ।
ਡੇਵਿਡ ਨਿਤਿਨ ਦੀ ਗੱਲ 'ਚ ਲੁਕੇ ਵਿਅੰਗ ਨੂੰ ਸਮਝਦਿਆਂ ਬੋਲਿਆ, ''ਹਾਂ ਬਈ, ਜਿਨ੍ਹਾਂ ਦੋਸਤਾਂ ਨਾਲ ਤੂੰ ਪਿਛਲੇ ਸਾਲ ਹੋਲੀ ਖੇਡੀ ਸੀ, ਉਹ ਤਾਂ ਤੈਨੂੰ ਹੁਣ ਤਕ ਯਾਦ ਕਰਦੇ ਨੇ।''
''ਅੱਛਾ ਸਮਝ ਗਿਆ।'' ਨਿਤਿਨ ਨੇ ਹੱਥ 'ਤੇ ਹੱਥ ਮਾਰਦਿਆਂ ਕਿਹਾ, ''ਤੂੰ ਬੱਲੂ ਦੀ ਗੱਲ ਕਰ ਰਿਹੈਂ ਨਾ?''
''ਹਾਂ ਉਸੇ ਦੀ।'' ਡੇਵਿਡ ਬੋਲਿਆ, ''ਦੇਖ ਨਿਤਿਨ, ਤੂੰ ਵੀ ਮੇਰਾ ਦੋਸਤ ਹੈਂ ਤੇ ਬੱਲੂ ਵੀ ਪਰ ਮੈਂ ਤੈਨੂੰ ਸਮਝਾਉਂਦਾ ਹਾਂ ਕਿ ਆਪਾਂ ਤਿਉਹਾਰ ਨੂੰ ਅਜਿਹਾ ਰੰਗ ਨਾ ਦੇਈਏ ਕਿ ਆਪਣੇ ਮਨਾਂ 'ਚ ਇਕ-ਦੂਜੇ ਲਈ ਗੁੱਸੇ ਦੀ ਭਾਵਨਾ ਪੈਦਾ ਹੋਵੇ।''
''ਤੂੰ ਕਹਿਣਾ ਕੀ ਚਾਹੁੰਨੈਂ? ਸਾਫ-ਸਾਫ ਦੱਸ?'' ਨਿਤਿਨ ਨੇ ਪੁੱਛਿਆ।
ਡੇਵਿਡ ਉਸ ਦੇ ਮੋਢੇ 'ਤੇ ਹੱਥ ਰੱਖਦਿਆਂ ਬੋਲਿਆ, ''ਪਹਿਲਾਂ ਇਹ ਦੱਸ ਕਿ ਤੂੰ ਹੋਲੀ ਦਾ ਤਿਉਹਾਰ ਖੁਸ਼ੀ-ਖੁਸ਼ੀ ਮਨਾਉਣਾ ਚਾਹੁੰਦਾ ਹੈਂ ਜਾਂ ਕਿਸੇ ਨੂੰ ਬੇਇੱਜ਼ਤ ਕਰ ਕੇ?''
''ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ?'' ਤਿਉਹਾਰ ਤਾਂ ਹੁੰਦਾ ਹੀ ਖੁਸ਼ੀਆਂ ਦਾ ਦੂਜਾ ਨਾਂ ਹੈ।''
''ਬਹੁਤ ਚੰਗੀ ਗੱਲ ਕਹੀ ਤੂੰ ਪਰ ਬੱਲੂ ਦੇ ਮਨ 'ਚ ਅਜੇ ਵੀ ਤੇਰੇ ਪ੍ਰਤੀ ਗੁੱਸਾ ਭਰਿਆ ਪਿਐ ਕਿਉਂਕਿ ਤੂੰ ਪਿਛਲੇ ਸਾਲ ਉਹਦੇ ਮੂੰਹ 'ਤੇ ਕਾਲਾ ਤੇਲ ਮਲ ਦਿਤਾ ਸੀ।''
''ਫੇਰ ਕੀ ਹੋ ਗਿਆ? ਹੋਲੀ ਦੇ ਤਿਉਹਾਰ 'ਤੇ ਤਾਂ ਲੋਕ ਇਕ-ਦੂਜੇ ਦੇ ਮੂੰਹ 'ਤੇ ਕਾਲਾ ਤੇਲ ਜਾਂ ਕਾਲਖ ਆਮ ਹੀ ਮਲ ਦਿੰਦੇ ਨੇ।''
ਡੇਵਿਡ ਨੇ ਤੁਰੰਤ ਕਿਹਾ, ''ਤੇ ਲੜਾਈ ਵੀ ਮੁੱਲ ਲੈਂਦੇ ਨੇ। ਪਤੈ ਬੱਲੂ ਪਿਛਲੇ ਸਾਲ ਤੋਂ ਤੇਰੇ ਘਰ ਤਾਂ ਹੀ ਨਹੀਂ ਆਇਆ।''
ਨਿਤਿਨ ਨੇ ਇਕ ਪਲ ਲਈ ਸੋਚਿਆ। ਸੱਚਮੁੱਚ ਬੱਲੂ ਨੇ ਉਹਦੇ ਘਰ ਆਉਣਾ ਬੰਦ ਹੀ ਤਾਂ ਕਰ ਦਿਤਾ ਸੀ। ਉਸ ਨੂੰ ਲੱਗਿਆ ਜਿਵੇਂ ਸੱਚੀਂ ਉਸ ਨੇ ਆਪਣਾ ਇਕ ਵਧੀਆ ਦੋਸਤ ਨਾਰਾਜ਼ ਕਰ ਲਿਆ ਹੋਵੇ।''
ਨਿਤਿਨ ਬੋਲਿਆ, ''ਡੇਵਿਡ ਤੂੰ ਤਾਂ ਮੇਰੀਆਂ ਅੱਖਾਂ ਖੋਲ੍ਹ ਦਿਤੀਆਂ ਨੇ। ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਹੋਰ ਦੋਸਤ ਨੂੰ ਵੀ ਨਾਰਾਜ਼ ਕਰ ਲਵਾਂ।''
''ਵਾਹ ਹੁਣ ਮੇਰੀ ਇਕ ਗੱਲ ਮੰਨੇਂਗਾ?'' ਡੇਵਿਡ ਨੇ ਫਿਰ ਪ੍ਰਸ਼ਨ ਕੀਤਾ।
ਨਿਤਿਨ ਨੇ ਉਤਸੁਕਤਾ ਨਾਲ ਪੁੱਛਿਆ, ''ਕਿਹੜੀ?''
''ਤੈਨੂੰ ਮੇਰੇ ਨਾਲ ਬੱਲੂ ਦੇ ਘਰ ਚੱਲਣਾ ਪਵੇਗਾ।'' ਡੇਵਿਡ ਨੇ ਆਖਿਆ।
''ਬੱਲੂ ਦੇ ਘਰ? ਉਹ ਤਾਂ ਮੇਰੇ ਨਾਲ ਨਾਰਾਜ਼ ਰਹਿੰਦੈ। ਕੀ ਮੇਰਾ ਉਹਦੇ ਘਰ ਜਾਣਾ ਉਸ ਨੂੰ ਚੰਗਾ ਲੱਗੇਗਾ?''
ਡੇਵਿਡ ਬੋਲਿਆ, ''ਤੂੰ ਇਸ ਗੱਲ ਦੀ ਚਿੰਤਾ ਨਾ ਕਰ। ਇਹ ਸਭ ਕੁਝ ਤੂੰ ਮੇਰੇ 'ਤੇ ਛੱਡ ਦੇ।'' ਨਿਤਿਨ ਸਹਿਮਤ ਹੋ ਗਿਆ।
ਦੋਵੇਂ ਆਪਸ 'ਚ ਗੱਲਾਂ ਕਰਦੇ-ਕਰਦੇ ਬੱਲੂ ਦੇ ਘਰ ਜਾ ਪੁੱਜੇ।
ਨਿਤਿਨ ਨੂੰ ਆਪਣੇ ਘਰ ਆਇਆ ਵੇਖ ਕੇ ਬੱਲੂ ਇਕਦਮ ਹੈਰਾਨ ਰਹਿ ਗਿਆ।
''ਬੱਲੂ ਹੋਲੀ ਮੁਬਾਰਕ।'' ਨਿਤਿਨ ਨੇ ਉਸ ਨਾਲ ਹੱਥ ਮਿਲਾਉਣ ਲਈ ਅੱਗੇ ਕੀਤਾ।
''ਤੈਨੂੰ ਵੀ ਹੋਲੀ ਮੁਬਾਰਕ'' ਬੱਲੂ ਬੋਲਿਆ।
ਨਿਤਿਨ ਤੇ ਡੇਵਿਡ ਕਮਰੇ 'ਚ ਬਹਿ ਗਏ। ਕੁਝ ਦੇਰ ਤਕ ਕਮਰੇ 'ਚ ਚੁੱਪ ਛਾਈ ਰਹੀ। ਫਿਰ ਨਿਤਿਨ ਬੋਲਿਆ, ''ਬੱਲੂ, ਮੈਂ ਪਿਛਲੇ ਸਾਲ ਹੋਲੀ ਦੇ ਮੌਕੇ ਜੋ ਤੇਰੇ ਨਾਲ ਗਲਤ ਵਤੀਰਾ ਕੀਤਾ ਸੀ, ਉਸ ਲਈ ਮੈਂ ਸ਼ਰਮਿੰਦਾ ਹਾਂ। ਕੀ ਤੂੰ ਮੈਨੂੰ ਮੁਆਫ ਨਹੀਂ ਕਰੇਂਗਾ?''
ਬੱਲੂ ਨੇ ਝੱਟਪਟ ਉੱਠ ਕੇ ਉਸ ਨੂੰ ਗਲੇ ਨਾਲ ਲਗਾ ਲਿਆ।
ਇੰਨੇ ਨੂੰ ਬੱਲੂ ਦੀ ਮੰਮੀ ਉਨ੍ਹਾਂ ਲਈ ਦੁੱਧ ਗਰਮ ਕਰ ਕੇ ਲੈ ਆਈ।
ਦੁੱਧ ਪੀਣ ਪਿੱਛੋਂ ਡੇਵਿਡ ਨਿਤਿਨ ਦਾ ਹੱਥ ਫੜ ਕੇ ਬੋਲਿਆ, ''ਨਿਤਿਨ ਤੂੰ ਕਹਿੰਦਾ ਸੀ ਕਿ ਮੈਂ ਬੱਲੂ ਦੇ ਘਰ ਜਾਣ ਨਾਲ ਛੋਟਾ ਹੋ ਜਾਵਾਂਗਾ। ਆਪਣੀ ਗਲਤੀ ਦਾ ਪਛਤਾਵਾ ਕਰ ਕੇ ਤੂੰ ਅੱਜ ਛੋਟਾ ਨਹੀਂ ਸਗੋਂ ਵੱਡਾ ਹੋ ਗਿਆ ਹੈਂ।''
ਨਿਤਿਨ ਬੋਲਿਆ, ''ਡੇਵਿਡ, ਸੱਚਮੁੱਚ ਮੈਨੂੰ ਮਹਿਸੂਸ ਹੋ ਰਿਹੈ ਕਿ ਮੈਂ ਅੱਜ ਕਿਸੇ ਮਾਨਸਿਕ ਬੋਝ ਤੋਂ ਮੁਕਤ ਹੋ ਗਿਆ ਹਾਂ। ਹੁਣ ਸਾਡੀ ਦੋਸਤੀ ਦਾ ਰੰਗ ਕਦੇ ਵੀ ਫਿੱਕਾ ਨਹੀਂ ਪਵੇਗਾ।''
ਡੇਵਿਡ ਨੇ ਦੋਹਾਂ ਮਿੱਤਰਾਂ ਨੂੰ ਗਲੇ ਨਾਲ ਲਗਾ ਲਿਆ।
ਅਗਲੀ ਸਵੇਰ ਬੱਲੂ ਡੇਵਿਡ ਨੂੰ ਨਾਲ ਲੈ ਕੇ ਹੱਥ 'ਚ ਸੁੱਕੇ ਰੰਗ ਦਾ ਇਕ ਲਿਫਾਫਾ ਫੜੀ ਨਿਤਿਨ ਦੇ ਘਰ ਆਇਆ। ਉਹਨੇ ਲਿਫਾਫੇ 'ਚੋਂ ਚੂੰਢੀ ਭਰ ਕੇ ਥੋੜ੍ਹਾ ਜਿਹਾ ਰੰਗ ਕੱਢਿਆ ਤੇ ਉਹਦੇ ਮੱਥੇ 'ਤੇ ਤਿਲਕ ਲਗਾ ਕੇ ਬੋਲਿਆ, ''ਹੋਲੀ ਮੁਬਾਰਕ ਹੋਵੇ।''
ਨਿਤਿਨ ਨੇ ਵੀ ਉਸੇ ਲਿਫਾਫੇ 'ਚੋਂ ਰੰਗ ਦੀ ਚੂੰਢੀ ਭਰੀ। ਬੱਲੂ ਦੇ ਮੱਥੇ 'ਤੇ ਰੰਗ ਲਗਾ ਕੇ ਬੋਲਿਆ, ''ਮੇਰੇ ਮਿੱਤਰ, ਤੈਨੂੰ ਵੀ ਹੋਲੀ ਦੀ ਬਹੁਤ ਵਧਾਈ ਹੋਵੇ।''
ਨਿੰਮਾ-ਨਿੰਮਾ ਮੁਸਕਰਾ ਰਹੇ ਡੇਵਿਡ ਨੇ ਵੀ ਦੋਹਾਂ ਦੋਸਤਾਂ ਦੇ ਚਿਹਰਿਆਂ 'ਤੇ ਗੁਲਾਲ ਲਗਾ ਦਿਤਾ।
ਅਗਲੇ ਹੀ ਪਲ ਤਿੰਨਾਂ ਮਿੱਤਰਾਂ ਦੀ ਸਾਂਝੀ ਆਵਾਜ਼ ਗੂੰਜ ਪਈ, ''ਹੋਲੀ ਏ ਬਈ, ਹੋਲੀ ਏ।''
 
Top