ਸਰਬ ਹਿੱਤਕਾਰੀ

Mandeep Kaur Guraya

MAIN JATTI PUNJAB DI ..
ਜ਼ਿੰਦਗੀ ਤੋਂ ਦੁਖੀ ਤੇ ਪ੍ਰੇਸ਼ਾਨ ਹੋਇਆ ਇਕ ਵਿਅਕਤੀ ਇਕ ਮਹਾਂਪੁਰਸ਼ ਕੋਲ ਪੁੱਜ ਅਤੇ ਆਪਣੀ ਰਾਮ ਕਹਾਣੀ ਸੁਣਾਉਂਦਿਆਂ ਬੇਨਤੀ ਕੀਤੀ ਕਿ ਮੇਰੀਆਂ ਮੁਸ਼ਕਲਾਂ ਦਾ ਇਲਾਜ ਕਰੋ, ਸ੍ਰੀਮਾਨ ਜੀ।
‘‘ਸਾਰੀ ਉਮਰ ਦੇ ਚਿੰਤਨ ਅਤੇ ਤਜਰਬੇ ਤੋਂ ਜੋ ਕੁਝ ਮੈਂ ਸਿੱਖਿਆ ਹੈ, ਉਹ ਮੈਂ ਤੈਨੂੰ ਦੱਸ ਦੇਵਾਂਗਾ ਪਰ ਮੇਰੀ ਇਕ ਸ਼ਰਤ ਹੈ।’’ ਵਿਦਵਾਨ ਪੁਰਸ਼ ਨੇ ਠਰ੍ਹੰਮੇ ਨਾਲ ਕਿਹਾ।
‘‘ਕੀ? ਸ੍ਰੀਮਾਨ ਜੀ!’’ ਵਿਆਕੁਲ ਹੋਏ ਦੁਖੀ ਮਨੁੱਖ ਨੇ ਪੁੱਛਿਆ।
‘‘ਮੇਰੀ ਇਕੋ ਸ਼ਰਤ ਹੈ ਕਿ ਮੈਂ ਜੋ ਤੇਰੇ ਦੁੱਖਾਂ ਦੇ ਰਹੱਸਾਂ ਦਾ ਨਿਦਾਨ ਤੈਨੂੰ ਦੱਸਾਂ, ਉਹ ਕਿਸੇ ਹੋਰ ਵਿਅਕਤੀ ਨੂੰ ਨਹੀਂ ਦੱਸਣਾ।’’
ਦੁਖੀ ਵਿਅਕਤੀ ਨੇ ਮਹਾਂਪੁਰਸ਼ ਦੀ ਇਹ ਸ਼ਰਤ ਕਬੂਲ ਕਰ ਲਈ ਤੇ ਮਹਾਂਪੁਰਸ਼ ਤੋਂ ਆਪਣੇ ਦੁੱਖਾਂ ਤੇ ਆਪਣੀ ਸਮੱਸਿਆਵਾਂ ਤੇ ਪ੍ਰੇਸ਼ਾਨੀਆਂ ਦੂਰ ਕਰਨ ਦਾ ਮੰਤਰ ਪ੍ਰਾਪਤ ਕਰਕੇ ਖੁਸ਼ ਹੋ ਗਿਆ।
ਸੱਚ-ਮੁੱਚ ਮਹਾਂਪੁਰਸ਼ ਵੱਲੋਂ ਪ੍ਰਾਪਤ ਗਿਆਨ ਉਪਰ ਅਮਲ ਕਰਕੇ ਉਸ ਦੇ ਦੁੱਖਾਂ ਕਸ਼ਟਾਂ ਤੇ ਪ੍ਰੇਸ਼ਾਨੀਆਂ ਦਾ ਇਲਾਜ ਹੋ ਗਿਆ ਸੀ, ਪਰ ਉਹ ਆਪਣੇ ਦੁੱਖ ਦੂਰ ਕਰਵਾ ਕੇ ਵੀ ਸੰਤੁਸ਼ਟ ਨਾ ਹੋਇਆ। ਉਸ ਦੇ ਆਲੇ-ਦੁਆਲੇ ਵਧੇਰੇ ਲੋਕ ਦੁਖੀ ਸਨ। ਉਸ ਨੇ ਆਪਣੇ ਮਨ ਵਿਚ ਫੈਸਲਾ ਕੀਤਾ ਕਿ ਲੋਕਾਂ ਦੇ ਦੁੱਖ ਦੂਰ ਕਰਨ ਲਈ ਉਹ ਇਹ ਰਹੱਸ ਸਭਨਾਂ ਲੋਕਾਂ ਨੂੰ ਦੱਸੇਗਾ ਅਤੇ ਸੱਚਮੁੱਚ ਉਸ ਨੇ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਲਾ ਰਹੱਸ ਸਾਰੇ ਲੋਕਾਂ ਨੂੰ ਦੱਸ ਦਿੱਤਾ।
ਜਿੰਨੇ ਵੱਧ ਤੋਂ ਵੱਧ ਲੋਕ ਇਸ ਗਿਆਨਮਈ ਰਹੱਸ ’ਤੇ ਅਮਲ ਕਰਦੇ, ਉਨ੍ਹਾਂ ਦੇ ਦੁੱਖ ਘਟਣ ਲੱਗਦੇ। ਫਿਰ ਕੀ ਸੀ, ਇਸ ਅਨੋਖੇ ਗਿਆਨ ਦੀ ਚਰਚਾ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਹਰ ਘਰ ਹੋਣ ਲੱਗੀ ਅਤੇ ਮਹਾਂਪੁਰਸ਼ ਦੇ ਕੰਨਾਂ ਤਕ ਵੀ ਪੁੱਜ ਗਈ।
ਮਹਾਂਪੁਰਸ਼ ਨੇ ਉਸ ਆਦਮੀ ਨੂੰ ਬੁਲਾਇਆ ਅਤੇ ਪੁੱਛਿਆ, ‘‘ਕੀ ਤੂੰ ਮੇਰੇ ਨਾਲ ਕੀਤਾ ਇਕਰਾਰ ਤੋੜ ਦਿੱਤਾ ਹੈ?’’
‘‘ਜੀ ਨਹੀਂ।’’ ਆਦਮੀ ਦਾ ਉੱਤਰ ਸੀ।
‘‘ਫਿਰ ਤੂੰ ਇਹ ਰਹੱਸ ਸਾਰਿਆਂ ਨੂੰ ਕਿਉਂ ਦੱਸਿਆ ਹੈ?’’
‘‘ਸ੍ਰੀਮਾਨ ਜੀ! ਕਿਉਂਕਿ ਇਸ ਰਹੱਸ ਦੀ ਜਾਣਕਾਰੀ ਸਾਰਿਆਂ ਦੇ ਹਿੱਤ ਵਿਚ ਹੈ। ਇਸ ਲਈ ਇਸ ਗਿਆਨ ਨੂੰ ਪਰਸਾਰਣ ਲਈ ਮੈਨੂੰ ਕੋਈ ਚਿੰਤਾ ਨਹੀਂ। ਮੈਂ ਹਰ ਪ੍ਰਕਾਰ ਦਾ ਦੰਡ ਭੁਗਤਣ ਲਈ ਤਿਆਰ ਹਾਂ।’’
ਉਸ ਦੀ ਇਹ ਗੱਲ ਸੁਣ ਕੇ ਮਹਾਂਪੁਰਸ਼ ਬਹੁਤ ਖੁਸ਼ ਹੋਏ ਅਤੇ ਬੋਲੇ, ‘‘ਜਿਹੜਾ ਵਿਅਕਤੀ ਸਾਰੇ ਲੋਕਾਂ ਦੇ ਹਿੱਤ ਵਿਚ ਸੋਚਦਾ ਹੈ, ਉਹ ਕਦੇ ਨਰਕ ਨਹੀਂ ਜਾਂਦਾ, ਨਾ ਕਿਸੇ ਦੰਡ ਦਾ ਭਾਗੀ ਹੈ। ਅਜਿਹਾ ਸਰਬਹਿੱਤਕਾਰੀ ਹੀ ਉਪਕਾਰੀ ਹੁੰਦਾ ਹੈ।’’
 
Top