ਸਿੱਖਾਂ ਦੀ ਕਾਲੀ ਸੂਚੀ ਵੀ.....

ਸਿੱਖਾਂ ਦੀ ਕਾਲੀ ਸੂਚੀ ਵੀ, ਆਹ ਗਲਤ ਲਿਸਟ ਭੇਜਣ ਵਾਲਿਆਂ ਨੇ ਈ ਤਿਆਰ ਕੀਤੀ ਹੋਊ



‘ਲਓ! ਏਨੂੰ ਕਹਿੰਦੇ ਨੇ, ਕੁੱਛੜ ਕੁੜੀ ਤੇ ਸ਼ਹਿਰ ਢਿੰਡੋਰਾ, ਪਤੰਤਰਾਂ ਨੇ ਸਾਰੀ ਦੁਨੀਆਂ 'ਚ ਦੇਸ਼ ਦੀ ਥੂ-ਥੂ ਕਰਵਾ 'ਤੀ ਐ'' ਬਿੱਕਰ ਨੂੰ ਇਕੱਲੇ ਬੈਠੇ ਨੂੰ ਬੋਲੀ ਜਾਂਦਾ ਦੇਖ ਸ਼ਿੰਦੇ ਨੇ ਆ ਕੇ ਹਲੂਣਿਆ ‘‘ਓ ਅਮਲੀਆ! ਕੀਹਨੇ ਥੂ-ਥੂ ਕਰਵਾ 'ਤੀ, ਅੱਜ 'ਕੱਲਾ ਈ ਬੈਠਾ ਕੀਹਦੇ 'ਤੇ ਤਵਾ ਲਾਈ ਜਾਨੈ''। ‘‘ਕਾਮਰੇਡਾ! ਮੈਂ ਅੱਜ ਟੈਲੀਵੀਜਨ 'ਤੇ ਖ਼ਬਰਾਂ ਸੁਣਨ ਲੱਗ ਗਿਆ, ਖ਼ਬਰਾਂ ਸੁਣ-ਸੁਣ ਮੈਨੂੰ ਤਾਂ ਧਰਤੀ ਵਹਿਲ ਨਾ ਦੇਵੇ ਯਾਰ, ਅਖੇ ਬੰਦੇ ਭਾਰਤ ਦੀਆਂ ਜੇਲਾਂ 'ਚ ਬੰਦ ਨੇ ਤੇ ਸਾਡੀ ਸਰਕਾਰ ਪਾਕਿਸਤਾਨ ਵਾਲਿਆਂ ਕੋਲੋਂ ਉਹ ਬੰਦੇ ਮੰਗੀ ਜਾਂਦੀ ਐ, ਹੁਣ ਪੂਰੀ ਦੁਨੀਆਂ ਸਾਹਮਣੇ ਦੇਸ਼ ਦੀ ਨੀਵੀਂ ਪਵਾ 'ਤੀ ਯਾਰ, ਇਹ ਲਿਸਟ ਬਣਾਉਣ ਵਾਲੇ ਲੋਕਾਂ ਨੇ'' ਬਿੱਕਰ ਨੇ ਪਾਕਿਸਤਾਨ ਨੂੰ ਸੌਂਪੀ ਮੋਸਿਟਡ ਵਾਂਟਡ ਸੂਚੀ ਸਬੰਧੀ ਆ ਰਹੀਆਂ ਖ਼ਬਰਾਂ 'ਤੇ ਟਿੱਪਣੀ ਕੀਤੀ। ‘‘ਹਾਂ ਅਮਲੀਆ! ਗੱਲ ਤਾਂ ਤੇਰੀ ਸਹੀ ਐ, ਹੁਣ ਦੇਸ਼ ਦੇ ਗ੍ਰਹਿ ਮੰਤਰੀ ਸਮੇਤ, ਸੀ.ਬੀ.ਆਈ. ਤੇ ਸਾਰੀਆਂ ਖੂਫੀਆ ਏਜੰਸੀਆਂ ਏਸ ਲਿਸਟ ਲਈ ਜਿੰਮੇਵਾਰ ਨੇ, ਪਾਕਿਸਤਾਨ ਤਾਂ ਪਹਿਲਾਂ ਈ ਨਈਂ ਪੈਰਾਂ 'ਤੇ ਪਾਣੀ ਪੈਣ ਦਿੰਦਾ, ਹੁਣ ਏਸ ਲਿਸਟ ਦੀਆਂ ਗਲਤੀਆਂ ਕਾਰਨ ਉਹਨੂੰ ਹੋਰ ਮੌਕਾ ਮਿਲ ਗਿਐ, ਪੂਰੀ ਦੁਨੀਆਂ ਸਾਹਮਣੇ ਰੌਲਾ ਪਾਉਣ ਦਾ, ਹੁਣ ਪਾਕਿਸਤਾਨ ਆਲੇ ਤਾਂ ਪੂਰੀ ਦੁਨੀਆਂ ਸਾਹਮਣੇ ਰੌਲਾ ਪਾਉਣਗੇ ਬਈ ਭਾਰਤ ਤਾਂ ਐਵੇਂ ਈ ਉਹਦੇ 'ਤੇ ਦੋਸ਼ ਲਾਉਂਦੈ, ਆ ਦੇਖ 'ਲੋ! ਜਿਹੜੇ ਬੰਦੇ ਭਾਰਤ ਵਾਲੇ ਸਾਥੋਂ ਭਾਲਦੇ ਨੇ ਇਹ ਤਾਂ ਉਹਨਾਂ ਦੇ ਆਬਦੇ ਮੁਲਕ ਦੀਆਂ ਜੇਲਾਂ 'ਚ ਬੰਦੇ ਨੇ'' ਸ਼ਿੰਦੇ ਨੂੰ ਹੱਥ ਦੇ ਇਸ਼ਾਰੇ ਨਾਲ ਰੋਕਦਿਆਂ ਬਾਬਾ ਲਾਭ ਸਿੰਘ ਨੇ ਪੁੱਛਿਆ ‘‘ਸ਼ੇਰਾ! ਕੇਹੜੇ ਬੰਦਿਆਂ ਦੀ ਗੱਲ ਓ '' ਬਾਬਾ ਲਾਭ ਸਿੰਘ ਨੂੰ ਸ਼ਿੰਦੇ ਨੇ ਜਵਾਬ ਦਿੱਤਾ'' ਬਾਬਾ ਜੀ! ਜੇਹੜੀ ਲਿਸਟ ਭਾਰਤ ਵੱਲੋਂ ਪਾਕਿਸਤਾਨ ਨੂੰ ਸੌਂਪੀ ਗਈ ਐ, ਬਈ ਆਹ-ਆਹ ਬੰਦੈ ਸਾਨੂੰ ਲੋੜੀਂਦੇ ਨੇ ਤੇ ਇਹ ਪਾਕਿਸਤਾਨ 'ਚ ਲੁਕੇ ਹੋਏ ਨੇ, ਉਹਨਾਂ ਵਿਚੋਂ ਫਿਰੋਜ ਹਾਸਿਦ ਨਾਂ ਦਾ ਬੰਦਾ ਮੁੰਬਈ ਦੀ ਜੇਲ ਐ ਤੇ ਸ਼ੇਖ ਨਾਂ ਦਾ ਬੰਦਾ ਹੈਦਰਾਬਾਦ ਦੀ ਜੇਲ 'ਚ ਐ, ਸ਼ਾਹਿਦ ਬਿਲਾਲ ਤੇ ਨੂਰਾ ਨਾਂ ਬੰਦੇ-ਬੰਦੇ ਕਦੋਂ ਦੇ ਮਰ ਚੁੱਕੇ ਨੇ, ਹੁਣ ਇਹੋ ਜਿਹੀ ਲਿਸਟ ਭੇਜ ਕੇ ਦੇਸ਼ ਦਾ ਜਲੂਸ ਈ ਕੱਢਿਆ ਗਿਐ''। ‘‘ਊਂਅ ਤਾਂ ਕਾਮਰੇਡਾ! ਸਾਡੇ ਮੁਲਕ ਆਲੇ ਰੀਸਾਂ ਕਰਦੇ ਨੇ ਅਮਰੀਕਾ ਦੀਆਂ, ਅਖੇ ਜਿਵੇਂ ਉਹਨੇ ਲਾਦੇਨ ਮਾਰਿਐ, ਅਸੀਂ ਵੀ ਉਵੇਂ ਪਾਕਿਸਤਾਨ 'ਚ ਲੁਕੇ ਅੱਤਵਾਦੀ ਮਾਰ ਦਿਆਂਗੇ, ਪਰ ਆਹ ਦੇਖ ਲੋ ਸਾਡੀਆਂ ਖੁਫੀਆ ਏਜੰਸੀਆਂ ਦਾ ਕੰਮ''ਸ਼ਿੰਦੇ ਦੀ ਗੱਲ 'ਤੇ ਬਿੱਕਰ ਨੇ ਵੀ ਟਿੱਪਣੀ ਕੀਤੀ । ‘‘ਪੁੱਤਰੋ! ਸਾਡੇ ਮੁਲਕ ਦਾ ਤਾਂ ਰੱਬ ਈ ਰਾਖੈ, ਹਰ ਪਾਸੇ ਰਿਸਵਤਖੋਰੀ ਫੈਲੀ ਹੋਈ ਐ, ਅਫ਼ਸਰਸ਼ਾਹੀ ਕੰਮ ਕਰਨ ਦੀ ਥਾਂ ਜਾਇਦਾਦਾਂ ਬਣਾਉਣ 'ਚ ਲੱਗੀ ਹੋਈ ਹੈ, ਹੁਣ ਦੱਸੋ! ਏਡੀ ਵੱਡੀ ਗਲਤੀ ਦੀ ਜਿੰਮੇਵਾਰੀ ਕੌਣ ਲਊ?'' ਬਾਬਾ ਲਾਭ ਸਿੰਘ ਦੇ ਸਵਾਲ ਦਾ ਸ਼ਿੰਦੇ ਨੇ ਜਵਾਬ ਦਿੱਤਾ ‘‘ਬਾਬਾ ਜੀ! ਜਿੰਮੇਵਾਰ ਕੌਣ ਹੋਣੈ, ਇਕ ਇੰਸਪੈਕਟਰ ਸਸਪੈਂਡ ਕਰਤਾ, ਐਸ.ਪੀ. ਤੇ ਡੀ.ਐਸ.ਪੀ. ਦੀ ਬਦਲੀ ਕਰਤੀ, ਬਸ ਮਾਮਲਾ ਖਤਮ ਕਰਤਾ''। ‘‘ਊਂਅ ਕਾਮਰੇਡਾ! ਇਹੋ ਜਿਹੀ ਗਲਤ ਮਲਤ ਲਿਸਟ ਪਾਕਿਸਤਾਨ ਨੂੰ ਭੇਜੀ ਐ, ਇਹੋ ਜਿਹੀ ਸਿੱਖਾਂ ਦੀ ਕਾਲੀ ਸੂਚੀ ਬਣਾਈ ਗਈ ਹੋਊ, ਜਦੋਂ ਏਸ ਲਿਸਟ ਜੇਲਾਂ 'ਚ ਬੰਦ ਤੇ ਮਰੇ ਹੋਏ ਬੰਦਿਆਂ ਦੇ ਨਾਂ ਸਾਮਲ ਨੇ, ਫੇਰ ਸਿੱਖਾਂ ਦੀ ਕਾਲੀ ਸੂਚੀ ਵੀ, ਆਹ ਗਲਤ ਲਿਸਟ ਭੇਜਣ ਵਾਲਿਆਂ ਨੇ ਈ ਤਿਆਰ ਕੀਤੀ ਹੋਊ'' ਬਿੱਕਰ ਦੀ ਇਸ ਗੱਲ ਦਾ ਜਵਾਬ ਦਿੰਦਿਆਂ ਸ਼ਿੰਦੇ ਨੇ ਕਿਹਾ ‘‘ਸਿੱਖਾਂ ਦੀ ਕਾਲੀ ਸੂਚੀ 'ਚ ਤਾਂ ਇਹ ਪਤਾ ਨਈਂ ਬਈ ਜਿਸ ਬੰਦੇ ਦਾ ਨਾਂ ਕਾਲੀ ਸੂਚੀ 'ਚ ਐ, ਉਹ ਹੈ ਕੌਣ, ਕਿਉਂਕਿ ਉਹਦੇ ਨਾਂ ਤੋਂ ਬਿਨਾਂ ਬਾਕੀ ਤਾਂ ਕੋਈ ਵੇਰਵਾ ਹੈ ਈ ਨਈਂ, ਕਾਲੀ ਸੂਚੀ ਤਾਂ ਖੁੱਲੀ ਸੂਚੀ ਐ, ਉਹਦੇ ਤਾਂ ਇਹ ਕਿਸੇ ਨੂੰ ਵੀ ਫਿਟ ਕਰ ਸਕਦੇ ਨੇ'' ਸਾਰੇ ਸ਼ਿੰਦੇ ਦੇ ਮੂੰਹ ਵੱਲ ਦੇਖਣ ਲੱਗੇ।
 
Top