harman03
:)
ਤੂੰ ਵਿਦਾ ਹੋਇਓਂ ਮੇਰੇ ਦਿਲ 'ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣ ਕੇ ਅਖੀਆਂ ਦੇ ਵਿਚ ਆ ਗਈ |
ਦੂਰ ਤਕ ਮੇਰੇ ਨੈਣ ਤੇਰੀ ਪੈੜ ਨੂੰ ਚੁੰਮਦੇ ਰਹੇ
ਫੇਰ ਤੇਰੀ ਪੈੜ ਨੂੰ ਰਾਹਾਂ ਦੀ ਮਿੱਟੀ ਖਾ ਗਈ |
ਟੁਰਨ ਤੋਂ ਪਹਿਲਾਂ ਸੀ ਤੇਰੇ ਪੂਰੇ ਜੋਬਨ 'ਤੇ ਬਹਾਰ
ਟੁਰਨ ਮਗਰੋਂ ਵੇਖਿਆ ਕਿ ਹਰ ਕਲੀ ਮੁਰਝਾ ਗਈ |
ਓਸ ਦਿਨ ਪਿੱਛੋਂ ਅਸਾਂ ਨਾ ਬੋਲਿਆ ਨਾ ਵੇਖਿਆ
ਇਹ ਜ਼ਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾ ਗਈ |
ਇਸ਼ਕ਼ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਓਂ
ਅੰਤ ਉਹੀਓ ਪੀੜ 'ਸ਼ਿਵ' ਨੂੰ ਖਾਂਦੀ ਖਾਂਦੀ ਖਾ ਗਈ |