ਲਿਬਨਾਨ ਲਿਜਾਏ ਜਾ ਰਹੇ ਹਥਿਆਰ ਅਮਰੀਕਾ ਵਲੋਂ ਜ਼ਬਤ

ਵਾਸ਼ਿੰਗਟਨ, 4 ਅਪ੍ਰੈਲ (ਏ. ਐੱਫ. ਪੀ.)¸ ਲਿਬਨਾਨ ਦੀ ਪੱਛਮ ਸਮਰਥਕ ਸਰਕਾਰ ਦੇ ਪਤਨ ਤੋਂ ਬਾਅਦ ਅਮਰੀਕਾ ਨੇ ਉਥੋਂ ਦੀ ਫੌਜ ਲਈ ਲਿਜਾਏ ਜਾ ਰਹੇ ਹਥਿਆਰਾਂ ਨਾਲ ਭਰੇ ਇਕ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ‘ਦਿ ਵਾਲ ਸਟਰੀਟ ਜਰਨਲ’ ਦੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਹਾਜ਼ ਨੂੰ ਰੋਕਣ ਦੀ ਇਹ ਪ੍ਰਕਿਰਿਆ ਲਿਬਨਾਨ ਪ੍ਰਤੀ ਅਮਰੀਕੀ ਸੁਰੱਖਿਆ ਸਹਾਇਤਾ ਦੇ ਵਿਆਪਕ ਨਜ਼ਰੀਏ ਨੂੰ ਪ੍ਰਦਰਸ਼ਿਤ ਕਰਦੀ ਹੈ। ਉਂਝ ਵੀ ਲਿਬਨਾਨ ਵਿਚ ਹਿਜਬੁੱਲਾ ਇਕ ਅਹਿਮ ਤੱਤ ਬਣ ਕੇ ਉਭਰ ਰਿਹਾ ਹੈ। ਵਾਸ਼ਿੰਗਟਨ ਇਸ ਗੱਲ ਨੂੰ ਲੈ ਕੇ ਸਭ ਤੋਂ ਵੱਧ ਫਿਕਰਮੰਦ ਹੈ ਕਿ ਲਿਬਨਾਨ ਦੀ ਫੌਜ ਹਿਜਬੁੱਲਾ ਨੂੰ ਨੱਥ ਪਾ ਸਕੇਗੀ ਜਾਂ ਨਹੀਂ। ਜ਼ਿਕਰਯੋਗ ਹੈ ਕਿ ਜਨਵਰੀ ਵਿਚ ਸਾਦ ਹਰੀਰੀ ਦੀ ਅਗਵਾਈ ਵਾਲੀ ਸਰਕਾਰ ਦਾ ਵਿਰੋਧੀ ਪਾਰਟੀਆਂ ਨੇ ਤਖਤਾ ਪਲਟ ਦਿੱਤਾ ਸੀ। ਹਰੀਰੀ ਨੇ ਆਪਣੇ ਪਿਤਾ ਦੇ ਕਤਲ ਦੀ ਜਾਂਚ ਕਰ ਰਹੇ ਸੰਯੁਕਤ ਰਾਸ਼ਟਰ ਦੇ ਟ੍ਰਿਬਿਊਨਲ ਨਾਲੋਂ ਸੰਬੰਧ ਤੋੜਨੋਂ ਨਾਂਹ ਕਰ ਦਿੱਤੀ ਸੀ। ਪਤਾ ਲੱਗਾ ਹੈ ਕਿ ਉਕਤ ਹਥਿਆਰਾਂ ਨੂੰ ਜ਼ਬਤ ਕਰਨ ਦੇ ਫੈਸਲੇ ਨੂੰ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਹਰੀ ਝੰਡੀ ਦਿਖਾਈ ਸੀ ਪਰ ਇਸ ਫੈਸਲੇ ਨੂੰ ਜਨਤਕ ਨਹੀਂ ਕੀਤਾ ਗਿਆ ਹੈ।
 
Top