Punjab News ਪੰਜਾਬ ’ਚ ਅਤਿਵਾਦ ਨੂੰ ਮੁੜ ਹਵਾ ਦੇਣ ਦਾ ਯਤਨ

'MANISH'

yaara naal bahara
ਪੰਜਾਬ ਵਿੱਚ ਡੇਰਾਵਾਦ ਦੇ ਮੁੱਦੇ ’ਤੇ ਅਗਵਾਈ ਕਰਨ ਵਾਲੇ ਗਰਮ ਖਿਆਲੀ ਸਿੱਖ ਨੌਜਵਾਨਾਂ ਨੂੰ ਅਤਿਵਾਦ ਦੀ ਭੱਠੀ ਵਿੱਚ ਝੋਕਣ ਲਈ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਨੇ ਪ੍ਰਮੁੱਖ ਏਜੰਡੇ ਵਜੋਂ ਅਪਣਾ ਲਿਆ ਹੈ। ਖਾਲਿਸਤਾਨ ਪੱਖੀ ਅਤਿਵਾਦੀ ਜਥੇਬੰਦੀਆਂ ਦੇ ਸੰਪਰਕ ਵਿੱਚ ਆਏ ਨੌਜਵਾਨਾਂ ਨੂੰ ਪਾਕਿਸਤਾਨ ਲਿਜਾ ਕੇ ਸਿਖਲਾਈ ਦੇਣੀ ਵੀ ਹੁਣ ਕੋਈ ਬਹੁਤੀ ਔਖੀ ਨਹੀਂ ਰਹੀ ਕਿਉਂਕਿ ਨੇਪਾਲ ਰਸਤੇ ਰਾਹੀਂ ਅਤਿਵਾਦੀਆਂ ਦਾ ਪਾਕਿਸਤਾਨ ਜਾਣਾ ਆਮ ਵਰਤਾਰਾ ਬਣਿਆ ਹੋਇਆ ਹੈ।
ਪੁਲੀਸ ਸੂਤਰਾਂ ਮੁਤਾਬਕ ਇਹ ਤੱਥ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਹਰੀ ਆਗੂਆਂ ਵਜੋਂ ਜਾਣੇ ਜਾਂਦੇ ਹਰਮਿੰਦਰ ਸਿੰਘ ਦੀ ਤਫਤੀਸ਼ ਦੌਰਾਨ ਸਾਹਮਣੇ ਆਏ ਹਨ। ਇਸ ਅਤਿਵਾਦੀ ਨੂੰ ਹਾਲ ਹੀ ਵਿੱਚ ਖੰਨਾ ਜ਼ਿਲ੍ਹੇ ਦੀ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਹਰਮਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਹੀ ਦੋ ਸਾਲ ਪਹਿਲਾਂ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਵਿੱਚ ਬੰਬ ਧਮਾਕਾ ਕੀਤਾ ਸੀ ਜਿਸ ਵਿੱਚ 6 ਵਿਅਕਤੀ ਮਾਰੇ ਗਏ ਸਨ। ਅਹਿਮ ਤੱਥ ਇਹ ਵੀ ਹੈ ਕਿ ਲੁਧਿਆਣਾ ਪੁਲੀਸ ਇਸ ਤੋਂ ਪਹਿਲਾਂ ਵੀ ਇਸ ਬੰਬ ਕਾਂਡ ਲਈ ਕਥਿਤ ਤੌਰ ’ਤੇ ਜ਼ਿੰਮੇਦਾਰ ਠਹਿਰਾ ਕੇ ਦਰਜ਼ਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਅਤਿਵਾਦੀ ਜਥੇਬੰਦੀਆਂ ਵਿੱਚ ਨਵੀਂ ‘ਭਰਤੀ’ ਇੱਕ ਤਰ੍ਹਾਂ ਨਾਲ ਬੰਦ ਪਈ ਸੀ ਪਰ ਦੋ ਸਾਲ ਪਹਿਲਾਂ ਡੇਰਾ ਸਿਰਸਾ ਦੇ ਵਿਵਾਦ ਦੌਰਾਨ ਜਿਸ ਤਰ੍ਹਾਂ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਸਰਗਰਮ ਰਹੀਆਂ ਉਸ ਨੇ ਆਈ.ਐਸ.ਆਈ. ਲਈ ਭਰਤੀ ਦਾ ਮੈਦਾਨ ਤਿਆਰ ਕਰ ਦਿੱਤਾ ਹੈ। ਪੁਲੀਸ ਸੂਤਰਾਂ ਮੁਤਾਬਕ ਪੰਜਾਬ ਵਿੱਚ ਕਿਧਰੇ ਵੀ ਅਜਿਹੀ ਘਟਨਾ ਵਾਪਰ ਜਾਵੇ ਤਾਂ ਆਈ.ਐਸ.ਆਈ. ਤੁਰੰਤ ਹੀ ਸਿੱਖ ਨੌਜਵਾਨਾਂ ’ਤੇ ਡੋਰੇ ਪਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਦਾ ਵੱਡਾ ਸਬੂਤ ਹਰਮਿੰਦਰ ਸਿੰਘ ਦੇ ਨਾਲ ਗ੍ਰਿਫਤਾਰ ਕੀਤੇ ਹੋਰਨਾਂ ਤਿੰਨ ਨੌਜਵਾਨਾਂ ਤੋਂ ਮਿਲਦੀ ਹੈ। ਇਹ ਤਿੰਨੇ ਨੌਜਵਾਨ ਲੁਧਿਆਣਾ ਵਿੱਚ ਆਸ਼ੂਤੋਸ਼ ਦੇ ਸਮਾਗਮ ਦਾ ਵਿਰੋਧ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਸੂਤਰਾਂ ਦਾ ਇਹ ਵੀ ਕਹਿਣîਾ ਹੈ ਕਿ ’84 ਦੇ ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਵੀ ਲਗਾਤਾਰ ਭੱਖਦਾ ਰਹਿਣਾ ਆਈ.ਐਸ.ਆਈ. ਤੇ ਅਤਿਵਾਦੀ ਜਥੇਬੰਦੀਆਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ।
ਖੰਨਾ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਵਿਚ ਇਨ੍ਹਾਂ ਨੌਜਵਾਨਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਹੀ ਨਹੀਂ ਦਿੱਤੀ ਜਾਂਦੀ ਸਗੋਂ ਭਾਰਤ ਸਰਕਾਰ ਨੂੰ ਖਲਨਾਇਕ ਬਣਾ ਕੇ ਪੇਸ਼ ਕਰਨ ਦਾ ਅਜਿਹਾ ਪ੍ਰਚਾਰ ਕੀਤਾ ਜਾਂਦਾ ਹੈ ਜਿਸ ਨਾਲ ਸਿੱਖ ਨੌਜਵਾਨਾਂ ਦੇ ਦਿਮਾਗ ਵਿੱਚ ਭਾਰਤ ਰਾਜ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ ਹੈ। ਸੀ.ਆਈ.ਡੀ. ਦੇ ਸੂਤਰਾਂ ਅਨੁਸਾਰ ਨਵੀਂ ਭਰਤੀ ਤੋਂ ਸੁਚੇਤ ਹੁੰਦਿਆਂ ਖੁਫੀਆ ਵਿੰਗ ਦੇ ਸੀਨੀਅਰ ਅਧਿਕਾਰੀਆਂ ਨੇ ਹਾਕਮ ਧਿਰ ਨੂੰ ਸਲਾਹ ਦਿੱਤੀ ਹੈ ਕਿ ਸਿੱਖਾਂ ਨਾਲ ਜੁੜੇ ਜਜ਼ਬਾਤੀ ਮੁੱਦਿਆਂ ਨੂੰ ਹਵਾ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਪੰਜਾਬ ਵਿੱਚ ਸਰਗਰਮ ਅਤਿਵਾਦੀ ਸੰਗਠਨਾਂ ਨੂੰ ਵਿਦੇਸ਼ਾਂ ਖਾਸਕਰ ਯੂਰਪੀ ਮੁਲਕਾਂ ਤੋਂ ਮਿਲ ਰਹੀ ਮਾਲੀ ਇਮਾਦਦ ਪੰਜਾਬ ਪੁਲੀਸ ਲਈ ਵੱਡੀ ਚੁਣੌਤੀ ਹੈ। ਹਰਮਿੰਦਰ ਸਿੰਘ ਦੀ ਤਫ਼ਤੀਸ਼ ਦੌਰਾਨ ਦੋ ਦਰਜਨ ਨਾਵਾਂ ਦਾ ਖੁਲਾਸਾ ਹੋਇਆ ਹੈ। ਇਹ ਨੌਜਵਾਨ ਸਿੱਧੇ ਤੌਰ ’ਤੇ ਭਾਵੇਂ ਕਿਸੇ ਅਤਿਵਾਦੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਪਰ ਪੁਲੀਸ ਵੱਲੋਂ ਇਨ੍ਹਾਂ ਨੂੰ ਹਰਮਿੰਦਰ ਸਿੰਘ ਦੇ ਹਮਾਇਤੀ ਦੱਸਿਆ ਜਾ ਰਿਹਾ ਹੈ। ਪੁਲੀਸ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇ ਵੀ ਮਾਰੇ ਜਾ ਰਹੇ ਹਨ। ਪੁਲੀਸ ਅਧਿਕਾਰੀਆਂ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਕਿ ਪਿਛਲੇ ਸਮੇਂ ਦੌਰਾਨ ਗ੍ਰਿਫ਼ਤਾਰ ਨੌਜਵਾਨਾਂ ਨੂੰ ਸ਼ਿੰਗਾਰ ਸਿਨੇਮਾ ਬੰਬ ਕਾਂਡ ਨਾਲ ਕਿਵੇਂ ਜੋੜ ਦਿੱਤਾ ਗਿਆ ਹੈ?
 
Top