ਸਾਂਈਂਆਂ

ਓ ਮੇਰੇ ਮਾਲਕਾ, ਓ ਮੇਰੇ ਸਾਂਈਂਆਂ,
ਸਭ ਤੇਰੀਆਂ ਹੀ ਖੇਡਾਂ ਨੇਂ ਰਚਾਈਆਂ
ਕੋਈ ਜੱਗ ਉੱਤੇ ਸੁਖੀ
ਤੇ ਕਿਸੇ ਔਕੜਾਂ ਹੰਢਾਈਆਂ
ਕਿਤੇ ਚੰਗਾ-ਭਲਾ ਹੀ ਨਾਂ ਰਾਜ਼ੀ
ਤੇ ਦੇਣ ਦੁਖੀ ਤੈਂ ਸਲਾਹੀਆਂ.....!

ਮੰਨੇ ਕੁੱਲ੍ਹ ਸਾਰਾ ਏਹੇ ਖੇਡ ਹੈ ਨਿਰਾਲੀ
ਫੁੱਲਾਂ ਦੀ ਕਿਆਰੀ ਦਾ ਹੈ ਇੱਕੋ ਓਹੀ ਵਾਲ੍ਹੀ
ਨਾ ਆਵੇ ਨੀਂਦ ਕਿਸੇ ਨੂੰ ਤਾਂ ਬੁਰਾ ਸੋਚਿਆਂ ਹੀ,
ਤੇ ਕਰ ਕੁਫ਼ਰ ਕਿਸੇ ਅੰਤ ਰੂਹ ਵੀ ਸਵਾ-ਲ੍ਹੀ
ਪਰ ਜਦ ਹੋਵੇ ਸਮਾਂ ਅਨੁਕੂਲ ਰਾਹੀ ਦੇ
ਸੱਚੇ ਦੀਆਂ ਸੱਚੇ ਓਦੋਂ ਮੰਜਿਲਾਂ ਪਵਾਈਆਂ

ਕਹੇ ਹੁੰਦਿਆਂ ਵੀ ਥੋੜ੍ਹਾ, ਦਿਨ ਰਾਤ ਇਹੀ ਝੋਰਾ
ਲੱਖ ਨੁੱਕਤੇ ਸੁਣਾਏ, ਸਿਹਤੀੰ ਅਸਰ ਨਾਂ ਭੋਰਾ
ਇੱਕ ਰੀਝ ਰੱਖੇ ਆਕੜ, ਮਿਲੇ ਸਭ ਕੁਝ ਮੈਨੂੰ
ਕਿਸੇ ਪੁੱਗਦੇ ਸਹਾਰੇ ਲਈ ਜਵਾਬ ਮੂਹੀਂ ਕੋਰਾ
ਤੇਰੀ ਰਹਿਮਤ ਦੇ ਨਾਲ ਕੋਈ ਦਿਲੋਂ ਹੈ ਗਰੀਬ
ਕਈ ਅਮੀਰਾਂ ਦੀਆਂ ਤੂੰ ਵੇ ਮਹਿਲੋਂ ਝੁੱਗੀਆਂ ਕਰਾਈਆਂ

ਬੰਦਾ ਰੋਜ਼ ਹੋ ਜੇ ਲੀਨ, ਕੋਈ ਪਾਪ ਸਿਰੋਂ ਲੈਂਦਾ
ਭੁੱਲਿਆ ਨਿੱਤ ਕਰ ਭੁੱਲ ਰਾਹਵਾਂ ਮਾੜਿਆਂ ਤੇ ਪੈਂਦਾ
ਕੋਈ ਧੰਨ ਹੈ ਕਮਾਉਂਦਾ, ਕੋਈ ਮੰਨ ਹੈ ਕਮਾਉਂਦਾ
ਤੇਰਾ ਇਸ਼ਕ਼ ਬੰਦੇ ਨੂੰ, ਬੰਦਾ ਆਸ਼ਿਕ਼ ਬਣਾਉਂਦਾ
ਕਰ ਘੋਲ ਮੁਸ਼ਕਤਾਂ ਜੇ ਕਿਤੇ ਪਹੁੰਚ ਹੀ ਨਾ ਹੋਈ
ਤਾਂ ਸਚ ਜਾਣੀ ਬੰਦੇ, ਖੂਹ ਚ' ਜਾਣ ਇਹ ਕਮਾਈਆਂ

ਇੱਕ ਮਿਹਰ ਕਰੀਂ ਯਾਰਾ ਨਾਮ ਰਹਵੇ ਤੇਰਾ ਯਾਦ
ਮਰਦਾ ਮਰ ਜਾਵੇ ਤੰਨ, ਰੂਹੀਂ ਰਹੇਂ ਤੂੰ ਆਬਾਦ
ਲੋਕੀਂ ਕਹਿੰਦੇ ਨੇਂ ਸਿਆਣਾ, ਪਰ ਨਾਂ ਵਜ੍ਹਾ ਮੇਰੇ ਕੋਲ
ਬੱਸ ਕਦੇ-ਕਦੇ ਦਿਸੇ ਤੇਰੀ ਰਜ਼ਾ ਮੇਰੇ ਕੋਲ
ਮਹਿਸੂਸ ਗੱਲ ਜੋ ਮੈਂ ਕਰਾਂ, ਅੱਜ ਦੱਸਦਾਂ ਅਖੀਰ
ਫੜ੍ਹ ਲੜ੍ਹ ਤੇਰਾ ਗੁਰਜੰਟ ਸਦਾ ਕਲਮਾਂ ਘਸਾਈਆਂ
 
Top