ਝੋਲਿਆਂ ਵਾਲੇ ਬਾਪੂ

ਜਦ ਅੱਖ ਨੂੰ ਪਛਾਣਨ ਦੀ ਸਮਝ ਆਈ
ਤਾਂ ਪਹਿਲਾਂ ਬਾਪੂ ਨਹੀਂ
ਉਸਦਾ ਲੰਬੀ ਤਣੀ ਵਾਲਾ ਝੋਲਾ ਦਿਸਿਆ
ਸਾਡੀ ਪੀੜ੍ਹੀ ਦੇ ਬਾਪੂਆਂ ਦੇ ਮੋਢੇ
ਸਦਾ ਝੋਲੇ ਹੀ ਲਟਕਦੇ ਰਹੇ!
ਸ਼ਾਇਦ ਜਨਮਾਂ ਤੋਂ ਅੰਨ੍ਹੇ ਅਸੂਲਾਂ ਦੇ
ਸਰਬਣ-ਪੁੱਤ ਸਨ ਸਾਡੇ ਬਾਪੂ
ਕਿ ਤਮਾਮ ਉਮਰ ਢੋਂਦੇ ਰਹੇ
ਬੁੱਢੇ ਪੁਲੰਦਿਆਂ ਨਾਲ ਭਰੇ
ਝੋਲਿਆਂ ਦੀਆਂ ਵਹਿੰਗੀਆਂ!
ਖੜੇ ਘੋੜਿਆਂ ‘ਤੇ ਬੈਠ ਕੇ ਝਪਕੀ ਲੈਂਦੇ
ਬਾਪੂਆਂ ਦੀ ਉਡੀਕ ਵਿੱਚ
ਹਰ ਰਾਤ ਜਾਗਦੀਆਂ ਰਹੀਆਂ
ਸਾਡੀ ਪੀੜ੍ਹੀ ਦੀਆਂ ਮਾਵਾਂ!
ਢਲਦੀਆਂ ਤ੍ਰਿਕਾਲਾਂ ਵੇਲੇ
ਮੂੰਗੀ ਦੀ ਦਾਲ ‘ਚੋਂ ਰੋੜ ਚੁੱਗਦੀਆਂ
ਅਣਜਾਣ ਚਿਹਰਿਆਂ ਦੀ
“ਸਾਸਰੀ ’ਕਾਲ” ਦਾ ਜਵਾਬ ਬਣੀਆਂ ਮਾਵਾਂ ਨੂੰ
ਫੇਰ ਪੈ ਗਈ ਮਜਬੂਰੀ-ਵੱਸ ਸੌਣ ਦੀ ਆਦਤ!
ਪਰ ਕਦੇ ਨਾ ਆਇਆ
ਸਾਡੀ ਪੀੜ੍ਹੀ ਦੀਆਂ ਮਾਵਾਂ ਦੀ ਨੀਂਦ ਨੂੰ
ਸੁਪਨੇ ਲੈਣ ਦਾ ਹੁੱਨਰ!
ਉਂਝ ਉਨ੍ਹਾਂ ਕੋਸ਼ਿਸ਼ ਤਾਂ ਬਹੁਤ ਕੀਤੀ
ਕਿ ਉਡੀਕ ਦਾ ਸੁਪਨਾ ਬਣ ਜਾਵੇ
ਪਰ ਨਹੀਂ
ਉਨ੍ਹਾਂ ਦੇ ਸੁਪਨੇ ਤਾਂ ਉਡੀਕ ਹੀ ਬਣੇ ਰਹੇ!
‘ਤੇ ਉਵੇਂ ਹੀ ਘਰ ਆਉਂਦੇ-ਜਾਂਦੇ
ਸਾਡੀ ਪੀੜ੍ਹੀ ਦੇ ਬਾਪੂਆਂ ਦੇ ਮੋਢੇ ‘ਤੇ
ਲਟਕਦੇ ਰਹੇ ਟੁੰਡ ਵਾਂਗ ਝੋਲੇ!
ਅਸੀਂ ਕਦੇ ਨਾ ਵੇਖਿਆ ਹਸਰਤ ਨਾਲ
ਉਨ੍ਹਾਂ ਝੋਲਿਆਂ ਵੱਲ
ਜਿਨ੍ਹਾਂ ਵਿਚ ਸਾਡੇ ਲਈ
ਕੁੱਝ ਵੀ ਨਹੀਂ ਸੀ “ਖਾਣ-ਚੀਜ” ਜਿਹਾ ਕਦੇ!
“ਕੀ ਕੰਮ ਕਰਦੈ ਤੇਰਾ ਬਾਪ?”
ਜਿਹੇ ਸਵਾਲਾਂ ਨੇ ਆਪਣੇ ਕੁ ਜਿੱਡੇ
ਜਵਾਬਾਂ ਦੀ ਮੁਹਾਰਨੀ
ਅਸੀਂ ਬਚਪਨ-ਭਰ ਰੱਟਦੇ ਰਹੇ!
ਇਵੇਂ ਹੀ ਸਾਡੀਆਂ ਮਾਵਾਂ ਤੋਂ
ਇੱਕ ਵੇਰ ਵੀ ਸਹੀ ਨਾ ਭਰਾਏ ਗਏ
ਸਰਕਾਰੀ ਮਰਦਮ-ਸ਼ੁਮਾਰੀ ਦੇ ਕਾਗਜ਼!
ਬਾਪੂਆਂ ਦੇ ਝੋਲਿਆਂ ਦਾ “ਮੈਨੀਫੈਸਟੋ”
ਕਦੇ ਵੀ ਪੜ੍ਹ ਨਾ ਸਕੀਆਂ ਸ਼ਾਇਦ
ਸਾਡੀ ਪੀੜ੍ਹੀ ਦੀਆਂ ਮਾਵਾਂ!
ਦੇਰ ਰਾਤ ਤੀਕਰ ਹੁੰਦੀਆਂ ਬਹਿਸਾਂ ਦੇ
ਬੀਂਡਿਆਂ ਲਈ
ਕਾਲੀ ਸਿਆਹ ਚੁੱਪ ਬਣੀਆਂ ਰਹੀਆਂ ਉਹ!
‘ਤੇ ਜਾਂ ਉਹ ਬਣੀਆਂ ਕਦੇ
ਸਾਡੀ ਬਾਪੂਆਂ ਨਾਲ ਹੁੰਦੀ
ਖ਼ੁਰਦਰੀ “ਵਿਚਾਰ ਜੰਗ” ਦੇ ਸਮੇਂ
ਸਾਡਾ ਸਾਂਝਾਂ “ਲੈਕਚਰ-ਸਟੈਂਡ”!
ਸ਼ਹੀਦ ਹੋਣ ਦਾ ਸੁਪਨਾ ਲਈ
‘ਤੇ ਫਿਰ ਉੱਪਰ ‘ਲਾਲ ਝੰਡਾ’ ਪੁਆਉਣ
ਦੀ ਰੀਝ ਮਨ ਵਿਚ ਸਮੋਈ
ਬੜੀ ਬਦਰੰਗ ਜ਼ਿੰਦਗੀ ਨਾਲ
ਦੋ ਚਾਰ ਹੁੰਦੇ ਰਹੇ ਸਾਡੇ ਬਾਪੂ!
ਪਰ ਅਫਸੋਸ…
ਆਪਣੀ ਸ਼ਹੀਦੀ ਦਾ ਬੰਦੋਬਸਤ ਕਰਦੇ
ਸਾਡੇ ਬੁੱਢੇ ਬਾਪੂਆਂ ਨੂੰ ਤਾਂ ਪਤਾ ਹੀ ਨਾ ਲੱਗਾ
ਕਿ ਅਸੀਂ ਉਨ੍ਹਾਂ ਦੇ ਨਾਲਾਇਕ-ਪੁੱਤ
ਜਵਾਨੀ-ਪਹਿਰੇ ਕਦੋਂ ਸ਼ਹੀਦ ਹੋ ਗਏ!!
 
Top