ਏ ਖੁਸ਼ੀ, ਤੂੰ ਕਿਹੋ ਜਿਹੀ ਹੈਂ?

ਏ ਖੁਸ਼ੀ, ਤੂੰ ਕਿਹੋ ਜਿਹੀ ਹੈਂ?
ਕਿੱਥੇ ਤੇ ਕਿਸ ਦੇ ਕੋਲ ਰਹਿੰਦੀ ਹੈਂ?

ਖੁਸ਼ੀ ਬੋਲੀ
ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਬੱਚੇ ਕੋਲ,
ਜਿਸ ਦੇ ਸਾਂਭ ਸਾਂਭ ਰੱਖੇ ਖਿਡੌਣੇ
ਟੁੱਟ ਜਾਣ ਤੋਂ ਬਾਅਦ ਵੀ ਚੱਲ ਪੈਂਦੇ ਨੇ......

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਬਾਬੇ ਕੋਲ,
ਜਿਸ ਦੀਆਂ ਜੇਬਾਂ ਫਰੋਲ
ਓਸ ਦੀ ਲੁਕੋ ਲੁਕੋ ਰੱਖੀ ਭਾਨ
ਬੱਚੇ ਕੱਢ ਲੈਂਦੇ ਨੇ ..........

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਕਿਰਸਾਨ ਕੋਲ,
ਜਿਸ ਦੇ ਵੱਟ ਤੇ ਚੱਲਦਿਆਂ
ਨੰਗੀਆਂ ਲੱਤਾਂ ਉੱਤੇ
ਕਣਕ ਦੀਆਂ ਬੱਲੀਆਂ ਵੱਜਦੀਆਂ ਨੇ................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਸਾਵਣ ਮਹੀਨੇ ਚ,
ਜਦੋਂ ਕਾਲੀਆਂ ਘਟਾਵਾਂ ਅੱਗੇ ਅੱਗੇ
ਚਿੱਟੇ ਬਗਲੇ ਉਡ਼ਦੇ ......
ਤੇ ਮੋਰ ਪੈਲਾਂ ਪਾਉਂਦੇ ਨੇ...................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਕਿਤੇ ਸੁੰਞੀਆਂ ਬਹਾਰਾਂ ਦੇ ਵਿੱਚ,
ਜਿੱਥੇ ਚਿਰਾਂ ਤੋਂ ਵਿੱਛਡ਼ੀਆਂ ਰੂਹਾਂ
ਅੱਖਾਂ ਬੰਦ ਕਰਕੇ ਮਿਲਦੀਆਂ ਨੇ .........................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਮਸਤ ਫਕ਼ੀਰ ਦੀ ਕੁੱਲੀ ਵਿੱਚ,
ਜਿਸ ਦੇ ਅੰਦਰੋਂ ਕਿਸੇ ਟਿਕੀ ਰਾਤ ਨੂੰ,
ਅੱਲ੍ਹਾ ਅਲ੍ਹਾ ਦੀਆਂ
ਆਵਾਜ਼ਾਂ ਆਉਂਦੀਆਂ ਨੇ..........................

ਜੇ ਤੂੰ ਮੈਨੂੰ ਵੇਖਣਾ
ਤਾਂ ਵੇਖ ਇੱਕ ਖਾਲੀ ਮਕਾਨ ਅੰਦਰ,
ਜਿਸ ਦੀ ਸਬਾਤ ਦੇ ਬਾਲਿਆਂ ਵਿੱਚ
ਚਿਡ਼ੀਆਂ ਆਲ੍ਹਣਾ ਪਾਉਂਦੀਆਂ ਨੇ ....................

ਪਰ
ਖ਼ਿਆਲ ਰੱਖੀਂ,
ਤੂੰ ਮੈਨੂੰ ਓਸ ਘਰੇ ਕਦੀ ਨਾ ਲੱਭਣ ਜਾਵੀਂ ,
ਜਿਥੇ ਇੱਕ ਕੁਡ਼ੀ ਜਨਮ ਤੋਂ ਪਹਿਲਾਂ ,
ਮਾਰ ਦਿੱਤੀ ਹੋਏ,
ਤੋ ਦੂਜੀ, ਵਿਆਹ ਤੋਂ ਬਾਅਦ ਸਾਡ਼ ਦਿੱਤੀ ਹੋਏ ...........
 
Top