ਅੰਗਰੇਜ਼ੀ ਦਾ ਭੂਤ

Mandeep Kaur Guraya

MAIN JATTI PUNJAB DI ..
ਗੋਆ ਵਿਚ ਟਰੈਕਿੰਗ ਕੈਂਪ ਲਾਉਣ ਤੋਂ ਬਾਅਦ ਮੈਂ ਕੇਰਲਾ ਦੇ ਕਾਲੀਕਟ ਸ਼ਹਿਰ 'ਚ ਰਹਿੰਦੇ ਅਪਣੇ ਦੋਸਤ ਮੱਥੂ ਕ੍ਰਿਸ਼ਨਨ ਨੂੰ ਮਿਲਣ ਲਈ ਚਾਲੇ ਪਾ ਦਿਤੇ। ਮੱਥੂ ਇੰਟਰਨੈੱਟ ਜ਼ਰੀਏ ਮੇਰਾ ਦੋਸਤ ਬਣਿਆ ਸੀ। ਮੈਂ ਮਡਗਾਉਂ ਰੇਲਵੇ ਸਟੇਸ਼ਨ ਤੋਂ ਤ੍ਰਿਵੇਂਦਰਮ ਐਕਸਪ੍ਰੈਸ ਦੇ ਜਨਰਲ ਡੱਬੇ 'ਚ ਚੜ੍ਹਿਆ ਤਾਂ ਵੇਖਿਆ ਕਿ ਸਾਰਾ ਡੱਬਾ ਮਲਿਆਲੀਆਂ ਨਾਲ ਭਰਿਆ ਹੋਇਆ ਸੀ। ਪੰਜਾਬ ਦੇ ਮੁਕਾਬਲੇ, ਜਿਥੇ ਹਿੰਦੀ ਤੇ ਅੰਗਰੇਜ਼ੀ ਦਾ ਭੂਤ ਹਰੇਕ ਦੇ ਸਿਰ ਚੜ੍ਹ ਕੇ ਬੋਲਦਾ ਹੈ, ਡੱਬੇ ਵਿਚ ਹਿੰਦੀ ਜਾਣਨ ਵਾਲਾ ਮੈਂ ਇਕੱਲਾ ਹੀ ਸੀ। ਖ਼ੈਰ ਰਾਤ ਦੇ ਸਫ਼ਰ ਤੋਂ ਬਾਅਦ ਗੱਡੀ ਕੇਰਲਾ 'ਚ ਦਾਖ਼ਲ ਹੋ ਗਈ। ਗੱਡੀ 'ਚੋਂ ਜਿਥੇ ਕਿਤੇ ਵੀ ਨਿਗਾਹ ਪੈਂਦੀ, ਹਰ ਥਾਂ 'ਤੇ ਮਲਿਆਲਮ ਹੀ ਲਿਖੀ ਦਿਸਦੀ। ਕਾਲੀਕਟ ਪਹੁੰਚ ਕੇ ਇਸ ਤਰ੍ਹਾਂ ਲੱਗਾ ਜਿਵੇਂ ਮੈਂ ਹੋਰ ਹੀ ਦੁਨੀਆਂ 'ਚ ਪਹੁੰਚ ਗਿਆ ਹੋਵਾਂ। ਮੈਂ ਸੋਚ ਰਿਹਾ ਸੀ ਕਿ ਪੰਜਾਬ 'ਚ ਤਾਂ ਰੁੱਖ ਵੇਖਿਆਂ ਵੀ ਨਹੀਂ ਲੱਭਦੇ ਤੇ ਇਥੇ ਸਾਰਾ ਆਲਾ-ਦੁਆਲਾ ਨਾਰੀਅਲ ਤੇ ਰਬੜ ਦੇ ਦਰੱਖ਼ਤਾਂ ਨਾਲ ਭਰਿਆ ਹੋਇਐ। ਕਾਲੀਕਟ ਰੇਲਵੇ ਸਟੇਸ਼ਨ ਤੋਂ ਹਿੰਦੀ ਤੇ ਅੰਗਰੇਜ਼ੀ ਇੰਜ ਗ਼ਾਇਬ ਸੀ ਜਿਵੇਂ ਚੰਡੀਗੜ੍ਹ 'ਚੋਂ ਪੰਜਾਬੀ। ਮੈਂ ਸਟੇਸ਼ਨ ਤੋਂ ਫ਼ੋਨ ਕਰ ਕੇ ਮੱਥੂ ਨੂੰ ਅਪਣੀ ਆਮਦ ਬਾਰੇ ਦਸਿਆ। ਉਹ ਮੋਟਰਸਾਈਕਲ ਲੈ ਕੇ ਪਹੁੰਚ ਗਿਆ। ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਕਾਲੀਕਟ 'ਚ ਉਸ ਦਿਨ ਬਕਰੀਦ ਹੋਣ ਕਰ ਕੇ ਸਾਰੇ ਬਾਜ਼ਾਰ ਬੰਦ ਸਨ। ਮੈਂ ਮੱਥੂ ਦੇ ਮੋਟਰਸਾਈਕਲ ਪਿਛੇ ਬੈਠਿਆ ਨੀਝ ਲਾ ਕੇ ਵੇਖਦਾ ਰਿਹਾ ਕਿ ਸ਼ਾਇਦ ਕਿਸੇ ਦੁਕਾਨ ਦਾ ਨਾਂ ਹਿੰਦੀ ਜਾਂ ਅੰਗਰੇਜ਼ੀ 'ਚ ਲਿਖਿਆ ਮਿਲ ਜਾਵੇ ਪਰ ਇਹ ਮੇਰੀ ਗ਼ਲਤਫ਼ਹਿਮੀ ਸੀ। ਪੰਜਾਬ 'ਚ ਜੇ ਕਿਸੇ ਨੇ ਲੱਕੜਾਂ ਦਾ ਟਾਲ ਵੀ ਖੋਲ੍ਹਿਆ ਹੋਵੇਗਾ ਤਾਂ ਉਪਰ ਅੰਗੇਰਜ਼ੀ 'ਚ ਲਿਖਿਆ ਹੋਏਗਾ, ''ਗੁਰੂ ਨਾਨਕ ਟਿੰਬਰ ਸਟੋਰ।''
ਛੇਤੀ ਹੀ ਮੱਥੂ ਮੈਨੂੰ ਲੈ ਕੇ ਅਪਣੇ ਕਮਰੇ 'ਚ ਪਹੁੰਚ ਗਿਆ। ਉਹ ਮਲਿਆਲੀ ਮੁਸਲਮਾਨਾਂ ਦੇ ਘਰ ਕਿਰਾਏ 'ਤੇ ਰਹਿ ਰਿਹਾ ਸੀ। ਉਸ ਦੇ ਮਕਾਨ ਮਾਲਕਾਂ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ ਕਿਉਂਕਿ ਉਹ ਸਿਰਫ਼ ਅਪਣੀ ਮਾਂ ਬੋਲੀ ਮਲਿਆਲਮ ਹੀ ਜਾਣਦੇ ਸਨ। ਕਾਫ਼ੀ ਸਮਾਂ ਫ਼ੌਜ 'ਚ ਰਹਿਣ ਕਰ ਕੇ ਬਸ ਮੱਥੂ ਹੀ ਮੇਰੇ ਨਾਲ ਹਿੰਦੀ ਬੋਲਦਾ ਸੀ। ਦੁਪਹਿਰ ਦਾ ਖਾਣਾ ਵੀ ਸਾਨੂੰ ਮੱਥੂ ਦੇ ਮਕਾਨ ਮਾਲਕਾਂ ਵਲੋਂ ਦਿਤਾ ਗਿਆ। ਖਾਣੇ ਸਮੇਂ ਮਾਲਕਾਂ ਨੇ ਮੱਥੂ ਰਾਹੀਂ ਮੈਨੂੰ ਸ਼ਰਾਬ ਦੀ ਪੇਸ਼ਕਸ਼ ਵੀ ਕੀਤੀ, ਮੈਂ ਜਦੋਂ ਉਨ੍ਹਾਂ ਨੂੰ ਇਸ਼ਾਰਿਆਂ ਨਾਲ ਦਸਿਆ ਕਿ ਮੈਂ ਪੀਂਦਾ ਨਹੀਂ ਤਾਂ ਉਹ ਹੈਰਾਨ ਹੋਏ। ਉਨ੍ਹਾਂ ਮੱਥੂ ਨੂੰ ਮਲਿਆਲਮ 'ਚ ਕਿਹਾ, ''ਸਰਦਾਰ ਤਾਂ ਬਹੁਤ ਸ਼ਰਾਬ ਪੀਂਦੇ ਹਨ, ਇਹ ਕਿਉਂ ਨਹੀਂ ਪੀਂਦਾ?'' ਮੱਥੂ ਨੇ ਮੈਨੂੰ ਇਹ ਸੱਭ ਕੁੱਝ ਖਾਣੇ ਤੋਂ ਬਾਅਦ 'ਚ ਦਸਿਆ। ਸਾਡਾ ਬਾਹਰਲੇ ਰਾਜਾਂ 'ਚ ਕਿਹੋ ਜਿਹਾ ਅਕਸ ਬਣਿਆ ਹੋਇਆ ਹੈ, ਉਦੋਂ ਇਹ ਜਾਣ ਕੇ ਮੈਨੂੰ ਸ਼ਰਮਿੰਦਗੀ ਵੀ ਹੋਈ। ਸ਼ਾਮ ਵੇਲੇ ਮੱਥੂ ਅਪਣੇ ਕਿਸੇ ਦਫ਼ਤਰੀ ਕੰਮ ਲਈ ਬਾਜ਼ਾਰ ਚਲਾ ਗਿਆ ਤੇ ਮੈਂ ਮਕਾਨ ਮਾਲਕਾਂ ਦੇ ਮੁੰਡੇ ਅੱਪਾ ਨਾਲ ਕਾਲੀਕਟ ਬੀਚ 'ਤੇ ਘੁੰਮਣ ਤੁਰ ਪਿਆ। ਬੀ.ਏ. ਦੇ ਪਹਿਲੇ ਸਾਲ 'ਚ ਪੜ੍ਹ ਰਹੇ ਅੱਪਾ ਨੂੰ ਵੀ ਮਲਿਆਲਮ ਤੋਂ ਬਿਨਾਂ ਹੋਰ ਕੋਈ ਭਾਸ਼ਾ ਨਹੀਂ ਸੀ ਆਉਂਦੀ। ਜਿੰਨਾ ਚਿਰ ਅਸੀਂ ਬੀਚ 'ਤੇ ਰਹੇ, ਆਪਸ ਵਿਚ ਇਸ਼ਾਰਿਆਂ ਨਾਲ ਹੀ ਗੱਲਾਂ ਕਰਦੇ ਰਹੇ। ਜਦੋਂ ਅਸੀਂ ਕਿਸੇ ਨੂੰ ਚੰਗੇ ਲਗਦੇ ਹਾਂ ਤਾਂ ਬੋਲੀ ਦਾ ਕੋਈ ਬਹੁਤਾ ਮੱਹਤਵ ਨਹੀਂ ਰਹਿੰਦਾ। ਦਿਲਾਂ ਦੀ ਗੱਲ, ਇਕ ਦੂਜੇ ਤਕ ਪਹੁੰਚਣ ਦਾ ਰਾਹ ਆਪ ਬਣਾ ਲੈਂਦੀ ਹੈ। ਬੀਚ ਤੋਂ ਮੁੜਦਿਆਂ ਮੈਂ ਵੇਖਿਆ ਕਿ ਇਕ ਥਾਂ ਮੁਸਲਮਾਨ ਸਟੇਜ ਲਾ ਕੇ ਕੋਈ ਧਾਰਮਕ ਸਮਾਗਮ ਕਰ ਰਹੇ ਸਨ। ਮੇਰੇ ਲਈ ਹੈਰਾਨੀ ਦੀ ਗੱਲ ਸੀ ਕਿ ਸਮਾਗਮ ਦੀ ਸਾਰੀ ਕਾਰਵਾਈ ਮਲਿਆਲਮ 'ਚ ਹੀ ਚਲਾਈ ਜਾ ਰਹੀ ਸੀ।
ਇਥੋਂ ਤਕ ਕਿ ਬੈਨਰ ਵੀ ਮਲਿਆਲਮ 'ਚ ਹੀ ਲੱਗੇ ਹੋਏ ਸਨ ਜਦ ਕਿ ਪੰਜਾਬ 'ਚ ਹਾਲ ਇਹ ਹੈ ਕਿ ਬੋਲੀ ਨੂੰ ਵੀ ਧਰਮਾਂ ਦੇ ਆਧਾਰ 'ਤੇ ਵੰਡ ਲਿਆ ਗਿਆ ਹੈ। ਹਿੰਦੂਆਂ ਦੇ ਧਾਰਮਕ ਸਮਾਗਮ ਹਿੰਦੀ ਵਿਚ, ਮੁਸਲਮਾਨਾਂ ਦੇ ਉਰਦੂ ਤੇ ਸਿੱਖਾਂ ਦੇ ਪੰਜਾਬੀ 'ਚ ਹੁੰਦੇ ਹਨ। ਮਲਿਆਲੀ ਬੰਦਾ ਅਪਣੀ ਮਾਂ ਬੋਲੀ ਹੀ ਬੋਲੇਗਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ। ਕਾਲੀਕਟ ਤੋਂ ਮੈਂ ਕਨੂਰ ਜ਼ਿਲੇ 'ਚ ਰਹਿੰਦੇ ਅਪਣੇ ਦੋਸਤ ਆਈਸੈਕ ਕੋਲ ਜਾਣਾ ਸੀ। ਦੂਜੇ ਦਿਨ ਮੱਥੂ ਮੈਨੂੰ ਕਨੂਰ ਜਾਣ ਵਾਲੀ ਬੱਸ ਚੜ੍ਹਾਉਣ ਲਈ ਬੱਸ ਅੱਡੇ 'ਤੇ ਗਿਆ। ਕਾਲੀਕਟ ਦੇ ਬੱਸ ਅੱਡੇ 'ਚ ਵੀ ਸੱਭ ਪਾਸੇ ਮਲਿਆਲਮ ਹੀ ਨਜ਼ਰ ਪੈਂਦੀ ਸੀ। ਇਹੀ ਨਹੀਂ ਪੈਪਸੀ ਤੇ ਕੋਕਾ ਕੋਲਾ ਵਰਗੀਆਂ ਵਿਦੇਸ਼ੀ ਕੰਪਨੀਆਂ ਦੀਆਂ ਮਸ਼ਹੂਰੀਆਂ ਵੀ ਮਲਿਆਲਮ 'ਚ ਲਿਖੀਆਂ ਵੇਖੀਆਂ। ਉਦੋਂ ਮੈਨੂੰ ਪੰਜਾਬ ਦੀ ਯਾਦ ਆਈ, ਜਿਥੇ ਸਕੂਲ ਦਾ ਨਾਂ ਤਾਂ 'ਦਸਮੇਸ਼ ਖ਼ਾਲਸਾ ਪਬਲਿਕ ਸਕੂਲ' ਰਖਿਆ ਹੋਵੇਗਾ ਪਰ ਮਜਾਲ ਹੈ ਕਿਤੇ ਕੋਈ ਪੰਜਾਬੀ ਦਾ ਅੱਖਰ ਵਰਤਿਆ ਹੋਵੇ। ਮੱਥੂ ਨੇ ਮੈਨੂੰ ਕਨੂਰ ਜਾਣ ਵਾਲੀ ਬੱਸ ਵਿਚ ਬਿਠਾ ਦਿਤਾ। ਉਸ ਨੇ ਬੱਸ ਚਲਣ ਤੋਂ ਪਹਿਲਾਂ ਮੋਬਾਈਲ 'ਤੇ ਆਈਸੈਕ ਨੂੰ ਮੇਰੇ ਬੱਸ 'ਚ ਬੈਠਣ ਦਾ ਸੁਨੇਹਾ ਦਿਤਾ ਤੇ ਫਿਰ ਸਹੀ ਪਤਾ ਟਿਕਾਣਾ ਦੱਸਣ ਲਈ ਆਈਸੈਕ ਦੀ ਗੱਲ ਬੱਸ ਦੇ ਡਰਾਈਵਰ ਤੇ ਕੰਡਕਟਰ ਨਾਲ ਕਰਵਾਈ ਕਿਉਂ ਜੋ ਡਰਾਈਵਰ ਤੇ ਕੰਡਕਟਰ ਨੂੰ ਵੀ ਮਲਿਆਲਮ ਤੋਂ ਬਿਨਾਂ ਹੋਰ ਕੋਈ ਭਾਸ਼ਾ ਨਹੀਂ ਸੀ ਆਉਂਦੀ। ਮੱਥੂ ਨੇ ਮੈਨੂੰ ਕਿਹਾ ਕਿ ਮੈਂ ਤਸੱਲੀ ਨਾਲ ਸਫ਼ਰ ਕਰਾਂ, ਡਰਾਈਵਰ ਤੇ ਕੰਡਕਟਰ ਨੂੰ ਮੇਰੇ ਉਤਰਨ ਵਾਲੀ ਥਾਂ ਬਾਰੇ ਸਮਝਾ ਦਿਤਾ ਗਿਐ। ਮੈਨੂੰ ਡਰਾਈਵਰ ਤੇ ਕੰਡਕਟਰ ਦੇ ਸਪੁਰਦ ਕਰ ਕੇ ਮੱਥੂ ਨੇ ਮੈਥੋਂ ਵਿਦਾ ਲਈ। ਬੱਸ 'ਚ ਬੈਠੇ ਬੰਦੇ ਮੇਰੀ ਪੱਗ ਕਾਰਨ ਬੜੀ ਦਿਲਚਸਪੀ ਨਾਲ ਮੈਨੂੰ ਵੇਖ ਰਹੇ ਸਨ। ਹੌਲੀ-ਹੌਲੀ ਬੱਸ ਭਰ ਗਈ ਤੇ ਮੰਜ਼ਲ ਵਲ ਤੁਰ ਪਈ। ਛੇਤੀ ਹੀ ਬੱਸ ਸ਼ਹਿਰ 'ਚੋਂ ਨਿਕਲ ਕੇ ਪੇਂਡੂ ਇਲਾਕੇ ਵਿਚ ਪਹੁੰਚ ਗਈ।
ਸੜਕ ਦੇ ਦੋਵੇਂ ਪਾਸੇ ਨਾਰੀਅਲ ਤੇ ਰਬੜ ਦੇ ਰੁੱਖਾਂ ਨਾਲ ਭਰੇ ਹੋਏ ਸਨ। ਕਈ ਘਰਾਂ ਦੀਆਂ ਛੱਤਾਂ 'ਚੋਂ ਵੀ ਰੁੱਖ ਬਾਹਰ ਨਿਕਲੇ ਹੋਏ ਸਨ। ਜਦੋਂ ਘੰਟੇ ਕੁ ਦਾ ਸਫ਼ਰ ਹੋ ਗਿਆ ਤਾਂ ਮੈਂ ਇਸ਼ਾਰਿਆਂ ਨਾਲ ਬੱਸ ਦੇ ਕੰਡਕਟਰ ਨੂੰ ਅਪਣੀ ਮੰਜ਼ਲ ਬਾਰੇ ਪੁਛਿਆ। ਉਸ ਨੇ ਪੰਜ ਉਂਗਲਾਂ ਖੜੀਆਂ ਕਰ ਕੇ ਦਸਿਆ ਕਿ ਹਾਲੇ ਪੰਜ ਅੱਡੇ ਹੋਰ ਰਹਿੰਦੇ ਹਨ। ਅਗਲੇ ਇਕ ਘੰਟੇ ਤਕ ਮੈਂ ਉਸ ਨਾਲ ਇਸ਼ਾਰਿਆਂ 'ਚ ਹੀ ਗੱਲਬਾਤ ਕਰਦਾ ਰਿਹਾ। ਆਖ਼ਰ ਘੰਟੇ ਪਿਛੋਂ ਮੇਰੀ ਮੰਜ਼ਲ ਆ ਗਈ।
ਚੁੰਗਨਕੁਨੂੰ ਵਿਖੇ ਜਦੋਂ ਬੱਸ ਰੁਕੀ ਤਾਂ ਮੇਰੇ ਦੋਸਤ ਆਈਸੈਕ ਦੀਆਂ ਗਲਵੱਕੜੀਆਂ ਮੇਰੀ ਉਡੀਕ ਕਰ ਰਹੀਆਂ ਸਨ। ਆਈਸੈਕ ਪੰਜ ਕੁ ਸਾਲ ਪਹਿਲਾਂ ਅਗਰਤਲੇ 'ਚ ਲੱਗੇ ਕੌਮੀ ਏਕਤਾ ਕੈਂਪ ਵਿਚ ਮੇਰਾ ਦੋਸਤ ਬਣਿਆ ਸੀ। ਹੁਣ ਅਸੀਂ ਇਕ ਵਾਰ ਫਿਰ ਮਿਲ ਰਹੇ ਸਾਂ। ਆਈਸੈਕ ਦੇ ਘਰ ਪਹੁੰਚੇ ਤਾਂ ਉਸ ਨੇ ਦਸਿਆ ਕਿ ਅੱਜ ਆਲੇ-ਦੁਆਲੇ ਦੇ ਇਲਾਕੇ ਵਿਚ ਇਸ ਗੱਲ ਦਾ ਸੱਭ ਨੂੰ ਪਤਾ ਹੈ ਕਿ ਇਕ ਸਰਦਾਰ ਬੰਦਾ ਪੰਜਾਬ ਤੋਂ ਆ ਰਿਹਾ ਹੈ। ਸਰੀਰ ਤਾਂ ਮੇਰਾ ਅਜਿਹਾ ਹੈ ਕਿ ਕਾਂ ਲੈ ਕੇ ਉਡ ਜਾਵੇ ਪਰ ਪੱਗ ਕਾਰਨ ਜਿਹੜਾ ਮਾਣ ਮੈਨੂੰ ਉਥੇ ਮਿਲਿਆ, ਉਸ ਦੀ ਯਾਦ ਅੱਜ ਵੀ ਰੂਹ ਨਸ਼ਿਆ ਦਿੰਦੀ ਹੈ। ਆਈਸੈਕ ਮੈਨੂੰ ਇਕ ਦਿਨ ਅਪਣੇ ਪੁਰਾਣੇ ਸਕੂਲ 'ਚ ਲੈ ਗਿਆ। ਵਿਦਿਆਰਥੀਆਂ ਨੇ ਮੈਨੂੰ ਵੇਖ ਕੇ ਮੇਰੇ ਆਲੇ ਦੁਆਲੇ ਝੁਰਮਟ ਪਾ ਲਿਆ। ਗੱਲ ਕਰਨ ਲਈ ਉਤਾਵਲੇ ਹੋਏ ਬੱਚਿਆਂ ਤੇ ਮੇਰੇ ਦਰਮਿਆਨ ਭਾਸ਼ਾ ਦੀ ਕੰਧ ਖੜੀ ਹੋ ਗਈ। ਆਈਸੈਕ ਨੇ ਸਾਡੀ ਵਿਚੋਲਗੀ ਕੀਤੀ। ਉਹ ਬੱਚਿਆਂ ਦੇ ਮਲਿਆਲਮ 'ਚ ਪੁਛੇ ਸਵਾਲਾਂ ਦਾ ਅੰਗਰੇਜ਼ੀ 'ਚ ਤਰਜਮਾ ਕਰ ਕੇ ਮੈਨੂੰ ਦਸਦਾ। ਇਸ ਤਰ੍ਹਾਂ ਮੇਰੇ ਜਵਾਬਾਂ ਨੂੰ ਮਲਿਆਲਮ 'ਚ ਬਦਲ ਕੇ ਬੱਚਿਆਂ ਨੂੰ ਸਮਝਾਉਂਦਾ। ਬੱਚਿਆਂ ਨੇ ਸੱਭ ਤੋਂ ਵੱਧ ਸਵਾਲ ਮੇਰੀ ਪੱਗ ਬਾਰੇ ਕੀਤੇ। ਉਹ ਦੰਗ ਰਹਿ ਗਏ ਕਿ ਮੈਂ ਐਨੀ ਗਰਮੀ 'ਚ ਸੱਤ ਅੱਠ ਮੀਟਰ ਕੱਪੜਾ ਕਿਵੇਂ ਅਪਣੇ ਸਿਰ 'ਤੇ ਬੰਨ੍ਹੀ ਫਿਰਦੈਂ। ਕੇਰਲਾ 'ਚ ਉਸ ਸਮੇਂ ਚੰਗੀ ਗਰਮੀ ਪੈ ਰਹੀ ਸੀ। ਮੈਂ ਉਨ੍ਹਾਂ ਨੂੰ ਪੱਗ ਦੇ ਇਤਿਹਾਸ ਅਤੇ ਇਸ ਨਾਲ ਜੁੜੇ ਵਿਰਸੇ ਬਾਰੇ ਜਾਣੂ ਕਰਵਾਇਆ। ਮੈਨੂੰ ਸੱਭ ਤੋਂ ਵੱਧ ਹੈਰਾਨੀ ਉਥੇ ਇਸ ਗੱਲ ਦੀ ਹੋਈ ਕਿ ਵਿਦਿਆਰਥੀ ਹਿੰਦੀ ਇਕ ਵਿਸ਼ੇ ਦੇ ਤੌਰ 'ਤੇ ਤਾਂ ਪੜ੍ਹ ਰਹੇ ਸਨ ਪਰ ਉਹ ਉਸ ਦਾ ਇਕ ਅੱਖਰ ਵੀ ਬੋਲਣ ਦੇ ਕਾਬਲ ਨਹੀਂ ਸਨ। ਇਹ ਬਿਲਕੁਲ ਉਸ ਤਰ੍ਹਾਂ ਦੀ ਹਾਲਤ ਸੀ ਜਿਵੇਂ ਪੰਜਾਬ 'ਚ ਵਿਦਿਆਰਥੀ ਅੰਗਰੇਜ਼ੀ ਇਕ ਵਿਸ਼ੇ ਦੇ ਤੌਰ 'ਤੇ ਪੜ੍ਹਦੇ ਹਨ ਪਰ ਅੰਗਰੇਜ਼ੀ ਦਾ ਇਕ ਅੱਖਰ ਬੋਲਣ ਜੋਗੇ ਨਹੀਂ ਹੁੰਦੇ। ਸਕੂਲ ਦੇ ਵਿਦਿਆਰਥੀਆਂ ਨਾਲ ਬਿਤਾਏ ਪਲ ਮੇਰੀ ਜ਼ਿੰਦਗੀ ਦੀਆਂ ਸੁਲੱਖਣੀਆਂ ਯਾਦਾਂ ਬਣ ਗਏ।
ਸਾਡੇ ਇਥੇ ਜਿਵੇਂ ਥਾਂ ਥਾਂ 'ਤੇ ਹਿੰਦੀ ਫ਼ਿਲਮਾਂ ਦੇ ਪੋਸਟਰ ਲੱਗੇ ਹੁੰਦੇ ਹਨ। ਉਧਰ ਹਿੰਦੀ ਫ਼ਿਲਮਾਂ ਤੇ ਇਨ੍ਹਾਂ ਦੇ ਅਦਾਕਾਰਾਂ ਨੂੰ ਕੋਈ ਜਾਣਦਾ ਵੀ ਨਹੀਂ। ਮੈਂ ਆਈਸੈਕ ਨੂੰ ਪੁਛਿਆ ਕਿ ਉਹ ਸੰਨੀ ਦਿਉਲ ਨੂੰ ਜਾਣਦਾ ਹੈ ਤਾਂ ਉਸ ਨੇ ਨਾਂਹ 'ਚ ਸਿਰ ਫੇਰਿਆ ਜਦ ਕਿ ਸਾਡੇ ਇਥੇ ਕਿਸੇ ਜੱਟ ਦਾ ਤੂੜੀ ਵਾਲਾ ਕੋਠਾ ਹੋਵੇਗਾ, ਗੋਹੇ 'ਚ ਲਿਬੜੀ ਮੱਝ ਖੜੀ ਹੋਵੇਗੀ ਤੇ ਕੰਧ ਉਪਰ ਐਸ਼ਵਰਿਆ ਰਾਏ ਦਾ ਕੈਲੰਡਰ ਟੰਗਿਆ ਆਮ ਮਿਲ ਜਾਂਦੈ। ਇਕ ਦਿਨ ਮੈਂ ਆਈਸੈਕ ਨਾਲ ਜਨਤਕ ਥਾਂ 'ਤੇ ਖੜਾ ਸੀ ਕਿ ਮੇਰੇ ਕੰਨਾਂ 'ਚ ਠੇਠ ਪੰਜਾਬੀ ਦੀ ਆਵਾਜ਼ ਪਈ, ''ਭਾਅ ਜੀ! ਕੀ ਹਾਲ ਨੇ?'' ਮੈਨੂੰ ਬਹੁਤ ਹੈਰਾਨੀ ਹੋਈ ਕਿ ਜਿਥੇ ਹਿੰਦੀ ਤੇ ਅੰਗਰੇਜ਼ੀ ਦਾ ਵੀ ਕੋਈ ਸ਼ਬਦ ਕੰਨ 'ਚ ਪਾਇਆ ਨਹੀਂ ਰੜਕਦਾ, ਉਥੇ ਪੰਜਾਬੀ ਕਿਥੋਂ ਆ ਗਈ? ਮੈਂ ਹਾਲੇ ਆਲੇ ਦੁਆਲੇ ਵੇਖ ਹੀ ਰਿਹਾ ਸਾਂ ਕਿ ਇਕ ਅਧਖੜ ਉਮਰ ਦਾ ਬੰਦਾ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗਾ, ''ਹੋਰ ਸੁਣਾਉ, ਕਿਥੋਂ ਆਈਆਂ ਜੇ ਫ਼ੌਜਾਂ?'' ਉਸ ਦੀ ਅੰਮ੍ਰਿਤਸਰੀ ਪੰਜਾਬੀ ਮੇਰੇ ਕੰਨਾਂ 'ਚ ਰਸ ਘੋਲ ਗਈ। ਜਦੋਂ ਮੈਂ ਪੁਛਿਆ, ''ਉਹ ਪੰਜਾਬੀ ਕਿਵੇਂ ਜਾਣਦੈ? ਤਾਂ ਉਸ ਨੇ ਦਸਿਆ ਕਿ ਬੀ.ਐਸ.ਐਫ਼. ਵਿਚ ਹੁੰਦੇ ਸਮੇਂ ਉਸ ਨੇ ਕਾਫ਼ੀ ਸਮਾਂ ਪੰਜਾਬ ਦੇ ਸਰਹੱਦੀ ਇਲਾਕੇ 'ਚ ਡਿਊਟੀ ਕੀਤੀ, ਜਿਥੋਂ ਉਸ ਨੂੰ ਪੰਜਾਬੀ ਦੀ ਗੁੜ੍ਹਤੀ ਮਿਲੀ। ਇਕ ਮਲਿਆਲੀ ਦੇ ਮੂੰਹੋਂ ਅਪਣੀ ਮਾਂ ਬੋਲੀ ਸੁਣ ਕੇ ਸਿਰ ਮਾਣ ਨਾਲ ਉੱਚਾ ਹੋ ਗਿਆ।
ਇਕ ਹਫ਼ਤਾ ਰਬੜ ਦੇ ਰੁੱਖਾਂ ਤੇ ਅਪਣੀ ਮਾਂ ਬੋਲੀ ਨੂੰ ਜਨੂਨ ਦੀ ਹੱਦ ਤਕ ਪਿਆਰ ਕਰਨ ਵਾਲੇ ਮਲਿਆਲੀਆਂ 'ਚ ਰਹਿ ਕੇ ਜਦੋਂ ਮੈਂ ਪੰਜਾਬ ਨੂੰ ਚਾਲੇ ਪਾਏ ਤਾਂ ਮੈਨੂੰ ਇੰਜ ਜਾਪਿਆ ਜਿਵੇਂ ਮੈਂ ਗ਼ੁਲਾਮ ਲੋਕਾਂ ਦੀ ਧਰਤੀ ਵਲ ਪਰਤ ਰਿਹਾ ਹੋਵਾਂ।
 
Top