Paras sahib de jeevan te jhaat paunda ik lekh

Paras sahib de jeevan te jhaat paunda ik lekhParas sahib de jeevan te jhaat paunda ik lekh


ਅੱਜ ਦੀ ਸ਼ੋਰ-ਸ਼ਰਾਬੇ ਭਰੇ ਸੰਗੀਤ ਤੇ ਪੈਸੇ ਦੇ ਜ਼ੋਰ ਵਾਲੀ ਗਾਇਕੀ, ਅਰਥ-ਵਿਹੂਣੀ ਗੀਤਕਾਰੀ ਅਤੇ ਚੈਨਲਾਂ ਦੀ ਆਮਦ ਸਦਕਾ ਨੰਗੇਜਤਾ ਭਰਪੂਰ ਵੀਡੀਓ ਫ਼ਿਲਮਾਂਕਣ ਦੇ ਇਸ ਦੌਰ ਨੇ ਸਾਨੂੰ ਸਾਡੀ ਵਿਰਾਸਤ ਤੋਂ ਡਾਹਢਾ ਦੂਰ ਕਰ ਦਿੱਤਾ ਹੈ। ਸਾਡੀ ਨੌਜਵਾਨ ਪੀੜ੍ਹੀ ਤਾਂ ਸਾਡੇ ਪੁਰਾਤਨ ਲੋਕ ਸਾਜਾਂ, ਰਿਵਾਇਤੀ ਗਾਇਕੀ ਅਤੇ ਸਾਡੇ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਤੋਂ ਪੂਰੀ ਤਰ੍ਹਾਂ ਅਣਭਿੱਜ ਹੈ। ਸਿਆਣੇ ਕਹਿੰਦੇ ਨੇ ਜਿਹੜੀਆਂ ਕੌਮਾਂ ਆਪਣੇ ਅਤੀਤ, ਆਪਣੇ ਵਿਰਸੇ ਨੂੰ ਭੁਲਾ ਦਿੰਦੀਆਂ ਹਨ, ਉਹ ਬਹੁਤੀ ਦੇਰ ਆਪਣੀ ਪਹਿਚਾਣ ਕਾਇਮ ਨਹੀਂ ਰੱਖ ਸਕਦੀਆਂ। ਪੱਛਮ ਦਾ ਜੋ ਖੁੱਲ੍ਹਾਪਣ ਸਾਡੀ ਮਾਣ ਅਤੇ ਸੁਹਜ ਭਰੀ ਵਿਰਾਸਤ ਉੱਪਰ ਹਾਵੀ ਹੋ ਰਿਹਾ ਹੈ। ਇਹ ਬੜਾ ਦੁੱਖਦਾਇਕ ਪਹਿਲੂ ਹੈ। ਸਾਨੂੰ ਆਪਣਾ ਵਿਰਸਾ, ਆਪਣਾ ਸੱਭਿਆਚਾਰ ਹਨੇਰ ਕੋਠੜੀ 'ਚ ਆਲੋਪ ਨਹੀਂ ਹੋਣ ਦੇਣਾ ਚਾਹੀਦਾ। ਸਾਨੂੰ ਦੱਸਣਾ ਚਾਹੀਦਾ ਹੈ ਆਪਣੀ ਨੌਜਵਾਨ ਪੀੜ੍ਹੀ ਨੂੰ ਕਿ ਅੱਜ ਦੀ ਗਾਇਕੀ 'ਚੋ ਉਹ ਕੰਨ ਰਸ, ਉਹ ਆਨੰਦ ਨਹੀਂ ਮਿਲਦਾ ਜੋ ਮੇਲਿਆਂ 'ਚ ਕਵੀਸ਼ਰਾਂ ਵੱਲੋਂ ਗੋਲ ਦਾਇਰਾ ਬਣਾ ਕੇ ਬਿਠਾਏ ਲੋਕਾਂ ਦੇ ਇਕੱਠ ਵਿਚਾਲੇ ਖੜ੍ਹ ਯੋਧਿਆਂ ਦੀਆਂ ਵਾਰਾਂ ਤੇ ਲੋਕ ਗਾਥਾਵਾਂ ਪੇਸ਼ ਕਰਕੇ ਪੈਦਾ ਕੀਤਾ ਜਾਂਦਾ ਸੀ। ਜਥੇ ਦਾ ਮੋਢੀ ਗੱਲ ਦੀ ਭੂਮਿਕਾ ਆਪਣੀ ਠੁੱਕਦਾਰ ਸ਼ਬਦਾਵਲੀ 'ਚ ਬੰਨਣ ਉਪਰੰਤ ਸਾਥੀਆਂ ਲਈ ਮੈਦਾਨ ਛੱਡ ਦਿੰਦਾ। ਜੋ ਬਿਨਾਂ ਸਾਜਾਂ ਦੇ ਹੀ ਅਜਿਹਾ ਰੰਗ ਬੰਨ੍ਹਦੇ ਕਿ ਲੋਕੀਂ ਘੰਟਿਆਂ-ਬੱਧੀ ਮੰਤਰ-ਮੁਘਧ ਹੋਏ ਸੁਣੀ ਜਾਂਦੇ ਤੇ ਸਵਾਦ ਭੰਗ ਹੋਣ ਦੇ ਡਰੋ ਪਿਸ਼ਾਬ ਕਰਨ ਵੀ ਨਹੀਂ ਉੱਠਦੇ ਸਨ। ਹੋਰਨਾਂ ਤੋਂ ਇਲਾਵਾ ਸ. ਕਰਨੈਲ ਸਿੰਘ ਪਾਰਸ ਲੋਕ ਦਿਲਾਂ 'ਚ ਬੜੀ ਡੂੰਘੀ ਥਾਂ ਬਣਾਉਣ ਵਾਲੇ ਕਵੀਸ਼ਰ ਹੋਏ ਹਨ। ਜਿੰਨ੍ਹਾਂ ਹਮੇਸ਼ਾਂ ਸੱਚ ਦੇ ਨੇੜੇ ਦੀਆਂ ਤਰਕ ਭਰਪੂਰ ਗੱਲਾਂ ਆਪਣੀਆਂ ਰਚਨਾਵਾਂ ਵਿੱਚ ਬੜੇ ਵਧੀਆ ਤਰੀਕੇ ਨਾਲ ਕੀਤੀਆਂ ਹਨ। ਉਨ੍ਹਾਂ ਦੀਆਂ ਲਿਖੀਆਂ ਰਚਨਾਵਾਂ ਦੀ ਸਮਰੱਥਾ ਦੇਖੋ, ਅੱਜ ਵੀ ਜੇ ਕਿਸੇ ਕਲਾਕਾਰ ਨੇ ਰਿਕਾਰਡ ਕਰਵਾਈਆਂ ਤਾਂ ਮਣਾਂ-ਮੂੰਹੀਂ ਪਿਆਰ ਲੋਕਾਂ ਵੱਲੋਂ ਉਸਦੀ ਗਾਇਕੀ ਨੂੰ ਮਿਲਿਆ। ਪੰਜਾਬੀ ਸਾਹਿਤ ਜਗਤ ਨੂੰ ਆਪਣੀ ਵਡਮੁੱਲੀ ਦੇਣ ਬਦਲੇ, ਪੰਜਾਬ ਸਰਕਾਰ ਤੋਂ ਸ਼੍ਰੋਮਣੀ ਕਵੀਸ਼ਰ ਦਾ ਪੁਰਸ਼ਕਾਰ ਪ੍ਰਾਪਤ ਕਰਨ ਵਾਲਾ ਇਹ ਮਹਾਨ ਕਵੀਸ਼ਰ ਉਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਅਤੇ ਹੁਣ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਰ੍ਹਾਝ ਵਿਖੇ ਦਿਨ ਬੁੱਧਵਾਰ, ਪੁੰਨਿਆਂ ਦੀ ਰਾਤ ਨੂੰ ਆਪਣੇ ਨਾਨਕੇ ਘਰ ਜਨਮਿਆਂ। ਆਪਣੇ ਪਿਤਾ ਸ. ਤਾਰਾ ਸਿੰਘ ਅਤੇ ਮਾਤਾ ਸ੍ਰ਼ੀਮਤੀ ਰਾਮ ਕੌਰ (ਰਾਮੀ) ਦੇ ਘਰ ਜੇਠੇ ਪੁੱਤਰ ਵਜੋਂ ਜਨਮ ਲੈਣ ਵਾਲੇ ਕਰਨੈਲ ਸਿੰਘ ਦਾ ਪਹਿਲਾ ਨਾਮ ਗ਼ਮਦੂਰ ਸਿੰਘ ਰੱਖਿਆ ਗਿਆ ਸੀ। ਫਿਰ ਪਤਾ ਨਹੀਂ ਕਿਉਂ ਬਦਲਕੇ ਉਸਦਾ ਨਾਮ ਕਰਨੈਲ ਸਿੰਘ ਰੱਖ ਦਿੱਤਾ ਗਿਆ। ਕਰਨੈਲ ਸਿੰਘ ਦਾ ਬਾਪ ਤੇ ਚਾਚਾ ਦੋ ਭਰਾ ਸਨ ਤੇ ਦੋਵਾਂ ਨੂੰ ਛੱਤੀ ਕੁ ਘੁਮਾਂ ਜ਼ਮੀਨ ਆਉਂਦੀ ਸੀ। ਉਸ ਸਮੇਂ ਚੰਗੀ ਜ਼ਮੀਨ-ਜਾਇਦਾਦ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਨ ਭੇਜਣਾ ਚੰਗਾ ਨਹੀਂ ਸਨ ਮੰਨਦੇ। ਪਰ ਕਰਨੈਲ ਸਿੰਘ ਦਾ ਦਿਲ ਕਰਦਾ ਕਿ ਉਹ ਵੀ ਆਪਣੇ ਹਾਣੀਆਂ ਵਾਂਗ ਪਿੰਡ ਦੇ ਡੇਰੇ 'ਚ ਪੜ੍ਹਨ ਲਈ ਜਾਵੇ। ਤੇ ਉਹ ਹਮ ਉਮਰਾਂ ਤੋਂ ਊੜਾ-ਆੜਾ ਸਿੱਖਣ ਲੱਗ ਪਿਆ। ਸ਼ੁਰੂ ਤੋਂ ਹੀ ਤੇਜ਼ ਬੁੱਧੀ ਦਾ ਮਾਲਿਕ ਹੋਣ ਕਾਰਨ ਉਹ ਕੁੱਝ ਦਿਨਾਂ 'ਚ ਹੀ ਪੈਂਤੀ ਸਿੱਖ ਗਿਆ ਤਾਂ ਉਸਦੀ ਦਾਦੀ ਭੋਲੀ ਉਸਨੂੰ ਡੇਰੇ 'ਚ ਪੜ੍ਹਾਉਂਦੇ ਧੂੜਕੋਟ ਦੇ ਜੰਮਪਲ, ਕਾਂਸੀ ਤੋਂ ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਨੇਤਰਹੀਣ ਮਹੰਤ ਬਾਬਾ ਕਿਸ਼ਨਾਨੰਦ ਜੀ ਕੋਲ ਛੱਡ ਆਈ। ਜਿੰਨ੍ਹਾਂ ਉਸਤੋਂ ਇੱਕ ਰੁਪੱਈਆ ਮੱਥਾ ਟਿਕਵਾ ਪੰਜ ਪੌੜੀਆਂ ਦਾ ਪਾਠ ਯਾਦ ਕਰਨ ਲਈ ਦੇ ਦਿੱਤਾ। ਜੋ, ਕਰਨੈਲ ਸਿੰਘ ਨੇ ਕੁੱਝ ਹੀ ਘੰਟਿਆਂ 'ਚ ਚੇਤੇ ਕਰ ਲਿਆ ਤੇ ਉਹ ਹੋਰ ਪਾਠ ਦੇਣ ਲਈ ਮੰਗ ਕਰਨ ਲੱਗ ਗਿਆ। ਅਖੀਰ ਉਨ੍ਹਾਂ, ਪੰਜ ਪੌੜੀਆਂ ਦਾ ਪਾਠ ਉਸਨੂੰ ਹੋਰ ਦੇ ਦਿੱਤਾ। ਜਿਸਨੂੰ ਕੁੱਝ ਸਮੇਂ ਬਾਅਦ ਹੀ ਯਾਦ ਕਰਨ ਉਪਰੰਤ ਸੁਣਾ ਕਰਨੈਲ ਸਿੰਘ ਨੇ ਆਪਣੀ ਤੀਖਣ ਬੁੱਧੀ ਦਾ ਸਬੂਤ ਦਿੱਤਾ ਤਾਂ ਮਹੰਤ ਜੀ ਨੇ ਥਾਪੜਾ ਦਿੰਦਿਆਂ ਕਿਹਾ 'ਤੂੰ ਤਾਂ ਬਈ ਪਾਰਸ ਹੈਂ ਸੱਚ-ਮੁੱਚ ਦਾ ਪਾਰਸ ਜੋ ਮਗਰੋਂ ਆਕੇ ਪਹਿਲੋਂ ਸਿੱਖ ਗਿਆ।' ਉਸ ਦਿਨ ਤੋਂ ਕਰਨੈਲ ਸਿੰਘ ਦੇ ਨਾਮ ਨਾਲ ਪਾਰਸ ਤਖ਼ੱਲਸ ਪੱਕੇ ਤੌਰ 'ਤੇ ਜੁੜ ਗਿਆ। ਚੌਂਦਾ ਕੁ ਵਰ੍ਹਿਆਂ ਦੀ ਉਮਰ ਵਿੱਚ ਹੀ ਕਰਨੈਲ ਸਿੰਘ ਦੇ ਬਾਪ ਦੀ ਮੌਤ ਹੋ ਗਈ। ਜਿਸ ਦਾ ਗ਼ਮ ਨਾ ਸਹਾਰਦੀ ਹੋਈ ਦਸ ਕੁ ਮਹੀਨਿਆਂ ਬਾਅਦ ਹੀ ਉਸਦੀ ਮਾਂ ਵੀ ਚੱਲ ਵਸੀ। ਤੇ ਇਹ ਭੋਲਾ-ਭਾਲਾ ਬਾਲ ਤਿੰਨ ਭੈਣਾਂ ਦਾ, ਤੇ ਇਸ ਦਾ ਆਸਰਾ ਇਸ ਤੋਂ ਸਿਰਫ਼ ਸੱਤ ਕੁ ਵਰ੍ਹੇ ਵੱਡਾ ਉਸਦਾ ਚਾਚਾ ਬਣ ਗਿਆ। ਕਬੀਲਦਾਰੀ ਦਾ ਬੋਝ ਉਸਦੇ ਮੋਢਿਆਂ ਉੱਪਰ ਆ ਪਿਆ। ਤੰਗੀਆਂ-ਤੁਰਸੀਆਂ ਕੱਟਦਾ ਉਹ ਆਪਣਾ ਤੇ ਆਪਣੀਆਂ ਭੈਣਾਂ ਦਾ ਪੇਟ ਪਾਲਦਾ ਗਿਆ। ਬਚਪਨ ਤੋਂ ਹੀ ਕਵੀਸ਼ਰਾਂ ਦੇ ਗੌਣ ਸੁਣਨ ਦਾ ਸ਼ੌਕੀਨ ਵੀ ਉਹ ਹੋ ਗਿਆ ਸੀ। ਉਨ੍ਹਾਂ ਵੱਲੋਂ ਪੇਸ਼ ਕੀਤੀਆਂ ਵੰਨਗੀਆਂ 'ਚੋਂ ਕੁੱਝ ਯਾਦ ਰੱਖ ਉਹ ਆਪਣੇ ਹਾਣੀਆਂ ਤੇ ਘਰ-ਪਰਿਵਾਰ ਵਾਲਿਆਂ ਨੂੰ ਬੜੇ ਉਤਸਾਹ ਨਾਲ ਸੁਣਾਉਂਦਾ ਤੇ ਗੁਣਗੁਣਾਉਂਦਾ ਰਹਿੰਦਾ। ਗੱਲਾਂ ਕਰਦਿਆਂ ਟੋਟਕੇ ਸੁਣਾਉਣਾ ਵੀ ਉਸ ਦਾ ਸੁਭਾਅ ਬਣ ਗਿਆ। ਇੱਕ ਦਿਨ ਤੂੜੀ ਵਾਲੇ ਕੋਠੇ ਵਿੱਚ ਫਰੋਲਾ-ਫਰਾਲੀ ਕਰਦਿਆਂ ਇੱਕ ਮੂੰਹ ਬੰਨੇ ਵਾਲੀ ਬੋਰੀ ਮਿਲੀ ਜਿਸ ਵਿੱਚ ਮਿੱਟੀ ਘੱਟੇ ਨਾਲ ਭਰੀਆਂ ਵਾਰਿਸ ਸ਼ਾਹ, ਮੁਕਬਲ ਅਤੇ ਦਮੋਦਰ ਤਿੰਨੇ ਕਿੱਸਾਕਾਰਾਂ ਦੁਆਰਾ ਰਚੀਆਂ ਹੀਰਾਂ ਅਤੇ ਹੋਰ ਕਿੱਸੇ ਵੀ ਪਏ ਸਨ। ਜੋ ਪਾਰਸ ਦੇ ਹੀਰਾਂ ਪੜ੍ਹਨ ਦੇ ਸ਼ੌਕੀਨ ਦਾਦਾ ਹਰਨਾਮ ਸਿੰਘ ਵੱਲੋਂ ਰੱਖੇ ਹੋਏ ਸਨ। ਪਾਰਸ ਨੇ ਹੀਰ ਦੇ ਇਹਨਾਂ ਕਿਸਿੱਆਂ ਦਾ ਕਈ-ਕਈ ਵਾਰ ਪਾਠ ਕਰਕੇ ਸੰਭਾਲ ਰੱਖ ਲਏ। ਜਿਸ ਸਦਕਾ ਉਸਦੀ ਸੋਚ ਹੋਰ ਪ੍ਰਚੰਡ ਹੋਈ ਤੇ ਉਸਦਾ ਸ਼ਾਬਦਿਕ ਭੰਡਾਰ ਵੀ ਵਧ ਗਿਆ। ਛੰਦਾਂ-ਬੰਦੀ ਦਾ ਵੀ ਥੋੜ੍ਹਾ ਬਹੁਤ ਗਿਆਨ ਹੋ ਗਿਆ। ਵਿਹਲਾ ਫਿਰਦਾ ਜਾਂ ਕੰਮ ਧੰਦੇ ਲੱਗਿਆ ਹੁਣ ਉਹ ਤੁੱਕ ਬੰਦੀ ਕਰਦਾ ਰਹਿੰਦਾ। ਜੋ ਪਿੰਡ ਦੀ ਸੱਥ 'ਚ ਬੈਠੇ ਲੋਕਾਂ ਨੂੰ ਸੁਣਾਕੇ ਸਾਬਾਸ਼ ਪ੍ਰਾਪਤ ਕਰਦਾ। ਖੁਸ਼ ਹੋ ਕਈ ਵਾਰ ਉਸਨੂੰ ਚੁਆਨੀ-ਅਠਿਆਨੀ ਇਨਾਮ ਵੀ ਬਜ਼ੁਰਗ ਦੇ ਦਿੰਦੇ। ਪਿੰਡ ਦੇ ਲੋਕ ਉਸਨੂੰ ਪਿਆਰ ਕਰਨ ਲੱਗੇ। ਛੰਦਾ-ਬੰਦੀ ਦੇ ਨਾਲ-ਨਾਲ ਪਾਰਸ ਦੌੜਨ ਦਾ ਵੀ ਬੜਾ ਸ਼ੌਕੀਨ ਸੀ। ਰਿਸ਼ਤੇਦਾਰੀਆਂ ਤੇ ਮੇਲਿਆਂ ਆਦਿ 'ਤੇ ਜਾਣ ਸਮੇਂ ਅਕਸਰ ਉਹ ਭੱਜਕੇ ਹੀ ਚਲਿਆ ਜਾਂਦਾ। ਇੱਕ ਵਾਰ ਮੁਕਤਸਰ ਮੇਲੇ 'ਤੇ ਉਸ ਮੋਹਨ ਸਿੰਘ ਰੋਡਿਆਂ ਵਾਲੇ ਦੇ ਜਥੇ ਦਾ ਪ੍ਰੋਗਰਾਮ ਸੁਣਿਆਂ। ਜੋ ਉਸਨੂੰ ਬਹੁਤ ਪਸੰਦ ਆਇਆ, ਤੇ ਉਸ ਮੋਹਨ ਸਿੰਘ ਨੂੰ ਮਿਲਣ ਦੀ ਠਾਣ ਜਦ ਉਸਦੇ ਰੂਬਰੂ ਹੋਇਆ ਤੇ ਆਪਣੇ ਮਨ ਦੀ ਗੱਲ ਲਿਖਣ ਬਾਰੇ ਰੁਚੀ ਹੋਣਾ ਮੋਹਨ ਸਿੰਘ ਨਾਲ ਸਾਂਝੀ ਕੀਤੀ ਤਾਂ ਉਸ ਆਪਣਾ ਲਿਖਿਆ ਕੁੱਝ ਸੁਣਾਉਣ ਲਈ ਕਿਹਾ। ਤੇ ਪਾਰਸ ਨੇ ਇਹ ਬੋਲ ਤੁਰੰਤ ਜੋੜਕੇ ਸੁਣਾਏ : ਨਿੱਤ-ਨਿੱਤ ਕੱਠੀਆਂ ਨਾ ਹੋਣਾਂ ਰੂਹਾਂ ਨੇ ਗਤੀ ਦਾ ਆਉਂਦਾ ਵੇਗ ਨਹੀਂ ਬੰਦੇ ਮਿਲ ਪੈਣ, ਮਿਲਣਾ ਨਹੀਂ ਖੂਹਾਂ ਨੇ ਸਕਦਾ ਹੋ ਨੇਮ ਨਹੀਂ ਵਸਦੇ ਜਹਾਨ 'ਚ ਭਰਦੇ ਮਿਠਾਸ ਸ਼ਾਇਰਾਂ ਦੀ ਜ਼ੁਬਾਨ 'ਚ....... ਜਿਸਨੂੰ ਸੁਣਕੇ ਮੋਹਨ ਸਿੰਘ ਬਹੁਤ ਖੁਸ਼ ਹੋਇਆ ਤੇ ਫਿਰ ਪੂਰਨ ਰਿਵਾਇਤ ਅਨੁਸਾਰ ਪਾਰਸ ਨੇ ਉਸਨੂੰ ਉਸਤਾਦ ਧਾਰਕੇ, ਉਸਦੇ ਜਥੇ ਵਿੱਚ ਹੀ ਰਲ ਗਿਆ। ਇਸ ਲਾਈਨ 'ਚ ਵਿਚਰਦਿਆਂ ਪਾਰਸ ਨੂੰ ਹੋਰ ਸੂਝ ਆਉਂਦੀ ਗਈ। ਉਹ ਆਪਣੀਆਂ ਰਚਨਾਵਾਂ 'ਤੇ ਹੋਰ ਨਿਖਾਰ ਲਿਆਉਣ ਲੱਗਿਆ। ਤੇ ਫਿਰ ਮੋਹਨ ਸਿੰਘ ਆਪਣੇ ਜਥੇ ਤੋਂ ਪਾਰਸ ਦੀਆਂ ਲਿਖੀਆਂ ਰਚਨਾਵਾਂ ਪੇਸ਼ ਕਰਵਾਉਣ ਲੱਗ ਪਿਆ। ਮੋਹਨ ਸਿੰਘ ਦੇ ਜਥੇ 'ਚ ਰਹਿੰਦਿਆਂ ਪਾਰਸ ਅਖਾੜਾ ਬੰਨਣ ਦਾ ਢੰਗ ਤੇ ਕਵਿਤਾ ਆਦਿ ਪੇਸ਼ ਕਰਨ ਦੇ ਸਭ ਜ਼ਰੂਰੀ ਨੁਕਤੇ ਸਿੱਖ ਗਿਆ। ਮੋਹਨ ਸਿੰਘ ਨੇ ਪਾਰਸ ਦੀ ਕਵਿਤਾ ਪਰਖ ਲਈ ਤੇ ਉਸਦੀਆਂ ਕਵਿਤਾਵਾਂ ਹੀ ਗਾਉਣ ਲੱਗਿਆ। ਕਰਨੈਲ ਸਿੰਘ ਪਾਰਸ ਫਿਰ ਬੱਸ ਲਿਖਣ ਲਈ ਹੀ ਰੁੱਝ ਗਿਆ। ਲੱਗਭੱਗ ਸੱਤ ਕੁ ਵਰ੍ਹੇ ਮੋਹਨ ਸਿੰਘ ਸੰਗ ਵਿਚਰਨ ਉਪਰੰਤ ਪਾਰਸ ਮੋਹਨ ਸਿੰਘ ਦੇ ਭਰਾ ਸੋਹਣ ਸਿੰਘ ਨਾਲ ਫਿੱਕ ਪੈ ਜਾਣ ਦੇ ਕਾਰਨ ਆਪਣੇ ਗੁਰੂ ਜੀ ਤੋਂ ਆਗਿਆ ਲੈ ਆਇਆ। ਫਿਰ ਸਿੱਧਵਾਂ ਦਾ ਰਣਜੀਤ ਸਿੰਘ ਜੋ ਪਾਰਸ ਨੂੰ ਤਖਤੂਪੁਰੇ ਦੇ ਮੇਲੇ 'ਤੇ ਮਿਲਿਆ ਸੀ, ਉਸਨੂੰ ਤੇ ਉਸਦੇ ਇੱਕ ਹੋਰ ਸਾਥੀ ਨਾਲ ਸਾਲ 1938 ਦੀ ਵਿਸ਼ਵ ਜੰਗ ਲਈ ਫਰੀਦਕੋਟ ਦੇ ਰਾਜੇ ਵੱਲੋਂ ਭੇਜੀਆਂ ਜਾਂ ਰਹੀਆਂ ਫੌਜੀ ਜਵਾਨਾਂ ਦੀਆਂ ਟੋਲੀਆਂ ਦਾ ਉਤਸ਼ਾਹ ਵਧਾਉਣ ਦੀ ਖਾਤਿਰ ਉਨ੍ਹਾਂ ਸਾਹਮਣੇ ਪਹਿਲੀ ਵਾਰ ਪ੍ਰੋਗਰਾਮ ਪੇਸ਼ ਕਰਨ ਗਏ।ਤੇ ਉਸ ਤੋਂ ਬਾਅਦ ਪਾਰਸ ਤੇ ਰਣਜੀਤ ਸਿੰਘ ਨੇ ਇਕੱਠਿਆਂ ਕੰਮ ਕਰਨ ਦੀ ਠਾਣ ਲਈ। ਇਹਨਾਂ ਦਾ ਤੀਸਰਾ ਸਾਥੀ ਬਹੁਤੀ ਦੇਰ ਨਾ ਨਿਭਿਆ। ਉਸ ਤੋਂ ਬਾਅਦ ਰਣਜੀਤ ਦੇ ਰਿਸ਼ਤੇਦਾਰ ਜੋ ਜੰਡੀ ਪਿੰਡ ਤੋਂ ਸੀ ਚੰਦ ਸਿੰਘ, ਉਸਨੂੰ ਵੀ ਇਹਨਾਂ ਆਪਣੇ ਨਾਲ ਰਲਾ ਲਿਆ, ਤੇ ਰਾਮੂਵਾਲੀਏ ਪਾਰਸ ਦਾ ਜਥਾ ਥੋੜ੍ਹੀ ਸਰਗਰਮੀ ਫੜ੍ਹਨ ਲੱਗ ਪਿਆ। ਪਾਰਸ ਦੇ ਵਿਆਹ ਦੀ ਗੱਲ ਚਲਦੀ ਤਾਂ ਕੁੜੀ ਵਾਲੇ ਇਹ ਕਹਿਕੇ ਮੁੜ ਜਾਂਦੇ ਕਿ ਮੁੰਡਾ ਤਾਂ ਕਵੀਸ਼ਰੀ ਕਰਦੈ.....। ਪਰ ਸੰਨ 1938 ਵਿੱਚ ਹੀ ਲੁਧਿਆਣਾ ਜਿਲ੍ਹੇ ਦੇ ਪਿੰਡ ਬੋਪਾਰਾਏ ਕਲਾਂ ਦੇ ਵਾਸੀ ਸ. ਸੰਤਾ ਸਿੰਘ ਤੇ ਸ੍ਰ਼ੀਮਤੀ ਭਗਵਾਨ ਕੌਰ ਨੇ ਆਪਣੀ ਸਪੁੱਤਰੀ ਦਲਜੀਤ ਕੌਰ ਦਾ ਵਿਆਹ ਵੀ ਪਾਰਸ ਨਾਲ ਇਸ ਕਰਕੇ ਹੀ ਕੀਤਾ ਕਿ ਮੁੰਡਾ ਕਵੀਸ਼ਰੀ ਬਹੁਤ ਵਧੀਆ ਕਰਦੈ। ਉਸਨੇ ਇੱਕ ਸਰਤ ਰੱਖੀ ਕਿ ਧਾਰਮਿਕ ਕਵੀਸ਼ਰੀਆਂ ਹੀ ਪੇਸ਼ ਕਰਿਆ ਕਰੇ। ਪਰ ਪਾਰਸ ਸ਼ੁਰੂ ਤੋਂ ਧਾਰਮਿਕਪੁਣੇ ਤੋਂ ਦੂਰ ਹੋਣ ਕਾਰਨ ਇਹ ਗੱਲ ਮੰਨ ਨਾ ਸਕਿਆ ਤੇ ਉਹਨਾਂ ਦੀ ਆਪਸ ਵਿੱਚ ਖੜ੍ਹਕਦੀ ਵੀ ਰਹੀ। ਪੜ੍ਹਨ ਦਾ ਸ਼ੌਕੀਨ ਹੋਣ ਕਾਰਨ ਪਾਰਸ 'ਪ੍ਰੀਤਲੜੀ' ਦਾ ਪੱਕਾ ਪਾਠਕ ਬਣ ਗਿਆ ਸੀ। ਗੁਰਬਖ਼ਸ ਸਿੰਘ ਪ੍ਰੀਤਲੜੀ ਦੀਆਂ ਰਚਨਾਵਾਂ ਤੋਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। 'ਪ੍ਰੀਤਲੜੀ' ਕਮਿਊਨਿਸ਼ਟਾਂ ਅਤੇ ਤਰਕ ਦੀ ਵਿਚਾਰਧਾਰਾ ਦੇ ਧਾਰਨੀਆਂ ਦਾ ਮੈਗ਼ਜ਼ੀਨ ਹੋਣ ਕਾਰਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸਨੂੰ ਪੜ੍ਹਨ 'ਤੇ ਪਾਬੰਦੀ ਲਗਾ ਦਿੱਤੀ ਗਈ। ਪਰ ਪਾਰਸ 'ਪ੍ਰੀਤਲੜੀ' ਲੁਕ-ਛਿਪ ਕੇ ਵੀ ਪੜ੍ਹਦਾ ਰਿਹਾ। ਇੱਕ ਵਾਰ ਬਰਨਾਲਾ ਨੇੜਲੇ ਪਿੰਡ ਕਲਾਲਮਾਜਰਾ ਦੇ ਗੁਰਦੁਆਰੇ ਵਿੱਚ ਕਵੀਸ਼ਰੀ ਕਰਨ ਗਏ ਪਾਰਸ ਤੋਂ 'ਪ੍ਰੀਤਲੜੀ' ਫੜ੍ਹਿਆ ਗਿਆ ਤਾਂ ਉਹ ਧਾਰਮਿਕ ਜਨੂੰਨੀਆਂ ਦੇ ਚੁੰੰਗਲ 'ਚੋਂ ਆਪਣੇ ਸਾਥੀਆਂ ਸਮੇਤ ਬੜੀ ਮੁਸ਼ਕਲ ਨਾਲ ਬਚਕੇ ਲੰਘਿਆ। ਗੁਰਬਖ਼ਸ ਸਿੰਘ ਤੋਂ ਪ੍ਰਭਾਵਿਤ ਹੋ ਉਸਦੀ ਸੋਚ ਵਿਗਿਆਨਕ ਹੋ ਗਈ ਤੇ ਨਾਨਕ ਸਿੰਘ ਦੇ ਨਾਵਲਾਂ ਨੇ ਪਾਰਸ ਨੂੰ ਜਾਤ-ਪਾਤ ਦੇ ਖਲਜਗਣ 'ਚੋਂ ਕੱਢ ਦਿੱਤਾ। ਸੋਚ ਮਿਲਦੀ ਹੋਣ ਕਾਰਨ ਨਾਮਵਰ ਕਾਮਰੇਡਾਂ ਦਾ ਵੀ ਉਸ ਨਾਲ ਆਉਣ-ਜਾਣ ਹੋ ਗਿਆ। ਕਾਂਗਰਸ ਤੇ ਅਕਾਲੀਆਂ ਦੇ ਵੀ ਪ੍ਰੋਗਰਾਮ ਮਿਲਦੇ ਹੋਣ ਕਾਰਨ ਉਸਦਾ ਮਿਲਾਪ ਇਹਨਾਂ ਪਾਰਟੀਆਂ ਦੇ ਲੀਡਰਾਂ ਨਾਲ ਵੀ ਵਧ ਗਿਆ। ਇੱਕ ਥਾਂ ਸਟੇਜ ਤੋਂ ਲੈਕਚਰ ਪੇਸ਼ ਕਰਦਿਆਂ ਪਾਰਸ ਨੇ 'ਸ਼ਖ਼ਸ' ਸ਼ਬਦ ਨੂੰ 'ਸਕਸ' ਅਤੇ 'ਗ਼ਜ਼ਬ' ਨੂੰ 'ਗਜਬ' ਉਚਾਰ ਦਿੱਤਾ। ਪਾਰਸ ਦੀ ਗੱਲ ਖਤਮ ਹੁੰਦਿਆਂ ਹੀ ਇੱਕ ਸਿਆਣੀ ਜਿਹੀ ਉਮਰ ਦਾ ਬੰਦਾ ਉਸ ਕੋਲ ਆਇਆ ਤੇ ਕਹਿਣ ਲੱਗਿਆ ਕਿ ਗਲਤ ਉਚਾਰਨ ਨਹੀਂ ਕਰਨਾ ਚਾਹੀਦਾ ਜੇ 'ਸ਼ਖ਼ਸ' ਨਹੀਂ ਬੋਲਣਾ ਆਉਂਦਾ ਤਾਂ 'ਆਦਮੀ' ਕਹਿ ਦਿਆ ਕਰ ਤੇ 'ਗ਼ਜ਼ਬ' ਦੀ ਥਾਂ 'ਲੋਹੜਾ' ਬੋਲ ਦਿਆ ਕਰ ! ਜੇ ਉਚਾਰਨ ਠੀਕ ਕਰਨੈ ਤਾਂ ਉਰਦੂ ਸਿੱਖ, ਉਰਦੂ ਦੀ ਤਾਲੀਮ ਲੈ। ਐਨੀ ਗੱਲ ਸੁਣ ਸ਼ਰਮਸਾਰ ਹੋਇਆ ਪਾਰਸ ਅਗਲੇ ਦਿਨ ਹੀ ਮੋਗਿਓਂ ਜਾ ਕੇ ਉਰਦੂ-ਪੰਜਾਬੀ ਦਾ ਕਾਇਦਾ ਖਰੀਦ ਲਿਆਇਆ ਤੇ ਦਿਨ-ਰਾਤ ਮਿਹਨਤ ਕਰ ਦਿਨਾਂ 'ਚ ਹੀ 'ਅਲਫ਼-ਬੇ' ਤੇ ਉਸਦਾ ਮਿਲਾਨ ਵੀ ਸਿੱਖ ਗਿਆ। ਉਸ ਤੋਂ ਬਾਅਦ ਪਾਰਸ ਨੇ ਵਿਆਕਰਨਿਕ ਸ਼ੁੱਧੀਆਂ ਅਤੇ ਸ਼ਬਦਾਂ ਦੇ ਸਹੀ ਉਚਾਰਨ ਲਈ ਬਹੁਤ ਜ਼ਿਆਦਾ ਧਿਆਨ ਦਿੱਤਾ ਤੇ ਉਚਾਰਨ ਪੱਖੋਂ ਐਨੀ ਕੁ ਮੁਹਾਰਤ ਪਾ ਲਈ ਕਿ ਆਪ ਸ਼ਬਦ ਗਲਤ ਬੋਲਣਾ ਤਾਂ ਦੂਰ ਦੀ ਗੱਲ ਹੋ ਗਈ ਕਿ ਉਹਨਾਂ ਨਾਲ ਗੱਲ ਕਰਨ ਵਾਲਾ ਵਿਅਕਤੀ ਵੀ ਗਲਤ ਸ਼ਬਦ ਉਚਾਰਨ ਤੋਂ ਬਾਅਦ ਸੁਧਾਰੇ ਬਿਨਾਂ ਆਪਣੀ ਗੱਲ ਪੂਰੀ ਕਰਨ ਦਾ ਮੌਕਾ ਨਹੀਂ ਪ੍ਰਾਪਤ ਕਰ ਸਕਦਾ। ਜਿਸ ਸਦਕਾ ਆਪਣੇ-ਆਪ ਨੂੰ ਮਾਹਿਰ ਸਮਝਣ ਵਾਲੀਆਂ ਸਖਸ਼ੀਅਤਾਂ ਵੀ ਉਸ ਸਾਹਮਣੇ ਗੱਲਬਾਤ ਕਰਦਿਆਂ ਥਰਥਰਾ ਜਾਂਦੀਆਂ ਹਨ। ਉਪਰੰਤ ਉਸ ਮੋਗੇ ਤੋਂ 'ਮਿਲਾਪ' ਅਤੇ 'ਪ੍ਰਤਾਪ' ਅਖ਼ਬਾਰ ਮੰਗਵਾ ਕੇ ਪੜ੍ਹਨੇ ਸ਼ੁਰੂ ਕਰ ਦਿੱਤੇ। ਅਖ਼ਬਾਰਾਂ ਦੀਆਂ ਸੰਪਾਦਕੀਆਂ ਅਤੇ ਹੋਰ ਸਾਹਿਤਿਕ ਪੁਸ਼ਤਕਾਂ ਉਹ ਬੜੀ ਰੀਝ ਨਾਲ ਪੜ੍ਹਨ ਲੱਗ ਪਿਆ। ਜਿਸ ਸਦਕਾ ਉਸਦੇ ਗਿਆਨ ਅਤੇ ਸ਼ਾਬਦਿਕ ਭੰਡਾਰ ਵਿੱਚ ਚੋਖਾ ਵਾਧਾ ਹੋ ਗਿਆ ਜੋ ਉਸ ਲਈ ਸਾਹਿਤ ਰਚਨਾ ਦੇ ਖੇਤਰ ਵਿੱਚ ਬੜਾ ਸਹਾਇਕ ਸਿੱਧ ਹੋਇਆ। ਇਸ ਤਰ੍ਹਾਂ ਕਲਾ ਦੇ ਖੇਤਰ ਵਿੱਚ ਵਿਚਰਦਿਆਂ ਉਸਦੇ ਜਥੇ ਦੀ ਮਹਿਮਾ ਵਧਦੀ ਗਈ। ਲੋਕ ਉਹਨਾਂ ਨੂੰ ਆਪਣੇ ਸਮਾਗਮਾਂ ਵਿੱਚ ਸੱਦੇ ਦੇ ਦੇਕੇ ਲਿਜਾਣ ਲੱਗੇ। ਸ਼ੁਰੂ ਵਿੱਚ ਪੈਸੇ ਪ੍ਰਾਪਤ ਹੁੰਦੇ ਉਹ ਆਪਸ ਵਿੱਚ ਵੰਡ ਲੈਂਦੇ। ਦੂਰ-ਦੂਰ ਦੇ ਪਿੰਡਾਂ ਦੇ ਲੋਕ ਵੀ ਇਹਨਾਂ ਦੇ ਜਥੇ ਨੂੰ ਲਿਜਾਣਾ ਆਪਣੀ ਖੂਬੀ ਸਮਝਣ ਲੱਗੇ। ਪਹਿਲਾਂ ਇਹਨਾਂ ਆਪਣੇ ਪ੍ਰੋਗਰਾਮ ਦੀ ਫ਼ੀਸ ਚਾਲੀ ਰੁਪੱਈਏ ਅਤੇ ਇੱਕ ਬੋਤਲ ਰੱਖੀ। ਫਿਰ ਪ੍ਰੋਗਰਾਮਾਂ ਦੇ ਹੋਰ ਰੁਝੇਵੇਂ ਵਧ ਗਏ ਤਾਂ ਇਹਨਾਂ ਸੱਠ ਰੁਪਏ ਅਤੇ ਦੋ ਬੋਤਲਾਂ ਫ਼ੀਸ ਦੀਆਂ ਕਰ ਦਿੱਤੀਆਂ। ਇਸ ਤਰ੍ਹਾਂ ਜਿਵੇਂ-ਜਿਵੇਂ ਲੋਕਾਂ ਦਾ ਜਥੇ ਪ੍ਰਤੀ ਪਿਆਰ ਵਧਦਾ ਗਿਆ ਉਸੇ ਤਰ੍ਹਾਂ ਫ਼ੀਸ ਵੀ ਵਧਦੀ ਗਈ। ਪਾਰਸ ਆਪਣੀ ਕਵੀਸ਼ਰੀ ਕਲਾ ਨੂੰ ਨਿਖਾਰਨ ਲਈ ਦਿਨ-ਰਾਤ ਮਿਹਨਤ ਕਰਦਾ ਹੋਇਆ ਅੱਗੇ ਵਧਦਾ ਗਿਆ। ਗਦਰੀ ਬਾਬਿਆਂ ਦੇ ਆਜ਼ਾਦੀ ਸੰਘਰਸ਼ ਲਈ ਕੀਤੇ ਜਾ ਰਹੇ ਕਾਰਨਾਮਿਆਂ ਨੇ ਉਸਨੂੰ ਬੜਾ ਪ੍ਰਭਾਵਿਤ ਕੀਤਾ ਤੇ ਬਾਬਾ ਸੋਹਣ ਸਿੰਘ ਭਕਨਾ ਅਤੇ ਸਾਥੀਆਂ ਦੀ ਉਹ ਬੜੀ ਕਦਰ ਕਰਦਾ ਸੀ। ਆਜ਼ਾਦੀ ਸੰਘਰਸ਼ ਲਈ ਯਤਨਸ਼ੀਲ ਕਾਮਰੇਡਾਂ ਦੀਆਂ ਗੁਪਤ ਮੀਟਿੰਗਾਂ ਕਰਵਾ, ਦੇਸ਼ ਪ੍ਰੇਮ ਦੀਆਂ ਕਵਿਤਾਵਾਂ ਅਤੇ ਭਾਸਣ ਆਦਿ ਰਚਦਿਆਂ ਅਤੇ ਜਗ੍ਹਾ-ਜਗ੍ਹਾ ਕਾਨਫਰੰਸਾਂ, ਜਲਸਿਆਂ ਆਦਿ ਵਿੱਚ ਚੇਤੰਨਤਾ ਭਰੀਆਂ ਤਕਰੀਰਾਂ ਪੇਸ਼ ਕਰਦਿਆਂ ਉਸ ਆਜ਼ਾਦੀ ਦੀ ਲਹਿਰ ਵਿੱਚ ਵੀ ਲੋੜੀਂਦਾ ਯੋਗਦਾਨ ਪਾਉਂਦਿਆਂ, 1942 ਵਿੱਚ ਮੋਗੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਪ੍ਰਧਾਨਗੀ ਵਿੱਚ ਹੋਈ ਕਾਨਫਰੰਸ ਸਮੇਂ ਆਪਣੇ ਸਾਥੀਆਂ ਦੇ ਸਹਿਯੋਗ ਸਦਕਾ ਚੌਦਾਂ ਸੌ ਮਣ ਮੱਕੀ ਇਕੱਠੀ ਕਰਕੇ ਦਿੱਤੀ ਤੇ ਗੌਣ ਪੇਸ਼ ਕਰਦਿਆਂ ਲੋਕਾਂ ਦਾ ਮਨੋਰੰਜਨ ਵੀ ਕੀਤਾ। ਇਸ ਸਮੇਂ ਲੋਕਾਈ ਤੋਂ ਉਲਟ ਰੱਬ ਦੀ ਬਜਾਏ ਅੰਨ ਪੈਦਾ ਕਰ ਸਾਰਿਆਂ ਦਾ ਢਿੱਡ ਭਰ ਰਹੇ ਕਿਸਾਨ ਬਾਰੇ : ਤੈਨੂੰ ਹੈ ਹੁਕਮ, ਦੇਹ ਦਸੌਂਧ ਵਿਹਲਿਆਂ ਨੂੰ ਬੈਠਕੇ ਮਨਾਉਂਦੇ ਜਿਹੜੇ ਮੌਜ ਮੇਲਿਆਂ ਨੂੰ ਚਾਰਦੈਂ ਤੂੰ ਵੰਡ, ਤੇ ਦੁੱਧ ਚੁੰਘ ਗਿਆ ਕੱਟਾ ਬੰਦਨਾ ਹੈ ਸਾਡੀ ਤੈਨੂੰ ਯਮਲੇ ਜੱਟਾ.........। 'ਜੱਟ ਦੀ ਬੰਦਨਾ' ਪੇਸ਼ ਕਰਦਿਆਂ ਲੋਕਾਂ ਤੋਂ ਬਹੁਤ ਹੀ ਜ਼ਿਆਦਾ ਪਿਆਰ ਤੇ ਮਾਣ ਪ੍ਰਾਪਤ ਕੀਤਾ। 1952-53 ਵਿੱਚ ਪ੍ਰਤਾਪ ਸਿੰਘ ਕੈਰੋਂ ਦੇ ਰਾਜ ਸਮੇਂ ਪਾਰਸ ਦੇ ਜਥੇ ਨੂੰ ਜਲੰਧਰ ਰੇਡੀਓ ਤੋਂ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਮਿਲ ਗਿਆ ਤੇ ਸੰਨ 1954 ਵਿੱਚ ਉਹਨਾਂ ਦਾ ਜੱਥਾ ਆਕਾਸ਼ਵਾਣੀ ਕੇਂਦਰ ਜਲੰਧਰ ਦਾ ਪਹਿਲਾ ਪ੍ਰਵਾਨਿਤ ਕਵੀਸ਼ਰੀ ਜੱਥਾ ਹੋ ਗਿਆ। ਫਿਰ ਪਾਰਸ ਦੇ ਜੱਥੇ ਦਾ ਐਚ.ਐਮ.ਵੀ. ਕੰਪਨੀ ਵਿੱਚ ਤਵਾ ਰਿਕਾਰਡ ਹੋ ਗਿਆ। ਜਿਸਨੇ ਪ੍ਰਸਿੱਧੀ ਦੀਆਂ ਬੁਲੰਦੀਆਂ ਨੂੰ ਸੂੰਹਦਿਆਂ ਘਰ-ਘਰ ਗੂੰਜਣ ਦਾ ਮਾਣ ਪ੍ਰਾਪਤ ਕੀਤਾ। ਇਸ ਤਵੇ ਦੇ ਇੱਕ ਪਾਸੇ : ਕਿਉਂ ਫੜ੍ਹੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ.... ਤੇ ਦੂਸਰੇ ਪਾਸੇ 'ਹੈ ਆਉਣ ਜਾਣ ਬਣਿਆ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ......' ਕਵੀਸ਼ਰੀਆਂ ਸਨ। ਉਸ ਸਮੇਂ ਡੇਢ ਲੱਖ ਦੇ ਕਰੀਬ ਇਹ ਤਵੇ ਵਿਕੇ ਤੇ ਪਾਰਸ ਦੇ ਜੱਥੇ ਨੂੰ ਪਹਿਲੀ ਵਾਰੀ ਚੌਦਾਂ ਸੌ ਰੁਪਏ ਦੀ ਰਾਇਲਟੀ ਮਿਲੀ। ਉਸਤੋਂ ਬਾਅਦ ਫਿਰ ਰਿਕਾਰਡਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਵੀਹ ਹੋਰ ਤਵੇ ਇਸ ਜਥੇ ਦੇ ਰਿਕਾਰਡ ਹੋਏ : 'ਗਈ ਥਲ ਵਿੱਚ ਭੁੜਥਾ ਹੋ ਸੱਸੀ ਪੁੰਨਣਾ-ਪੁੰਨਣਾ ਕਰਦੀ.....', 'ਸੱਸੀ ਦੀ ਮਾਂ ਆਖੇ ਧੀਏ ਇਸ਼ਕ ਹੈ ਬੁਰੀ ਬਿਮਾਰੀ......', 'ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਨੇ ਵਾਰੇ ਚਾਰ ਦੁਲਾਰੇ......', 'ਘਰ-ਘਰ ਫੇਰਾ ਪਾ ਕੇ ਬਾਬੇ ਨਾਨਕ ਨੇ ਜੱਗ ਤਾਰਿਆ......', 'ਗੁੱਝੇ ਨੇਤਰ ਨਹੀਂ ਰਹਿੰਦੇ ਠੱਗ ਚੋਰ ਯਾਰ ਦੇ.......', 'ਦੱਸ ਬੋਲ ਜ਼ੁਬਾਨੋ ਨੀਂ ਬੱਕੀਏ ਕਿੱਥੇ ਆ ਮਿਰਜ਼ਾ ਮੇਰਾ......', 'ਮੈਂ ਨੀ ਜਾਣਾ ਬੁੱਢੇ ਖੋਲੇ ਦੇ....', 'ਮੰਨ ਲੈ ਅਰਜ਼ ਪਤੀ ਜੀ ਮੇਰੀ.....', 'ਹੁਣ ਜਾਂਦੀ ਵਾਰੀ ਦੀ ਦੇ ਲਾਂ ਪੂਰਨ ਪੁੱਤ ਨੂੰ ਲੋਰੀ.....', 'ਰਾਮ ਜਿੰਨ੍ਹਾਂ ਦਾ ਰਾਖਾ ਹੋਵੇ ਵਾ ਨਾ ਲੱਗੇ ਤੱਤੀ.....', 'ਤੇਰੇ ਹੇਠ ਜੰਡੋਰਿਆ ਵੇ ਮੈਂ ਹੋਗੀ ਰੰਡੀ.......', 'ਭੱਜ ਦਾਨਾਬਾਦ ਚੱਲੀਏ ਮਿਰਜ਼ਿਆ ਚੜ੍ਹੀਆਂ ਆਉਂਦੀਆਂ ਵਾਰਾਂ.....', 'ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ.......', 'ਲਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ.......', 'ਸਾਨੂੰ ਸਿੱਖੀ ਨਾਲੋਂ ਸਿਦਕ ਪਿਆਰਾ ਹੈ.....', 'ਕਲਗੀਧਰ ਦੇ ਲਾਡਲੇ ਪਾ ਗਏ ਸ਼ਹੀਦੀ......', 'ਅੱਜ ਨਜ਼ਰੀਂ ਆਉਂਦੇ ਨਾ ਸੁਆਮੀ ਚਾਰ ਜਿਗ਼ਰ ਦੇ ਟੋਟੇ.......', 'ਦੇਸ਼ ਕੌਮ ਤੇ ਧਰਮ ਵਾਸਤੇ ਵਾਰ ਦਿੱਤੇ ਪੁੱਤ ਚਾਰੇ.......', 'ਬਣ ਜਾ ਕੌਲਾਂ ਅੱਜ ਤੂੰ ਮੇਰੀ ਰਾਣੀ.........', 'ਤਾਜ ਤਖ਼ਤ ਦੇ ਬਾਦਸ਼ਾਹ, ਨਾ ਮੈਂ ਮਾਰਾਂ ਛਿੱਤਰ........' ਕਵੀਸ਼ਰੀਆਂ ਪਾਰਸ ਦੇ ਜੱਥੇ ਵੱਲੋਂ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਈਆਂ ਗਈਆਂ। 1985 ਦੇ ਨੇੜੇ ਐਚ.ਐਮ.ਵੀ. ਵੱਲੋਂ ਹੀ ਹਰਭਜਨ ਮਾਨ ਦੀ ਪਹਿਲੀ ਕੈਸਿਟ 'ਇਸ਼ਕ ਦੇ ਮਾਮਲੇ' ਕੈਨੇਡਾ ਵਿੱਚ ਰਲੀਜ਼ ਕੀਤੀ ਗਈ। ਇਸ ਵਿੱਚ ਸ਼ਾਮਿਲ 'ਹੁੰਦੇ ਇਸ਼ਕ ਦੇ ਮਾਮਲੇ ਅਵੱਲੇ ਸੱਜਣਾ', 'ਸੱਸੀ ਦੀ ਮਾਂ ਆਖੇ ਧੀਏ ਇਸ਼ਕ ਹੈ ਬੁਰੀ ਬਿਮਾਰੀ', 'ਪੁੰਨੂ ਦੀ ਤਸਵੀਰ ਤੂੰ ਵੀ ਬੋਲੇਂ ਨਾ', ਤੈਨੂੰ ਯਾਦ ਕਰਾਂ ਵੇ ਰਾਂਝਿਆਂ ਹਰ ਚਰਖੀ ਦੇ ਗੇੜੇ', 'ਜਾਣਾ ਸੀ ਜੇ ਪਰਦੇਸ ਨੂੰ ਕਾਹਨੂੰ ਲਈਆਂ ਸੀ ਚੰਦਰਿਆ ਲਾਵਾਂ', 'ਦਿੱਲੀ ਮੇਰੀ ਅੱਡੀ' ਅਤੇ 'ਦਾਲ 'ਚ ਕਾਲਾ' ਸੱਤੇ ਰਚਨਾਵਾਂ ਕਰਨੈਲ ਸਿੰਘ ਪਾਰਸ ਦੀਆਂ ਹੀ ਹਨ। ਮਾਨ ਭਰਾਵਾਂ ਹਰਭਜਨ ਅਤੇ ਗੁਰਸੇਵਕ ਦੀਆਂ ਆਵਾਜ਼ਾਂ ਅਤੇ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਸਾਗਾ ਵੱਲੋਂ ਪਾਰਸ ਦੀਆਂ ਹੀ ਅੱਠ ਰਚਨਾਵਾਂ 'ਤੇ ਆਧਾਰਿਤ 'ਪੰਥ ਤੇਰੇ ਦੀਆਂ ਗੂੰਜਾਂ' ਧਾਰਮਿਕ ਕੈਸਿਟ ਸਰੋਤਿਆਂ ਸਨਮੁੱਖ ਕੀਤੀ ਗਈ। ਉਸਤੋਂ ਬਾਅਦ ਸਾਲ 1999 ਵਿੱਚ ਮਾਨ ਭਰਾਵਾਂ ਦੀ ਹੀ ਆਵਾਜ਼ ਵਿੱਚ ਟੀ-ਸ਼ੀਰੀਜ਼ ਵੱਲੋਂ ਜੈ ਦੇਵ ਕੁਮਾਰ ਦੇ ਸੰਗੀਤ ਵਿੱਚ 'ਅੰਮ੍ਰਿਤ ਦਾ ਬਾਟਾ' ਕੈਸਿਟ ਵਿੱਚ ਪਾਰਸ ਦੀਆਂ ਸੱਤ ਰਚਨਾਵਾਂ ਪੇਸ਼ ਕੀਤੀਆਂ। ਸੁਰ ਸੰਗਮ ਵੱਲੋਂ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਆਈ 'ਨਖਰਾ 1998' ਕੈਸਿਟ ਵਿੱਚ ਮਾਨ ਭਰਾਵਾਂ ਦੀ ਆਵਾਜ਼ ਵਿੱਚ 'ਤੇਰੇ ਹੇਠ ਜੰਡੋਰਿਆ ਵੇ ਮੈਂ ਹੋ ਗਈ ਰੰਡੀ......' ਸਾਹਿਬਾਂ ਦੀ ਕਲੀ ਪੇਸ਼ ਕੀਤੀ ਗਈ। ਮਾਨਾਂ ਦੀ ਜਗਤ ਪ੍ਰਸਿੱਧ ਕੈਸਿਟ 'ਜੱਗ ਜਿਉਂਦਿਆਂ ਦੇ ਮੇਲੇ' ਵਿੱਚ 'ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ....' ਅਤੇ 'ਰਾਠਾ ਬੋਲ ਵੇ ਸੁਲੱਖਣੀ ਜ਼ੁਬਾਨ 'ਚੋਂ ਮੱਥੇ ਦੀਆਂ ਨਾ ਮਿਟੀਆਂ ਵੇ ਤਕਦੀਰਾਂ.....' ਪਾਰਸ ਦੀਆਂ ਰਚਨਾਵਾਂ ਗਾ ਕੇ ਹਰ ਦਿਲ 'ਚੋਂ ਮਾਣ ਖੱਟਿਆ। ਮਾਲਵੇ ਦੇ ਨੌਜਵਾਨ ਗਾਇਕ ਬਲਕਾਰ ਸਿੱਧੂ ਵੱਲੋਂ ਵੀ ਉਹਨਾਂ ਦੀ ਰਚਨਾ 'ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ' ਗਾ ਕੇ ਲੋਕਾਂ ਦਾ ਪਿਆਰ ਖੱਟਿਆ। ਸਭ ਦੇ ਜਾਣੇ-ਪਹਿਚਾਣੇ ਸੰਗੀਤਕਾਰ ਸ਼੍ਰੀ ਚਰਨਜੀਤ ਅਹੂਜਾ ਵੱਲੋਂ ਆਪਣੀ ਰਸਭਿੰਨੀ ਆਵਾਜ਼ ਵਿੱਚ ਗਾਈ ਧਾਰਮਿਕ ਗੀਤਾਂ ਦੀ ਕੈਸਿਟ 'ਬਾਜਾਂ ਵਾਲਾ ਮਾਹੀ' ਵਿੱਚ ਪਾਰਸ ਦੀ ਰਚਨਾ 'ਚਿਣਤੇ ਵਿੱਚ ਨੀਹਾਂ ਦੇ ਛੋਟੇ ਲਾਲ ਗੁਰੂ ਜੀ ਤੇਰੇ' ਬਹੁਤ ਵਧੀਆ ਅੰਦਾਜ਼ ਵਿੱਚ ਪੇਸ਼ ਕੀਤੀ। ਸਾਗਾ ਕੰਪਨੀ ਵੱਲੋਂ ਰਲੀਜ਼ ਕੀਤੀ ਇਸੇ ਕੈਸਿਟ ਵਿੱਚ ਹੰਸ ਰਾਜ ਹੰਸ ਨੇ ਵੀ 'ਮਿੱਤਰ ਪਿਆਰੇ ਨੂੰ ਜਾ ਪੌਣੇ ਕਹਿਦੇ ਹਾਲ ਮੁਰੀਦਾਂ ਦਾ......' ਪਾਰਸ ਦੀ ਕਵਿਤਾ ਗਾਕੇ ਮਾਣ ਪ੍ਰਾਪਤ ਕੀਤਾ। ਗਾਇਕ ਦਵਿੰਦਰ ਤੇ ਗੁਰਪ੍ਰੀਤ ਮੰਡੇਰ ਭਰਾਵਾਂ ਦੀ ਜੋੜੀ ਵੱਲੋਂ ਵੀ ਪਾਰਸ ਦਾ ਲਿਖਿਆ 'ਘੜਾ' 'ਸੱਜਣ ਮਿਲਾ ਦੇ ਘੜਿਆ ਮੈਂ ਤਰਲੇ ਕਰਦੀ ਆਂ ਯਾਰ ਮਿਲਾ ਦੇ ਅੜਿਆ ਮੈਂ ਤਰਲੇ ਕਰਦੀ ਆਂ........ ਆਪਣੀ ਕੈਸਿਟ 'ਆਸ਼ਕਾਂ ਨੂੰ ਪਿਆਰ ਮਾਰਦਾ' ਵਿੱਚ ਸੰਗੀਤਕਾਰ ਕੰਵਰ ਇਕਬਾਲ ਦੇ ਸੰਗੀਤ ਵਿੱਚ ਗਾਉਣ ਦੀ ਖੁਸ਼ੀ ਪ੍ਰਾਪਤ ਕੀਤੀ। ਅੱਜ ਦੇ ਸਰਗਰਮ ਰਾਜਨੀਤੀਵਾਨ ਅਤੇ ਪਾਰਸ ਦੇ ਸਾਹਿਬਜ਼ਾਦੇ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਆਪਣੇ ਸਾਥੀਆਂ ਚਮਕੌਰ ਸਿੰਘ ਸੇਖੋਂ ਭੋਤਨਾ ਅਤੇ ਮਲਕੀਤ ਸਿੰਘ ਮਰੜ੍ਹੀ ਤੇ ਕਰਤਾਰ ਸਿੰਘ ਗਿਆਨੀ ਨਾਲ ਮਿਲਕੇ 'ਐਸਾ ਸਾਜੂੰ ਸਿੱਖ ਛੁਪੇ ਨਾ ਲੱਖਾਂ ਵਿੱਚ ਖੜ੍ਹਾ.......', 'ਮਾਂ ਸਾਹਿਬਾਂ ਦੀ ਘੂਰਦੀ ਕੁੜੀਏ ਕਿਉਂ ਹੋਈ ਆਂ ਨਿਰਲੱਜ........', 'ਸੌਂ ਲੈਣ ਦੇ ਸਾਹਿਬਾਂ ਰੱਜ ਕੇ ਮੈਨੂੰ ਕਾਹਤੋਂ ਰਹੀ ਖਦੇੜ.......', 'ਰਾਠਾ ਬੋਲ ਵੇ ਸੁਲੱਖਣੀ ਜ਼ੁਬਾਨ 'ਚੋਂ.......', 'ਏਸ ਇਸ਼ਕ ਝਨਾਂ ਵਿੱਚ ਸਾਹਿਬਾਂ ਪੂਰਾਂ ਦੇ ਡੁੱਬ ਗਏ ਪੂਰ.......', 'ਚੱਲ ਰਸਾਲੂ ਖੁਦ ਮੈਂ ਆ ਗਿਆ ਤੇਰੇ ਬੂਹੇ 'ਤੇ......', 'ਮੇਰੇ ਲੜ ਗਿਆ ਸੁਨਿਹਰੀ ਨਾਗ ਕੁੜੇ......' ਅਤੇ 'ਸੁਣੋਂ ਸਲਵਨ ਜੀ ਓ ਬਾਬੁਲ ਮੇਰਿਆ......' ਪਾਰਸ ਦੀਆਂ ਇਹ ਰਚਨਾਵਾਂ ਰਿਕਾਰਡ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਕਰਨੈਲ ਸਿੰਘ ਪਾਰਸ ਦੇ ਲਿਖੇ ਹੋਏ 'ਦਹੂਦ ਬਾਦਸ਼ਾਹ', 'ਕੌਲਾਂ ਭਗਤਣੀ', 'ਹੀਰ ਰਾਂਝਾ', 'ਨੇਤਾ ਜੀ ਸੁਭਾਸ਼ ਚੰਦਰ ਬੋਸ', 'ਸ਼ਹੀਦ ਭਗਤ ਸਿੰਘ', 'ਬਿਧੀ ਚੰਦ ਦੇ ਘੋੜੇ', 'ਮੌਤ ਦਾ ਰਾਗ', 'ਸ਼ਹੀਦ ਸੇਵਾ ਸਿੰਘ ਠੀਕਰੀਵਾਲਾ', 'ਪੂਰਨ ਭਗਤ', 'ਸਰਵਨ ਪੁੱਤਰ', 'ਤਾਰਾ ਰਾਣੀ' ਅਤੇ 'ਰਿਕਾਰਡਾਂ ਦੀ ਕਵਿਤਾ' ਬਾਰਾਂ ਕਿੱਸੇ ਵੀ ਲੋਕ ਜਗਤ ਬੁੱਕ ਸ਼ਾਪ ਮੋਗਾ, ਮੇਹਰ ਸਿੰਘ ਸੁਰਿੰਦਰ ਸਿੰਘ ਅੰਮ੍ਰਿਤਸਰ, ਭਾਈ ਵੀਰ ਸਿੰਘ ਗੁਰਚਰਨ ਸਿੰਘ ਮੋਗਾ, ਭਾਈ ਕਿਸ਼ਨ ਸਿੰਘ ਹਮੀਰ ਸਿੰਘ ਮੋਗਾ ਆਦਿ ਪ੍ਰਾਕਸ਼ਨਾ ਵੱਲੋਂ ਛਪਵਾਕੇ ਲੋਕਾਂ ਦੇ ਸਨਮੁੱਖ ਕੀਤੇ ਗਏ। ਬਚਪਨ ਵਿੱਚ ਕਰਨੈਲ ਸਿੰਘ ਪਾਰਸ ਦਾ ਸੰਤ ਕ੍ਰਿਸ਼ਨਾ ਨੰਦ ਕੋਲ ਆਉਣ-ਜਾਣ ਸੀ। ਉੱਥੋਂ ਉਸਨੇ 'ਵਿਚਾਰ ਮਾਲਾ', 'ਅਧਿਆਤਮਕ ਪ੍ਰਕਾਸ਼' ਅਤੇ 'ਸਾਰ ਉਕਤਾਵਲੀ' ਨਾਮਕ ਤਿੰਨ ਕਿਤਾਬਾਂ ਪੜ੍ਹੀਆਂ। 'ਵਿਚਾਰ ਮਾਲਾ' ਪੁਸ਼ਤਕ ਵਿੱਚ ਦਰਜ ਇਹ ਸਤਰਾਂ : 'ਕਾਰਜ ਲਿੰਗ ਅਸਥੂਲ ਤਨ ਬੁੱਧ ਮਨ ਇੰਦਰੀ ਪ੍ਰਾਣ ਇਹ ਜੜ ਤੁਹੇ ਲੇਹ ਨਾਹੀ ਤੂੰ ਚੇਤਨ ਪ੍ਰਵਾਣ' ਪਾਰਸ ਦੇ ਮਨ ਨੂੰ ਲੱਗ ਗਈਆਂ ਤੇ ਉਸ ਸੰਤ ਤੋਂ ਇਹਨਾਂ ਦਾ ਅਰਥ ਪੁੱਛਿਆ। ਸੰਤ ਨੇ ਇਸਦਾ ਭਾਵੇਂ ਪੂਰਾ ਅਰਥ ਤਾਂ ਨਾ ਦੱਸਿਆ ਪਰ ਇਹ ਦੱਸ ਦਿੱਤਾ ਕਿ ਸਾਡਾ, ਮਨ, ਬੁੱਧੀ ਤੇ ਸਾਰਾ ਸਰੀਰਕ ਢਾਂਚਾ ਆਪਣੇ ਆਪ ਚਲਦਾ ਰਹਿੰਦਾ ਹੈ, ਇਸਨੂੰ ਚਲਾਉਣ ਵਾਲਾ ਕੋਈ ਰੱਬ ਜਾਂ ਸ਼ਕਤੀ ਨਹੀਂ। ਤਾਂ ਪਾਰਸ ਨੇ ਚਿੰਤਤ ਹੋ ਕਿਹਾ ਫੇਰ ਬਾਬਾ ਤੁਸੀਂ ਰੱਬ ਦਾ ਝੂਠਾ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਮਗਰ ਕਿਉਂ ਲਾ ਰਹੇ ਹੋ ? ਇਸ ਤੋਂ ਬੁਖਲਾਹਟ ਵਿੱਚ ਆਇਆ ਸੰਤ ਕਹਿਣ ਲੱਗਿਆ ਕਿ ਤੂੰ ਚੁੱਪ ਰਹਿ ਲੋਕਾਂ ਨੂੰ ਇਹਨਾਂ ਭਰਮ-ਭੁਲੇਖਿਆਂ ਵਿੱਚ ਪਾ ਕੇ ਹੀ ਸਾਡਾ ਤੋਰੀ ਫੁੱਲਕਾ ਚੱਲਦੈ। ਇਹ ਗੱਲ ਸੁਣ ਪਾਰਸ ਦੇ ਬਾਲ ਮਨ ਉੱਪਰ ਡੂੰਘੀ ਸੱਟ ਵੱਜੀ। ਧਾਰਮਿਕਤਾ 'ਚੋਂ ਉਸਦਾ ਮੋਹ ਭੰਗ ਹੋ ਗਿਆ ਤੇ ਹੌਲੀ-ਹੌਲੀ ਤਰਕਸ਼ੀਲ ਵਿਚਾਰਧਾਰਾ ਨਾਲ ਪੱਕੇ ਤੌਰ 'ਤੇ ਜੁੜ ਗਿਆ। ਉਸਦੀ ਬੁੱਧੀ ਨੇ ਪਰਖ ਲਿਆ ਕਿ ਇਹ ਸਾਰਾ ਸੰਸਾਰਿਕ ਵਰਤਾਰਾ ਆਪਣੇ-ਆਪ ਹੋ ਰਿਹਾ ਹੈ। ਮੌਸਮ ਦੀ ਤਬਦੀਲੀ, ਰੁੱਤਾਂ ਦਾ ਆਉਣ-ਜਾਣ, ਜੰਮਣ-ਮਰਨ ਸਭ ਕੁਦਰਤੀ ਵਰਤਾਰਾ ਹੈ। ਮੌਤ ਉਪਰੰਤ ਸਭ ਕੁੱਝ ਇੱਥੇ ਹੀ ਖਤਮ ਹੋ ਜਾਣਾ ਹੈ। ਸਮੁੱਚੇ ਬ੍ਰਹਿਮੰਡ ਵਿੱਚ ਹੁੰਦੀ ਹਲਚਲ ਲਈ ਕੋਈ ਰੱਬ ਜਾਂ ਗੈਬੀ ਸ਼ਕਤੀ ਜਿੰਮੇਵਾਰ ਨਹੀਂ। ਰੱਬ ਦੀ ਹੋਂਦ ਨਾ ਕੋਈ ਸਾਬਤ ਕਰ ਸਕਿਆ ਹੈ, ਨਾ ਕਿਸੇ ਤੋਂ ਹੋਵੇ ਤੇ ਨਾ ਇਹ ਸਮਰੱਥਾ ਕਿਸੇ ਕੋਲ ਪ੍ਰਾਪਤ ਹੈ। ਮੜ੍ਹੀਆਂ ਮਸਾਣਾਂ ਨੂੰ ਪੂਜਣਾ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ। ਜਦੋਂ ਕੋਈ ਮਰਿਆ ਹੋਇਆ ਜਾਨਵਰ ਕਿਸੇ ਦਾ ਕੁੱਝ ਨਹੀਂ ਵਿਗਾੜ ਸਕਦਾ ਫਿਰ ਮਰਿਆ ਹੋਇਆ ਮਨੁੱਖ ਕੀ ਕਰਨ ਦੇ ਕਾਬਲ ਹੈ ? ਸਾਡਾ ਸਰੀਰਿਕ ਢਾਂਚਾ ਸੈਲਾਂ ਦੇ ਜੋੜਿਆਂ ਦਾ ਮਿਸਰਨ ਹੈ ਤੇ ਸਰੀਰ ਦੇ ਵੱਖ-ਵੱਖ ਅੰਗ ਆਪਣੇ-ਆਪ ਮਸ਼ੀਨਾਂ ਦੀ ਤਰ੍ਹਾਂ ਆਪਣੇ ਕਾਰਜ ਨਿਭਾਅ ਰਹੇ ਹਨ। ਪਾਰਸ ਦਸਦਾ ਹੈ ਕਿ ਉਸ ਇੱਕ ਪੁਸ਼ਤਕ 'ਚ ਪੜ੍ਹਿਆ ਕਿ ''ਮਹਾਤਮਾ ਬੁੱਧ ਦਾ ਇੱਕ ਚੇਲਾ ਮੱਠ ਵਿੱਚ ਦੀਵਾ ਧਰਨ ਲਈ ਆਪਣੀ ਤਲੀ 'ਤੇ ਰੱਖੀ ਜਾ ਰਿਹਾ ਸੀ ਕਿ ਉਸਦੇ ਗੁਰੂ ਨੇ ਚੇਲੇ ਨੂੰ ਪੁੱਛਿਆ ਕਿ ਇਹ ਲਾਟ ਕਿੱਥੋਂ ਆਉਂਦੀ ਹੈ।" ਚੇਲੇ ਨੇ ਫੂਕ ਮਾਰ ਦੀਵਾ ਬੁਝਾ ਕੇ ਗੁਰੂ ਨੂੰ ਪੁੱਛਿਆ 'ਹੁਣ ਇਹ ਲਾਟ ਕਿੱਥੇ ਗਈ ?' ਤਾਂ ਹੈਰਾਨੀ ਭਰੀ ਖੁਸ਼ੀ 'ਚ ਦੇਵਤਾ ਕਹਿਣ ਲੱਗਿਆ 'ਸ਼ਾਬਾਸ ! ਬੱਚਾ ਤੂੰ ਬਹੁਤ ਗਿਆਨਵਾਨ ਹੋ ਗਿਆ ਏਂ।' 1950 ਵਿੱਚ ਉਰਦੂ ਦੀ 'ਮੁਰੱਕਾ ਫਿਤਰਤ' ਨਾਮਕ ਕਿਤਾਬ ਪੜ੍ਹਨ ਉਪਰੰਤ ਉਸਦੀ ਇਹ ਸੋਚ ਹੋਰ ਪੱਕੀ ਹੋ ਗਈ। ਉਸਨੂੰ ਇਹ ਵੀ ਪਤਾ ਚੱਲ ਗਿਆ ਕਿ ਬ੍ਰਹਿਮੰਡ ਦਾ ਪਸਾਰਾ ਆਪਣੇ-ਆਪ ਹੋਇਆ ਹੈ ਤੇ ਇਸਦੀ ਟੁੱਟ-ਭੱਜ ਵੀ ਹੁੰਦੀ ਰਹਿੰਦੀ ਹੈ। ਇਹ ਵੀ ਮਨੁੱਖੀ ਸਰੀਰ ਵਾਂਗ ਆਪਣੇ-ਆਪ ਚਲਾਈਮਾਨ ਹੈ। ਪਾਰਸ ਨੇ ਅਖੌਤੀ ਸਾਧਾਂ-ਸੰਤਾਂ, ਕਰਾਮਾਤੀ ਬਾਬਿਆਂ ਨੂੰ ਚੈਲਿੰਜ ਵੀ ਕੀਤਾ ਹੋਇਆ ਹੈ ਕਿ ਕੋਈ ਵੀ ਦੈਬੀ ਸ਼ਕਤੀ ਦਾ ਦਾਅਵੇਦਾਰ ਤਰਕਸ਼ੀਲ ਸੁਸਾਇਟੀ ਵਾਲਿਆਂ ਦੀਆਂ ਸ਼ਰਤਾਂ ਝੂਠੀਆਂ ਸਾਬਤ ਕਰ ਦੇਵੇ ਤੇ ਦਸ ਲੱਖ ਦਾ ਇਨਾਮ ਪ੍ਰਾਪਤ ਕਰ ਲਵੇ। ਤਰਕਸ਼ੀਲ ਸੋਚ ਦਾ ਧਾਰਨੀ ਹੋਣ ਉਪਰੰਤ ਉਹ ਕਦੇ ਕਿਸੇ ਤੀਰਥ ਅਸਥਾਨ 'ਤੇ ਪਾਪਾਂ ਦੀ ਮੁਕਤੀ ਲਈ ਜਾਂ ਸਵਰਗਾਂ ਦੀ ਪ੍ਰਾਪਤੀ ਲਈ ਨਹਾਉਣ ਨਹੀਂ ਗਿਆ ਅਤੇ ਨਾ ਹੀ ਉਸ ਕਦੇ ਬਿਮਾਰ-ਠਮਾਰ ਹੋਣ ਸਮੇਂ ਰੱਬ ਦੇ ਨਾਮ ਦਾ ਸਹਾਰਾ ਲਿਆ ਹੈ। ਸਗੋਂ ਆਪਣੀ ਜਨਮ ਦਾਤੀ ਮਾਤਾ ਰਾਮ ਕੌਰ ਦੇ ਨਾਮ ਦਾ ਜਾਪ ਹੀ ਮੁਸੀਬਤ ਸਮੇਂ ਕਰਦਾ ਹੈ। ਉਹ ਆਪਣੇ ਹਰ ਮਿਲਣ ਵਾਲੇ ਨੂੰ ਮਹਾਤਮਾ ਬੁੱਧ ਦੀ ਇਹ ਗੱਲ ਜ਼ਰੂਰ ਦੱਸਦਾ ਹੈ ਕਿ ਅੰਤਿਮ ਸਮੇਂ ਗੌਤਮ ਬੁੱਧ ਨੇ ਆਪਣੇ ਚੇਲਿਆਂ ਨੂੰ ਕਿਹਾ ''ਗ੍ਰੰਥਾਂ ਵਿੱਚ ਲਿਖੀ ਹੋਈ ਤੇ ਵੱਡਿਆਂ ਦੀ ਕਹੀ ਹੋਈ ਗੱਲ ਤੇ ਮੇਰੇ ਉਪਦੇਸ਼ ਨੂੰ ਉਨਾਂ ਚਿਰ ਸੱਚ ਨਾ ਮੰਨਿਓਂ, ਜਿੰਨਾ ਚਿਰ ਉਸਨੂੰ ਤੁਹਾਡੀ ਤਰਕਸ਼ੀਲ ਬੁੱਧੀ ਨਾ ਮੰਨ ਲਵੇ।'' ਮਿਹਨਤਕਸ਼ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਦੇ ਆਸਰੇ ਆਲੀਸ਼ਾਨ ਡੇਰਿਆਂ-ਭੋਰਿਆਂ 'ਚ ਵਸਦਿਆਂ ਵਿਗਿਆਨੀਆਂ ਦੇ ਦਿਮਾਗ ਦੀ ਉਪਜ ਵਸਤੂਆਂ ਦੀ ਸਹਾਇਤਾ ਨਾਲ ਐਸੋ-ਇਸ਼ਰਤ ਦਾ ਜੀਵਨ ਬਸਰ ਕਰ ਰਹੇ ਇਹਨਾਂ ਨਾਮ ਜਪੀਆਂ ਦੀ ਸਮਾਜ ਨੂੰ ਕੀ ਦੇਣ ਹੈ ? ਜਦ ਕਿ ਵਿਗਿਆਨੀਆਂ ਨੇ ਮਨੁੱਖੀ ਜੀਵਨ ਲਈ ਸਹਾਈ ਹੋਣ ਵਾਲੀਆਂ ਲੱਖਾਂ ਕਾਢਾਂ ਇਜਾਦ ਕੀਤੀਆਂ ਹਨ। ਪਾਰਸ ਸੁਚੱਜੀ ਸੋਚ ਵਾਲੇ ਲੋਕਾਂ ਨੂੰ ਅਪੀਲ ਕਰਨ ਵਾਂਗ ਕਹਿੰਦੈ ਕਿ ਧਰਮਾਂ ਦੀ ਆੜ 'ਚ ਛੁਪੇ ਲੁਟੇਰਿਆਂ ਤੋਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰ ਬਚਾ ਲਓ। ਉਸਦੀ ਇੱਛਾ ਹੈ ਕਿ ਮੌਤ ਉਪਰੰਤ ਉਸਦੇ ਮ੍ਰਿਤਕ ਸਰੀਰ ਨੂੰ ਜਾਂ ਤਾਂ ਕਿਸੇ ਮੈਡੀਕਲ ਕਾਲਜ ਨੂੰ ਖੋਜ ਕਾਰਜਾਂ ਲਈ ਦੇ ਦਿੱਤਾ ਜਾਵੇ ਜਾਂ ਫਿਰ ਹੱਡੀਆਂ ਨੂੰ ਪੀਸ ਕੇ ਅਤੇ ਸੁਆਹ ਇਕੱਠੀ ਕਰਕੇ ਕਿਸੇ ਨਾਲੇ ਜਾਂ ਟੋਭੇ ਵਿੱਚ ਸੁੱਟ ਦਿੱਤਾ ਜਾਵੇ। ਮੇਰੇ ਫੁੱਲ ਕਿਸੇ ਤੀਰਥ ਅਸਥਾਨ 'ਤੇ ਪਾਕੇ ਆਉਣ ਦੀ ਲੋੜ ਨਹੀਂ। ਕਿਉਂਕਿ ਮੈਨੂੰ ਕਿਸੇ ਸਵਰਗ ਦੀ ਚਾਹਨਾ ਨਹੀਂ। ਜਾਤ-ਪਾਤ ਦਾ ਦਿਲੋਂ ਵਿਰੋਧੀ ਅਤੇ ਪੂਰੀ ਲੋਕਾਈ ਨੂੰ ਬਰਾਬਰੀ ਅਤੇ ਆਪਸੀ ਪ੍ਰੇਮ-ਭਾਵਨਾ ਨਾਲ ਵਸਦਿਆਂ ਦੇਖਣ ਦਾ ਰੀਝਵਾਨ ਕਰਨੈਲ ਸਿੰਘ ਪਾਰਸ ਬਾਬੇ ਨਾਨਕ ਦੀ ਦਲੀਲ ਭਰੀ ਸੋਚ ਦਾ ਬਹੁਤ ਕਦਰਦਾਨ ਹੈ। ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਲਈ ਕਲਿਆਣਕਾਰੀ ਮੰਨਦਿਆਂ ਉਹ ਕਹਿੰਦਾ ਹੈ : ਘਰ-ਘਰ ਫੇਰਾ ਪਾ ਕੇ ਬਾਬੇ ਨਾਨਕ ਨੇ, ਜੱਗ ਤਾਰਿਆ.......। ਦਸ਼ਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀਆਂ ਭਰੀ ਜ਼ਿੰਦਗੀ ਦਾ ਉਹ ਬਹੁਤ ਪ੍ਰਭਾਵ ਕਬੂਲਦਾ ਹੈ। ਛੋਟੇ ਸਾਹਿਬਜ਼ਾਦਿਆਂ ਬਾਰੇ ਲਿਖੀ ਉਹਨਾਂ ਦੀ ਕਵੀਸ਼ਰੀ ਜਗਤ ਪ੍ਰਸਿੱਧ ਹੋਈ : ਕਿਉਂ ਫੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ.........। ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦੇ ਕਿੱਸੇ ਵਿੱਚ ਉਸ ਧਰਮਾਂ ਦੀ ਆੜ 'ਚ ਫਿਰਦੇ ਲੋਟੂ ਟੋਲਿਆਂ ਦੇ ਪਰਦੇ ਖੋਹਲੇ ਹਨ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਕਿੱਸੇ ਦੇ ਆਰੰਭ ਵਿੱਚ ਉਹ 'ਤੈਨੂੰ ਨਮਸਕਾਰ ਮਜ਼ਦੂਰ' ਕਵਿਤਾ ਦੇ ਜ਼ਰੀਏ ਮਿਹਨਤਕਸਾਂ ਨੂੰ ਸਤਿਕਾਰ ਦਿੰਦਾ ਹੈ। ਤਿੰਝਣਾਂ 'ਚ ਸਹੇਲੀਆਂ ਨਾਲ ਰਲ ਮੌਤ ਦੇ ਲਾੜੇ ਵੀਰ ਭਗਤ ਸਿੰਘ ਦੀ ਘੋੜੀ ਭੈਣ ਅਮਰੋ ਦੀ ਜ਼ੁਬਾਨੀ ਬਹੁਤ ਹੀ ਪ੍ਰਭਾਵਸ਼ਾਲੀ ਹੈ 'ਆਓ ਭੈਣੋਂ ਰਲ-ਮਿਲ ਗਾਈਏ, ਭਗਤ ਸਿੰਘ ਦੀ ਘੋੜੀ ਨੀਂ......। 'ਲੋਕਾਂ ਵਾਂਗ ਅਖੌਤੀ ਪਰਮਾਤਮਾ ਦੀ ਬਜਾਏ ਉਹ ਹੱਡ-ਭੰਨਵੀਂ ਮਿਹਨਤ ਕਰ ਪੂਰੇ ਮੁਲਕ ਦਾ ਢਿੱਡ ਭਰਨ ਵਾਲੇ, ਆਪ ਭੁੱਖ-ਨੰਗ ਨਾਲ ਘੁਲਦੇ ਕਿਸਾਨ ਦੀ ਉਹ ਬੰਦਨਾ ਕਰਦਾ ਹੈ : 'ਬੰਦਨਾ ਹੈ ਸਾਡੀ ਤੈਨੂੰ, ਯਮਲੇ ਜੱਟਾ......' ਹਿੰਦੂ ਸਿੱਖ ਏਕਤਾ ਦੀ ਉਸਾਰੂ ਗੱਲ ਕਰਦਾ ਹੋਇਆ ਪਾਰਸ ਕਹਿੰਦਾ ਹੈ :'ਹਨ ਹਿੰਦੂ ਤੇ ਸਿੱਖ ਦੋ, ਇੱਕ ਬ੍ਰਿਛ ਦੇ ਟਹਿਣੇ......' ਇੱਕ ਵਾਰ ਪਾਰਸ ਜਾਖਲ ਮੰਡੀ ਰੇਲਵੇ ਸਟੇਸ਼ਨ 'ਤੇ ਬੈਠਾ ਸੀ। ਗੱਡੀ ਆਈ, ਇੱਕ ਡੱਬੇ 'ਚੋਂ ਅਗਲੇ ਪਾਸਿਓਂ ਇੱਕ ਨਵੀਂ ਮੁਕਲਾਈ ਜੋੜੀ ਉਤੱਰੀ ਤੇ ਪਿਛਿਓਂ ਕੋਈ ਮਕਾਣ ਉੱਤਰੀ ! ਅੱਗੇ ਇੱਕ ਪਾਸੇ ਇੱਕ ਬੰਦਾ ਮਰਿਆ ਪਿਆ ਸੀ। ਲੋਕਾਂ ਦਾ ਇਕੱਠ ਉਸਦੇ ਦੁਆਲੇ ਖੜ੍ਹਾ। ਤਾਂ ਉਸ ਦੁਨੀਆਂ ਦੇ ਇਸ ਚਲਾਈਮਾਨ ਬਾਰੇ ਰਚਨਾ ਲਿਖੀ ਜਿਹੜੀ ਹਰ ਗਲੀ ਮੁਹੱਲੇ ਗੂੰਜੀ : ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ......। ਅੱਜ ਸਾਡੇ ਸਮਾਜ ਦੇ ਮੂੰਹ ਉੱਤੇ ਬਹੁਤ ਵੱਡਾ ਕਲੰਕ 'ਭਰੂਣ ਹੱਤਿਆ' ਬਾਰੇ, ਪੁੱਤਰਾਂ ਦੇ ਲਾਲਚ ਵਿੱਚ ਜੰਮਣ ਤੋਂ ਪਹਿਲਾਂ ਹੀ ਧੀਆਂ ਮਾਰਨ ਵਾਲੇ ਮਾਪਿਆਂ ਦੇ ਅੱਗੇ ਅਰਜੋਈ ਇੱਕ ਬਾਲੜੀ ਦੇ ਰੂਪ ਵਿੱਚ ਉਸ ਇੰਝ ਕੀਤੀ ਹੈ : ਮੰਮੀ ਤੇ ਡੈਡੀ ਜੀ, ਚੱਲੇ ਪਾਪ ਕਰਨ ਹੋਂ ਰਲਕੇ ਕਿਉਂ ਸੁੱਟਣ ਲੱਗੇ ਹੋਂ, ਗੁੰਚੀ ਪੈਰਾਂ ਹੇਠਾਂ ਮਲਕੇ ਦਿਨ ਤਿੰਨਾਂ ਚਾਰਾਂ ਦੇ, ਭੱਜੇ ਫਿਰਦੇ ਕਿਹੜੇ ਆਹਰੀਂ ਅੰਮੀਏ ਕੁੱਖ ਵਿੱਚ ਨਾ ਮਾਰੀਂ ਨਾ ਤੂੰ ਐਡਾ ਕਹਿਰ ਗੁਜ਼ਾਰੀਂ......। ਇਸ ਤੋਂ ਇਲਾਵਾ ਕਰਨੈਲ ਸਿੰਘ ਪਾਰਸ ਨੇ ਲੋਕ ਗਾਥਾਵਾਂ 'ਹੀਰ-ਰਾਂਝਾ', 'ਸੱਸੀ-ਪੁਨੂੰ', 'ਮਿਰਜ਼ਾ-ਸਾਹਿਬਾਂ' ਅਤੇ 'ਦਹੂਦ ਬਾਦਸ਼ਾਹ' ਆਦਿ ਦਾ ਵੀ ਕਾਵਿ-ਚਿਤਰਨ ਰੌਚਿਕਤਾ ਭਰਪੂਰ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਪਾਰਸ ਨਿਰਪੱਖ ਸੋਚ ਵਾਲਾ, ਆਪਣੀ ਗੱਲ ਕਹਿਣ ਦੀ ਸਮਰੱਥਾ ਅਤੇ ਹੌਂਸਲਾਂ ਰੱਖਣ ਵਾਲਾ ਤਜਰਬੇਕਾਰ ਕਵੀ ਹੈ। ਉਸਦੀਆਂ ਰਚਨਾਵਾਂ ਵਿੱਚ ਵੀਰ ਰਸ, ਕਰੁਣਾ ਰਸ, ਸ਼ਿੰਗਾਰ ਰਸ ਆਦਿ ਬੜੀ ਸੂਝਵਾਨਤਾ ਨਾਲ ਪੇਸ਼ ਕੀਤੇ ਹਨ ਅਤੇ ਅਲੰਕਾਰ ਵੀ ਬੜੀ ਸੁਚੱਜਤਾ ਨਾਲ ਪੇਸ਼ ਕੀਤੇ ਗਏ ਹਨ। ਉਸ ਦੀਆਂ ਰਚੀਆਂ ਅਨੇਕਾਂ ਕਾਵਿ-ਪੰਕਤੀਆਂ ਕਹਾਵਤਾਂ ਜਾਂ ਮੁਹਾਵਰਿਆਂ ਵਾਂਗ ਅਰਥ-ਭਰਪੂਰ ਹਨ। ਆਪਣੀਆਂ ਲਿਖਤਾਂ ਵਿੱਚ ਲੋਕਾਈ ਨੂੰ ਨਸੀਹਤ ਵੀ ਉਸ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਹੈ। ਹਰ ਰਚਨਾ ਲੋਕ ਮਨਾਂ ਉੱਪਰ ਛਾ ਜਾਣ ਦੇ ਸਮਰੱਥ ਹੈ। ਪੰਜਾਬ ਸਰਕਾਰ ਦੇ ਮਹਿਕਮੇ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ 1985 ਵਿੱਚ ਸ਼੍ਰੋਮਣੀ ਪੰਜਾਬੀ ਕਵੀਸ਼ਰ ਦੇ ਪੁਰਸ਼ਕਾਰ ਨਾਲ ਸਨਮਾਨੇ ਗਏ ਕਰਨੈਲ ਸਿੰਘ ਪਾਰਸ ਨੇ 1974-75 ਵਿੱਚ ਲੋਕਾਂ ਅਤੇ ਸਮੇਂ ਦੀ ਮੰਗ ਅਨੁਸਾਰ ਆਪਣੇ ਜੱਥੇ ਵਿੱਚ ਤਬਦੀਲੀ ਲਿਆਉਂਦਿਆਂ ਮਲਕੀਤ ਸਿੰਘ ਰਾਮਗੜ੍ਹੀਆ, ਗਿਆਨੀ ਕਰਤਾਰ ਸਿੰਘ ਮੰਡੀ ਕਲਾਂ ਅਤੇ ਚਮਕੌਰ ਸਿੰਘ ਭੋਤਨਾ (ਸਾਰੰਗੀ ਮਾਸਟਰ) ਨੂੰ ਜੱਥੇ ਵਿੱਚ ਸ਼ਾਮਿਲ ਕਰ ਕਵੀਸ਼ਰੀ ਤੋਂ ਢਾਡੀ ਜੱਥਾ ਬਣਾ ਲਿਆ। ਫਿਰ ਉਹ ਆਪਣੇ ਸਾਥੀਆਂ ਰਣਜੀਤ ਸਿੰਘ ਸਿੱਧਵਾਂ ਅਤੇ ਚੰਦ ਸਿੰਘ ਜੰਡੀ ਨੂੰ ਨਾਲ ਲੈ ਆਪਣੇ ਪੁੱਤਰਾਂ ਦੇ ਸੱਦੇ ਉੱਪਰ ਕੈਨੇਡਾ ਚਲਾ ਗਿਆ। ਜਿੱਥੇ ਉਹਨਾਂ ਆਪਣੀਆਂ ਕਲਾ ਕ੍ਰਿਤਾਂ ਪੇਸ਼ ਕਰਦਿਆਂ ਲੋਕਾਂ ਤੋਂ ਬਹੁਤ ਜ਼ਿਆਦਾ ਮਾਣ-ਸਨਮਾਨ ਪ੍ਰਾਪਤ ਕੀਤਾ। ਕੁੱਝ ਸਮੇਂ ਬਾਅਦ ਉਸਦੇ ਸਾਥੀ ਤਾਂ ਵਾਪਿਸ ਆ ਗਏ ਪਰ ਉਹ ਪੱਕੇ ਤੌਰ 'ਤੇ ਕੈਨੇਡਾ ਦਾ ਹੀ ਵਸਿੰਦਾ ਬਣ ਗਿਆ। ਉਪਰੰਤ ਉਸ ਆਪਣੇ ਸ਼ਾਗਿਰਦਾਂ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਨੂੰ ਨਾਲ ਲੈ ਕਵੀਸ਼ਰੀਆਂ ਦੇ ਰੰਗ ਬੰਨਣੇ ਸ਼ੁਰੂ ਕਰ ਦਿੱਤੇ। 1991 ਵਿੱਚ ਉਸਦੇ ਇੱਕ ਸਾਥੀ ਚੰਦ ਸਿੰਘ ਜੰਡੀ ਦਾ ਤਾਂ ਮੌਤ ਹੋ ਗਈ ਸੀ ਤੇ ਰਣਜੀਤ ਸਿੰਘ ਸਿੱਧਵਾਂ ਵਾਲਾ ਅੱਜ ਕੈਨੇਡਾ ਵਿਖੇ ਜ਼ਿੰਦਗੀ ਦੇ ਹੁਸੀਨ ਪਲ ਬੁਢਾਪਾ ਗੁਜ਼ਾਰ ਰਿਹਾ ਹੈ। ਬਾਅਦ ਵਿੱਚ ਉਸ ਆਪਣੇ ਪੁੱਤਰ ਮਾਸਟਰ ਹਰਚਰਨ ਸਿੰਘ ਦੀ ਪੁੱਤਰੀ ਹਰਮਨਦੀਪ ਕੌਰ ਦਾ ਵਿਆਹ ਹਰਭਜਨ ਮਾਨ ਨਾਲ ਕਰਕੇ 1984 ਵਿੱਚ ਪੱਕੇ ਤੌਰ 'ਤੇ ਕਵੀਸ਼ਰੀਆਂ ਦੀ ਪੇਸ਼ਕਾਰੀ ਕਰਨ ਤੋਂ ਸੰਨਿਆਸ ਲੈ ਲਿਆ। ਅੱਜ-ਕੱਲ੍ਹ ਕਰਨੈਲ ਸਿੰਘ ਪਾਰਸ ਆਪਣੇ ਜੱਦੀ ਪਿੰਡ ਰਾਮੂਵਾਲੇ ਵਿੱਚ ਆਪਣੀ ਜ਼ਿੰਦਗੀ ਦੇ ਆਖਰੀ ਪੰਧ ਗੁਜਾਰ ਰਿਹਾ ਹੈ। ਹੁਣ ਉਸਦੀ ਸਿਹਤ ਥੋੜ੍ਹੀ ਢਿੱਲੀ ਰਹਿੰਦੀ ਹੈ। ਗੋਢੇ ਕੰਮ ਕਰਨੋ ਹਟ ਗਏ ਹਨ। ਕੰਨਾਂ ਤੋਂ ਕਾਫੀ ਉੱਚਾ ਸੁਣਨ ਲੱਗ ਗਿਆ ਹੈ। ਯਾਦਾਸ਼ਤ ਵੀ ਥੋੜ੍ਹੀ ਕਮਜ਼ੋਰ ਹੋ ਰਹੀ ਹੈ। ਪਰ ਜਵਾਨੀ ਵੇਲੇ ਤੋਂ ਪਿਆ ਪੈੱਗ ਲਾਉਣ ਦਾ ਸ਼ੌਕ ਹਾਲੇ ਵੀ ਬਰਕਰਾਰ ਹੈ। ਪੂਰੀ ਜ਼ਿੰਦਗੀ ਦੇ ਹਰ ਦੁੱਖ-ਸੁੱਖ 'ਚ ਸਹਿਯੋਗੀ ਰਹੀ ਜੀਵਨ-ਸਾਥਣ ਦਲਜੀਤ ਕੌਰ ਅੱਧਵਾਟਿਓਂ ਹੱਥ ਛੱਡ ਤੁਰ ਗਈ ਹੈ। ਯਾਰਾਂ ਵਰਗੇ ਪੁੱਤਰਾਂ ਮਾਸਟਰ ਹਰਚਰਨ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਇਕਬਾਲ ਸਿੰਘ ਰਾਮੂਵਾਲੀਆ, ਰਛਪਾਲ ਸਿੰਘ ਅਤੇ ਦੋ ਧੀਆਂ ਚਰਨਜੀਤ ਕੌਰ ਅਤੇ ਪ੍ਰੋਫੈਸਰ ਕਰਮਜੀਤ ਕੌਰ ਦਾ ਬਾਪ ਕਰਨੈਲ ਸਿੰਘ ਪਾਰਸ, ਯਾਰਾਂ ਦਾ ਯਾਰ, ਚੋਟੀ ਦਾ ਪਾਰਖੂ, ਪਲਾਂ 'ਚ ਆਪਣਾ ਬਣਾ ਲੈਣ ਦੀ ਸਮਰੱਥਾ ਰੱਖਣ ਵਾਲਾ, ਹਾਸੇ-ਮਜਾਕ ਦਾ ਸ਼ੌਕੀਨ ਅਤੇ ਸੱਚੀ ਗੱਲ ਮੂੰਹ 'ਤੇ ਕਹਿਣ ਦੀ ਜੁਅੱਰਤ ਰੱਖਣ ਵਾਲਾ, ਆਪਣੇ ਅਨੇਕਾਂ ਸ਼ਗਿਰਦਾਂ ਨੂੰ ਕਲਾ ਦੇ ਖੇਤਰ ਵਿੱਚ ਵਿਚਰਨ ਅਤੇ ਜ਼ਿੰਦਗੀ ਜਿਉਣ ਦੀ ਨਵੀਂ, ਉਸਾਰੂ ਤੇ ਅਗਾਂਹਵਧੂ ਸੋਜੀ ਦੇਣ ਵਾਲਾ ਬੜਾ ਹੀ ਦਿਲਦਾਰ ਇਨਸਾਨ ਹੈ।

 
Top