Main Uday Hovangi

Era

Prime VIP
ਮੈਂ ਉਦੈ ਹੋਵਾਂਗੀ

ਤੁਸੀਂ ਭਾਂਵੇਂ ਤਵਾਰੀਖ਼ ਦੇ ਪੰਨਿਆਂ ‘ਤੇ
ਮੈਨੂੰ ਘਟੀਆ ਲਿਖ ਦਿਉ
ਆਪਣੇ ਕੌੜੇ-ਕੁਸੈਲੇ ਤੇ ਤੋੜੇ-ਮਰੋੜੇ ਝੂਠਾਂ ਨਾਲ,
ਤੁਸੀਂ ਭਾਵੇਂ ਮੈਨੁੰ ਧੂੜ ਵਿਚ ਹੀ ਕਿਉਂ ਨਾ ਮਿੱਧ ਦਿਉ
ਪਰ ਫਿਰ ਵੀ, ਧੂੜ ਵਾਂਗ, ਮੈਂ ਉਦੈ ਹੋਵਾਂਗੀ.

ਕੀ ਮੇਰੇ ਨਖ਼ਰੇ ਤੁਹਾਨੂੰ ਤੰਗ ਕਰਦੇ ਨੇ ?
ਤੁਸੀਂ ਇੰਨਾ ਨਿਰਾਸ਼ ਕਿਉਂ ਹੋ ਜਾਂਦੇ ਹੋ ?
ਕਿਉਂਕਿ ਮੈਂ ਇੰਝ ਟੁਰਦੀ ਹਾਂ
ਜਿਵੇਂ ਮੇਰੀ ਬੈਠਕ ਵਿਚ ਤੇਲ ਦੇ ਖੂਹ ਗਿੜ ਰਹੇ ਹੋਣ.

ਬਿਲਕੁਲ ਚੰਦ ਅਤੇ ਸੂਰਜ ਵਾਂਗ,
ਜਵਾਰਭਾਟੇ ਜਿਹੀ ਨਿਸ਼ਚਿਤਿਤਾ ਵਾਂਗ,
ਜਿਵੇਂ ਉਮੀਦਾਂ ਉਤਾਂਹ ਨੂੰ ਸਿਰ ਚੁੱਕਦੀਆਂ ਨੇ,
ਉਵੇਂ ਹੀ ਮੈਂ ਉਦੈ ਹੋਵਾਂਗੀ.

ਤੁਸੀਂ ਮੈਨੂੰ ਟੁੱਟ ਗਈ ਵੇਖਣਾ ਚਾਹੁੰਦੇ ਸਉ ?
ਸਿਰ ਝੁੱਕਿਆ ਤੇ ਅੱਖਾਂ ਨੀਵੀਆਂ ?
ਡਿਗਦੇ ਹੰਝੂਆਂ ਵਾਂਗ ਡਿਗੇ ਹੋਏ ਮੋਢੇ .
ਰੂਹ ਕੰਬਾ ਦੇਣ ਵਾਲਾ ਰੁਦਨ ਕਰਣ ਵਾਲੀ ਕਮਜੋਰ.

ਕੀ ਮੇਰਾ ਗਰੂਰ ਤੁਹਾਨੂੰ ਤੰਗ ਕਰਦਾ ਹੈ ?
ਤੁਸੀਂ ਇਸ ਗੱਲ ਤੋਂ ਔਖੇ ਹੁੰਦੇ ਹੋ-
ਕਿ ਮੈਂ ਇੰਝ ਹੱਸਦੀ ਹਾਂ
ਜਿਵੇਂ ਮੇਰੇ ਘਰ ਦੇ ਪਿਛਵਾੜੇ ਵਿਚ
ਸੋਨੇ ਦੀਆਂ ਖਾਣਾਂ ਖੁਦੀਆਂ ਹੋਈਆਂ ਹੋਣ.

ਤੁਸੀਂ ਭਾਵੇਂ ਮੈਨੂੰ ਆਪਣੇ ਸ਼ਬਦਾਂ ਨਾਲ ਫੁੰਡ ਦਿਉ,
ਭਾਵੇਂ ਆਪਣੀਆਂ ਨਜ਼ਰਾਂ ਨਾਲ ਚੀਰ ਦਿਉ,
ਭਾਂਵੇਂ ਆਪਣੀ ਘਿਰਣਾ ਨਾਲ ਕਤਲ ਕਰ ਦਿਉ,
ਪਰ ਫਿਰ ਵੀ, ਹਵਾ ਵਾਂਗ, ਮੈਂ ਉਦੈ ਹੋਵਾਂਗੀ.

ਕੀ ਮੇਰਾ ਨਾਰੀਤੱਵ ਤੁਹਾਨੂੰ ਪਰੇਸ਼ਾਨ ਕਰਦਾ ਹੈ ?
ਕੀ ਤੁਹਾਨੂੰ ਇਸ ਗਲ ਦੀ ਹੈਰਾਨੀ ਹੈ
ਕਿ ਮੈਂ ਇੰਝ ਨੱਚਦੀ ਹਾਂ ਜਿਵੇਂ
ਮੇਰੀਆਂ ਲੱਤਾਂ ਵਿਚਾਲੇ ਹੀਰੇ ਜੜੇ ਹੋਣ ?

ਝੁੱਗੀਆਂ ਵਿਚ ਵਸਣ ਦੀ ਸ਼ਰਮਿੰਦਗੀ ਦੀ ਤਵਾਰੀਖ਼ ‘ਚੋਂ
ਮੈਂ ਉਦੈ ਹੋਵਾਂਗੀ
ਦਰਦਨਾਕ ਅਤੀਤ ਦੀਆਂ ਜੜਾਂ ‘ਚੋਂ
ਮੈਂ ਉਦੈ ਹੋਵਾਂਗੀ
ਮੈਂ ਕਾਲਾ ਸਮੁੰਦਰ ਹਾਂ, ਉੱਛਲਦਾ ਤੇ ਫੈਲਦਾ.
ਡੁੱਬ ਜਾਵਾਂ, ਫੁੱਲ ਜਾਵਾਂ ਪਰ ਮੈਂ ਜਵਾਰਭਾਟੇ ਸਹਾਂਗੀ.
ਡਰ ਅਤੇ ਸਹਿਮ ਦੀਆਂ ਰਾਤਾਂ ਨੂੰ ਪਿੱਛੇ ਛੱਡ
ਮੈਂ ਉਦੈ ਹੋਵਾਂਗੀ
ਇਕ ਸ਼ਾਨਦਾਰ ਤੇ ਸੁਨਹਿਰੀ ਸਵੇਰ ਨੂੰ
ਮੈਂ ਉਦੈ ਹੋਵਾਂਗੀ
ਆਪਣੇ ਪੂਰਵਜਾਂ ਦੀਆਂ ਦਿਤੀਆਂ ਨੇਹਮਤਾਂ ਨੂੰ ਮੋੜ ਲਿਆਵਾਂਗੀ,
ਮੈਂ ਗੁਲਾਮਾਂ ਦਾ ਸੁਫ਼ਨਾ ਤੇ ਬੰਦੀਆਂ ਦੀ ਉਮੀਦ ਹਾਂ
ਮੈਂ ਉਦੈ ਹੋਵਾਂਗੀ
ਮੈਂ ਉਦੈ ਹੋਵਾਂਗੀ
ਮੈਂ ਉਦੈ ਹੋਵਾਂਗੀ.
 
Top