Ishq

ਜਦ ਵੀ ਮੈਂ ਅਪਣੇ ਇਸ਼ਕ ਦਾ ਕੋਈ ਵਾਕਿਆ ਲਿਖਾਂ

ਖ਼ੁਦ ਨੂੰ ਖ਼ੁਦਾਈ ਇਸ਼ਕ ਨੂੰ ਅਪਣਾ ਖ਼ੁਦਾ ਲਿਖਾਂ

ਫੁੱਲਾਂ ਤੇ ਤਿਤਲੀਆਂ ਦੀ ਇਕ ਲੰਮੀ ਕਥਾ ਲਿਖਾਂ

ਕੁਦਰਤ ਨੂੰ ਸੁੱਚੇ ਇਸ਼ਕ ਦਾ ਹੀ ਸਿਲਸਿਲਾ ਲਿਖਾਂ

ਨਾ ਤਾਂ ਲਿਖਾਂ ਮੈਂ ਠ੍ਹੀਕਰਾਂ ਨਾ ਹੀ ਗੁਆਚੇ ਜਲ

ਜਦ ਵੀ ਮੈਂ ਲਿਖਾਂ ਨੀਰ ਦਾ ਭਰਿਆ ਘੜਾ ਲਿਖਾਂ

ਮੈਂ ਕਿਉਂ ਲਿਖਾਂ ਹਯਾਤ ਨੂੰ ਬੰਦਿਸ਼ ਤੇ ਬੇਬਸੀ

ਖੁੱਲ੍ਹੀ ਫਿਜ਼ਾ ਲਿਖਾਂ ਕਦੇ ਵਗਦੀ ਹਵਾ ਲਿਖਾਂ

ਹੋਵੇ ਜੇ ਮੇਰੇ ਕੋਲ ਵੀ ਆਕਾਸ਼ ਦਾ ਸਫ਼ਾ

ਇਕ ਮੈਂ ਵੀ ਚੰਨ ਤਾਰਿਆਂ ਦਾ ਸਿਲਸਿਲਾ ਲਿਖਾਂ

ਰੱਬਾ ਮੇਰੇ ਕਲਾਮ ਨੂੰ ਤੌਫ਼ੀਕ ਦੇ ਕਿ ਮੈਂ

ਸਭ ਦੀਵਿਆਂ ਦੀ ਓਟ, ਜ਼ਖਮਾਂ ਦੀ ਦਵਾ ਲਿਖਾਂ

ਦੋਵੇਂ ਹੀ ਉਹ ਇਕ ਦੂਸਰੇ ਵਿਚ ਜਜ਼ਬ ਹੋ ਗਏ

ਕਿਸ ਨੂੰ ਲਿਖਾਂ ਮੈਂ ਥਲ ਕਿਸ ਨੂੰ ਘਟਾ ਲਿਖਾਂ
 
Top