ਸ਼ਹਿਰ ਅੰਦਰ ਇਸ ਤਰਾਂ ਦੇ,ਬੇਵਫਾ ਦਿਲਬਰ ਮਿਲੇ i


ਗਜ਼ਲ

ਸ਼ਹਿਰ ਅੰਦਰ ਇਸ ਤਰਾਂ ਦੇ,ਬੇਵਫਾ ਦਿਲਬਰ ਮਿਲੇ i
ਪਿਆਰ ਦੇ ਬਦਲੇ ਉਨ੍ਹਾਂ ਤੋਂ,ਦਰਦ ਦੇ ਅਜਗਰ ਮਿਲੇ i

ਆਦਮੀ ਚੋਂ ਚੇਤਨਾ ਦੀ, ਲਾਟ ਹੀ ਹੁਣ ਬੁਝ ਗਈ,
ਅਜ ਦੇ ਇਨਸਾਨ ਅੰਦਰ, ਨ੍ਹੇਰ ਤੇ ਖੰਡਰ ਮਿਲੇ i

ਹਰ ਗਲੀ ਵਿਚ ਮਹਿਰਮਾਂ ਦਾ,ਮੈਂ ਪਤਾ ਪੁੱਛਦਾ ਰਿਹਾ,
ਓਪਰੇ ਲੋਕੀਂ ਮਿਲੇ ਜਾਂ ਪੱਥਰਾਂ ਦੇ ਘਰ ਮਿਲੇ i

ਸਾੜਿਆ ਜੰਗਲ ਇਹ ਸਾਰਾ,ਸ਼ਹਿਰ ਦੀ ਅੱਗ ਨੇ ਜਦੋਂ,
ਝੁਲਸ ਚੁੱਕੇ ਆਲਣੇ ਜਾਂ ਰਾਖ ਹੋਏ ਪਰ ਮਿਲੇ i

ਅਜ ਬਨਾਉਟੀ ਬੰਦਗੀ ਕੁਝ, ਇਸ ਤਰਾਂ ਦੀ ਹੋ ਗਈ,
ਹਾਰ ਫੁੱਲਾਂ ਦਾ ਗਲੇ ਵਿਚ, ਜੇਬ ਵਿਚ ਖੰਜਰ ਮਿਲੇ i

ਮਿਸਲ ਦਾ ਤੁਰਨਾ ਅਸੰਭਵ ,ਹੋ ਗਿਆ ਪੈਸੇ ਬਿਨਾ,
ਰਿਸ਼ਵਤਾਂ ਤੋਂ ਰਹਿਤ ਦਫਤਰ,ਨਾ ਕਿਤੇ ਅਫਸਰ ਮਿਲੇ i

ਮੰਜਿਲਾਂ ਨੂੰ ਜਾਣ ਵਾਲੇ , ਨਕਸ਼ ਤਾਂ ਲਭਦੇ ਨਹੀਂ,
ਰਸਤਿਆਂ ਵਿਚ ਖੂਨ ਭਿੱਜੇ ,ਪਰ ਕਈ ਪੱਥਰ ਮਿਲੇ i

ਖੌਫ਼ ਦੀ ਲਿੱਪੀ ‘ਚ ਮਿਲਦੀ, ਹਰ ਗਰਾਂ ਦੀ ਦਾਸਤਾਂ,
ਨ੍ਹੇਰ ਨੇ ਪਹਿਰੇ ਲਗਾਏ , ਬੰਦ ਸਾਰੇ ਦਰ ਮਿਲੇ i

ਕਰ ਹੀ ਜਾਂਦਾ ਗਜ਼ਲ ਨੂੰ ਮੈਂ ,ਅਮਰ ਸਦੀਆਂ ਦੇ ਲਈ,
ਪਰ ਨਾ ਐਸਾ ਖਿਆਲ ਸੁਝਿਆ,ਨਾ ਕਦੇ ਅੱਖਰ ਮਿਲੇ i
ਆਰ.ਬੀ.ਸੋਹਲ

 
Top