ਸੋਚਦਾ ਹਾਂ ਗਮ ਮੈਂ ਤੇਰੇ ਖਾ ਲਵਾਂ i

ਸੋਚਦਾ ਹਾਂ ਗਮ ਮੈਂ ਤੇਰੇ ਖਾ ਲਵਾਂ i
ਦਰਦ ਤੇਰੇ ਪੀ ਕੇ ਮਨ ਪਰਚਾ ਲਵਾਂ i

ਜੇ ਕਿਸੇ ਦਾ ਦਰਦ ਮੈਂ ਹਰਿਆ ਨਹੀਂ,
ਫਿਰ ਮਸੀਹਾ ਮੈਂ ਕਿਵੇਂ ਅਖਵਾ ਲਵਾਂ i

ਰੰਗ ਕਿਸਮਤ ਨੂੰ ਚੜੇਗਾ ਖੂਬ ਫਿਰ,
ਨੇਕ ਕਰਮਾਂ ਦੀ ਜੇ ਮਹਿੰਦੀ ਲਾ ਲਵਾਂ i

ਮੈਂ ਬਣਾਂਗਾ ਢਾਲ ਹੀ ਮਜਲੂਮ ਦੀ,
ਧਾਰ ਪਰ ਤਲਵਾਰ ਦੀ ਅਜ਼ਮਾ ਲਵਾਂ i

ਦਰਦ ਮੇਰੇ ਨੂੰ ਵੀ ਉਹ ਤਾਂ ਸੁਣਨਗੇ,
ਗਰਜ਼ ਉਹਨਾਂ ਦੀ ਵੀ ਪਰ ਭੁਗਤਾ ਲਵਾਂ i

ਅਸਰ ਨਫਰਤ ਦਾ ਘਟੇਗਾ ਫੇਰ ਹੀ,
ਪਿਆਰ ਦੀ ਤੁਲਸੀ ਜਰਾ ਵਰਤਾ ਲਵਾਂ i

ਮੈਂ ਬਣਾਂਗਾ ਵੀ ਮਲਾਹ ਉਸ ਪੂਰ ਦਾ,
ਖੁਦ ਨੂੰ ਮੰਝਧਾਰੋਂ ਕਿਨਾਰੇ ਲਾ ਲਵਾਂ i

ਸੁਲਝਿਆ ਰੁਜਗਾਰ ਦਾ ਮਸਲਾ ਨਹੀਂ,
ਜ਼ੁਲਫ਼ ਤੇਰੀ ਮੈਂ ਕਿਵੇਂ ਸੁਲਝਾ ਲਵਾਂ i

ਆਰ.ਬੀ.ਸੋਹਲ
 
Top