Depression ਦੀ ਬੀਮਾਰੀ ਆਤਮ ਹੱਤਿਆ ਦਾ ਸਭ ਤੋਂ ਵੱਡਾ ਕਾਰਣ ਹੈ |

GöLdie $idhu

Prime VIP
Depression ਦੀ ਬੀਮਾਰੀ ਆਤਮ ਹੱਤਿਆ ਦਾ ਸਭ ਤੋਂ ਵੱਡਾ ਕਾਰਣ ਹੈ | ਸਾਰੀਆਂ ਆਤਮ ਹੱਤਿਆਵਾਂ ਚੋਂ ਅਧੀਆਂ ਸਿਰਫ ਇਸ ਬੀਮਾਰੀ ਕਾਰਣ ਹੁੰਦੀਆਂ ਨੇ | ਇਸ ਤੋਂ ਇਲਾਵਾ ਕਿਸੇ ਵੀ ਵਜ੍ਹਾ ਕਰਕੇ ਉਤਪੰਨ ਹੋਈ ਤਣਾਉ ਦੀ ਸਥਿਤੀ ਵੀ ਬੰਦੇ ਨੂੰ ਇਸ ਵਰਤਾਰੇ ਵੱਲ ਧਕੇਲ ਸਕਦੀ ਹੈ| ਸ਼ਰਾਬ ਤੇ ਦੂਸਰੇ ਨਸ਼ਿਆਂ ਤੇ ਨਿਰਭਰਤਾ, ਸਕਿਜ਼ੋਫ਼ਰੇਨੀਆ ਤੇ ਹੋਰ ਦੂਸਰੀਆਂ ਮਾਨਸਿਕ ਬੀਮਾਰੀਆਂ ਵੀ ਆਤਮ ਹੱਤਿਆ ਦਾ ਕਾਰਣ ਬਣ ਸਕਦੀਆਂ ਨੇ |
ਮਨੋਵਿਸ਼ਲੇਸ਼ਣ ਵਾਲੇ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਹ ਬੰਦਾ ਆਤਮ ਹੱਤਿਆ ਕਰਦਾ ਹੈ ਜਿਸ ਦੀ ਸਭ ਤੋਂ ਪਿਆਰੀ 'ਚੀਜ਼' ਖੁਸ ਗਈ ਹੋਵੇ ਜਿਸ ਦੇ ਲੇਖੇ ਉਸ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਹੋਵੇ|
ਇੱਕ ਦੂਸਰਾ ਮਨੋਵਿਗਿਆਨਿਕ ਤਰਕ ਇਹ ਵੀ ਕਹਿੰਦਾ ਹੈ ਕਿ ਕੋਈ ਵੀ ਆਤਮ ਹੱਤਿਆ ਕਰਨ ਵਾਲਾ ਮਾਮਲਾ ਅਜਿਹਾ ਨਹੀਂ ਹੁੰਦਾ ਜਿਸ ਵਿਚ ਮਰਨ ਵਾਲੇ ਨੇ ਕਿਸੇ ਹੋਰ ਨੂੰ ਮਾਰਨ ਦਾ ਵਿਚਾਰ ਨਾ ਕੀਤਾ ਹੋਵੇ| ਸਮਾਜਿਕ ਜਾਂ ਭਾਵਨਾਤਮਿਕ ਕਾਰਣਾਂ ਕਰਕੇ ਉਸ ਦੂਸਰੇ ਬੰਦੇ ਨੂੰ ਮਾਰਨਾ ਸੰਭਵ ਨਹੀਂ ਹੁੰਦਾ| ਫਿਰ ਆਤਮਹੱਤਿਆ ਕਰਨ ਵਾਲਾ ਵਿਅਕਤੀ ਉਸ (ਜਿਸ ਨੂੰ ਮਾਰਨਾ ਸੀ) ਦੇ ਬਿੰਬ ਨੂੰ ਆਪਣੇ ਮਨ ਅੰਦਰ ਸਮਾ ਲੈਂਦਾ ਹੈ ਤੇ ਆਤਮਹੱਤਿਆ ਦੁਆਰਾ ਉਸ ਨੂੰ ਮਾਰ ਮੁਕਾਉਂਦਾ ਹੈ|
ਬਹੁਤ ਅਹਿਮ ਪਹਿਲੂ ਸਮਾਜਿਕ ਵੀ ਹੈ ਜਿਸ ਦੀ ਵਿਆਖਿਆ ਮਸ਼ਹੂਰ ਸਮਾਜ-ਵਿਗਿਆਨੀ ਐਮਿਲ ਡਰਖਾਇਮ ਨੇ ਕੀਤੀ ਸੀ| ਉਸ ਮੁਤਾਬਿਕ ਆਤਮ ਹੱਤਿਆ ਦਾ ਕਾਰਣ ਸਮਾਜ ਤੇ ਵਿਅਕਤੀ ਦਾ ਇਕਸੁਰ ਨਾ ਹੋ ਪਾਉਣਾ ਹੁੰਦਾ ਹੈ ਜਿਸ ਵਿਚ ਕਸੂਰ ਕੁਝ ਹਾਲਾਤ ਵਿਚ ਬੰਦੇ ਦਾ ਹੁੰਦਾ ਹੈ ਤੇ ਕੁਝ ਵਿਚ ਸਮਾਜ ਦਾ|
ਕਾਰਣ ਉਪਰੋਕਤ ਵਿਚੋਂ ਜੋ ਵੀ ਹੋਵੇ, ਬੰਦੇ ਦੀ ਜਿਊਂਦੇ ਰਹਿਣ ਦੀ ਜੱਦੋਜਹਿਦ ਕਈ ਰੂਪਾਂ ਵਿਚ ਉਜਾਗਰ ਹੁੰਦੀ ਹੈ ਕਿਓਂਕਿ ਕੋਈ ਵੀ ਅਸਲ ਵਿਚ ਮਰਨਾ ਨਹੀਂ ਚਾਹੁੰਦਾ ਹੁੰਦਾ ਤੇ ਉਹ ਬਹੁਤ ਸਾਰੇ ਸੰਕੇਤ ਆਪਣੇ ਆਸ ਪਾਸ ਵਾਲਿਆਂ ਨੂੰ ਦਿੰਦਾ ਹੈ ਜੋ ਉਹ ਅਕਸਰ ਸਮਝਣ ਵਿਚ ਨਾਕਾਮ ਹੁੰਦੇ ਨੇ| ਕੋਈ ਇੱਕ ਆਸ ਬੰਦੇ ਨੂੰ ਅੱਖਰ ਤੱਕ ਬਚਾਈ ਰੱਖਦੀ ਹੈ ਪਰ ਜਦੋਂ ਉਹ ਆਸ ਵੀ ਟੁੱਟ ਜਾਂਦੀ ਹੈ ਤਾਂ ਬੰਦਾ ਆਪਣੇ ਸੁਆਸਾਂ ਦੀ ਡੋਰ ਵੀ ਤੋੜ ਦਿੰਦਾ ਹੈ - ਮਤਲਬ ਬੇ-ਆਸ ਹੋਣਾ (Hopelessness) ਆਤਮ ਹੱਤਿਆ ਦਾ ਸਭ ਤੋਂ ਵੱਡਾ ਸੂਚਕ ਹੈ|
ਡਿਪਰੈਸ਼ਨ ਦਾ ਇਲਾਜ ਸੰਭਵ ਹੈ ਤੇ ਨਾ-ਉਮੀਦੀ ਨੂੰ ਬੰਦੇ ਦੇ ਇਰਦ ਗਿਰਦ ਸਹਾਇਤਾ ਦਾ ਸੁਰੱਖਿਆ ਘੇਰਾ ਬਣਾ ਕੇ ਤੋੜਿਆ ਜਾ ਸਕਦਾ ਹੈ - ਇਸ ਬਾਰੇ ਗੱਲ ਕਰੋ, ਕਿਸੇ ਵੀ ਸਮੱਸਿਆ ਨੂੰ ਆਪਣੇ ਤੱਕ ਨਾ ਰੱਖੋ - ਸਿਧੇ ਸਿਧੇ ਸਾਂਝਿਆਂ ਕਰਕੇ ਤੁਸੀਂ ਛੋਟੇ ਨਹੀਂ ਹੋ ਜਾਓਗੇ ਤੇ ਨਾ ਹੀ ਤੁਹਾਨੂੰ ਕਮਜ਼ੋਰ ਸਮਝਿਆ ਜਾਵੇਗਾ|
ਹਰ ਇੱਕ ਆਤਮ-ਹੱਤਿਆ ਨੂੰ ਬਚਾਇਆ ਜਾ ਸਕਦਾ ਹੈ - ਇਸ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਲੋੜ ਹੈ|
..................................................................................................
 
Top