pps309
Prime VIP
ਇਹ ਕਹਾਣੀ ਮਨਿੰਦਰ ਸਿੰਘ ਕਾਂਗ ਦੀ ਸ਼ਾਹਕਾਰ ਰਚਨਾ ਹੈ। ਇਸ ਵਿਚ ਗੁਰੂ ਸਾਹਿਬਾਨ ਦਾ ਉੱਚ ਪਾਏ ਦਾ ਚਿਤਰਨ ਹੈ। ਐਸਾ ਮੈਂ ਸਾਹਿਤ ਵਿਚ ਘੱਟ ਹੀ ਵੇਖਿਆ ਹੈ। ਪਾਠਕਾਂ ਨੂੰ ਇਕ ਬੇਨਤੀ ਜਰੁਰ ਕਰਨੀ ਚਾਹਾਂਗਾ ਕਿ ਇਸ ਕਹਾਣੀ ਨੂੰ ਪੂਰਾ ਪੜ੍ਹਕੇ ਹੀ ਆਪਣੇ ਵਿਚਾਰ ਦੇਣ। ਅੱਧੀ ਅਧੂਰੀ ਕਹਾਣੀ ਤੁਹਾਡੇ ਮਨ ਵਿਚ ਸ਼ੰਕੇ ਖੜ੍ਹੇ ਕਰ ਸਕਦੀ ਹੈ। ਹੋ ਸਕਦਾ ਹੈ ਕਿ ਕਿਤੋਂ ਕਿਤੋਂ ਕਹਾਣੀ ਥੋਨੂੰ ਓਪਰੀ ਲੱਗੇ ਪਰ ਪੂਰੀ ਪੜ੍ਹਣ ਤੋਂ ਬਾਅਦ ਤੁਹਾਡੀ ਰਾਇ ਹੋਰ ਹੋਵੇਗੀ।
- ਸੰਪਾਦਕ
ਕੁੱਤੀ ਵਿਹੜਾ (ਭਾਗ 1)
‘ਕੁੱਤੀ ਵਿਹੜਾ’ ਜਾਂ ‘ਕਸਾਈ ਵਿਹੜਾ’ - ਦੋਹੇਂ ਨਾਂ ਇਕੋ ਥਾਂ ਦੇ ਨੇ। ਚਾਹੇ ਕੁੱਤੀ ਵਿਹੜਾ ਕਹਿ ਲਵੋ ਤੇ ਚਾਹੇ ਕਸਾਈ ਵਿਹੜਾ! ਅੰਬਰਸਰ ਸ਼ਹਿਰ ਦੇ ਜੰਮਪਲ ਫੱਟ ਦੱਸ ਦੇਣਗੇ ਕਿ ਸੁਲਤਾਨਵਿੰਡ ਗੇਟ ਦੇ ਅੰਦਰੋਂ ਲੰਘਦਿਆਂ ਕਿਰਪਾਨਾਂ ਵਾਲਾ ਬਜ਼ਾਰ ਲੰਘ ਕੇ, ਤੇ ਢੋਲੀਆਂ ਵਾਲੇ ਚੌਂਕ ਤੋਂ ਲੈ ਕੇ ਹਰਮੰਦਰ ਸਾਹਿਬ ਦੇ ਰਾਹ ਵਿਚ ਪੈਂਦੀ ਸੋਡਾ-ਵਾਟਰ ਫੈਕਟਰੀ ਤੱਕ ਕੁੱਤੀ ਵਿਹੜਾ ਹੀ ਜੇ! ਅੱਗੇ ਤੋਂ ਫੇਰ ਗੁਰੂ ਰਾਮ ਦਾਸ ਸਰਾਂ ਸ਼ੁਰੂ ਹੋ ਜਾਂਦੀ ਏ!
****
ਤੇ ਮੈਂ ਲਿਖਣਾ ਕੋਈ ਨਹੀਂ ਸੀਗਾ ਏਸ ਸਭ ਕੁਝ ਬਾਰੇ, ਜੇ ਕਿਤੇ ਬਾਲਮੀਕਿਆਂ ਦੇ ਬੰਟੀ ਨੇ ਡੱਬ ਵਿਚੋਂ ਲੰਮਾ ਖੰਜਰ ਕੱਢ ਕੇ ਲਲਕਾਰੇ-ਚੀਕਾਂ ਨਾ ਮਾਰੀਆਂ ਹੁੰਦੀਆਂ…!
ਇਹ ਤੇ ਇਲੈਕਸ਼ਨਾਂ ਦੇ ਦਿਨ ਸਨ ਤੇ ਵਰ੍ਹਾ 1997 ਦਾ ਲਗਾ ਜਾਂਦਾ ਸੀ। ਇਧਰ ਚੌਂਕ ਬਾਬੇ ਭੌੜੀ ਵਾਲੇ ਦਾ ਪੁਰਾਣਾ ਦਸ ਨੰਬਰੀਆ, ਤੇ ਕਹਿੰਦਾ-ਕੁਹਾਂਦਾ ਬਦਮਾਸ਼ ‘ਸਲਾਰੀਆ ਸੁਲਤਾਨਵਿੰਡੀਆ’ ਇਲੈਕਸ਼ਨ ਲੜ ਰਿਹਾ ਸੀ ਫੇਰ ਇਸ ਵਾਰ! ਪਹਿਲੇ ਉਹ ਆਪਣੇ ਬਦਮਾਸ਼ ਗੁਰੂ ‘ਇਕਵਿੰਦਰ ਸਿੰਘ’ ਨਾਲ ਕਈ ਦਹਾਕੇ ਯੂਥ ਕਾਂਗਰਸ ਦਾ ਬਦਮਾਸ਼ ਵਰਕਰ ਰਿਹਾ ਸੀ। ਇਸ ਵਾਰ ਆਪਣੇ ਬਦਮਾਸ਼+ਸਿਆਸੀ ਗੁਰੂ ‘ਇਕਵਿੰਦਰ’ ਦੇ ਇਸ਼ਾਰੇ ‘ਤੇ ਅਕਾਲੀ ਹੋ ਗਿਆ ਸੀ। ਮੁੱਖ ਮੰਤਰੀ ਰੌਸ਼ਨ ਸਿੰਘ ਦੀ ਹਾਜ਼ਰੀ ਵਿਚ ਉਹਨੂੰ ਸਿਰੋਪਾ ਪਾ ਕੇ ਅਕਾਲੀ ਸਿੰਘ ਬਣਾ ਲਿਆ ਗਿਆ ਸੀ। ਇਥੋਂ ਤੱਕ ਕਿ ਟਿਕਟ ਨਾਲ ਵੀ ਨਿਵਾਜਿਆ ਗਿਆ ਸੀ। ਸਰਕਾਰੀ ਏਜੰਸੀਆਂ ਨੇ ਵੀ ਤਬਦੀਲੀ ਲਿਆਉਣੀ ਸੀ। ਉਹਨਾਂ ਵਲੋਂ ਵੀ ਥਾਪੜਾ ਮਿਲ ਗਿਆ ਸੀ। ਖੁਫ਼ੀਆ ਸਰਕਾਰੀ ਤੰਤਰ ਨਾਲ ਸੀ। ਜ਼ਾਹਰ ਸੀ, ਸਾਲਾਂ ਦੀ ਉਸਦੀ ਖੁਫ਼ੀਆ ਏਜੰਸੀਆਂ ਨਾਲ ਨਿਭਾਈ ਯਾਰੀ ਕੰਮ ਆਈ ਸੀ, ਤੇ ਉਹਨੂੰ ਪੱਕਾ ਕੀਤਾ ਗਿਆ ਸੀ ਕਿ ਇਸ ਵਾਰ ਐੱਮ. ਐੱਲ. ਏ. ਉਹ ਹੀ ਬਣੇਗਾ…!
….ਦੂਜੀ ਵੱਡੀ ਗੱਲ, ਉਹਦੇ ਸਿਆਸੀ + ਬਦਮਾਸ਼ ਗੁਰੂ ਇਕਵਿੰਦਰ ਨੇ ਵੀ ਦਿੱਲੀ ਦਰਬਾਰ ਤੇ ਕੇਂਦਰੀ ਖੁਫੀਆ ਏਜੰਸੀਆਂ ਦੇ ਹੁਕਮ ‘ਤੇ ‘ਰੌਸ਼ਨ-ਬਾਣੀ’ ਗ੍ਰਹਿਣ ਕਰ ਲਈ ਸੀ। ਹੁਣ ਤੇ ਅਕਾਲੀਆਂ ਤੇ ਕਾਂਗਰਸੀਆਂ ਦਾ ਕਦੀ ਵੱਖੋ-ਵੱਖਰਾ ਦਿੱਸਦਾ ਖਾਸਾ ਵੀ ਇਕ ਹੋ ਚੁੱਕਾ ਸੀ। ਹੁਣ ਅਕਾਲੀਆਂ ਵਿਚ ਵੀ ਸ਼ਹਿਰ ਦੇ ਕਾਂਗਰਸੀ ਬਦਮਾਸ਼ਾਂ ਵਾਲੇ ਨਾਂ ਰੱਖਣ ਤੇ ਚੈਨੀਆਂ-ਮੁੰਦੀਆਂ ਪਾ ਕੇ ਜੀਪਾਂ ‘ਤੇ ਚੜ੍ਹ ਕੇ ਚੋਣ-ਮੁਹਿੰਮ ਚਲਾਣ ਦੀ ਲਹਿਰ ਸੀ। ਕੋਈ ਬਦਮਾਸ਼ ਹੁਣ ‘ਕਿੱਟਾ’ ਜੀ ਸੀ, ਕੋਈ ‘ਬਿੱਟਾ’ ਜੀ! ਕੋਈ ਹੁਣ ‘ਟੀਟੂ’ ਜੀ ਸਨ ਤੇ ਕੋਈ ਹੁਣ ‘ਬੰਟੀ’ ਜੀ ਸਨ। ਕੋਈ ਰੋਮੀ-ਟੋਮੀ ਸੀ, ਕੋਈ ‘ਬਿੱਟੂ-ਟੀਟੂ’ ਸਨ। ਕਿਤੇ-ਕਿਤੇ ‘ਲਾਟੀ’ ਜੀ, ‘ਲਾਡੀ’ ਜੀ ਵੀ ਮਿਲਦੇ ਸਨ, ਤੇ ਕਿਤੇ ਨਾ ਕਿਤੇ ਭਪੀ ਭਾਜੀ, ਭੂਪੀ ਭਾਜੀ ਤੇ ਗਿੰਦਾ-ਭਿੰਦਾ ਜੀ ਵੀ ਸਨ। ਜਿਸ ਨੂੰ ਕੁਝ ਨਹੀਂ ਸੀ ਲੱਭਦਾ, ਉਹ ਦਾੜ੍ਹੀ ਲੰਮੀ ਕਰਕੇ ਨਾਂ ਦੇ ਮਗਰ ਖਾਲਸਾ ਜੋੜ ਲੈਂਦਾ ਸੀ। ਰਾਤ ਨੂੰ ਲੰਮੀ ਦਾੜ੍ਹੀ ਸਮੇਤ ਜਾਂ ਤੇ ਤੰਮਾਕੂ ਦਾੜ੍ਹਾਂ ਵਿਚ ਰੱਖਕੇ ਪੈਗ ਲਾਉਂਦੇ, ਜਾਂ ਨਾਗਣੀ (ਅਫੀਮ) ਦੀ ਉਂਗਲ ਚੱਟਦੇ…।
….ਅੰਬਰਸਰ ਪੂਰੀਆਂ ਚੜ੍ਹਾਈਆਂ ‘ਤੇ ਸੀ!
….ਇਹੋ ਜਿਹੇ ਵਧੀਆ ਸਮਿਆਂ ਵਿਚ, ਜਦੋਂ ਕਿ ਸਮਾਂ 1997 ਦਾ ਚਲ ਰਿਹਾ ਸੀ ਤੇ ਇਲੈਕਸ਼ਨ ਸਿਰ ‘ਤੇ ਸਨ, ਮੈਂ ਆਪਣੇ ਮਿੱਤਰ-ਪਿਆਰਿਆਂ ਨਾਲ ਦਰਬਾਰ ਸਾਹਿਬ, ਸਰਾਂ ਵਾਲੇ ਪਾਸਿਉਂ ਪੈਦਲ ਨਿਕਲਦਾ ਬਾਹਰ ਸੁਲਤਾਨਵਿੰਡ ਰੋਡ ‘ਤੇ ਚੜ੍ਹਿਆ। ਇਧਰ ਅਜੀਤ ਨਗਰ ਦੇ ਬਾਹਰ ਏਸੇ ਬਦਮਾਸ਼ ‘ਸਲਾਰੀਏ’ ਦੇ ਵਿਰੋਧੀ ਦਾ ਇਲੈਕਸ਼ਨ ਜਲਸਾ ਹੋ ਰਿਹਾ ਸੀ। ਇਥੇ ਹੀ ਮੈਨੂੰ ਬੰਟੀ ਦੇ ਦਰਸ਼ਨ ਹੋਏ, ਜਦੋਂ ਉਹਨੇ ਸ਼ਰਾਬ ਨਾਲ ਰੱਜੇ ਹੋਏ ਨੇ ਡੱਬ ਵਿਚੋਂ ਖੰਜਰ ਕੱਢ ਕੇ ਘੁਮਾਇਆ। ਨਾਲ ਹੀ ਲਲਕਾਰਾ ਮਾਰਿਆ -
‘‘ਓਏ ਰੋਡ ‘ਤੇ ਕੁੱਤੀ ਨਹੀਂ ਬੁੜਕਣ ਦੇਣੀ! ਲੰਡੀ-ਬੁੱਚੀ ਡੁਰਰ-ਰ-ਉਏ…!’’
ਮੇਰੇ ਨਾਲ ਮੇਰੇ ਤਿੰਨ ਸਾਥੀ ਸਨ। ਇਕ ਤੇ ਸਥਾਨਕ ਕਵੀ ਹਰਜੀਤ ‘ਨੀਲਮਣੀ’ ਜੀ ਸਨ। ਦੂਜਾ ਸਾਡਾ ਸਾਂਝਾ ਮਿੱਤਰ ਗੁਰਿੰਦਰ ਗੀਟਾ ਸੀ ਤੇ ਤੀਜਾ ਮੇਰਾ ਆਪਣਾ ਪ੍ਰਛਾਵਾਂ, ‘ਤੋਚੀ ਸਾਂਈ’ ਸੀ। ਤੋਚੀ ਜਨਮਜਾਤ ਫ਼ਕੀਰ ਸੀ ਤੇ ਮੇਰਾ ਬਚਪਨ ਦਾ ਜੋਟੀਦਾਰ ਸੀ। ਉਹ ਡੇਰੇ ‘ਲਾਲਾ ਵਾਲੇ’ ਉੱਪਰ ਚੜ੍ਹਾਇਆ ਬਾਲਕ ਸੀ ਤੇ ਉਥੇ ਡੇਰੇ ਵਿਚ ਹੀ ਪਲਿਆ ਸੀ। ਅੰਬਰਸਰ ਮੈਂ ਜਦੋਂ ਵੀ ਜਾਵਾਂ, ਜਿੰਨੇ ਦਿਨ ਵੀ ਰਹਵਾਂ, ਭਾਵੇਂ ਇਕ ਦਿਨ, ਭਾਵੇਂ ਹਫ਼ਤਾ, ਉਹਨੇ ਦਿਹਾੜੀ ਦੇ ਇਕ-ਦੋ ਘੰਟੇ ਮੇਰੇ ਨਾਲ ਪੈਦਲ ਹੀ ਸ਼ਹਿਰ ਵਿਚ ਗਲੀਆਂ ਕੱਛਦਿਆਂ ਕੱਟਣੇ ਹੁੰਦੇ ਸਨ।
ਹਮੇਸ਼ਾ ਵਾਂਗ ਅੱਜ ਵੀ ਉਹ ਨਾਲ ਸੀ!
ਸਭ ਤੋਂ ਪਹਿਲਾਂ ਨੀਲਮਣੀ ਬੋਲਿਆ -
‘‘….ਦੇ ਯਾਰ ਦੇ ਚਿੱਟੇ (ਚੂਹੜੇ) ਕਿਵੇਂ ਚਾਂਭਲੇ ਈ….!’’
‘‘ਮੂਰਖ ਜਾਂ ਤੇ ਖਾ ਮਰੇ, ਜਾਂ ਰੱਜ ਮਰੇ…।’’ ਗੀਟੇ ਨੇ ਤੱਤ ਕੱਢਿਆ।
ਮੇਰੇ ਦਿਲ ਨੂੰ ਜਿਵੇਂ ਇਕ ਧੱਕਾ ਜਿਹਾ ਲੱਗਾ। ਜ਼ਾਹਰ ਤੌਰ ‘ਤੇ ਮੈਂ ਪ੍ਰਗਟ ਨਹੀਂ ਹੋਣ ਦਿੱਤਾ। ਇਕ ਤੇ ਮੈਂ ਬੰਟੀ ਨੂੰ ਨਿੱਜੀ ਰੂਪ ਵਿਚ ਜਾਣਦਾ ਸਾਂ। ਉਹ ਸਾਡੀ ਪੀੜ੍ਹੀ-ਦਰ-ਪੀੜ੍ਹੀ ਤੁਰੀ ਆਉਂਦੀ ਚੂਹੜੀ ‘ਰਾਧਾ ਰੰਡੀ’ ਦੇ ਕਬੀਲੇ ਵਿਚੋਂ ਸੀ। ‘ਰਾਧਾ ਰੰਡੀ’ ਤੇ ਹੁਣ (ਹਜ਼ਰਤ ਈਸਾ ਉਹਨੂੰ ਜੱਨਤ ਦਵਾਏ) ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੀ ਸੀ। ਪਿਛਲੇ ਸੌ, ਡੇਢ ਸੌ ਸਾਲ ਦਾ ਸਾਡੇ ਖ਼ਾਨਦਾਨ ਦਾ ਸ਼ਜਰਾ ਮੈਨੂੰ ਪਤਾ ਏ। ਤੇ ਏਹ ਸੌ, ਡੇਢ ਸੌ ਸਾਲ ਹੀ ਏਸ ਰਾਧਾ ਰੰਡੀ ਦੇ ਪੂਰਵਜਾਂ ਤੇ ਉਹਦੇ ਪੁੱਤ, ਧੀਆਂ ਤੇ ਨੂੰਹਾਂ ਨੇ ਸਾਡਾ ਗੰਦ ਚੁੱਕਿਆ ਸੀ। ਰਾਧਾ ਨੂੰ ਮੈਂ ਹਮੇਸ਼ਾਂ ਮਲ ਮੂਤਰ ਵਾਲੇ ਟੋਕਰੇ ਨਾਲ ਵੇਖਿਆ ਸੀ, ਜਾਂ ਕਦੀ-ਕਦੀ ਆਪਣੇ ਖੋਲੇ ਦੇ ਬਾਹਰ ਹੁੱਕਾ ਪੀਂਦਿਆਂ। ਉਹਦਾ ਕਮਰਾ ਪਤਾ ਨਹੀਂ ਕਿਉਂ, ਮੈਨੂੰ ਹਮੇਸ਼ਾ ਖ਼ੋਲਾ ਹੀ ਲੱਗਾ ਸੀ!
ਇਹ ਬੰਟੀ ਉਸੇ ਰਾਧਾ ਰੰਡੀ ਦੀ ਸਕੀ ਭੈਣ ਦਾ ਪੜੋਤਰਾ ਸੀ। ਇਹਨਾਂ ਵਿਚ ਵਿਆਹ ਤੇ ਔਲਾਦ ਛੇਤੀ ਹੋ ਜਾਂਦੇ ਸਨ। ਰਾਧਾ ਅਜੇ ਭਰ ਜੁਆਨ ਸੀ ਕਿ ਵਿਧਵਾ ਹੋ ਗਈ। ਮਸਾਂ ਵੀਹਾਂ ਕੁ ਦੀ ਸੀ, ਜਦੋਂ ਰੰਡੀ ਹੋ ਕੇ ਪੇਕੇ ਵੀ ਆ ਗਈ। ਕੁੱਛੜ ਇਕੋ-ਇਕ ਕੁੜੀ ਸੀ ਤੇ ਫੇਰ ਉਸੇ ਕੁੜੀ ਤੋਂ ਹੀ ਰਾਧਾ ਦੀ ਕੁਲ ਅੱਗੇ ਚੱਲੀ ਸੀ। ਰਾਧਾ ਦੀਆਂ ਛੇ ਭੈਣਾਂ ਸਨ ਤੇ ਇਕੋ ਭਰਾ ਸੀ। ਭਰਾ ਅਫ਼ੀਮੀ ਸੀ ਤੇ ਹੁੱਕੇ ‘ਚ ਗੋਲਾ ਰੱਖ ਕੇ ਪੀਂਦਾ ਸੀ। ਇਹ ਲੱਤ ਉਹਨੂੰ ਪਿਉ ਨੇ ਲਾਈ ਸੀ। ਰਾਧਾ ਦੀ ਮਾਂ ਤੇ ਬੜੀ ਮਾਂਦੀ-ਮਰੇੜੀ ਜਿਹੀ ਸੀ। ਰਾਧਾ ਦੇ ਰੰਡੀ ਹੋ ਕੇ ਪਰਤ ਆਉਣ ਪਿੱਛੋਂ ਸਾਲ ਕੁ ਬਾਅਦ ਉਹ ਮਰ ਵੀ ਗਈ। ਉਹਦੇ ਨਾਲ ਹੀ ਛੇਵੀਂ ਭੈਣ, ਜਿਹੜੀ ਮਸਾਂ ਹੀ ਮਹੀਨੇ, ਦੋ ਦੀ ਸੀ, ਵੀ ਮਰ ਗਈ। ਹੁਣ ਰਾਧਾ ਤੋਂ ਛੋਟੀਆਂ ਚਾਰ ਸਨ। ਭਰਾ ਸਭ ਤੋਂ ਵੱਡਾ ਸੀ। ਭਰਾ ਕੋਲ ਕੰਮ ਕੋਈ ਨਹੀਂ ਸੀ ਤੇ ਪਿਉ ਕਰਨ ਜੋਗਾ ਨਹੀਂ ਸੀ।
ਕੁਛ ਚਿਰ ਭਰਾ ਨੇ ਰਾਮ ਬਾਗ ਰੰਡੀਆਂ ਦਾ ਦੱਲਪੁਣਾ ਕੀਤਾ ਸੀ। ਉਹਨੇ ਭੈਣ ਰਾਧਾ ਨੂੰ ਸਮਝਾਇਆ ਕਿ ਕੁਝ ਸਮਾਂ ਰਾਮ ਬਾਗ ਵਿਚ ਧੰਦਾ ਕਰ ਕੇ ਵੇਖ ਲਵੇ। ਉਹ ਦੂਜਿਆ ਦਾ ਦੱਲਾ ਬਣਿਆ ਰਿਹੈ, ਤੇ ਹੁਣ ਆਪਣੀ ਭੈਣ ਲਈ ਤੇ ਜਾਨ ਹਾਜ਼ਰ ਹੈ! ਭਰਾ ਤੇ ਪਿਉ ਦੀ ਸਹਿਮਤੀ ਨਾਲ ਰਾਧਾ ਨੇ ਨਿੱਕੀ ਕੁੜੀ ਆਪਣੀ ਛੋਟੀ ਭੈਣ, ਜਿਹੜੀ ਹੁਣ ਸਤਾਰਾਂ ਟੱਪ ਗਈ ਸੀ, ਨੂੰ ਸਾਂਭ ਦਿੱਤੀ ‘ਤੇ ਆਪ ਰਾਮ ਬਾਗ ਬੈਠ ਗਈ। ਪਰ ਉਹਨੂੰ ਇਹ ਧੰਦਾ ਲੰਮਾ ਸਮਾਂ ਰਾਸ ਨਹੀਂ ਆਇਆ। ਉਹਨੇ ਉਥੇ ਮਸਾਂ ਮਰਕੇ ਸਾਲ-ਸਵਾ ਸਾਲ ਕੱਟਿਆ। ਇਕ ਤੇ ਉਹਦੇ ਬਹੁਤੇ ਗਾਹਕ ਫੌਜੀ ਸਨ ਜਾਂ ਅੰਬਰਸਰ ਵਪਾਰ ਕਰਨ ਆਏ ਮੁਸਲਮਾਨ ਤੇ ਪਠਾਣ ਸਨ। ਢਿੱਡੋਂ ਉਹ ਮੁਸਲਮਾਨਾਂ ਨੂੰ ਅੰਤਾਂ ਦੀ ਨਫ਼ਰਤ ਕਰਦੀ ਸੀ। ਪਰ ਉਹਨਾਂ ਦੀਆਂ ਗੰਦੀਆਂ ਫਰਮਾਇਸ਼ਾਂ ਨੂੰ ਉਹੀ ਜਾਣਦੀ ਸੀ ਕਿ ਉਹ ਕਿੱਦਾਂ ਟਾਲਦੀ ਸੀ!
ਸਾਲ ਕੁ ਬਾਅਦ ਹੀ ਉਹਨੂੰ ਗਰਮੀ ਪੈ ਗਈ। ਇਹ ਸੁਗਾਤ ਉਹਨੂੰ ਕੋਈ ਗੋਰਾ ਫੌਜੀ ਦੇ ਗਿਆ। ਪਹਿਲੇ ਤੇ ਉਹਨੇ ਪ੍ਰਵਾਹ ਹੀ ਨਾ ਕੀਤੀ। ਉਦੋਂ ਮਹਾਂ ਸਿੰਘ ਗੇਟ ਦੇ ਅੰਦਰ ਕਰਕੇ ਕੁਤਵਾਲੀ ਤੋਂ ਪਹਿਲਾਂ ਨਵਾਂ-ਨਵਾਂ ਮਿਸ਼ਨ ਕੰਪਾਊਂਡ ਖੁਲ੍ਹਾ ਸੀ। ਰਾਧਾ ਚਰਚ ਬੜੇ ਨੇਮ ਨਾਲ ਹਰ ਐਤਵਾਰ ਜਾਂਦੀ ਤੇ ਸਤਸੰਗ ਸੁਣਦੀ ਸੀ। ਮਿਸ਼ਨ ਕੰਪਾਊਂਡ ਵਾਲੇ ਸਾਰੇ ਉਸਦੇ ਜਾਣੂੰ ਸਨ। ਉਥੇ ਸੇਵਾ ਵਿਚ ਲੱਗੇ ਈਸਾਈ ਡਾਕਟਰ ਨੇ ਉਹਦਾ ਇਲਾਜ ਸ਼ੁਰੂ ਕਰ ਦਿੱਤਾ ਤੇ ਨਾਲੇ ਲਾਟ-ਪਾਦਰੀ ਨੂੰ ਵੀ ਉਹਦੀ ਤਕਲੀਫ ਦੱਸ ਦਿੱਤੀ। ਇਕ ਈਸਾਈ ਬੱਚੀ ਨੂੰ ਨਰਕ ਵਿਚੋਂ ਕੱਢਣ ਲਈ ਲਾਟ-ਪਾਦਰੀ ਨੇ ਕਮਰ ਕੱਸ ਲਈ। ਉਹਨੇ ਰਾਧਾ ਨੂੰ ਤੇ ਠੀਕ ਕਰਵਾ ਹੀ ਦਿੱਤਾ, ਨਾਲ ਹਰ ਮਹੀਨੇ ਦੀ ਬੱਝਵੀਂ ਚਵਾਨੀ ਦੀ, ਦੋ ਬੰਦਿਆਂ ਦੀ ਡਿਊਟੀ ਲਾ ਦਿੱਤੀ। ਰਾਧਾ ਲਈ ਅਠਿਆਨੀ ਮਹੀਨਾ ਤੇ ਸਵਰਗ ਸੀ। ਉਹਦੇ ਭਰਾ ਲਈ ਕੀਨੀਆ ਦੇ ਟਿਕਟ ਦਾ ਇੰਤਜ਼ਾਮ ਕੀਤਾ ਗਿਆ ਤੇ ਉਹ ਦਸੀਂ-ਪੰਦਰੀਂ ਦਿਨੀਂ ਹੀ ਕੀਨੀਆ ਦੇ ਸਮੁੰਦਰੀ ਜਹਾਜ਼ ਚੜ੍ਹ ਗਿਆ ਸੀ, ਜਿਥੋਂ ਉਹ ਮੁੜ ਕਦੀ ਨਾ ਪਰਤਿਆ। ਸ਼ਾਇਦ ਉਧਰ ਹੀ ਕਿਧਰੇ ਮਰ-ਖੱਪ ਗਿਆ ਹੋਵੇ।
ਉਹਦੇ ਮਗਰੋਂ ਰਾਧਾ ਨੇ ਆਪਣੇ ਜੱਦੀ ਘਰ ਦੀ ਅਗਲੀ ਕਮਰੀ ਜਿਹੀ ਸਾਂਭ ਲਈ। ਪਿਉ ਕੁਝ ਕੁ ਸਾਲਾਂ ਬਾਅਦ ਮਰ ਗਿਆ। ਹਰ ਸ਼ਨੀ-ਐਤਵਾਰ ਰਾਧਾ ਨੇਮ ਨਾਲ ਚਰਚ ਜਾਂਦੀ ਤੇ ਆਪਣੇ ਕੁੱਤੀ ਵਿਹੜੇ ਵਿਚੋਂ ਜਿੰਨੇ ਕੁ ਹੋ ਸਕਦਾ, ਮਰਦ-ਤੀਵੀਆਂ ਤੇ ਨੌਜੁਆਨ ਕੁੜੀਆਂ ਨੂੰ ਨਾਲ ਲੈ ਕੇ ਜਾਂਦੀ। ਚੈਪਲ ਦੀਆਂ ਖੁਲ੍ਹੀਆਂ ਬਾਰੀਆਂ ਵਿਚੋਂ ਜਦ ਮਸੀਹੀ ਭਜਨ ਗੂੰਜਦੇ, ਰਾਧਾ ਦੀ ਖਰਜ ਭਰੀ ਅਵਾਜ਼ ਲਗਾਤਾਰ ਗੂੰਜਦੀ, ਜਿਵੇਂ ਟੀਨ ਤੋਂ ਛੱਤ ਤੇ ਇਕਸਾਰ ਮੀਂਹ ਪੈ ਰਿਹਾ ਹੋਵੇ!
ਇਸੇ ਰਾਧਾ, ਜਿਸਦਾ ਲਕਬ ‘ਰੰਡੀ’ ਪੈ ਗਿਆ ਹੋਇਆ ਸੀ, ਦੀਆਂ ਛੋਟੀਆਂ ਚਾਰੇ ਭੈਣਾਂ ਉਥੇ ਹੀ ਲਾਗੇ-ਸ਼ਾਗੇ ਵਿਆਹੀਆਂ ਗਈਆਂ ਸਨ। ਦੋ ਦਾ ਵਿਆਹ ਤੇ ਡੈਮ ਗੰਜ ਕੋਲ ਸੂਰ ਦਾ ਮੀਟ ਵੇਚਣ ਬੈਠੇ ਇਕੋ ਪਰਿਵਾਰ ਦੇ ਚਾਚੇ-ਤਾਏ ਦੇ ਮੁੰਡਿਆਂ ਨਾਲ ਹੋ ਗਿਆ ਸੀ। ਇਕ ਰੇਲਵੇ ਸਟੇਸ਼ਨ ਟੱਪ ਕੇ ਲੋਕੋ-ਸ਼ੈਡਾਂ ਕੋਲ ਬੈਠੇ ਬਾਲਮੀਕੀਆਂ ਵਿਚ ਵਿਆਹੀ ਗਈ ਸੀ। ਚੌਥੀ ਉਥੇ ਕੁੱਤੀ ਵਿਹੜੇ ਦੇ ਬਾਹਰ ਹੀ ਵਿਆਹੀ ਗਈ ਸੀ। ਉਹੋ ਸਵੇਰੇ-ਸ਼ਾਮ ਰਾਧਾ ਦੀ ਸੇਵਾ ਵਿਚ ਆਈ ਰਹਿੰਦੀ ਸੀ।
ਰਾਧਾ ਦੇ ਟੱਬਰ ਦੇ ਵੱਡ-ਵਡੇਰੇ ਗੁਰੂ ਬਜ਼ਾਰ, ਝੂਠੇ ਬਜ਼ਾਰ, ਲੂਣ ਮੰਡੀ, ਆਟਾ ਮੰਡੀ ਤੇ ਮਾਈ ਸੇਵਾਂ ਦੇ ਬਜ਼ਾਰਾਂ ਉੱਪਰ ਬਣੇ ਘਰਾਂ ਦਾ ਮਲ ਮੂਤਰ ਚੁੱਕਦੇ ਸਨ। ਅੰਮ੍ਰਿਤਸਰ ਦੀਆਂ ਤੰਗ ਗਲੀਆਂ ਵਿਚ ਬਣੇ ਉੱਚੇ ਘਰਾਂ ਦੀਆਂ ਟੱਟੀਆਂ ਧੁਰ ਕੋਠੇ ਹੁੰਦੀਆਂ ਸਨ। ਰਾਧਾ ਦੇ ਵੱਡੇ-ਵਡੇਰੇ ਸਵੇਰੇ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਹਨੇਰੇ ਤੋਂ ਪਹਿਲਾਂ ਕੋਠੇ ਲਾਹੁੰਦੇ। ਗੰਦ ਚੁੱਕਣ ਨੂੰ ਉਹ ‘ਕੋਠਾ ਕਮਾਣਾ’ ਕਹਿੰਦੇ ਸਨ। ਰਾਧਾ ਦੇ ਘਰਾਂ ਦੇ ਨਾਲ ਉਹਦੇ ਹੀ ਸ਼ਰੀਕੇ ਬਰਾਦਰੀ ਦੇ ਦੂਜੇ ਘਰ, ਘੰਟਾ ਘਰ, ਬਾਗ ਵਾਲੀ ਗਲੀ, ਚੌਂਕ ਰਾਮਦਾਸ ਦੇ ਇਲਾਕੇ ਦਾ ਗੰਦ ਚੁੱਕਦੇ ਸਨ। ਗਲਤੀ ਨਾਲ ਵੀ ਜੇ ਬਰਾਦਰੀ-ਸ਼ਰੀਕੇ ਦੀਆਂ ਚੂਹੜੀਆਂ ਤੇ ਚੂਹੜੇ ਦੂਜੇ ਦੇ ਇਲਾਕੇ ਦਾ ਮਲ ਮੂਤਰ ਚੁੱਕਣ ਦਾ ਕੰਮ ਲੈ ਲੈਂਦੇ, ਤਾਂ ਮਾਨੋ ਹਨੇਰੀ ਆ ਜਾਂਦੀ ਸੀ। ਝਾੜੂਆਂ, ਟੋਕਰਿਆਂ ਤੇ ਗੰਦ ਚੁੱਕਣ ਵਾਲੇ ਫਰਸਿਆਂ ਨਾਲ ਉਹ ਚੜ੍ਹਾਈ ਹੁੰਦੀ ਤੇ ਉਹ-ਉਹ ਗਾਹਲਾਂ, ਚੂਹੜੀਆਂ-ਚੂਹੜੇ ਇਕ ਦੂਜੇ ਨੂੰ ਦੇਂਦੇ ਕਿ ਬਜ਼ਾਰ ਖਾਲੀ ਹੋ ਜਾਂਦੇ ਸਨ!
ਅਗਲੀ ਵੱਡੀ ਗੱਲ ਇਹ ਸੀ ਕਿ ਜਿਸ ਗਲੀ-ਮੁਹੱਲੇ ਜਾਂ ਘਰ ਤੋਂ ਉਹ ਤੰਗ ਆ ਜਾਂਦੇ, ਉਥੇ ਚੂਹੜੇ ਹੋਣ ਕਾਰਨ ਉਹ ਔਖਾ ਤੇ ਬੋਲ ਨਹੀਂ ਸਨ ਸਕਦੇ, ਪਰ ਇਕ ਕੰਮ ਅੱਵਸ਼ ਕਰਦੇ। ਉਸ ਇਲਾਕੇ ਦਾ ਗੰਦ ਚੁੱਕਦੇ ਘੱਟ ਸਨ ਤੇ ਪਾਣੀ ਪਾ ਕੇ ਨਾਲੀਆਂ ਵਿਚ ਡੋਲ੍ਹ ਜਿਆਦਾ ਛੱਡਦੇ ਸਨ। ਗੁਰੂ ਬਜ਼ਾਰ ਦੇ ਸੁਨਿਆਰਿਆਂ ਦੇ ਚਿੱਟੇ ਦੁੱਧ ਰੰਗ ਤੋਂ, ਤੇ ਉਹਨਾਂ ਦੀਆਂ ਮੋਟੀਆਂ-ਮੋਟੀਆਂ, ਸੁੰਦਰ ਸੁਨਿਆਰੀਆਂ ਤੋਂ ਜਿਵੇਂ ਉਹਨਾਂ ਨੂੰ ਧੁਰੋਂ ਨਫ਼ਰਤ ਸੀ। ਏਸੇ ਲਈ ਕਈ ਸੌ ਸਾਲ ਤੱਕ ਹੀ ਗੁਰੂ ਬਜ਼ਾਰ ਵਿਚੋਂ ਸਵੇਰੇ ਸੁਵੱਖਤੇ ਲੰਘਣਾ ਨਰਕ ਤੁਲ ਹੁੰਦਾ ਸੀ। ਉਹ ਤੇ ਲਾਲੀਆਂ ਜਾਂ ਸੁਨਿਆਰੀਆਂ, ਚੂਹੜੀ ਦੇ ਜਾਣ ਪਿੱਛੋਂ ਭਰਾਈਆਂ ਨੂੰ ਬੁਲਾ ਕੇ ਪਾਣੀ ਇਕੱਠਾ ਕਰਾਂਦੀਆਂ ਤੇ ਮਣਾਂ ਮੂੰਹੀ ਨਾਲੀਆਂ ਵਿਚ ਡੋਲ੍ਹਦੀਆਂ ਸਨ, ਤਾਂ ਕਿਤੇ ਜਾ ਕੇ ਏਸ ਗੁਰੂ ਸਾਹਿਬਾਨ ਦੇ ਵਰੋਸਾਏ ਪੁਰਾਣੀ ਇੱਟ ਤੇ ਬਰੀਕ ਗਲੀਆਂ ਵਾਲੇ ਬਜ਼ਾਰਾਂ ਵਿਚੋਂ ਬੋਅ ਸਾਫ ਹੁੰਦੀ।
‘‘ਰਾਧਾ’’ ਕੁਝ ਚਿਰ ਰੰਡੀਆਂ ਵਾਲਾ ਕੰਮ ਛੱਡ ਕੇ ਕੋਠੇ ਲਾਹੁਣ ਵੀ ਜਾਂਦੀ ਰਹੀ ਸੀ। ਬਸ ਐਵੇਂ ਸਾਲ-ਦੋ ਸਾਲ ਹੀ! ਫੇਰ ਉਹਨੇ ਅਜੀਤ ਨਗਰ, ਜਿਹੜਾ ਅਕਾਲੀਆਂ ਨੇ 1948 ਵਿਚ ਫੁੱਲਾਂ ਵਾਲੇ ਬਾਗ ਨੂੰ ਖ਼ਤਮ ਕਰਕੇ ਕੱਟਿਆ ਸੀ, ਉਥੇ ਝਾੜੂ ਮਾਰਨ ਦੀ ਡਿਊਟੀ ਲੈ ਲਈ ਸੀ। ਉਥੇ ਹੀ ਸਾਡੇ ਚਾਰ-ਪੰਜ ਘਰ ਇਕ ਸਾਂਝੀ ਵਲਗਣ ਵਿਚ ਬਣੇ ਹੋਏ ਸਨ। ਅਕਾਲੀਆਂ ਨੇ ਸਾਡੇ ਇਕ ਬਾਬੇ ਨੂੰ ਉਹਦੀ ਸੇਵਾ ਬਦਲੇ ਸਸਤੀ ਜ਼ਮੀਨ ਦੇ ਦਿੱਤੀ ਸੀ। ਉਸ ਸਾਂਝੀ ਵਲਗਣ ਵਿਚ ਚਾਰਾਂ ਵਿਚੋਂ ਇਕ ਘਰ ਸਾਡਾ ਵੀ ਸੀ।
ਰਾਧਾ ਜਦੋਂ ਵੀ ਸਾਡੇ ਘਰ ਅੱਗੋਂ ਲੰਘਦੀ, ਮੇਰੀ ਬੇਬੇ (ਪੜਦਾਦੀ) ਕੋਲੋਂ ਹਮੇਸ਼ਾ, ਸੱਟੇ-ਦੜੇ ਦਾ ਨੰਬਰ ਜ਼ਰੂਰ ਪੁੱਛਦੀ ਸੀ। ਬੇਬੇ ਜੋ ਵੀ ਪੁੱਠਾ ਸਿੱਧਾ ਬੋਲ ਦੇਂਦੀ, ਰਾਧਾ ਉਹਦਾ ਨੰਬਰ ਬਣਾ ਲੈਂਦੀ। ਫੇਰ ਉਹ ਉਸੇ ਨੰਬਰ ‘ਤੇ ਦੜਾ ਜਾਂ ਸੱਟਾ ਲਾ ਦੇਂਦੀ। ਉਹਨੀਂ ਦਿਨੀਂ ਅੰਬਰਸਰ ਵਿਚ ‘‘ਬਾਬਾ ਭੁਕਾਨਿਆ ਵਾਲਾ’’, ਜਿਹੜਾ ਦਸ ਨੰਬਰੀਆ ਸੀ, ਘੜਾ ਖੋਹਲਦਾ ਸੀ। ਧੇਲੀ ਦੇ ਢਾਈ ਰੁਪਏ, ਰੁਪਏ ਦੇ ਪੰਜ ਰੁਪਏ, ਪੰਜ ਦੇ ਪੰਝੀ!
….ਸ਼ਾਮ ਨੂੰ ਰਾਧਾ ਆਪਣੀ ਧੇਲੀ, ਰੁਪਈਆ ਲਾ ਕੇ ਹੋਣ ਵਾਲੀ ਕਮਾਈ ਦਾ ਨੰਬਰ ਪਤਾ ਕਰਨ ਚਾਟੀਵਿੰਡ ਚੌਂਕ ਜਾਂਦੀ। ਉਥੇ ਬਾਬਾ ‘‘ਭੁਕਾਨਿਆਂ ਵਾਲਾ’’ ਸ਼ਾਮ ਨੂੰ ਨੰਬਰ ਪੁਕਾਰਦਾ। ਕਈ ਵਾਰ ਰਾਧਾ ਨੂੰ ਨੰਬਰ ਮਿਲ ਜਾਂਦਾ ਤੇ ਉਹ ‘ਚਰਸ’ ਦੀ ਗੋਲੀ ਲੈ ਲੈਂਦੀ। ਉਦੋਂ ਉਹਦੀ ਹੁੱਕੀ ਵਿਚੋਂ ਅਲੀ ਸੁਲਫ਼ੇ ਦੀ ਮਹਿਕ ਉੱਠਦੀ। ਜੇ ਨੰਬਰ ਨਾ ਵੀ ਨਿਕਲਦਾ, ਰਾਧਾ ਹੱਸੀ ਜਾਂਦੀ ਤੇ ਆਪਣੇ ਕਮਰੇ ਦੇ ਬਾਹਰ ਆ ਕੇ ਮੰਜੀ ‘ਤੇ ਬੈਠ ਜਾਂਦੀ ਤੇ ਆਲੇ-ਦੁਆਲੇ ਬੈਠੇ ਹੋਰਨਾਂ ਨੂੰ ਆਪਣੇ ਕਾਰਨਾਮੇ ਦੱਸੀ ਜਾਂਦੀ ਤੇ ਹੱਸਦੀ ਰਹਿੰਦੀ। ਗੱਲਾਂ ਕਰਦਿਆਂ ਉਹਦੇ ਮਹਿੰਦੀ ਰੰਗੇ ਵਾਲ ਵੀ ਹੱਸਦੇ ਲਗਦੇ। ਉਹਦੇ ਆਲੇ ਦੁਆਲੇ ਉਹਦੀ ਬੇਟੀ ਦੇ ਪੋਤੇ-ਪੜੋਤੇ, ਉਹਦੀਆਂ ਭੈਣਾਂ ਦੇ ਬੱਚਿਆਂ ਦੇ ਬੱਚੇ ਉਹਦੀ ਕੁਲ ਵਧਾ ਰਹੇ ਦਿੱਸਦੇ।
ਰਾਧਾ ਨੂੰ ਵੇਖਦਿਆਂ ਹੀ ਮੇਰੀ ਦਾਦੀ ਉੱਚੀ ਸਾਰੀ ਕਹਿੰਦੀ ਸੀ - ‘‘ਲੈ ਆ ਗਈ ਰਾਧਾ ਰੰਡੀ…! ਹੁਣ ਆ ਕੇ ਕਹੇਗੀ ਚਾਹ ਪਾ ਦੇਹ ਮੇਰੀ ਗੜਵੀ ‘ਚ!’’
ਇਹ ਬੰਟੀ ਮਸੀਹ, ਜਿਹੜਾ ਅੱਜਕਲ ਛੁਰੀਮਾਰੀ ਤੇ ਸਮੈਕ ਪੀਣ ਵਿਚ ਨੰਬਰ-ਵਨ ਸੀ, ਇਸੇ ਰਾਧਾ ਰੰਡੀ ਦੇ ਕਬੀਲੇ ਵਿਚੋਂ ਸੀ। ਵੀਹਾਂ ਨੂੰ ਪਾਰ ਕੀਤਾ ਉਹ ਮੁੰਡਾ ਮੇਰੀ ਸਿੰਝਾਣ ਵਿਚ ਸੀ। ਸਾਡੇ ਇਲਾਕੇ ਵਿਚ ਲੜਾਈਆਂ ਵਿਚ ਪੈਸੇ ਲੈ ਕੇ ਆਣ, ਢੋਲੀਆਂ ਨਾਲ ਢੋਲ ਵਜਾਣ ਲਈ ਸਾਈ ‘ਤੇ ਆਉਣ ਵਿਚ ਇਹ ਅੱਗੇ ਕਹਿੰਦਾ ਸੀ। ਪਿਛਲੇ ਸਾਲ ਕੁ ਤੋਂ ਇਹ ਹੁਣ ਸਮੈਕ ਦੀਆਂ ਪੁੜੀਆਂ ਵੇਚਣ ਵਿਚ ਨੰਬਰ ਇਕ ‘ਤੇ ਸੀ। ਥਾਣੇਦਾਰ ਮੱਲ੍ਹੀ ਕੋਲੋਂ ਕਈ ਵਾਰ ਕੁੱਟ ਖਾ ਚੁੱਕਾ ਸੀ।
ਵੱਡੀ ਗੱਲ ਇਹ ਸੀ ਕਿ ਮੈਂ ਇਸ ਨੂੰ, ਇਸ ਦੇ ਪਿਉ ਤੇ ਦਾਦੇ ਨੂੰ, ਗੱਲ ਕੀ ਰਾਧਾ ਤੱਕ ਇਸ ਦੇ ਸਾਰੇ ਖਾਨਦਾਨੀ ਸ਼ਜਰੇ ਨੂੰ ਜਾਣਦਾ ਸਾਂ। ਇਹਦਾ ਪਿਉ ਵੀ ਕਤਲ ਹੋ ਕੇ ਹੀ ਸੰਸਾਰ ਤੋਂ ਰੁਖ਼ਸਤ ਹੋਇਆ ਸੀ।…
ਅੱਜ ਜਦੋਂ ਮੇਰੇ ਸਾਥੀਆਂ ਇਹਨੂੰ ‘‘ਚਿੱਟਾ’’ ਕਿਹਾ ਤਾਂ ਉਹ ਮਾਨੋ ਮੇਰੀ ਸਿਮਰਤੀ ਦੇ ਦਵਾਰ ਖੋਲ੍ਹ ਗਏ ਸਨ -
‘‘ਉਹ …..ਵੇਖਿਓ ਨਾ! ਉਹ ਕੌਣ ਆ ਰਹੇ ਨੇ ਸਿੱਧੇ ਸਾਡੇ ਵਲ?’’ ਬਾਬਾ ਬੁੱਢਾ ਜੀ ਨੇ ਅਚਾਨਕ ਉੱਠੇ ਰੌਲ਼ੇ ਵਲ ਨਿਗਾਹ ਗੱਡ ਕੇ ਸਾਹਮਣੇ ਬੈਠੀਆਂ ਸੰਗਤਾਂ ਨੂੰ ਕਿਹਾ।
ਬਾਬਾ ਬੁੱਢਾ ਜੀ ਦੇ ਬਿਲਕੁਲ ਪਿੱਛੇ ਤਖ਼ਤਪੋਸ਼ ‘ਤੇ ਸੱਚੇ ਪਾਤਸ਼ਾਹ ਬਿਰਾਜਮਾਨ ਸਨ। ਨਾਲ ਹੀ ਬਾਕੀ ਹਜ਼ੂਰੀ ਸੇਵਕ ਬੈਠੇ ਹੋਏ ਸਨ। ਕੁਛ ਸੰਗਤਾਂ ਸਾਹਮਣੇ ਬੈਠੀਆਂ ਸੀ, ਕੁਝ ਥੋੜ੍ਹੀ ਦੂਰੀ ‘ਤੇ ਮਿੱਟੀ ਪੁੱਟਣ ਦੀ ਕਾਰ-ਸੇਵਾ ਕਰ ਰਹੀਆਂ ਸਨ।
‘‘….ਆਉਣ ਦਿਓ ਬਾਬਾ ਜੀ! ਇਹਨਾਂ ਨੂੰ ਆਉਣ ਦਿਉ ਮੇਰੇ ਵਲ! ਇਹਨਾਂ ਦਾ ਤੇ ਸਾਡਾ ਮਿਲਣਾ ਪਹਿਲਾਂ ਹੀ ਤੈ ਹੋ ਚੁੱਕਾ ਹੈ। ਇਹ ਜਨਮ ਤੇ ਇਕ ਬਹਾਨਾ ਹੀ ਜੇ! ਇਹੀ ਲੋਕ ਤੇ ਏਹਨਾਂ ਧਰਤੀਆਂ ਦੇ ਅਸਲ ਮਾਲਕ ਸਨ। ਆਉਣ ਦਿਓ!’’ ਸੱਚੇ ਪਾਤਸ਼ਾਹ ਨੇ ਬਚਨ ਕੀਤੇ।
ਸਭ ਦਾ ਧਿਆਨ ਆਉਣ ਵਾਲਿਆਂ ਵਲ ਹੀ ਸੀ। ਆਉਣ ਵਾਲੇ ਨਜ਼ਦੀਕ ਆ ਰਹੇ ਸਨ। ਕੋਈ ਪੱਚੀ-ਤੀਹ ਜਣਿਆਂ ਦਾ ਟੋਲਾ ਸੀ। ਵਧੇਰੇ ਕਰਕੇ ਮਰਦ ਤੇ ਬੱਚੇ ਸਨ। ਔਰਤਾਂ ਦੋ-ਚਾਰ ਹੀ ਸਨ, ਤੇ ਉਹ ਵੀ ਬਿਰਧ ਸਨ। ਸਾਰਿਆਂ ਦੇ ਪਿੰਡੇ ਨੰਗੇ ਸਨ, ਸਿਰਫ਼ ਹੇਠਾਂ, ਨੰਗ ਢੱਕਣ ਦੇ ਨਾਂ ਚੰਦ ਲੀਰਾਂ ਬੱਧੀਆਂ ਹੋਈਆਂ ਸਨ। ਬਿਰਧ ਔਰਤਾਂ ਧੜੋ ਨੰਗੀਆਂ ਤੇ ਲੱਕ ਉਹਨਾਂ ਦੇ ਵੀ ਲੀਰਾਂ ਹੋਈਆਂ ਲਮਕਦੀਆਂ ਹੀ ਬੰਨ੍ਹੀਆਂ ਹੋਈਆਂ ਸਨ। ਬਾਲ-ਅੰਝਾਣਿਆਂ ਦੇ ਢਿੱਡ ਪਿਚਕੇ ਤੇ ਸਰੀਰ ਬੀਮਾਰਾਂ ਜਿਹੇ ਸਨ। ਉਹਨਾਂ ਨਾਲ ਟੁਰੇ ਆਉਂਦੇ ਬੰਦਿਆਂ ਨੇ ਮੂੰਹ ‘ਤੇ ਇਕ ਹੱਥ ਨਾਲ ਮਿੱਟੀ ਦੇ ਟੁੱਟੇ ਤੌੜਿਆਂ ਦੇ ਟੋਟੇ ਨੱਪੇ ਹੋਏ ਸਨ ਤੇ ਢਿੱਡਾਂ ‘ਤੇ ਰੱਸੀਆਂ ਬੰਨ੍ਹੀਆਂ ਹੋਈਆਂ ਸਨ।
….ਸੰਗਤ ਪਛਾਣ ਗਈ ਸੀ ਕਿ ਉਹ ਕੌਣ ਸਨ? ਸਭ ਲੋਕ ਹੁਣ ਸੱਚੇ ਪਾਤਸ਼ਾਹ ਵਲ ਵੇਖ ਰਹੇ ਸਨ। ਉਹਨਾਂ ਪੱਚੀਆਂ-ਤੀਹਾਂ ਬੰਦਿਆਂ ਦਾ ਟੋਲਾ ਕੁਝ ਕਦਮਾਂ ਪਿਛਾਂਹ ਹੀ ਖੜੋ ਗਿਆ ਸੀ।
‘‘ਆ ਜਾਉ ਕਰਮਾਂ ਵਾਲਿਓ! ਝਿਜਕੋ ਨਾ! ਨਾਨਕ ਦੇ ਦਰਬਾਰ ਤੁਹਾਡੀ ਕੋਈ ਭਿੱਟ ਨਹੀਂ!’’ ਗੁਰੂ ਰਾਮਦਾਸ ਜੀ ਨੇ ਉਹਨਾਂ ਦੇ ਸਭ ਤੋਂ ਅੱਗੇ ਖੜ੍ਹੇ ਮੁਖੀ ਨੂੰ, ਤੇ ਬਾਕੀਆਂ ਨੂੰ ਸਾਂਝਾ ਸੰਬੋਧਨ ਕਰਦਿਆਂ ਕਿਹਾ।
‘‘…ਅੰਨਦਾਤਾ! ਅਸੀਂ ਸਾਰੇ ਤੇਰੀ ਸ਼ਰਨ ਆਏ ਹਾਂ। ਪਰ ਕਿੱਦਾਂ ਅਰਜ ਕਰੀਏ? ਅਸੀਂ ਸਾਰੇ ਹੀ ਦੋ ਪਿੰਡਾਂ ਦੇ ਚੂਹੜੇ ਆਂ! ਸੁਲਤਾਨਵਿੰਡ ਤੇ ਚਾਟੀਵਿੰਡ ਦੇ ਵਿਚਕਾਰ ਪੈਂਦੇ ਪਹੇ ਤੇ ਸਾਡਾ ਵਿਹੜਾ ਏ। ਪਰ੍ਹਾਂ ਜੰਗਲ ਏ! ਅਸੀਂ ਸਾਰੇ ਹੀ ਮਹਿਮੇ ਰਾਜਪੂਤ ਦੇ ਬਠਾਏ ਹੋਏ ਹਾਂ! ਹੁਣ ਬਾਬਾ ਬਲੌਲ ਰਾਜਪੂਤ ਸਾਡਾ ਮਾਲਕ ਏ! ਪਰ ਪਿੰਡ ਦੇ ਸਾਰੇ ਰਾਜਪੂਤ ਤੇ ਬ੍ਰਾਹਮਣ ਸਾਥੋਂ ਵਗਾਰਾਂ ਲੈਂਦੇ ਨੇ। ਅਸੀਂ ਕਿਸੇ ਤੋਂ ਨਾਬਰ ਨਹੀਂ ਹੋ ਸਕਦੇ ਮਾਲਕਾ।’’ ਸਭ ਤੋਂ ਅਗਲੇ ਨੇ, ਜਿਹੜਾ ਉਹਨਾਂ ਦਾ ਮੁਖੀ ਜਾਪਦਾ ਸੀ, ਅਰਜ਼ ਗੁਜ਼ਾਰੀ ਤੇ ਨਾਲ ਹੀ ਜ਼ੋਰ-ਜ਼ੋਰ ਦੀ ਢਿੱਡ ਵਜਾਣਾ ਸ਼ੁਰੂ ਕਰ ਦਿੱਤਾ। ਉਹਦੇ ਢਿੱਡ ਵਜੌਣ ਦੀ ਦੇਰ ਸੀ ਕਿ ਬਸ ਜਿਵੇਂ ਬਾਕੀ ਉਹਦਾ ਇਸ਼ਾਰਾ ਹੀ ਉਡੀਕ ਰਹੇ ਸਨ। ਸਾਰਿਆਂ ਹੀ ਮੂੰਹ ਤੋਂ ਤੌੜਿਆਂ ਦੇ ਟੋਟੇ ਲਾਹ ਦਿੱਤੇ ਤੇ ਢਿੱਡ ਵਜੌਣ ਤੇ ਮੂੰਹੋਂ ਕੁਰਲੌਣ ਲਗ ਪਏ। ਬੁੱਢੀਆਂ ਜਨਾਨੀਆਂ ਨੇ ਵੱਖਰੀਆਂ ਜਿਹੀਆਂ ਦਿਲ-ਚੀਰਵੀਆਂ ਲੇਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਸੰਗਤ ਭੌਚਕੀ ਜਿਹੀ ਗਈ ਸੀ। ਇਥੋਂ ਤੱਕ ਕਿ ਬਾਲਕ ਅਰਜਨ ਦੇਵ ਅਤੇ ਬਾਬਾ ਬੁੱਢਾ ਜੀ ਵੀ ਪ੍ਰੇਸ਼ਾਨ ਹੋ ਗਏ ਸਨ। ਪਰ ਜਾਣੀ-ਜਾਣ ਪਾਤਸ਼ਾਹ ਨੇ ਸਭ ਨੂੰ ਸ਼ਾਂਤ ਹੋਣ ਦਾ ਇਸ਼ਾਰਾ ਕੀਤਾ, ਤੇ ਉਹਨਾਂ ਨੂੰ ਘੜੀ-ਦੋ-ਘੜੀ ਢਿੱਡ ਵੱਜਾ ਲੈਣ ਦਿੱਤੇ। ਅਖੀਰ ਉਹਨਾਂ ਦਾ ਇਹ ਅਮਲ ਰੁਕਿਆ ਤੇ ਉਹਨਾਂ ਦੂਰੋਂ ਹੀ ਸੰਗਤ ਸਮੇਤ ਗੁਰੂ ਸਾਹਿਬ ਨੂੰ ਲੰਮੇ ਪੈ ਕੇ ਦੰਢਵਤ ਕੀਤੀ।
‘‘….ਉੱਠੋ ਬੱਚਿਓ! ਮੈਂ ਤੁਹਾਡੀ ਵੇਦਨਾ ਪੜ੍ਹ ਲਈ ਏ। ਇਹ ਗੁਰੂ ਨਾਨਕ ਦਾ ਦਰਬਾਰ ਏ! ਤੁਹਾਨੂੰ ਖਾਲੀ ਨਹੀਂ ਮੋੜਾਂਗਾ।’’ ਗੁਰੂ ਸਾਹਿਬ ਨੇ ਰਮਜ਼ ਸੁੱਟੀ।
‘‘…ਮਾਲਕਾ! ਰਾਜਪੂਤ ਤੇ ਹਿੰਦੂ ਲਾਲੇ ਸਾਥੋਂ ਵਗਾਰਾਂ ਲੈਂਦੇ ਨੇ। ਬਾਹਮਣਾਂ ਨੂੰ ਸਾਨੂੰ ਆਪਣੀਆਂ ਬੇਟੀਆਂ ਪਰੋਸਣੀਆਂ ਪੈਂਦੀਆਂ ਨੇ। ਜਿਹੜੇ ਬਾਹਮਣ ‘‘ਮਲਕ’’ ਹੁਰਾਂ ਦੇ ਨੇੜੇ ਨੇ, ਉਹ ਤੇ ਬਹੁਤਾ ਹੀ ਕਹਿਰ ਕਮਾਂਦੇ ਨੇ। ਮਲਕ ਹੁਰੀਂ ਵੀ ਜ਼ੁਲਮ ਕਰਦੇ ਨੇ, ਪਰ ਏਨਾ ਨਹੀਂ, ਜਿੰਨਾ ਇਹ ਬਾਹਮਣ ਤੇ ਰਾਜਪੂਤ ਕਰਦੇ ਨੇ। ਮਲਕ ਹੁਰੀਂ ਆਪਣੇ ਸੇਵਕ ਭੇਜ ਛੱਡਦੇ ਨੇ ਕਿ ਜੁੰਮੇ ਦੀ ਨਮਾਜ਼ ਅਦਾ ਕਰਿਆ ਕਰੋ। ਪਰ ਕਰੀਏ ਕਿਵੇਂ? ਨਾ ਕੋਈ ਨਮਾਜ਼ੀ, ਨਾ ਕਾਜ਼ੀ, ਅਸੀਂ ਆਪ ਕਿੱਥੋਂ ਲਿਆਈਏ? ਉਹ ਭੇਜਦੇ ਨਹੀਂ।’’ ਉਹਨਾਂ ਦੇ ਮੁਖੀ ਨੇ ਵਿਥਿਆ ਖੋਲ੍ਹ ਸੁਣਾਈ।
‘‘ਇਹ ਨਾਨਕ ਨਿਰੰਕਾਰੀ ਦਾ ਦਰਬਾਰ ਏ। ਇਥੋਂ ਤੁਸੀਂ ਖਾਲੀ ਨਹੀਂ ਜਾਉਗੇ!’’ ਐਤਕੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਵਲੋਂ ਜਵਾਬ ਦਿੱਤਾ।
‘‘ਬਾਬਾ ਜੀ! ਇਹਨਾ ਨੂੰ ਕਿਹੜੀ ਗੁੱਠ ਦੇ ਦਈਏ?’’ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਸਵਾਲ ਕੀਤਾ।
‘‘ਮਹਾਰਾਜ! ਇਸ ਨਵੇਂ ਨਗਰ ਵਿਚ ਤੁਸੀਂ ਇਹਨਾਂ ਢੇਡਾਂ ਨੂੰ ਵੀ ਵੱਸਾਣ ਦੀ ਸੋਚੀ ਬੈਠੇ ਹੋ! ਤਾਂ ਤੇ ਫੇਰ ਮਲਕ ਹੁਰਾਂ ਨਾਲ ਵੀ, ਤੇ ਇਲਾਕੇ ਦੇ ਬਾਹਮਣਾਂ ਨਾਲ ਵੀ ਸਿੱਧਾ ਮੱਥਾ ਲਗ ਜਾਣਾ ਏ!’’ ਬਾਬਾ ਮੋਹਰੀ ਜੀ ਨੇ ਕਿਹਾ।
‘‘ਭਗਤ ਜੀ! ਅਸੀਂ ਨਕਦ ਅਦਾਇਗੀ ਦੇ ਕੇ ਇਹ ਜਗ੍ਹਾ ਖਰੀਦੀ ਏ। ਦੂਜਾ ਇਹ ਨਾਨਕ ਦਾ ਦਰਬਾਰ ਏ। ਰੂਹਾਨੀਅਤ ਦਾ ਮਰਕਜ਼! ਇਥੇ ਮਲਕ-ਸ਼ਲਕ ਜਾਂ ਕਿਸੇ ਬਾਹਮਣ ਦੀ ਮਜਾਲ ਨਹੀਂ ਹੋਣੀ ਕਿ ਚੁਸਕ ਜਾਵੇ! ਪੰਜਾਬ ਮੁਲਕ ਹੀ ਪੀਰਾਂ ਤੇ ਭਗਤਾਂ ਦਾ ਏ!’’ ਬਾਬਾ ਬੁੱਢਾ ਜੀ ਨੇ ਕਿਹਾ।
‘‘ਐਦਾਂ ਕਰੋਂ ਕਿ ਉੱਤਰ ਵਲ ਮੂੰਹ ਕਰਕੇ ਜੰਗਲ ਦੀ ਆਖਰੀ ਬਾਹੀ ਇਹਨਾਂ ਨੂੰ ਦੇ ਦਿਉ।’’ ਗੁਰੂ ਜੀ ਨੇ ਦੋ ਟੁੱਕ ਫੈਸਲਾ ਦੇ ਦਿੱਤਾ।
‘‘ਸਾਨੂੰ ਭਾਵੇਂ ਜੰਗਲ ਦੇ ਅੰਦਰ ਚਾਰ ਕਰਮ ਦੇ ਦਿਉ, ਪਰ ਹੁਣ ਸਾਨੂੰ ਵਾਪਸ ਨਾ ਧੱਕਿਆ ਜੇ! ਨਹੀਂ ਤੇ ਮਲਕ ਹੁਰੀਂ ਸਾਨੂੰ ਮਾਰ ਦੇਣਗੇ। ਉਹ ਬਹੁਤੇ ਵਗਾਰੀਆਂ ਦੀ ਪੁੱਠੀ ਖੱਲ ਲੁਹਾ ਕੇ ਲੂਣ ਪਵਾਂਦੇ ਜੇ।’’ ਸ਼ਰਨ ਆਇਆਂ ਵਿਚੋਂ ਇਕ ਹੋਰ ਨੇ ਅਰਜ਼ ਕੀਤੀ।
‘‘ਹੁਣ ਤੁਸੀਂ ਇਥੇ ਸਾਡੇ ਸ਼ਹਿਰ ਵਿਚ ਹੀ ਵੱਸੋਗੇ। ਤੇ ਤੀਹੋ-ਕਾਲ ਤੁਹਾਨੂੰ ਰਹਿੰਦੀ ਦੁਨੀਆਂ ਤੱਕ ਕੋਈ ਨਾ ਕੱਢ ਸਕੂ!’’ ਮਹਾਰਾਜ ਨੇ ਬਚਨ ਕੀਤੇ।
‘‘ਤੁਹਾਡੇ ਮਲਕ ਕਿਹੜਾ ਏ?’’ ਬਾਬਾ ਮੋਹਰੀ ਜੀ ਨੇ ਕਿਹਾ।
‘‘ਅਸਦ ਖਾਂ ਏ!’’ ਸ਼ਰਨੀਆਂ ਦੀ ਥਾਂ ਟਿੱਕਾ ਪ੍ਰਿਥੀ ਚੰਦ ਫੱਟ ਬੋਲਿਆ।
‘‘ਟਿੱਕਾ ਜੀ ਨੂੰ ਬੜਾ ਇਲਮ ਏ!’’ ਮੋਹਰੀ ਜੀ ਨੇ ਕਿਹਾ।
‘‘ਮਹਾਰਾਜ ਦਾ ਕੰਮ-ਕਾਰ ਵੀ ਇਹਨਾਂ ਹੀ ਵੇਖਣੈ।’’ ਇਕ ਹੋਰ ਸੇਵਕ ਬੋਲਿਆ।
‘‘ਪਰਿਵਾਰ ਤੇ ਹੋਰ ਜੀਆ-ਜੰਤ ਲੁਕਾ ਕੇ ਆਏ ਹੋ ਨਾ?’’ ਹਲਕਾ ਜਿਹਾ ਮੁਸਕਾ ਕੇ ਸੱਚੇ ਪਾਤਸ਼ਾਹ ਨੇ ਕਿਹਾ।
‘‘ਜੀ ਸੱਚੇ ਪਾਤਸ਼ਾਹ। ਟੱਬਰ-ਟੀਰ ਤੇ ਹੋਰ ਜੀਆ-ਜੰਤ ਉਹ ਸਾਹਮਣੀ ਝਿੜੀ ਵਿਚ ਲੁਕੋ ਆਏ ਆਂ। ਮਲਕ ਹੁਰਾਂ ਨੂੰ ਜਾਂ ਪ੍ਰੋਹਤਾਂ ਦੇ ਕਿਸੇ ਵੀ ਘਰ ਨੂੰ ਖਬਰ ਹੋ ਜਾਂਦੀ ਤਾਂ ਸਾਨੂੰ ਜਾਂ ਤਾਂ ਸਾੜ ਦੇਣਾ ਸੀ, ਜਾਂ ਪੁੱਠੀਆਂ ਖੁੱਲਾਂ ਲੁਹਾ ਦੇਣੀਆਂ ਸਨ।’’ ਇਕ ਸ਼ਰਨਾਰਥੀ ਬੋਲਿਆ।
‘‘ਜਾਉ ਲੈ ਆਉ ਸਭਨਾਂ ਸਿਰਾਂ ਨੂੰ! ਜਿੰਨੇ ਸਰੀਰ ਨੇ, ਸਭ ਨਾਨਕ-ਨਿਰੰਕਾਰੀ ਦੇ ਨੇ। ਆ ਕੇ ਪਹਿਲਾਂ ਲੰਗਰ ਛੱਕੋ ਤੇ ਨਾਲੇ ਇਹ ਦੱਸੋ, ਪਈ ਰੋਟੀ-ਪਾਣੀ ਲਈ ਦਾਣੇ ਪਿੰਡ ਦੇਂਦਾ ਸੀ ਜਾਂ ਕੋਈ ਹੋਰ ਇੰਤਜ਼ਾਮ ਸੀ?’’ ਗੁਰੂ ਜੀ ਨੇ ਕਿਹਾ।
‘‘-ਜੀ ਪਿੰਡ ਦੇਂਦਾ ਤੇ ਸੀ, ਪਰ ਬੜੇ ਬੁਰੇ ਹਾਲੀਂ। ਕਦੀ ਕਦੀ ਮਲਕ ਹੁਰੀਂ ਜ਼ਕਾਤ ਭਿਜਵਾਂਦੇ ਸਨ, ਪਰ ਉਹ ਵੀ ਸਾਡੇ ਸਾਰੇ ਲਾਣੇ (ਕਬੀਲੇ) ਲਈ ਪੂਰੀ ਨਹੀਂ ਸੀ ਪੈਂਦੀ।’’ ਮੁਖੀ ਜਾਪਦੇ ਬੰਦੇ ਨੇ ਸਾਰੀ ਵਿਥਿਆ ਦੱਸੀ।
‘‘…ਤੇ ਫੇਰ ਔਕੜ ਵੇਲੇ ਕੀ ਕਰਦੇ ਸਾਉ?’’ ਗੁਰੂ ਸਾਹਿਬ ਨੇ ਸਪੱਸ਼ਟ ਪੁੱਛਿਆ।
‘‘…ਜੀ ਕੀ ਦੱਸੀਏ? ਔਕੜ ਵੇਲੇ ਜਾਂ ਤੇ ਫੇਰ ਚੂਹੇ ਮਾਰ ਲਈਦੇ ਸੀ। ਜੰਗਲ ਫਰੋਲ ਲਈਦਾ ਸੀ ਜੀ ਚੂਹਿਆਂ ਲਈ! ਸਹਿਆ ਜਾਂ ਕੋਈ ਰੋਝ ਮਾਰਨ ਦਾ ਸਾਨੂੰ ਹੁਕਮ ਨਹੀਂ ਸੀ। ਤੇ ਜੇ ਕਿਤੇ ਪਸ਼ੂ ਮਰ ਜਾਏ, ਤਾਂ ਅਸੀਂ ਚਮੜਾ ਕਮਾ ਕੇ ਮਾਲਕ ਨੂੰ ਦੇ ਦਈਦਾ ਸੀ, ਪਰ ਮਾਸ ਨੂੰ ਸੁੱਕਾ ਕੇ, ਭੋਰ ਕੇ, ਚੂਰਾ ਬਣਾ ਲਈਦਾ ਸੀ। ਉਸੇ ਨੂੰ ਔਕੜਾਂ ਵੇਲੇ ਉਬਾਲ ਲਈਦਾ ਸੀ ਜੀ ਤਾਂਬੀਏ ‘ਚ।’’ ਇਕ ਹੋਰ ਨੇ ਖੁਲਾਸਾ ਕੀਤਾ।
‘‘…ਪਰ ਸਿਆਲਾਂ ਦੇ ਦਿਨੀਂ ਕੀ ਕਰਦੇ ਹੋਵੋਗੇ? ਸਿਆਲਾਂ ‘ਚ ਤੇ ਕਈ ਵਾਰ ਕੁਛ ਵੀ ਨਹੀਂ ਲੱਭਦਾ।’’ ਬਾਬਾ ਬੁੱਢਾ ਜੀ ਨੇ ਪੇਂਡੂ ਅਭਿਆਸ ‘ਚੋਂ ਸਹਿਵਨ ਹੀ ਪੁੱਛ ਲਿਆ।
‘‘ਬੋਲਦੇ ਨਹੀਂ-ਭਲਿਓ ਲੋਕੋ।’’ ਉਹਨਾਂ ਨੂੰ ਚੁੱਪ ਵੇਖ ਕੇ ਗੁਰੂ ਸਾਹਿਬ ਬੋਲੇ।
‘‘ਸੱਚੇ ਪਾਤਸ਼ਾਹ। ਕੀ ਦੱਸੀਏ? ਹੱਲ ਤੇ ਸਿਆਲਾਂ ਦਾ ਵੀ ਅਸੀਂ ਕੱਢ ਲਿਆ ਹੋਇਆ ਸੀ। ਭੁੱਖ ਨਾਲ ਨਹੀਂ, ਅਸੀਂ ਤੇ ਵੱਡੇ-ਵੱਡੇਰਿਆਂ ਦੇ ਕੋਹਣ ਨਾਲ ਮਰ ਚੱਲੇ ਆਂ। ਅੱਤ ਭੁੱਖ ਦੇ ਦਿਨੀਂ ਅਸੀਂ ਚਾਟੀਵਿੰਡ ਤੋਂ ਪਾਰ ਜੰਗਲ ‘ਚ ਲੰਘ ਜਾਂਦੇ ਸਾਂ ਤੇ ਇਕ-ਦੋ ਜੰਗਲੀ ਕੁੱਤੇ ਮਾਰ ਲਿਆਨੇ ਸਾਂ। ਜਦੋਂ ਉਹਨਾਂ ਦਾ ਮਾਸ ਮੁੱਕ ਜਾਂਦਾ, ਹੋਰ ਮਾਰ ਲਿਆਂਦੇ ਸਾਂ। ਪਾਤਸ਼ਾਹ! ਸਾਡਾ ਬੜਾ ਮੰਦਾ ਹਾਲ ਸਾਈ।’’ ਇਕ ਮਾਂਦੇ-ਮਰੇੜੇ ਬੁੱਢੇ ਨੇ, ਜਿਹੜਾ ਮੁਖੀਏ ਦੇ ਬਰਾਬਰ ਖੜ੍ਹਾ ਸੀ, ਅਰਜ ਗੁਜ਼ਾਰੀ।
ਸਭ ਪਾਸੇ ਚੁੱਪ ਛਾ ਗਈ। ਕਈਆਂ ਨੂੰ ਵਿਚੋਂ ਘ੍ਰਿਣਾ ਨਾਲ ਉਲਟੀ ਆਣ ਵਾਲੀ ਹੋ ਗਈ। ਸੰਗਤਾਂ ਵਿਚੋਂ ਚੰਦ ਔਰਤਾਂ ਕੁੱਤੇ ਵਾਲੀ ਗੱਲ ਸੁਣਕੇ ਕਚਿਆਣ ਨਾਲ ਮਨ ਭਾਰੀ ਕਰ ਬੈਠੀਆਂ। ਆਖਰ ਸੱਚੇ ਪਾਤਸ਼ਾਹ ਨੇ ਹੀ ਚੁੱਪ ਤੋੜੀ-
‘‘ਬਾਬਾ ਜੀ, ਪਹਿਲਾਂ ਇਹਨਾਂ ਨੂੰ ਲੰਗਰ ਛਕਾਉ। ਫੇਰ ਜਗ੍ਹਾ ਦੇ ਦਿਉ, ਤਾਂ ਰਾਤ ਤੱਕ ਇਹ ਕੋਈ ਛੰਨਾਂ, ਛੱਪਰੀਆਂ ਬੰਨ੍ਹ ਲੈਣ।’’
‘‘ਜੀ ਪਾਤਸ਼ਾਹ।’’ ਬਾਬਾ ਜੀ ਉੱਠ ਖੜੋਤੇ।
ਏਨੇ ਨੂੰ ਉਸੇ ਨੰਗੀ ਭੀੜ ਵਿਚੋਂ ਦੋ ਸਰੀਰ ਬਾਹਰ ਆਏ। ਲੱਕ ਉਹਨਾਂ ਦੇ ਲਹੂ ਲਿਬੜੀਆਂ ਤਹਿਮਤਾਂ ਸਨ। ਤਹਿਮਤਾਂ ਤੇ ਗੰਦੀ ਰੱਸੀ ਬੰਨ੍ਹ ਕੇ ਨਿੱਕੀਆਂ ਛੁਰੀਆਂ ਬੰਨ੍ਹੀਆਂ ਹੋਈਆਂ ਸਨ। ਅੱਗੇ ਹੋ ਕੇ ਉਨ੍ਹਾਂ ਸੱਚੇ ਪਾਤਸ਼ਾਹ ਨੂੰ ਸਲਾਮ ਕੀਤੀ ਤੇ ਅਰਜ ਗੁਜ਼ਾਰੀ-
‘‘ਖੁਦਾਵੰਦਾ! ਅਸੀਂ ਵੀ ਅਰਜ਼ ਲੈ ਕੇ ਆਏ ਹਾਂ। ਸਾਡੀ ਵੀ ਝੋਲੀ ਖ਼ੈਰ ਪਾ।’’ ਉਹਨਾਂ ਵਿਚੋਂ ਇਕ ਨੇ ਕਿਹਾ।
‘‘….ਹਾਂ ਦੱਸੋ। ਤੁਹਾਡੀ ਝੋਲੀ ਖਾਲੀ ਨਹੀਂ ਜਾਣ ਦਿਆਂਗੇ। ਦੱਸੋ, ਦੱਸੋ?’’ ਮਹਾਰਾਜ ਨੇ ਕਿਹਾ।
‘‘ਅਸੀਂ ਕਸਾਈ ਆਂ! ਇਹਨਾਂ ਦੇ ਲਾਣੇ ਵਿਚੋਂ ਹੀ ਆਂ। ਪਰ ਮਲਕ ਹੁਰਾਂ ਦੇ ਕਾਜ਼ੀ ਨੂੰ ਕੁਛ ਕਸਾਈ ਚਾਹੀਦੇ ਸਨ। ਉਹਨਾਂ ਨੇ, ਪਰੂੰ-ਪਰਾਰ ਤੋਂ ਵੀ ਕਿਤੇ ਪਹਿਲੋਂ ਦੀ ਗੱਲ ਆ, ਸਾਡੇ ਹੱਥਾਂ ਤੇ ਸੂਫੀ ਅੰਬ ਸ਼ਾਹ ਕੋਲੋ ਬੈਤ ਕਰਾ ਦਿੱਤੀ ਸੀ। ਹੁਣ ਕਲਮਾ ਤੇ ਪੜ੍ਹ ਲਿਆ ਏ। ਪਰ ਸਾਨੂੰ ਉਹ ਨਾਲ ਨਹੀਂ ਰਲਾਂਦੇ। ਰਹਿਨੇ ਅਸੀਂ ਆਪਣੇ ਇਹਨਾਂ ਭਰਾਵਾਂ ਨਾਲ ਆਂ। ਜਦੋਂ ਉਹਨਾਂ ਨੂੰ ਪਸ਼ੂ ਹਲਾਲ ਕਰੌਣ ਦੀ ਲੋੜ ਪੈਂਦੀ ਏ, ਉਦੋਂ ਸਾਨੂੰ ਵਗਾਰ ਲਈ ਧੱਕ ਖੜ੍ਹਦੇ ਨੇ।’’ ਇਕ ਨੇ ਆਪਣੀ ਲਹੂ ਲਿਬੜੀ ਤਹਿਮਤ ਦਾ ਪੱਲਾ ਹੱਥ ‘ਚ ਫੜ ਕੇ ਅਰਜ ਕੀਤੀ। ਦੂਜੇ ਨੇ ਨੀਵਾਂ ਹੋ ਕੇ ਮੂੰਹ ਵਿਚ ਘਾਹ ਦੀ ਤਿੜ ਦੱਬਾ ਲਈ। ਤਿੜ (ਦੱਬ) ਬੇਨਤੀ ਕਰਨ ਦੀ ਨਿਸ਼ਾਨੀ ਸੀ।
‘‘…ਮੈਂ ਵੇਖ ਲਈ ਏ ਦੱਬ ਤੇਰੇ ਮੂੰਹ ਵਿਚ। ਤੂੰ ਵੀ ਅਰਜ ਕਰ ਛੱਡ। ਮਹਾਰਾਜ ਨੇ ਤੈਨੂੰ ਵੀ ਖਾਲੀ ਨਹੀਂ ਤੋਰਨਾ।’’ ਬਾਬਾ ਬੁੱਢਾ ਜੀ ਨੇ ਹੱਸ ਕੇ ਕਿਹਾ।
‘‘ਖੁਦਾਵੰਦਾ। ਇਹਨਾਂ ਦੀਆਂ ਛੰਨਾਂ ਕੋਲ ਇਕ-ਅੱਧ ਛੰਨ ਸਾਡੀ ਵੀ ਪਵਾ ਦੇਹ। ਅਸੀਂ ਉਹਨਾਂ ਦੇ ਵੱਸ ਨਹੀਂ ਰਹਿਣਾ ਚਾਹੁੰਦੇ। ਕਸਾਈ ਅਸੀਂ ਨਹੀਂ। ਕਸਾਈ ਤੇ ਉਹ ਨੇ ਅਸਲ ‘ਚ! ਪਿਛਲੇ ਵਰ੍ਹੇ ਉਹਨਾਂ ਸਾਡੀ ਨਿੱਕੀ ਜਿਹੀ ਗਲਤੀ ਤੇ ਮੇਰਾ ਛੋਹਰ ਵੱਟੇ-ਇੱਟਾਂ ਮਾਰ-ਮਾਰ ਕੇ ਮਾਰ ਦਿੱਤਾ ਸੀ।’’ ਘਾਹ ਦੀ ਤਿੜ ਵਾਲਾ ਬੋਲਿਆ ਤੇ ਰੋਣ ਲੱਗ ਪਿਆ।
‘‘…ਇਹ ਤੇ ਗੱਲ ਹੀ ਕੋਈ ਨਹੀਂ। ਖੱਬੀ ਬਾਹੀ ਤੁਹਾਡੀ! ਸੱਜੀ ਉਹਨਾਂ ਦੀ! ਤੁਸੀਂ ਵੀ ਉਥੇ ਹੀ ਛੰਨਾਂ ਪਾ ਲਉ।’’ ਗੁਰੂ ਜੀ ਨੇ ਨਬੇੜਾ ਕਰ ਦਿੱਤਾ।
‘‘…ਜੀ ਪਾਤਸ਼ਾਹ। ਇਕ ਬੰਨੇ ‘ਕੁੱਤੀ ਵਿਹੜਾ’ ਤੇ ਦੂਜੇ ਬੰਨੇ ‘ਕਸਾਈ ਵਿਹੜਾ।’। ਇਥੇ ਵਾਹਵਾ ਰੌਣਕ ਰਹਿਸੀ ਮਾਰਾਜ।’’ ਮੋਹਰੀ ਜੀ ਨੇ ਕਿਹਾ। ਇਹ ਪਤਾ ਨਹੀਂ ਸੀ ਲੱਗਾ ਕਿ ਮੋਹਰੀ ਜੀ ਨੇ ਦਿਲੋਂ ਕਿਹਾ ਕਿ ਵਿਅੰਗ ਕੀਤਾ ਸੀ? ਕਿਉਂਕਿ ਨਾਨਕ ਨਿਰੰਕਾਰੀ ਦੀ ਗੱਦੀ ਵਲੋਂ ਕੁਛ ਵੀ ਕੀਤਾ ਜਾਣਾ ਸੰਭਵ ਸੀ। ਪਰ ਮੋਹਰੀ ਜੀ ਨੂੰ ਆਪਣੇ ਖੱਤਰੀ ਹੋਣ ਦਾ ਵੀ ਕਿਧਰੇ ਡੂੰਘਾ, ਧੁਰ ਅੰਦਰ ਮਾਣ ਸੀ। ਅੱਜ ਉਹ ਮਾਣ ਥੋੜ੍ਹਾ ਔਖਾ ਹੋ ਰਿਹਾ ਸੀ।
‘‘….ਸਭ ਗੁਰੂ ਦੀ ਬਖਸਿਸ਼ ਏ ਮੋਹਰੀ ਜੀ। ਅਸੀਂ ਕੌਣ ਆਂ?’’ ਗੁਰੂ ਸਾਹਿਬ, ਜੋ ਦਿਲ ਦੀਆਂ ਦਿਲ ‘ਚ ਬੁੱਝ ਲੈਂਦੇ ਸਨ, ਕਹਿਣ ਲੱਗੇ। ਬਾਬਾ ਬੁੱਢਾ ਜੀ ਉਹਨਾਂ ਨੂੰ, ਸਾਰਿਆਂ ਨੂੰ, ਸਮੇਤ ਝਿੜੀ ਵਿਚ ਲੁਕੀ ਸੰਗਤ ਦੇ, ਲੰਗਰ ਛਕਾਣ ਲੈ ਗਏ ਸਨ। ਕਾਫੀ ਦੇਰ ਮਗਰੋਂ ਉਹ ਇਕੱਲੇ ਪਰਤੇ ਤੇ ਸੱਚੇ ਪਾਤਸ਼ਾਹ ਦੇ ਬਿਲਕੁਲ ਨਜ਼ਦੀਕ ਆ ਕੇ ਚਰਨਾਂ ਕੋਲ ਬੈਠ ਗਏ ਤੇ ਅਰਜ ਕੀਤੀ-
‘‘ਸੱਚੇ ਪਾਤਸ਼ਾਹ! ਲੰਗਰ ਤੇ ਛਕਾ ਦਿੱਤੈ! ਪਰ ਕਿੰਨੀ ਓ ਸੰਗਤ ਚੁੱਪ ਕਰਕੇ ਖਿਸਕ ਗਈ ਏ। ਇਹਨਾਂ ਢੇਡਾਂ ਨਾਲ ਬਹਿ ਕੇ ਲੰਗਰ ਛੱਕਣ ਲਈ ਤੇਰੇ ਵਿਰਲੇ ਸਿੱਖ ਹੀ ਬੈਠੇ ਰਹੇ ਨੇ। ਬਸ ਉਹੀ, ਜਿੰਨਾਂ ਨੂੰ ਢੇਡਾਂ ਵਿਚੋਂ ਵੀ ਤੂੰ ਹੀ ਦਿੱਸਦਾ ਏਂ।’’ ਹਜ਼ੂਰ ਮਹਾਰਾਜ ਕਿੰਨੀ ਦੇਰ ਖਾਮੋਸ਼ ਬੈਠੇ ਰਹੇ। ਫੇਰ ਬਾਬਾ ਬੁੱਢਾ ਜੀ ਦੇ ਕੰਨ ਕੋਲ ਸਰਗੋਸ਼ੀ ਨਾਲ ਕਹਿਣ ਲੱਗੇ-
‘‘ਤੁਸੀਂ ਇਹਨਾਂ ਨੂੰ ਉੱਤਰ ਵਾਲੀ ਬਾਹੀ ਵਲ ਥੋੜ੍ਹੀ ਥਾਂ ਦਿਉ। ਕੋਲ ਜੰਗਲ ਵੀ ਹੈ। ਰਾਤ ਤੱਕ ਇਹ ਸਿਰ ਲੁਕਾਣ ਜੋਗੇ ਹੋਣ। ਇਹ ਨਾਨਕ ਦੇ ਦਰਬਾਰ ‘ਚ ਆਏ ਨੇ। ਸ਼ਰਨਗਤ ਨੂੰ ਕਿਵੇਂ ਸੁੱਟ ਪਾਈਏ? ਵੇਖੀ ਜਾਏਗੀ, ਜੋ ਹੋਏਗਾ!’’
‘‘ਪਾਤਸ਼ਾਹ! ਵਧੇਰੇ ਕਰਕੇ ਲਾਹੌਰ ਦੀ ਰੋੜ ਬੰਸ, ਤੇ ਸੁਲਤਾਨਪੁਰ ਲੋਧੀ ਵਲ ਦੀ ਜੱਟ ਬਰਾਦਰੀ ਲੰਗਰ ਛੱਡ ਗਈ ਏ। ਉੱਠ ਕੇ ਚੁੱਪ ਕੀਤੇ ਟੁਰ ਗਏ ਨੇ। ਬਾਕੀ ਰਿਆੜਕੀ ਦੇ ਤੇ ਪਹਾੜ ਦੇ ਪੈਰਾਂ ਦੇ ਕੁਛ ਘੁਮਿਆਰ ਤੇ ਜੱਟ, ਜਿਹੜੇ ਇਕੱਠੇ ਆਏ ਸਨ, ਉਹ ਬੜੇ ਸਿਦਕ ਨਾਲ ਲੰਗਰ ਛੱਕ ਰਹੇ ਨੇ।’’ ਬਾਬਾ ਬੁੱਢਾ ਜੀ ਨੇ ਤਫਸੀਲ ਦਿੱਤੀ। ਨਾਲ ਹੀ ਉਹ ਉੱਠ ਕੇ ਦੁਬਾਰਾ ਢੇਡਾਂ ਵਲ ਚਲੇ ਗਏ, ਤਾਂ ਕਿ ਉਹਨਾਂ ਨੂੰ ਜਗ੍ਹਾ ਦੇ ਨਿਸ਼ਾਨ ਦੇ ਆਣ।
‘‘ਵਾਹ ਮੇਰੇ ਨਾਨਕਾ! ਨਿਰੰਕਾਰੀਆ! ਤੇਰੀਆਂ ਤੂੰ ਜਾਣੇ। ਪਰ ਮੇਰੇ ਪੁੱਤਰੋ। ਤੁਸੀਂ ਜਿੰਨੀ ਆਸ ਲੈ ਕੇ ਇਹਨਾਂ ਨਾਨਕ-ਪੰਥੀਆਂ ਕੋਲ ਆਏ ਸਾਉ, ਮੈਨੂੰ ਨਹੀਂ ਭਾਸਦਾ, ਪਈ ਇਹ ਤੁਹਾਨੂੰ ਪੂਰੀ ਤਰ੍ਹਾਂ ਗਲ ਨਾਲ ਲਾ ਲੈਣਗੇ।’’ ਗੁਰੂ ਰਾਮਦਾਸ, ਸੱਚੇ ਪਾਤਸ਼ਾਹ ਨੇ ਮੂੰਹ ਵਿਚ ਇਹ ਅਰਜ ਨਾਨਕ ਨਿਰੰਕਾਰੀ ਦੀ ਆਤਮਾ ਅੱਗੇ ਕੀਤੀ ਤੇ ਜਵਾਬ ਵਿਚ ਜੋ ਉਹਨਾਂ ਨੂੰ ਅਗਮ-ਨਿਗਮ ਦੀ ਬਾਣੀ ਸੁਣੀ, ਉਹ ਸਿਰਫ ਉਹੀ ਜਾਣ ਸਕੇ ਸਨ। ਪਰ ਉਹਨਾਂ ਦੇ ਮੁੱਖ ਦੀ ਉਦਾਸੀ ਕਈ ਕੁਛ ਕਹਿ ਰਹੀ ਸੀ।
ਇਸ ਸਾਰੇ ਕੌਤਕ ਨੂੰ ਦੋ ਬਾਲ-ਅੰਝਾਣੇ, ਬਾਲਕ ਅਰਜਨ ਦੇਵ ਅਤੇ ਉਹਨਾਂ ਦਾ ਹੀ ਅੰਗ-ਸਾਕ ਵਿਚੋਂ ਭਰਾ ਲਗਦਾ ਬਾਲਕ ਗੁਰਦਾਸ ਬੜੇ ਗਹੁ ਨਾਲ ਵੇਖ ਰਹੇ ਸਨ। ਉਹਨਾਂ ਦੇ ਮੁੱਖ-ਮੰਡਲ ਬਾਲਕ ਹੋਣ ਦੇ ਬਾਵਜੂਦ ਕਿਸੇ ਸਿਆਣੀ ਆਭਾ ਨਾਲ ਲਿਸ਼ਕ ਰਹੇ ਸਨ।

Last edited by a moderator: