Babbu Maan Nall Meria Mulaqatan (ਬੱਬੂ ਨਾਲ ਮੁਲਾਕਾਤਾਂ)

  • Thread starter userid97899
  • Start date
  • Replies 5
  • Views 1K
U

userid97899

Guest
Amardeep Singh Barre Jihna Nu Nahi Pata Das Dawa Eh Punjab Dee Mashoor Writer , Geetkar Ne , Hun Yoddha Film Aayi Jehri Oh Ehna Direct Kiti Hai , Bahut Wadia Geet Likhn Wale Bandeya Cho Ik Ne Amardeep Singh Ji

ਬੱਬੂ ਮਾਨ ਨਾਲ ਮੇਰੀਆਂ ਤਿੰਨ ਮੁਲਾਕਾਤਾਂ - ਅਮਰਦੀਪ ਸਿੰਘ ਗਿੱਲ

ਗੱਲ 2001 ਜਾਂ 2002 ਦੀ ਹੋਵੇਗੀ ਜਦ ਬੱਬੂ ਮਾਨ ਦੀ ਦੂਜੀ ਐਲਬਮ " ਸਾਉਣ ਦੀ ਝੜੀ " ਰਿਲੀਜ਼ ਹੋਈ ਸੀ । ਇਸ ਐਲਬਮ ਦਾ ਇੱਕ ਗੀਤ , " ਤੂੰ ਸੌਂ ਕੇ ਰਾਤ ਗੁਜ਼ਾਰ ਲਈ " ਮੈਂ ਬਹੁਤ ਸੁਣਦਾ ਸਾਂ । ਉਨੀ ਦਿਨੀਂ ਮੈਂ ਟੀ.ਸੀਰੀਜ਼ ਦੇ ਲੋਖੰਡਵਾਲਾ ਬੰਗਲੇ 'ਚ ਮੁੰਬਈ ਠਹਿਰਿਆ ਹੋਇਆ ਸੀ । ਹੰਸ ਰਾਜ ਹੰਸ ਵੀ ਉੱਥੇ ਹੀ ਸਨ । ਅਸੀਂ ਵੀ ਆਪਣੀ ਐਲਬਮ ਤੇ ਕੰਮ ਕਰ ਰਹੇ ਸਾਂ । ਇੱਕ ਦਿਨ ਹੰਸ ਹੁਰਾਂ ਦਾ ਕੁਵੈਤ ਕੋਈ ਸ਼ੋਅ ਸੀ । ਉਨਾਂ ਏਅਰ-ਪੋਰਟ ਤੇ ਜਾਣਾ ਸੀ , ਮੈਂ ਏਅਰ-ਪੋਰਟ ਤੱਕ ਉਨਾਂ ਨੂੰ ਛੱਡਣ ਚਲਾ ਗਿਆ । ਉਨਾਂ ਨੂੰ ਛੱਡ ਜਦ ਮੈਂ ਟੀ. ਸੀਰੀਜ਼ ਵਾਲਿਆਂ ਦੀ ਕਾਰ 'ਚ ਵਾਪਸ ਆ ਰਿਹਾ ਸੀ ਤਾਂ ਅਸੀਂ ਚਾਰ ਬੰਗਲਾ ਦੀਆਂ ਲਾਇਟਾਂ ਤੇ ਰੁਕੇ । ਸਾਡੇ ਸਾਹਮਣੇ ਵਾਲੀ ਸੜਕ ਤੇ ਵੀ ਟੀ.ਸੀਰੀਜ਼ ਵਾਲਿਆਂ ਦੀ ਇੱਕ ਹੋਰ ਕਾਰ ਆ ਕੇ ਰੁਕੀ । ਮੇਰੇ ਵਾਲੀ ਕਾਰ ਦਾ ਡਰਾਇਵਰ ਅਤੇ ਸਾਹਮਣੇ ਵਾਲੀ ਕਾਰ ਦਾ ਡਰਾਇਵਰ ਦੋਨੋ ਭਰਾ ਸਨ ਵਰਿੰਦਰ ਅਤੇ ਸੁਰਿੰਦਰ , ਦੋਨੋ ਹੀ ਪੰਜਾਬ ਦੇ ਤਲਵਾੜਾ ਦੇ ਰਹਿਣ ਵਾਲੇ ਸਨ । ਮੈਂ ਆਪਣੇ ਵਾਲੇ ਡਰਾਇਵਰ ਨੂੰ ਪੁੱਛਿਆ ਕਿ ਉਹ ਸਾਹਮਣੇ ਵਾਲੀ ਟੈਕਸੀ 'ਚ ਕੌਣ ਹੈ ? ਤਾਂ ਉਸ ਨੇ ਜਵਾਬ ਦਿੱਤਾ , " ਬੱਬੂ ਮਾਨ ਜੀ ਨੇ ਜੀ ...ਰਾਤੀਂ ਆਏ ਨੇ ਪੰਜਾਬ ਤੋਂ ..ਮੈਂ ਹੀ ਲੈ ਕੇ ਆਇਆ ਸੀ ਏਅਰ-ਪੋਰਟ ਤੋਂ...! " ਇਸ ਤੋਂ ਪਹਿਲਾਂ ਕਿ ਮੈਂ ਬੱਬੂ ਨੂੰ ਮਿਲਣ ਬਾਰੇ ਸੋਚਦਾ , ਸਾਹਮਣੀ ਕਾਰ ਦਾ ਦਰਵਾਜ਼ਾ ਖੁੱਲਿਆ ਤੇ ਮੈਂ ਵੇਖਿਆ ਬੱਬੂ ਕਾਰ ਚੋਂ ਨਿਕਲ ਕਾਹਲੀ ਕਾਹਲੀ ਮੇਰੇ ਵੱਲ ਆ ਰਿਹਾ ਹੈ । ਜਿੰਨਾਂ ਨੇ ਮੁੰਬਈ ਚਾਰ ਬੰਗਲਾ ਵਾਲੀਆਂ ਲਾਇਟਾਂ ਵੇਖੀਆਂ ਹਨ ਉਹ ਜਾਣਦੇ ਹਨ ਕਿ ਉਹ ਚੌਕ ਕਿਸ ਤਰਾਂ ਦਾ ਹੈ । ਸੁਬਾਹ ਦਾ ਟਾਇਮ ਹੋਣ ਕਾਰਨ ਭੀੜ ਘੱਟ ਸੀ , ਸੋ ਬੱਬੂ ਸਿੱਧਾ ਹੀ ਮੇਰੀ ਕਾਰ ਵੱਲ ਆ ਗਿਆ , ਉਸਨੂੰ ਆਪਣੀ ਕਾਰ ਵੱਲ ਆਉਂਦਾ ਵੇਖ ਮੈਂ ਵੀ ਕਾਰ ਚੋਂ ਬਾਹਰ ਆ ਗਿਆ , ਇਸ ਤੋਂ ਬਾਅਦ ਬੱਬੂ ਜਿਵੇਂ ਮੈਨੂੰ ਮਿਲਿਆ , ਉਹ ਮੈਂ ਸ਼ਬਦਾਂ 'ਚ ਇੱਥੇ ਬਿਆਨ ਨਹੀਂ ਕਰ ਸਕਦਾ । ਹੋ ਸਕਦਾ ਬੱਬੂ ਮਾਨ ਦੇ ਕਰੋੜਾਂ ਪ੍ਰਸ਼ੰਸਕਾਂ ਨੂੰ ਸਾਡੀ ਇਸ ਮਿਲਣੀ ਦੀ ਰਮਜ਼ ਅੱਜ ਸਮਝ ਨਾ ਆਵੇ ਪਰ ਮੈਂ ਇਹ ਦੱਸਣਾਂ ਚਾਹੁੰਦਾ ਹਾਂ ਕਿ ਇੱਕ ਮਨੁੱਖ ਵੱਜੋਂ ਅਤੇ ਇੱਕ ਗਾਇਕ ਵੱਜੋਂ ਬੱਬੂ ਮਾਨ ਮੈਨੂੰ ਵੀ ਬਹੁਤ ਪਸੰਦ ਹੈ । ਅਸੀਂ ਦੋ ਕੁ ਮਿੰਟ ਮਿਲੇ , ਫਿਰ ਇੱਕ ਦੂਜੇ ਤੋਂ ਜੁਦਾ ਹੋ ਗਏ । ਬੱਬੂ ਸ਼ਾਇਦ ਉਸ ਵਕਤ " ਹਵਾਏਂ " 'ਚ ਰੁੱਝਿਆ ਹੋਇਆ ਸੀ ਅਤੇ ਉਹ ਅਮਿਤੋਜ ਮਾਨ ਨੂੰ ਮਿਲਣ ਜਾ ਰਿਹਾ ਸੀ । ਇਹ ਮੇਰੀ ਤੇ ਬੱਬੂ ਦੀ ਪਹਿਲੀ ਮੁਲਾਕਾਤ ਸੀ । ਉਸ ਤੋਂ ਬਾਅਦ ਬੱਬੂ ਹੋਰ ਵੀ ਵੱਡਾ ਸਟਾਰ ਬਣ ਗਿਆ ਮੇਗਾ-ਸਟਾਰ , ਫਿਰ ਅਸੀਂ ਦੂਜੀ ਵਾਰ ਪੰਜਾਬ ਦੇ ਗਾਇਕਾਂ ਦੀ ਇੱਕ ਮੀਟਿੰਗ ਦੌਰਾਨ ਲੁਧਿਆਣੇ ਸੰਖੇਪ ਜਿਹਾ ਮਿਲੇ । ਤੀਜੀ ਵਾਰ ਮੇਰੀ ਤੇ ਬੱਬੂ ਦੀ ਮੁਲਾਕਾਤ ਅੱਠ-ਨੌ ਸਾਲ ਪਹਿਲਾਂ ਸਾਡੇ ਸਾਂਝੇ ਦੋਸਤ ਅਮਰੀਕ ਗਿੱਲ ਦੇ ਨਾਟਕ ਦੌਰਾਨ ਟੈਗੋਰ ਥਿਏਟਰ ਚੰਡੀਗੜ ਵਿਖੇ ਹੋਈ । ਉਸ ਸਮੇਂ ਮੈਂ ਆਪਣੀ ਜ਼ਿੰਦਗੀ 'ਚ ਵਾਪਰੀਆਂ ਕੁੱਝ ਮਾੜੀਆਂ ਘਟਨਾਵਾਂ ਕਾਰਨ ਮਾਨਸਿਕ ਰੂਪ 'ਚ ਕਾਫੀ ਪ੍ਰੇਸ਼ਾਨ ਸਾਂ , ਮੈਂ ਜਦ ਇਹ ਗੱਲ ਬੱਬੂ ਨਾਲ ਸਾਂਝੀ ਕੀਤੀ ਤਾਂ ਉਸ ਨੇ ਮੈਨੂੰ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੱਸ ਚੜਦੀ ਕਲਾ 'ਚ ਰਹਿਣ ਦੀ ਸਲਾਹ ਦਿੱਤੀ ... ਉਸ ਨੇ ਕਿਹਾ .. ਬਾਈ ਤੁਸੀਂ ਮੇਰੇ ਤੋਂ ਵੱਡੇ ਓ ..ਤੁਹਾਨੂੰ ਕੀ ਸਮਝਾਵਾਂ.. ਦੱਬ ਕੇ ਕੰਮ ਕਰੋ.. ਪ੍ਰਤਿਭਾਸ਼ਾਲੀ ਲੋਕ ਕਦੇ ਖਤਮ ਨਹੀਂ ਹੁੰਦੇ...! ਬੱਸ ਉਸ ਤੋਂ ਬਾਅਦ ਅਸੀਂ ਕਦੇ ਨਹੀਂ ਮਿਲੇ ... ਮੈਂ ਬੱਬੂ ਦਾ ਹਰ ਗੀਤ ਸੁਣਦਾ ਹਾਂ , ਹਰ ਫਿਲਮ ਵੇਖਦਾ ਹਾਂ , ਮੈਂ " ਏਕਮ " ਫਿਲਮ ਵੇਖ ਕੇ ਉਸਦੇ ਹੱਕ 'ਚ ਇੱਕ ਵੱਡਾ ਲੇਖ " ਪੰਜਾਬੀ ਟ੍ਰਿਬਿਊਨ " 'ਚ ਵੀ ਲਿਖਿਆ ਪਰ ਮੈਂ ਫਿਰ ਕਦੇ ਬੱਬੂ ਨੂੰ ਮਿਲ ਨਹੀਂ ਸਕਿਆ , ਮਿਲਣ ਦੀ ਕੋਸ਼ਿਸ਼ ਵੀ ਕੀਤੀ ਪਰ ..... ! ਮੈਂ ਇਹ ਗੱਲ ਪਹਿਲੀ ਵਾਰ ਲਿਖ ਰਿਹਾ ਹਾਂ ਕਿ ਮੇਰੀ ਬੱਬੂ ਨਾਲ ਕੀ ਸਾਂਝ ਹੈ ਇਹ ਮੈਂ ਵੀ ਨਹੀਂ ਜਾਣਦਾ ਪਰ ਕੋਈ ਗੱਲ ਹੈ ਜ਼ਰੂਰ....ਜੋ ਆਮ ਦੁਨੀਆ ਤੋਂ ਵੱਖਰੀ ਹੈ , ਮੈਨੂੰ ਜੋ ਬੰਦੇ ਚੌਵੀ ਘੰਟੇ ਯਾਦ ਰਹਿੰਦੇ ਹਨ ਉਨਾਂ 'ਚ ਇੱਕ ਬੱਬੂ ਵੀ ਹੈ । ਮੈਂ ਉਸ ਬਾਰੇ ਬਹੁਤ ਸੋਚਦਾ ਹਾਂ । ਮੈਂ ਦੋ ਫਿਲਮਾਂ ਦੀਆਂ ਸਕਰਿਪਟਾਂ ਵੀ ਉਸ ਨੂੰ ਧਿਆਨ 'ਚ ਰੱਖ ਕੇ ਲਿਖੀਆਂ ਹਨ ਪਰ ਮੈਂ ਉਸ ਨੂੰ ਮਿਲ ਨਹੀਂ ਸਕਿਆ....! ਆਪਣੀਆਂ ਗਿਣਵੀਆਂ ਚੁਣਵੀਆਂ ਟੀ.ਵੀ. ਇੰਟਰਵਿਊਜ਼ 'ਚ ਇੱਕ ਦੋ ਵਾਰ ਬੱਬੂ ਨੇ ਮੇਰਾ ਨਾਮ ਆਪਣੇ ਮਨਪਸੰਦ ਗੀਤਕਾਰਾਂ 'ਚ ਵੀ ਲਿਆ , ਜੋ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਿਆ ।
ਮੈਂ ਬੱਬੂ ਦਾ ਸ਼ੁਭਚਿੰਤਕ ਹਾਂ , ਉਸ ਨੂੰ ਬਹੁਤ ਪਿਆਰ ਕਰਦਾ ਹਾਂ , ਮੈਂ ਇਹ ਚਾਹੁੰਦਾ ਹਾਂ ਕਿ ਉਹ ਸਦਾ ਚੰਗਾ ਕੰਮ ਕਰੇ ਅਤੇ ਸਫਲ ਹੋਵੇ । ਮੈਂ ਇਹ ਮੰਂਨਦਾ ਹਾਂ ਕਿ ਬੱਬੂ ਮਾਨ ਵਰਗਾ " ਸਟਾਰਡਮ " ਕਿਸੇ ਪੰਜਾਬੀ ਗਾਇਕ ਕੋਲ ਨਹੀਂ ਹੈ , ਉਸ ਵਰਗਾ " ਔਰਾ " ਹੀ ਕਿਸੇ ਪੰਜਾਬੀ ਸਟਾਰ ਦਾ ਨਹੀਂ ਹੈ , ਉਸਦੇ ਪ੍ਰਸ਼ੰਸਕਾਂ ਵਰਗੇ ਪ੍ਰਸ਼ੰਸਕ ਕਿਸੇ ਪੰਜਾਬੀ ਗਾਇਕ ਦੇ ਹੋ ਹੀ ਨਹੀਂ ਸਕਦੇ , ਜਿਵੇਂ ਮੈਂ ਬੱਬੂ ਨੂੰ ਪਿਆਰ ਕਰਦਾ ਹਾਂ , ਉਵੇਂ ਉਸਦੇ ਪ੍ਰਸ਼ੰਸਕਾਂ ਨੂੰ ਵੀ ਪਿਆਰ ਕਰਦਾ ਹਾਂ । ਮੈਂ ਫੇਸਬੁੱਕ ਤੇ ਕਦੇ ਵੀ ਬੱਬੂ ਬਾਰੇ ਕੁੱਝ ਨਹੀਂ ਲਿਖਿਆ , ਨਾ ਹੀ ਬੱਬੂ ਨਾਲ ਆਪਣੇ ਅੰਦਰਲੀ ਸਾਂਝ ਨੂੰ ਜ਼ਿਆਦਾ ਲੋਕਾਂ ਕੋਲ ਉਜਾਗਰ ਕੀਤਾ ਹੈ , ਪਰ ਹੁਣ ਮੇਰੇ ਤੋਂ ਰਹਿ ਨਹੀਂ ਹੋਇਆ , ਸੋ ਜੋ ਕੁੱਝ ਲਿਖ ਰਿਹਾ ਹਾਂ , ਸੱਚੋ ਸੱਚ ਲਿਖ ਰਿਹਾ ਹਾਂ । ਮੈਂ ਬੱਬੂ ਵੀਰ ਦੇ ਭਵਿੱਖ ਲਈ ਸ਼ੁਭਇੱਛਾਵਾਂ ਭੇਜਦਾ ਹਾਂ , ਉਹ ਭਵਿੱਖ 'ਚ ਹੋਰ ਚੰਗਾ ਕੰਮ ਕਰੇ ਅਤੇ ਹੋਰ ਸਫਲਤਾ ਪ੍ਰਾਪਤ ਕਰੇ , ਉਹ ਇੱਕ ਜ਼ਹੀਨ , ਚੇਤੰਨ ਅਤੇ ਪ੍ਰਤਿਭਾਵਾਨ ਕਲਾਕਾਰ ਹੈ , ਉਹ ਆਪਣੀ " ਸਟਾਰ ਪਾਵਰ " ਨਾਲ ਜੋ ਵੀ ਚਾਹੇ ਕਰ ਸਕਦਾ ਹੈ , ਉਸ ਨੂੰ ਆਪਣੀ ਸ਼ਕਤੀ ਦੀ ਪਛਾਣ ਹੈ , ਇਹ ਹੋਰ ਵੀ ਵੱਡੀ ਗੱਲ ਹੈ । ਉਸਨੂੰ ਪੰਜਾਬੀ ਗੀਤ-ਸੰਗੀਤ ਅਤੇ ਪੰਜਾਬੀ ਸਿਨੇਮਾ ਦੀ ਬਿਹਤਰੀ ਲਈ ਆਪਣੀ " ਸਟਾਰ -ਪਾਵਰ " ਦਾ ਹੋਰ ਵੀ ਬਿਹਤਰ ਇਸਤੇਮਾਲ ਕਰਨਾ ਚਾਹੀਦਾ ਹੈ । ਆਖਿਰ 'ਚ ਸਿਰਫ ਇਹੋ ਕਹਾਂਗਾ ਕਿ ਮੈਂ ਬੇਸ਼ੱਕ ਉਸ ਨੂੰ ਮਿਲ ਸਕਾਂ ਜਾਂ ਨਾ , ਮੈਂ ਜਿੱਥੇ ਵੀ ਹਾਂ , ਉਸ ਲਈ ਅਰਦਾਸ ਕਰਦਾ ਹਾਂ , ਉਸਨੂੰ ਬਹੁਤ ਪਿਆਰ ਕਰਦਾ ਹਾਂ , ਉਸਦੇ ਸਾਰਥਿਕ ਕੰਮ ਦੀ ਉਡੀਕ ਕਰਦਾ ਹਾਂ ....ਜਿਉਂਦਾ ਰਹਿ ਵੀਰ... ਖੁਸ਼ ਰਹਿ...ਕਾਮਯਾਬ ਰਹਿ...ਵਾਹਿਗੁਰੂ ਤੇਰੇ ਤੇ ਮਿਹਰ ਰੱਖੇ !​
 
Top