ਜੰਗਨਾਮਾ (੫੧ -੯੦)_Part 3 (BestPart)

ਫਰਾਂਸੀਸ ਨੂੰ ਅੰਦਰੋਂ ਹੁਕਮ ਹੋਇਆ, 'ਤੁਸੀਂ ਜਾਓ ਖਾਂ ਤਰਫ਼ ਕਸ਼ਮੀਰ ਨੂੰ ਜੀ।'
ਉਨ੍ਹਾਂ ਰੱਬ ਦਾ ਵਾਸਤਾ ਪਾਇਆ ਈ, ਮਾਈ ਫੜੀ ਨਾ ਕੁਝ ਤਕਸੀਰ ਨੂੰ ਜੀ।
'ਪਾਰੋ ਮੁਲਕ ਫਰੰਗੀਆਂ ਮੱਲ ਲਿਆ, ਅਸੀਂ ਮਾਰਾਂਗੇ ਓਸ ਦੇ ਪੀਰ ਨੂੰ ਜੀ।
ਸ਼ਾਹ ਮੁਹੰਮਦਾ, ਆਏ ਨੀ ਹੋਰ ਪਰਿਓਂ, ਅਸਾਂ ਡੱਕਣਾ ਓਸ ਵਹੀਰ ਨੂੰ ਜੀ।੫੧।

ਮਾਈ ਆਖਿਆ, 'ਸਭ ਚੜ੍ਹ ਜਾਣ ਫੌਜਾਂ, ਬੂਹੇ ਸ਼ਹਿਰ ਦੇ ਰਹਿਣ ਨਾ ਸੱਖਣੇ ਜੀ।
ਮੁਸਲਮਾਨੀਆਂ ਪੜਤਾਲਾਂ ਰਹਿਣ ਏਥੇ, ਘੋੜ-ਚੜ੍ਹੇ ਨਾਹੀਂ ਏਥੇ ਰੱਖਣੇ ਜੀ।
ਕਲਗੀ ਵਾਲੜੇ ਖ਼ਾਲਸਾ ਹੋਣ ਮੋਹਰੇ, ਅੱਗੇ ਹੋਰ ਗਰੀਬ ਨਾ ਧੱਕਣੇ ਜੀ।'
ਸ਼ਾਹ ਮੁਹੰਮਦਾ, ਜਿਨ੍ਹਾਂ ਦੀ ਤਲਬ ਤੇਰਾਂ, ਮਜ਼ੇ ਤਿਨਾਂ ਲੜਾਈਆਂ ਦੇ ਚੱਖਣੇ ਜੀ।੫੨


ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ, 'ਮੈਥੋਂ ਗਏ ਖਜ਼ਾਨੇ ਨਿਖੁੱਟ ਵਾਰੀ।
ਜਮਨਾ ਤੀਕਰਾਂ ਪਿਆ ਜੇ ਦੇਸ ਸੁੰਞਾ
, ਖਾਓ ਦੇਸ ਫਰੰਗੀ ਦਾ ਲੁੱਟ ਵਾਰੀ।
ਮਾਰੋ ਸ਼ਹਿਰ ਫਿਰੋਜ਼ਪੁਰ ਲੁਧਿਆਣਾ, ਸੁੱਟੋ ਛਾਵਣੀ ਓਸ ਦੀ ਪੁੱਟ ਵਾਰੀ।
ਸ਼ਾਹ ਮੁਹੰਮਦਾ, ਲਵੋ ਇਨਾਮ ਮੈਥੋਂ, ਕੜੇ, ਕੈਂਠੇ ਮੈਂ ਦੇਵਾਂਗੀ ਸੁੱਟ ਵਾਰੀ।੫੩

ਸਿੰਘਾਂ ਆਖਿਆ, 'ਲੜਾਂਗੇ ਹੋ ਟੋਟੇ, ਸਾਨੂੰ ਖ਼ਬਰ ਘੱਲੀਂ ਦਿਨੇ ਰਾਤ ਮਾਈ।
ਤੇਰੀ ਨੌਕਰੀ ਵਿਚ ਨਾ ਫਰਕ ਕਰਸਾਂ, ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ।'
ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤੀ, ਗੁੱਝਾ ਕਰਨ ਲੱਗੀ ਸਾਡਾ ਘਾਤ ਮਾਈ।
ਸ਼ਾਹ ਮੁਹੰਮਦਾ, ਅਜੇ ਨਾ ਜਾਣਿਓ ਨੇ, ਖਾਲੀ ਪਈ ਏ ਚੋਪੜੀ ਪ੍ਰਾਤ ਮਾਈ।੫੪

ਦਿੱਤੀ ਮਾਈ ਨੇ ਜਦੋਂ ਦਿਲਬਰੀ ਭਾਰੀ, ਸਿੰਘ ਬੈਠੇ ਨੀ ਹੋਏ ਸੁਚੇਤ ਮੀਆਂ।
ਸੱਚੇ ਸਾਹਿਬ ਦੇ ਹੱਥ ਨੀ ਸਭ ਗੱਲਾਂ, ਕਿਸੇ ਹਾਰ ਦੇਵੇ ਕਿਸੇ ਜੇਤ ਮੀਆਂ।
ਇਕ ਲੱਖ ਬੇਟਾ ਸਵਾ ਲੱਖ ਪੋਤਾ, ਰਾਵਣ ਮਾਰਿਆ ਘਰ ਦੇ ਭੇਤ ਮੀਆਂ।
ਸ਼ਾਹ ਮੁਹੰਮਦਾ, ਜਾਣਦਾ ਜੱਗ ਸਾਰਾ, ਕਈ ਸੂਰਮੇਂ ਆਉਣਗੇ ਖੇਤ ਮੀਆਂ।੫੫

ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ : 'ਚੱਲੋ ਜਾਏ ਫਰੰਗੀ ਨੂੰ ਮਾਰੀਏ ਜੀ।
ਇਕ ਵਾਰ ਜੇ ਸਾਹਮਣੇ ਹੋਏ ਸਾਡੇ, ਇਕ ਘੜੀ ਵਿਚ ਪਾਰ ਉਤਾਰੀਏ ਜੀ।
ਭਾਈ ਵੀਰ ਸਿੰਘ ਜੇਹੇ ਅਸਾਂ ਨਹੀਂ ਛੱਡੇ, ਅਸਾਂ ਕਦੀ ਨਾ ਓਸ ਤੋਂ ਹਾਰੀਏ ਜੀ।
ਸ਼ਾਹ ਮੁਹੰਮਦਾ, ਮਾਰ ਕੇ ਲੁਧਿਆਣਾ, ਫੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ।੫੬

ਜ਼ਬਤ ਕਰਾਂਗੇ ਮਾਲ ਫਰੰਗੀਆਂ ਦੇ, ਓਥੋਂ ਲਿਆਵਾਂਗੇ ਦੌਲਤਾਂ ਬੋਰੀਆਂ ਨੀ।
ਪਿੱਛੋਂ ਵੜਾਂਗੇ ਉਨ੍ਹਾਂ ਦੇ ਸਤਰਖਾਨੇ, ਬੰਨ੍ਹ ਲਿਆਵਾਂਗੇ ਉਨ੍ਹਾਂ ਦੀਆਂ ਗੋਰੀਆਂ ਨੀ।
ਕਾਬਲ ਵਿਚ ਪਠਾਨ ਜਿਉਂ ਅਲੀ ਅਕਬਰ, ਮਾਰ ਵੱਢ ਕੇ ਕੀਤੀਆਂ ਪੋਰੀਆਂ ਨੀ।
ਸ਼ਾਹ ਮੁਹੰਮਦਾ, ਲਵਾਂਗੇ ਫੇਰ ਕੰਠੇ, ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ।੫੭


ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ, ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ।
ਚੜ੍ਹੇ ਸਭ ਮਝੈਲ, ਦੁਆਬੀਏ ਜੀ, ਜਿਨ੍ਹਾਂ ਕਿਲ੍ਹੇ ਨਿਵਾਏ ਨੀ ਢੇਰ ਮੀਆਂ।
ਸ਼ਾਹ ਮੁਹੰਮਦਾ, ਚੜ੍ਹੇ ਜਮਹੂਰਖ਼ਾਨੇ, ਹੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ।੫੮


ਸ਼ਾਮ ਸਿੰਘ ਸਰਦਾਰ ਨੇ ਕੂਚ ਕੀਤਾ, ਜੱਲ੍ਹੇ ਵਾਲੀਏ ਬਣਤ ਬਣਾਂਵਦੇ ਨੀ।
ਆਏ ਹੋਰ ਪਹਾੜ ਦੇ ਸਭ ਰਾਜੇ, ਜਿਹੜੇ ਤੇਗ ਦੇ ਧਨੀ ਕਹਾਂਵਦੇ ਨੀ।
ਆਏ ਸਭ ਮਝੈਲ ਦੁਆਬੀਏ ਜੀ, ਸੰਧਾਂਵਾਲੀਏ ਕਾਠੀਆਂ ਪਾਂਵਦੇ ਨੀ।
ਸ਼ਾਹ ਮੁਹੰਮਦਾ, ਚੜ੍ਹੀ ਅਕਾਲ ਰਜਮੰਟ, ਖੰਡੇ ਸਾਰ ਦੇ ਸਿਕਲ ਕਰਾਂਵਦੇ ਨੀ।੫੯

ਮਜ਼ਹਰ ਅਲੀ ਤੇ ਮਾਘੇ ਖਾਂ ਕੂਚ ਕੀਤਾ, ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ।
ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ, ਤੋਪਾਂ ਨਾਲ ਇਮਾਮ ਸ਼ਾਹ ਵਾਲੀਆਂ ਨੀ।
ਇਲਾਹੀ ਬਖਸ਼ ਪਟੋਲੀ ਨੇ ਮਾਂਜ ਕੇ ਜੀ, ਧੂਪ ਦੇਇ ਕੇ ਤਖ਼ਤ ਬਹਾਲੀਆਂ ਨੀ।
ਸ਼ਾਹ ਮੁਹੰਮਦਾ, ਐਸੀਆਂ ਲਿਸ਼ਕ ਆਈਆਂ, ਬਿਜਲੀ ਵਾਂਗ ਜੋ ਦੇਣ ਵਿਖਾਲੀਆਂ ਨੀ।੬੦

ਸੁਣ ਕੇ ਖ਼ਬਰ ਫਰੰਗੀ ਦੀ ਚੜ੍ਹੇ ਸੱਭੇ, ਫੌਜਾਂ ਬੇਮੁਹਾਰੀਆਂ ਹੋਇ ਤੁਰੀਆਂ।
ਅੱਗੇ ਵਾਰ ਕੁਵਾਰ ਨਾ ਕਿਸੇ ਡਿੱਠਾ, ਇਕ ਦੂਸਰੇ ਦੇ ਅੱਗੇ ਲੱਗ ਤੁਰੀਆਂ।
ਅੱਗੇ ਤੋਪਾਂ ਦੇ ਧਨੀ ਭੀ ਹੈਨ ਗੋਰੇ, ਵੰਗਾਂ ਪਹਿਣ ਖਲੋਤੀਆਂ ਨਹੀਂ ਕੁੜੀਆਂ।
ਸ਼ਾਹ ਮੁਹੰਮਦਾ, ਵਰਜਦੇ ਜਾਂਦਿਆਂ ਨੂੰ, ਫੌਜਾਂ ਹੋ ਮੁਹਾਣੀਆਂ ਕਦੋਂ ਮੁੜੀਆਂ।੬੧

ਚੜ੍ਹੇ ਸ਼ਹਿਰ ਲਾਹੌਰ ਥੀਂ ਮਾਰ ਧੌਂਸੇ, ਸਭੇ ਗੱਭਰੂ ਨਾਲ ਹੰਕਾਰ ਤੁਰਦੇ।
ਉਰੇ ਦੋਹਾਂ ਦਰਿਆਵਾਂ 'ਤੇ ਨਹੀਂ ਅਟਕੇ, ਪੱਤਨ ਲੰਘੈ ਨੀ ਜਾ ਫਿਰੋਜ਼ਪੁਰ ਦੇ।
ਅੱਗੇ ਛੇੜਿਆ ਨਹੀਂ ਫਰੰਗੀਆਂ ਨੇ, ਦੁਹਾਂ ਧਿਰਾਂ ਦੇ ਰੁਲਣਗੇ ਬਹੁਤ ਮੁਰਦੇ।
ਸ਼ਾਹ ਮੁਹੰਮਦਾ, ਭੱਜਣਾ ਰਣੋਂ ਭਾਰੀ, ਜੁਟੇ ਸੂਰਮੇ ਆਖ ਤੂੰ ਕਦੋਂ ਮੁੜਦੇ।੬੨

ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਝਾਂਸੀ, ਹਿਸਾਰ ਮੀਆਂ।
ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ।
ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ।
ਸ਼ਾਹ ਮੁਹੰਮਦਾ, ਕਿਤੇ ਨਾ ਅਟਕਣਾ ਈ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।੬੩

ਅਰਜ਼ੀ ਲਿਖੀ ਫਰੰਗੀਆਂ ਖ਼ਾਲਸੇ ਨੂੰ :'ਤੁਸਾਂ ਕਾਸ ਨੂੰ ਜੰਗ ਮਚਾਂਵਦੇ ਹੋ?
ਮਹਾਰਾਜ ਦੇ ਨਾਲ ਸੀ ਨੇਮ ਸਾਡਾ, ਤੁਸਾਂ ਸੁਤੀਆਂ ਕਲਾ ਜਗਾਂਵਦੇ ਹੋ।
ਕਈ ਲੱਖ ਰੁਪਈਆ ਲੈ ਜਾਓ ਸਾਥੋਂ, ਦਿਆਂ ਹੋਰ ਜੋ ਤੁਸੀਂ ਫਰਮਾਂਵਦੇ ਹੋ।
ਸ਼ਾਹ ਮੁਹੰਮਦਾ, ਅਸਾਂ ਨਾ ਮੂਲ ਲੜਨਾ, ਤੁਸੀਂ ਏਤਨਾ ਜ਼ੋਰ ਕਿਉਂ ਲਾਂਵਦੇ ਹੋ।੬੪।


ਸਿੰਘਾਂ ਲਿਖਿਆ ਖ਼ਤ ਫਰੰਗੀਆਂ ਨੂੰ :'ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ।
ਸਾਨੂੰ ਨਹੀਂ ਰੁਪਈਆਂ ਦੀ ਲੋੜ ਕਾਈ, ਭਾਵੇਂ ਦੇ ਤੂੰ ਢੇਰ ਉਸਾਰ ਕੇ ਜੀ।
ਉਹੋ ਪੰਥ ਤੇਰੇ 'ਤੇ ਆਣ ਚੜ੍ਹਿਆ, ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ।
ਸ਼ਾਹ ਮੁਹੰਮਦਾ, ਸਾਹਮਣੇ ਡਾਹ ਤੋਪਾਂ, ਸੂਰੇ ਕੱਢ ਮੈਦਾਨ ਨਿਤਾਰ ਕੇ ਜੀ ।੬੫


ਪੈਂਚ ਲਿਖਦੇ ਸਾਰੀਆਂ ਪੜਤਾਲਾਂ ਦੇ, 'ਸਾਡੀ ਅੱਜ ਹੈ ਵੱਡੀ ਚਲੰਤ ਮੀਆਂ।
ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ, ਨਹੀਂ ਛੱਡਿਆ ਸਾਧ ਤੇ ਸੰਤ ਮੀਆਂ।
ਅਸਾਂ ਮਾਰੇ ਚੌਫੇਰ ਦੇ ਕਿਲ੍ਹੇ ਭਾਰੇ, ਅਸਾਂ ਮਾਰਿਆ ਕੁਲੂ ਭਟੰਤ ਮੀਆਂ।'
ਸ਼ਾਹ ਮੁਹੰਮਦਾ, ਗੱਲ ਤਾਂ ਸੋਈ ਹੋਣੀ, ਜਿਹੜੀ ਕੇਰਗਾ ਖ਼ਾਲਸਾ ਪੰਚ ਮੀਆਂ।੬੬

ਦੂਰਬੀਨ ਅੰਗਰੇਜ਼ ਨੇ ਹੱਥ ਲੈ ਕੇ, ਕੀਤਾ ਫੌਜ ਦਾ ਸਭ ਸ਼ੁਮਾਰ ਮੀਆਂ।
ਜਿਨ੍ਹੀਂ ਥਾਈਂ ਸੀ ਜਮ੍ਹਾਂ ਜਮੂਰਖਾਨੇ, ਕੀਤੇ ਸਾਹਿਬ ਮਲੂਮ ਹਜ਼ਾਰ ਮੀਆਂ।
ਦਾਰੂ ਵੰਡਿਆ ਸੂਰਿਆਂ ਜੰਗੀਆਂ ਨੂੰ, ਦੋ ਦੋ ਬੋਤਲਾਂ ਕੈਫ ਖੁਮਾਰ ਮੀਆਂ।
ਸ਼ਾਹ ਮੁਹੰਮਦਾ, ਪੀ ਸ਼ਰਾਬ ਗੋਰੇ, ਹੋਏ ਜੰਗ ਨੂੰ ਤੁਰਤ ਤਿਆਰ ਮੀਆਂ
।੬੭


ਇਕ ਪਿੰਡ ਦਾ ਨਾਮ ਜੋ ਮੁੱਦਕੀ ਸੀ, ਓਥੇ ਭਰੀ ਸੀ ਪਾਣੀ ਦੀ ਖੱਡ ਮੀਆਂ।
ਘੋੜ ਚੜ੍ਹੇ ਅਕਾਲੀਏ ਨਵੇਂ ਸਾਰੇ, ਝੰਡੇ ਦਿੱਤੇ ਨੀ ਜਾਇ ਕੇ ਗੱਡ ਮੀਆਂ।
ਤੋਪਾਂ ਚੱਲੀਆਂ ਕਟਕ ਫਰੰਗੀਆਂ ਦੇ, ਗੋਲੇ ਤੋੜਦੇ ਮਾਸ ਤੇ ਹੱਡ ਮੀਆਂ।
ਸ਼ਾਹ ਮੁਹੰਮਦਾ, ਪਿਛਾਂ ਨੂੰ ਉੰਠ ਨੱਠੇ, ਤੋਪਾਂ ਸਭ ਆਏ ਓਥੇ ਛੱਡ ਮੀਆਂ।੬੮


ਡੇਰੇ ਆਣ ਕੇ ਬੈਠ ਸਲਾਹ ਕਰਦੇ : 'ਐਤਵਾਰ ਅਸੀਂ ਖੰਡਾ ਫੜਾਂਗੇ ਜੀ।
ਤੇਜਾ ਸਿੰਘ ਦੀ ਵੱਡੀ ਉਡੀਕ ਸਾਨੂੰ, ਉਸ ਦੇ ਆਏ ਬਗੈਰ ਨਾ ਲੜਾਂਗੇ ਜੀ।
ਸਰਫਾ ਜਾਨ ਦਾ ਨਹੀਂ ਜੇ ਤਦੋਂ ਕਰਨਾ, ਜਦੋਂ ਵਿਚ ਮੈਦਾਨ ਦੇ ਵੜਾਂਗੇ ਜੀ।
ਸ਼ਾਹ ਮੁਹੰਮਦਾ, ਅੰਦਰੋਂ ਇਕ ਹੋ ਕੇ, ਡੇਰੇ ਚੱਲ ਫਰੰਗੀ ਦੇ ਵੜਾਂਗੇ ਜੀ।੬੯

ਤੇਜਾ ਸਿੰਘ ਭੀ ਲਸ਼ਕਰੀਂ ਆਣ ਵੜਿਆ, ਹੁਦੇਦਾਰ ਸੱਭੇ ਓਥੇ ਆਂਵਦੇ ਨੀ :
'ਕਰੋ ਹੁਕਮ ਤੇ ਤੇਗ ਉਠਾਈਏ ਜੀ, ਪਏ ਸਿੰਘ ਕਚੀਚੀਆਂ ਖਾਂਵਦੇ ਨੀ।
ਕੂੰਜਾਂ ਨਜ਼ਰ ਆਈਆਂ ਬਾਜ਼ਾਂ ਭੁੱਖਿਆਂ ਨੂੰ, ਚੋਟਾਂ ਕੈਸੀਆਂ ਵੇਖੋ ਚਲਾਂਵਦੇ ਨੀ।'
ਸ਼ਾਹ ਮੁਹੰਮਦਾ, ਓਸ ਥੀਂ ਹੁਕਮ ਲੈ ਕੇ, ਹੱਲਾ ਕਰਨ ਦੀ ਡੋਲ ਬਣਾਂਵਦੇ ਨੀ।੭੦


ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁਧੇ, ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ।
ਸਿੰਘ ਸੂਰਮੇ ਆਣ ਮੈਦਾਨ ਲੱਥੇ, ਗੰਜ ਲਾਹ ਸੁੱਟੇ ਉਨ੍ਹਾਂ ਗੋਰਿਆਂ ਦੇ।
ਟੁੰਡੇ ਲਾਟ ਨੇ ਅੰਤ ਨੂੰ ਖਾਏ ਗੁੱਸਾ, ਫੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ।
ਸ਼ਾਹ ਮੁਹੰਮਦਾ, ਰੰਡ ਬੈਠਾਏ ਨੰਦਨ, ਸਿੰਘ ਜਾਨ ਲੈਂਦੇ ਨਾਲ ਜ਼ੋਰਿਆਂ ਦੇ।੭੧

ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ, 'ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ।'
ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ, ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ।
ਨੰਦਨ ਟਾਪੂਆਂ ਵਿਚ ਕੁਰਲਾਟ ਹੋਈ, ਕੁਰਸੀ ਚਾਰ ਹਜ਼ਾਰ ਹੈ ਚੱਖਣੀ ਜੀ।
ਸ਼ਾਹ ਮੁਹੰਮਦਾ, ਲਾਟ ਹੁਣ ਕਹਿਣ ਲੱਗਾ, 'ਰੱਤ ਸਿੰਘ ਸਿਪਾਹੀ ਦੀ ਸੱਖਣੀ ਜੀ।੭੨

ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ, ਤੋਪਾਂ ਮਾਰੀਆਂ ਨੀਰ ਦੇ ਆਏ ਪੱਲੇ
ਫੂਕ ਸੁੱਟੀਆਂ ਸਾਰੀਆਂ ਮੇਗਜ਼ੀਨਾਂ, ਸਿੰਘ ਉੰਠ ਕੇ ਪੱਤਰਾ ਹੋਏ ਚੱਲੇ।
ਛੌਲਦਾਰੀਆਂ ਤੰਬੂਆਂ ਛੱਡ ਦੌੜੇ, ਕੋਈ ਚੀਜ਼ ਲਈ ਨਹੀਂ ਮੂਲ ਪੱਲੇ।
ਓੜਕ ਲਿਆ ਮੈਦਾਨ ਫਰੰਗੀਆਂ ਨੇ, ਸ਼ਾਹ ਮੁਹੰਮਦਾ, ਰਣੋਂ ਨਹੀਂ ਮੂਲ ਹੱਲੇ।੭੩


ਓਧਰ ਆਪ ਫਰੰਗੀ ਨੂੰ ਭਾਂਜ ਆਈ, ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ।
ਚੱਲੇ ਤੋਪਖ਼ਾਨੇ ਸਾਰੇ ਗੋਰਿਆਂ ਦੇ, ਮਗਰ ਹੋਈ ਬੰਦੂਕਾਂ ਦੀ ਫੰਡ ਮੀਆਂ।
ਕਿਨੇ ਜਾਇ ਕੇ ਲਿਆਇ ਕੇ ਖ਼ਬਰ ਦਿੱਤੀ, ਨੰਦਨ ਹੋਇ ਬੈਠਿ ਤੇਰੀ ਰੰਡ ਮੀਆਂ।
ਸ਼ਾਹ ਮੁਹੰਮਦਾ, ਦੇ ਮੈਦਾਨ ਜਾ ਕੇ, ਰੁਲਦੀ ਗੋਰਿਆਂ ਦੀ ਪਈ ਝੰਡ ਮੀਆਂ।੭੪

ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਓਸ ਦੀ ਗ਼ੈਰਸਾਲੀ।
ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾਇ ਦੱਸੀ ਸਾਰੀ ਭੇਤ ਵਾਲੀ।
'ਓਥੋਂ ਹੋ ਗਿਆ ਹਰਨ ਹੈ ਖ਼ਾਲਸਾ ਜੀ, ਚੌਦਾਂ ਹੱਥ ਦੀ ਮਾਰ ਕੇ ਮਿਰਗ-ਛਾਲੀ।
ਸ਼ਾਹ ਮੁਹੰਮਦਾ, ਸਾਂਭ ਲੈ ਸਿਲ੍ਹੇਖ਼ਾਨੇ, ਛੱਡ ਗਏ ਨੇ ਸਿੰਘ ਮੈਦਾਨ ਖਾਲੀ
'।੭੫


ਮੁੜ ਕੇ ਫੇਰ ਫਰੰਗੀਆਂ ਜ਼ੋਰ ਕੀਤਾ, ਲਾਟਾਂਦਾਰ ਗੋਲੇ ਜਦੋਂ ਆਣ ਛੁੱਟੇ।
ਉਡੀ ਰਾਲ ਤੇ ਚਾਦਰਾਂ ਕੜਕੀਆਂ ਨੀ, ਕੌਰਵ ਪਾਂਡਵਾਂ ਦੇ ਜੈਸੇ ਬਾਣ ਛੁੱਟੇ।
ਜਦੋਂ ਡਿੱਠੇ ਨੀਂ ਹੱਥ ਫਰੰਗੀਆਂ ਦੇ, ਓਥੇ ਕਈਆਂ ਦੇ ਆਣ ਪ੍ਰਾਣ ਛੁੱਟੇ।
ਸ਼ਾਹ ਮੁਹੰਮਦਾ, ਇਕ ਸੌ ਤੇਈ ਤੋਪਾਂ, ਤੋਸ਼ੇਖਾਨੇ ਫਰੰਗੀਆਂ ਆਣ ਲੁੱਟੇ।੭੬

ਜਦੋਂ ਪਿਆ ਹਰਾਸ ਤਾਂ ਕਰਨ ਗੱਲਾਂ, ਮੁੰਡੇ ਘੋੜ-ਚੜ੍ਹੇ ਨਵੇਂ ਛੋਕਰੇ ਜੀ।
'ਅੱਧੀ ਰਾਤ ਨੂੰ ਉੰਠ ਕੇ ਖਿਸਕ ਤੁਰੀਏ, ਕਿੱਥੋਂ ਪਏ ਗੋਰੇ ਸਾਨੂੰ ਓਪਰੇ ਜੀ।
ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ, ਅਸੀਂ ਕਿਨ੍ਹਾਂ ਦੇ ਹਾਂ ਪੁੱਤ ਪੋਤਰੇ ਜੀ।
ਸ਼ਾਹ ਮੁਹੰਮਦਾ, ਖੂਹਾਂ ਤੇ ਮਿਲਖ ਵਾਲੇ, ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ।੭੭

ਜਿਹੜੇ ਜੀਂਵਦੇ ਰਹੇ ਸੋ ਪਏ ਸੋਚੀਂ, 'ਹੋਏ ਭੁੱਖ ਦੇ ਨਾਲ ਜ਼ਹੀਰ ਮੀਆਂ।
ਬੁਰੇ ਜਿੰਨ ਹੋ ਕੇ ਸਾਨੂੰ ਪਏ ਗੋਰੇ, ਅਸੀਂ ਜਾਣਦੇ ਸਾਂ ਕੋਈ ਕੀਰ ਮੀਆਂ।
ਅਸੀਂ ਸ਼ਹਿਦ ਦੇ ਵਾਸਤੇ ਹੱਥ ਪਾਇਆ, ਅੱਗੋਂ ਡੂਮਨਾ ਛਿੜੇ ਮਖੀਰ ਮੀਆਂ।
ਸ਼ਾਹ ਮੁਹੰਮਦਾ, ਰਾਹ ਨਾ ਕੋਈ ਲੱਭੇ, ਜਿੱਥੇ ਚੱਲੀਏ ਘੱਤ ਵਹੀਰ ਮੀਆਂ।੭੮

ਘਰੋਂ ਗਏ ਫਰੰਗੀ ਦੇ ਮਾਰਨੇ ਨੂੰ, ਬੇੜੇ ਤੋਪਾਂ ਦੇ ਸਭ ਖੁਹਾਇ ਆਏ।
ਛੇੜ ਆਫ਼ਤਾਂ ਨੂੰ ਮਗਰ ਲਾਇਓ ਨੇ, ਸਗੋਂ ਆਪਣਾ ਆਪ ਗਵਾਇ ਆਏ।
ਖੁਸ਼ੀ ਵਸਦਾ ਸ਼ਹਿਰ ਲਾਹੌਰ ਸਾਰਾ, ਸਗੋਂ ਕੁੰਜੀਆਂ ਹੱਥ ਫੜਾਇ ਆਏ।
ਸ਼ਾਹ ਮੁਹੰਮਦਾ, ਕਹਿੰਦੇ ਨੇ ਲੋਕ, 'ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾਇ ਆਏ।੭੯


ਘਰੀਂ ਜਾਇ ਕੇ ਕਿਸੇ ਆਰਾਮ ਕੀਤਾ, ਕਿਸੇ ਰਾਤ ਕਿਸੇ ਦੋਇ ਰਾਤ ਮੀਆਂ।
ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੇ, ਜੋ ਕੋਈ ਸਿੰਘ ਸਿਪਾਹੀ ਦੀ ਜ਼ਾਤ ਮੀਆਂ।
ਕਿੱਥੇ ਲੁਕੋਗੇ ਜਾਇ ਕੇ ਖ਼ਾਲਸਾ ਜੀ, ਦੱਸੋ ਖੋਲ੍ਹ ਕੇ ਅਸਲ ਦੀ ਬਾਤ ਮੀਆਂ।
ਸ਼ਾਹ ਮੁਹੰਮਦਾ, ਫੇਰ ਇਕੱਠ ਹੋਏ, ਲੱਗੀ ਚਾਨਣੀ ਹੋਰ ਕਨਾਤ ਮੀਆਂ
।੮੦।


ਕੰਢੇ ਪਾਰ ਦੇ ਜਮ੍ਹਾਂ ਜਾ ਹੋਏ ਡੇਰੇ, ਇਹ ਤਾਂ ਨੌਕਰੀ ਘਰੀਂ ਨ ਮਿਲਣ ਜਾਣੇ।
ਡੇਰੀਂ ਆਣ ਕੇ ਬਹੁਤ ਵਿਰਲਾਪ ਹੋਇਆ, ਹੋਈਆਂ ਭਰਤੀਆਂ ਬੰਦ ਨਾ ਵਿਕਣ ਦਾਣੇ।
ਛਹੀ ਕੱਢ ਕੇ ਮੋਰਚੀਂ ਆਇ ਬਹਿੰਦੇ ਡੇਰੀਂ ਆਇ ਕੇ ਫੇਰ ਪ੍ਰਸਾਦਿ ਖਾਣੇ।
ਸ਼ਾਹ ਮੁਹੰਮਦਾ, ਸਭ ਮਲੂਮ ਕੀਤੀ, ਕੀਕੂੰ ਹੋਈ ਸੀ ਦੱਸ ਖਾਂ ਲੁਧਿਆਣੇ।੮੧

ਸਰਦਾਰ ਰਣਜੋਧ ਸਿੰਘ ਫੌਜ ਲੈ ਕੇ, ਤਰਫ਼ ਲਾਡੂਏ ਵਾਲੇ ਦੀ ਚੱਲਿਆ ਈ।
ਓਥੇ ਸਭ ਕਬੀਲੇ ਸੀ ਕੈਦ ਹੋਏ, ਕੋਈ ਲਾਟ ਫਰੰਗੀ ਨੇ ਘੱਲਿਆ ਈ।
ਉਨ੍ਹਾਂ ਜਾਇ ਖੋਹੀਆਂ ਬਾਦਸ਼ਾਹੀਆਂ ਨੀ, ਉਸ ਦਾ ਜ਼ੋਰ ਨਾ ਕਿਸੇ ਝੱਲਿਆ ਈ।
ਸ਼ਾਹ ਮੁਹੰਮਦਾ, ਛਾਵਣੀ ਫੂਕ ਦਿੱਤੀ, ਵਿਚੋਂ ਜੀਉ ਫਰੰਗੀ ਦਾ ਹੱਲਿਆ ਈ।੮੨


ਚਾਰ ਪੜਤਲਾਂ ਲੈ ਮੇਵਾ ਸਿੰਘ ਆਇਆ, ਸਿੰਘ ਆਪਣੇ ਹੱਥ ਹਥਿਆਰ ਲੈਂਦੇ।
ਇਨ੍ਹਾਂ ਬਹੁਤ ਫਰੰਗੀ ਦੀ ਫੌਜ ਮਾਰੀ, ਲੁੱਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ।
ਤੋਪਾਂ, ਊਠ, ਹਾਥੀ, ਮਾਲ, ਲਾਖ ਘੋੜੇ, ਡੇਰੇ ਆਪਣੇ ਸਿੰਘ ਉਤਾਰ ਲੈਂਦੇ।
ਸ਼ਾਹ ਮੁਹੰਮਦਾ, ਸਿੰਘ ਜੇ ਜ਼ੋਰ ਕਰਦੇ, ਭਾਵੇਂ ਲੁਧਿਆਣਾ ਤਦੋਂ ਮਾਰ ਲੈਂਦੇ।੮੩


ਮੁਹਕਮ ਦੀਨ ਸਰਦਾਰ ਨੇ ਲਿਖੀ ਅਰਜ਼ੀ, 'ਤੁਸਾਂ ਤਰਫ਼ ਲੁੱਟੇ ਚੰਗੇ ਸ਼ਾਨ ਦੇ ਜੀ।
ਦੇਹ ਭੇਜ ਉਤਾਰ ਸਭ ਕਾਰਖਾਨੇ, ਪਾਇਓ ਗੱਜਿਓ ਵਿਚ ਮੈਦਾਨ ਦੇ ਜੀ।
ਤੈਨੂੰ ਅੱਜ ਹਜ਼ੂਰ ਥੀਂ ਫਤਹਿ ਆਈ, ਖ਼ਬਰਾਂ ਉਡੀਆਂ ਵਿਚ ਜਹਾਨ ਦੇ ਜੀ।
ਸ਼ਾਹ ਮੁਹੰਮਦਾ, ਵੈਰੀ ਨੂੰ ਜਾਣ ਹਾਜ਼ਰ, ਸਦਾ ਰੱਖੀਏ ਵਿਚ ਧਿਆਨ ਦੇ ਜੀ।੮੪

ਸੱਠਾਂ ਕੋਹਾਂ ਦਾ ਪੰਧ ਸੀ ਲੁਧਿਆਣਾ, ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ।
ਉਹ ਵੀ ਲੁਟਿਆ ਲਾਟ ਨੇ ਆਣ ਡੇਰਾ, ਸਭ ਖੋਹ ਕੇ ਕੀਤੀਆਂ ਚੌੜ ਮੀਆਂ।
ਝੱਲੀ ਅਬੂਤਬੇਲੇ ਦੀ ਪੜਤਲਾਂ ਨੇ, ਅੱਧ ਘੜੀ ਲੜਾਈ ਦੀ ਸੋੜ ਮੀਆਂ।
ਸ਼ਾਹ ਮੁਹੰਮਦਾ, ਸਿੰਘ ਲੁਟਾਇ ਡੇਰੇ, ਕਰ ਆਏ ਨੀ ਛੱਟੀਆਂ ਚੌੜ ਮੀਆਂ।੮੫

ਪਹਿਲੇ ਹੱਲਿਓਂ ਸਿੰਘ ਜੋ ਨਿਕਲ ਸਾਰੇ, ਪਏ ਔਝੜੇ-ਔਝੜੇ ਜਾਂਵਦੇ ਨੀ।
ਲੁਟੇ ਗਏ ਸਾਰੇ ਰਹੀ ਇਕ ਕੁੜਤੀ, ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ।
ਅੱਗੋਂ ਲੋਕ ਲੜਾਈ ਦੀ ਗੱਲ ਪੁੱਛਣ, ਜੀਭ ਹੋਠਾਂ ਥੀਂ ਖੋਲ੍ਹ ਦਿਖਾਂਵਦੇ ਨੀ।
ਸ਼ਾਹ ਮੁਹੰਮਦਾ, ਆਣ ਕੇ ਘਰਦਿਆਂ ਤੋਂ, ਨਵੇਂ ਕੱਪੜੇ ਹੋਰ ਸਿਵਾਂਵਦੇ ਨੀ।੮੬

ਕਹਿੰਦੇ : 'ਜਿਊਂਦੇ ਫੇਰ ਨਾ ਕਦੀ ਜਾਣਾ, ਮੂੰਹ ਨਾ ਲੱਗਣਾ ਉਸ ਚੰਡਾਲ ਦੇ ਜੀ।
ਕਿਤੇ ਜਾਇ ਕੇ ਚਾਰ ਦਿਨ ਕੱਟ ਆਈਏ, ਢੂੰਡਣ ਆਉਣਗੇ ਸਾਡੇ ਭੀ ਨਾਲ ਦੇ ਜੀ।
ਤੁਸਾਂ ਆਖਿਆ : 'ਮਾਰਿਆ ਲੁਧਿਆਣੇ, ਅਸੀਂ ਫਿਰਦੇ ਹਾਂ ਢੂੰਡਦੇ ਭਾਲਦੇ ਜੀ।'
ਸ਼ਾਹ ਮੁਹੰਮਦਾ, ਰਹੇ ਹੁਸ਼ਿਆਰ ਓਥੇ, ਲੜੇ ਨਹੀਂ ਅਜੇ ਸਾਡੇ ਨਾਲ ਦੇ ਜੀ।੮੭

ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ : 'ਕੋਈ ਅਕਲ ਦਾ ਕਰੋ ਇਲਾਜ ਯਾਰੋ!
ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ, ਪੱਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ।
ਮੁੱਠ ਮੀਟੀ ਸੀ ਏਸ ਪੰਜਾਬ ਦੀ ਜੀ, ਇਨ੍ਹਾਂ ਖੋਲ੍ਹ ਦਿੱਤਾ ਅੱਜ ਪਾਜ ਯਾਰੋ।
ਸ਼ਾਹ ਮੁਹੰਮਦਾ, ਮਾਰ ਕੇ ਮਰੋ ਏਥੇ, ਕਦੀ ਰਾਜ ਨਾ ਹੋਇ ਮੁਹਤਾਜ ਯਾਰੋ।੮੮


ਤੀਜੀ ਵਾਰ ਲਲਕਾਰ ਕੇ ਪਏ ਗੋਰੇ, ਪਏ ਵੱਜਦੇ ਢੋਲ ਤੰਬੂਰ ਮੀਆਂ।
ਕੱਸ ਲਈਆਂ ਨੀ ਸਿੰਘਾਂ ਨੇ ਤੁਰਤ ਕਮਰਾਂ, ਕਾਇਮ ਜੰਗ ਨੂੰ ਹੋਏ ਜ਼ਰੂਰ ਮੀਆਂ।
ਪਹਿਲਾਂ ਬਾਵਿਓਂ ਆਣ ਕੇ ਜ਼ੋਰ ਦਿੱਤਾ, ਪਿਆ ਦਲਾਂ ਦੇ ਵਿਚ ਫਤੂਰ ਮੀਆਂ।
ਸ਼ਾਹ ਮੁਹੰਮਦਾ, ਨੱਸ ਕੇ ਜਾਣ ਕਿੱਥੇ, ਏਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ।੮੯


ਆਈਆਂ ਪਲਟਨਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੇ ਤੋੜ ਸੁੱਟੇ।
ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨਵ ਸ਼ਾਸਤਡੀਂ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ, ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।੯੦।

 
Top