ਸਲਿੱਮ ਹੋਣ ਦਾ ਬੁਖਾਰ

ਅੱਜ ਕੱਲ੍ਹ ਜਿਸ ਨੂੰ ਦੇਖੋ ਉਸ ਨੂੰ ਹੀ ਸਲਿੱਮ ਹੋਣ ਦਾ ਬੁਖਾਰ ਚੜ੍ਹਿਆ ਹੈ। ਭਾਵੇਂ ਉਹ ਜਵਾਨ ਹੋਵੇ ਜਾਂ ਬੁੱਢਾ। ਸਭਨਾਂ ਵਿੱਚ ਵਜ਼ਨ ਘਟਾਉਣ ਦੀ ਦੌੜ ਲੱਗੀ ਹੈ। ਹਾਸਾ ਤਾਂ ਇਸ ਗੱਲ ‘ਤੇ ਆਉਂਦਾ ਹੈ ਕਿ ਜਦੋਂ ਵਜ਼ਨ ਘਟਾਉਣਾ ਹੀ ਸੀ ਤਾਂ ਇੰਨਾ ਵਧਾਇਆ ਕਿਉਂ? ਕੀ ਗੁਆਂਢੀਆਂ ਦਾ ਭੋਜਨ ਸਮਝ ਕੇ ਇੰਨਾ ਖਾਂਦੇ ਰਹੇ ਅੱਜ ਤੱਕ? “ਸੁਣੋ ਜੀ ਮੈਂ ਹੁਣ ਬਹੁਤ ਮੋਟੀ ਹੋ ਗਈ ਹਾਂ। ਸੋਚ ਰਹੀ ਆਂ ਕਿ ਕੱਲ੍ਹ ਤੋਂ ਮੈਂ ਵੀ ਗੁਆਂਢਣ ਮਿਸਿਜ਼ ਮੁਖਰਜੀ ਵਾਂਗ ਹੈਲਥ ਕਲੱਬ ਜਾਇਆ ਕਰਾਂ।” ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਕਿਹਾ। ਮੈਨੂੰ ਮੇਰੀ ਮਿਹਨਤ ਦੀ ਕਮਾਈ ‘ਤੇ ਤਰਸ ਆਇਆ ਤਾਂ ਮੈਂ ਉਸਨੂੰ ਸਾਫ ਲਫਜਾਂ ਵਿੱਚ ਕਿਹਾ, “ਕਿਧਰੇ ਕਲੱਬ ਵਗੈਰਾ ਵਿੱਚ ਜਾਣ ਦੀ ਲੋੜ ਨਹੀਂ। ਤੈਨੂੰ ਨੀਂ ਪਤਾ ਇਹ ਹੈਲਥ ਕਲੱਬਾਂ ਵਾਲੇ ਕਿੰਨੇ ਲੁੱਟਦੇ ਨੇ?”

ਦੂਜੇ ਦਿਨ ਜਦੋਂ ਮੈਂ ਥੱਕ-ਹਾਰ ਕੇ ਦਫਤਰ ਤੋਂ ਘਰ ਆਇਆ ਤਾਂ ਕਮਰੇ ਦਾ ਦ੍ਰਿਸ਼ ਦੇਖ ਕੇ ਮੇਰੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਹੀ ਰਹਿ ਗਈਆਂ। ਬੈੱਡਰੂਮ ਵਿੱਚ ਬੈੱਡ ਦੀ ਜਗ੍ਹਾਂ ਕਸਰਤ ਵਾਲੀ ਇੱਕ ਆਧੁਨਿਕ ਮਸ਼ੀਨ ਨੇ ਲੈ ਰੱਖੀ ਸੀ ਤੇ ਵਿਚਾਰਾ ਬੈੱਡ ਖਿਸਕ ਕੇ ਇੱਕ ਕੋਨੇ ਵਿੱਚ ਪਹੁੰਚ ਗਿਆ ਸੀ ਜਿਸ ‘ਤੇ ਕਸਰਤ ਦੀਆਂ ਢੇਰ ਸਾਰੀਆਂ ਪੁਸਤਕਾਂ ਪਈਆਂ ਸਨ। ਮੈਂ ਆਪਣਾ ਸਿਰ ਫੜ ਲਿਆ ਅਤੇ ਆਪਣੀ ਘਰਵਾਲੀ ਨੂੰ ਆਖਿਆ, “ਕਮਲੀਏ, ਇਸ ਉਮਰ ਵਿੱਚ ਤੈਨੂੰ ਇਹ ਸਭ ਕਰਨ ਦੀ ਕਿਵੇਂ ਅਹੁੜੀ?”

“ਕਿਉਂ ਕੀ ਹੋ ਗਿਆ ਮੇਰੀ ਉਮਰ ਨੂੰ? ਅਜੇ ਜਵਾਨ ਹਾਂ। ਬੱਸ ਥੋੜ੍ਹੀ ਜਿਹੀ ਚਮੜੀ ਹੀ ਤਾਂ ਫੈਲੀ ਐ। ਫਿਰ ਤੁਸੀਂ ਵੀ ਤਾਂ ਕਦੇ-ਕਦੇ ਟੋਕ ਦਿੰਨੇ ਓ ਕਿ ਮੈਂ ਮੋਟੀ ਹੋ ਗਈ ਹਾਂ।” ਉਹ ਮਿੱਠੀ ਜਿਹੀ ਮੁਸਕਾਨ ਬਿਖਰੇਦੇ ਹੋਏ ਬੋਲੀ।

“ਅੱਛਾ ਇਹ ਦੱਸਣ ਦੀ ਤਕਲੀਫ ਕਰੇਂਗੀ ਕਿ ਇਸ ‘ਤੇ ਤੂੰ ਕਿੰਨੇ ਪੈਸੇ ਫੂਕ ਦਿੱਤੇ?” ਮੈਂ ਮਨ ਹੀ ਮਨ ਭੜਕਦਿਆਂ ਕਿਹਾ। ਉਹ ਪਰਦਾ ਪਾਉਂਦੀ ਹੋਈ ਬੋਲੀ, “ਉਹ ਹੋ! ਵੇਖੋ ਨਾ ਇਹ ਮਸ਼ੀਨ ਮੋਟਾਪਾ ਘੱਟ ਕਰਨ ਲਈ ਹੈ। ਹੁਣ ਮੈਨੂੰ ਬਾਹਰ ਵੀ ਕਿਧਰੇ ਜਾਣ ਦੀ ਲੋੜ ਨਹੀਂ। ਇਹ ਮਸ਼ੀਨ ਮੈਂ ਫੋਨ ‘ਤੇ ਆਰਡਰ ਦੇ ਕੇ ਮੰਗਵਾਈ ਹੈ। ਇਸ ਦੇ ਨਾਲ ਮੁਫਤ ਵਿੱਚ ਕੈਸੇਟਾਂ ਤੇ ਕਿਤਾਬਾਂ ਵੀ ਹਨ। ਫਿਰ ਤੁਹਾਡੇ ਜਿਆਦਾ ਪੈਸੇ ਵੀ ਖਰਚ ਨਹੀਂ ਕੀਤੇ। 3 ਮਹੀਨੇ ਵਿੱਚ ਮੋਟਾਪਾ ਘਟਾਉਣ ਦੀ ਗਾਰੰਟੀ ਵੀ ਹੈ। ਕੇਵਲ 22 ਹਜਾਰ ਰੁਪਏ ਹੀ ਤਾਂ ਲੱਗੇ ਹਨ। ਮੰਨ ਗਏ ਨਾ ਮੇਰੀ ਅਕਲ ਨੂੰ।”

ਉਸ ਦੀ ਗੱਲ ਸੁਣ ਕੇ ਮੈਂ ਮਨ ਹੀ ਮਨ ਉਸ ਸਮੇਂ ਨੂੰ ਕੋਸਣ ਲੱਗਾ ਜਦੋਂ ਮੈਂ ਉਸਨੂੰ ਛੇੜਨ ਵਾਸਤੇ ਕਹਿੰਦਾ ਸੀ ਕਿ ਹੁਣ ਤੂੰ ਪਹਿਲਾਂ ਵਾਲੀ ਗੁਲਾਬੋ ਨਹੀਂ ਰਹੀ ਪਰ ਮੈਨੂੰ ਕੀ ਪਤਾ ਸੀ ਕਿ ਮੇਰਾ ਮਜ਼ਾਕ ਮੈਨੂੰ ਹੀ ਮਹਿੰਗਾ ਪੈ ਜਾਵੇਗਾ। ਹੁਣ ਮੇਰੀ ਪਤਨੀ ਤਰਬੂਜ਼ ਤੋਂ ਕੇਲਾ ਬਣਨ ਦੇ ਚੱਕਰਾਂ ਵਿੱਚ ਸੀ। ਦੂਜੇ ਹੀ ਦਿਨ ਸਵੇਰੇ 4 ਵਜੇ ਉੱਠ ਕੇ ਉਸ ਦੀ ਐਕਸਰਸਾਈਜ਼ ਸ਼ੁਰੂ ਹੋ ਗਈ। ਕੈਸੇਟ ਦੀ ਆਵਾਜ ਨਾਲ ਮੇਰੀ ਮਿੱਠੀ ਨੀਂਦ ਭੰਗ ਹੋ ਗਈ। ਦੇਖਿਆ ਤਾਂ ਸਾਹਮਣੇ ਮੇਮਸਾਬ੍ਹ ਮਸ਼ੀਨ ‘ਤੇ ਬਹਿ ਕੇ ਕੈਸੇਟ ਵਿੱਚ ਦੱਸੀਆਂ ਗੱਲਾਂ ਮੁਤਾਬਿਕ ਕਸਰਤ ਕਰ ਰਹੀ ਸੀ। ਦਫਤਰ ਜਾਂਦੇ ਸਮੇਂ ਮੈਂ ਉਸ ਕੋਲੋਂ ਬਰੇਕਫਾਸਟ ਮੰਗਿਆ ਤਾਂ ਜੁਆਬ ਮਿਲਿਆ, “ਪਲੀਜ਼ ਤੁਸੀਂ ਚਾਹ ਆਪ ਹੀ ਬਣਾ ਲਓ। ਹਾਂ ਮੇਰੇ ਵਾਸਤੇ ਵੀ ਇੱਕ ਕੱਪ ਬਣਾ ਦੇਣਾ।” ਮਨ ਵਿੱਚ ਆਇਆ ਕਿ ਇਹ ਆਧੁਨਿਕ ਮਸ਼ੀਨ ਚੁੱਕ ਕੇ ਬਾਹਰ ਸੁੱਟ ਦੇਵਾਂ। ਪਰ ਸਵੇਰੇ-ਸਵੇਰੇ ਮੈਂ ਆਪਣਾ ਮੂਡ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਚੁੱਪਚਾਪ ਦਫਤਰ ਚਲਾ ਗਿਆ।

ਲਗਭਗ 1 ਹਫਤਾ ਲਗਾਤਾਰ ਕਸਰਤ ਹੁੰਦੀ ਰਹੀ ਪਰ ਗੁਲਾਬੋ ਦਾ ਲੱਕ ਪਤਲਾ ਨਾ ਹੋਇਆ। ਉਲਟਾ ਜੋੜਾਂ ਵਿੱਚ ਦਰਦ ਰਹਿਣ ਲੱਗ ਪਈ। ਹੌਲੀ-ਹੌਲੀ ਉਸ ਦੇ ਕਾਰਨਾਮਿਆਂ ਦੀ ਖਬਰ ਨਾਲ ਮੁਹੱਲੇ ਦੀਆਂ ਔਰਤਾਂ ਦਾ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ। ਬੱਸ ਸਾਰਾ ਦਿਨ ਮਹਿਮਾਨਾਂ ਦੀ ਸੇਵਾ ਵਿੱਚ ਲੰਘਣ ਲੱਗਾ। ਹਰ ਰੋਜ ਸ਼ੀਸ਼ੇ ਅੱਗੇ ਖੜ੍ਹ ਕੇ ਖੁਦ ਨੂੰ ਵੇਖਦਿਆਂ ਉਹ ਪੁੱਛਦੀ, “ਵੇਖੋ ਜੀ, ਕੁਝ ਫਰਕ ਲੱਗ ਰਿਹੈ ਅੱਗੇ ਨਾਲੋਂ? ਇਹ ਸਭ ਕਸਰਤ ਦਾ ਹੀ ਤਾਂ ਅਸਰ ਹੈ।”

ਮੈਂ ਉਸ ਦੀ ਹਾਂ ਵਿੱਚ ਹਾਂ ਮਿਲਾ ਕੇ ਮਨ ਹੀ ਮਨ ਬੁੜਬੁੜਾਉਂਦਾ, “ਤੂੰ ਤਾਂ ਪਤਲੀ ਹੋਣ ਦੀ ਬਜਾਏ ਹੋਰ ਵੀ ਹੱਥਣੀ ਵਾਂਗ ਮੋਟੀ ਹੁੰਦੀ ਜਾ ਰਹੀ ਏਂ। ਜਿੰਨੀ ਕਸਰਤ ਕਰਦੀ ਏਂ, ਉਸ ਤੋਂ ਜਿਆਦਾ ਤੁੰਨ-ਤੁੰਨ ਕੇ ਖਾ ਲੈਨੀਂ ਐਂ, ਪਤਲੀ ਕੀ ਸੁਆਹ ਹੋਵੇਂਗੀ।”

ਇੱਕ ਦਿਨ ਉਹ ਉਦਾਸ ਸੀ। ਮੈਂ ਕਾਰਨ ਪੁੱਛਿਆ ਤਾਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ। “ਅੱਜ ਮੈਂ ਆਪਣਾ ਵੇਟ ਕਰਾਇਆ ਤਾਂ ਘੱਟ ਹੋਣ ਦੀ ਬਜਾਏ 2 ਕਿਲੋ ਹੋਰ ਵਧ ਗਿਆ।” ਮੈਂ ਆਪਣਾ ਹਾਸਾ ਕਾਬੂ ਕਰਦਿਆਂ ਕਿਹਾ ਕਿ ਹੁਣ ਹੋਰ ਕਸਰਤ ਨਾ ਕਰੇ। ਚਾਰ-ਪੰਜ ਦਿਨ ਸ਼ਾਂਤ ਰਹਿਣ ਮਗਰੋਂ ਗੁਲਾਬੋ ਫਿਰ ਹਰਕਤ ਵਿੱਚ ਆ ਗਈ। ਹੁਣ ਉਸ ‘ਤੇ ਯੋਗਾਸਨ ਦਾ ਭੂਤ ਸਵਾਰ ਹੋ ਗਿਆ। ਉਸ ਨੂੰ ਪਤਾ ਲੱਗਾ ਕਿ ਘਰ ਦੇ ਨਾਲ ਵਾਲੇ ਪਾਰਕ ਵਿੱਚ ਇੱਕ ਹਫਤੇ ਦਾ ਯੋਗਾ ਕੈਂਪ ਲੱਗਾ ਹੈ ਤਾਂ ਅਗਲੇ ਦਿਨ ਸਵੇਰੇ ਜਲਦੀ ਉੱਠਕੇ ਪਾਰਕ ਵਿੱਚ ਪਹੁੰਚ ਗਈ। ਮੇਰੇ ਸਮਝਾਉਣ ਦਾ ਕੋਈ ਲਾਭ ਨਾ ਹੋਇਆ।

ਇੱਕ ਘੰਟੇ ਬਾਅਦ ਜਦੋਂ ਪਰਤ ਕੇ ਆਈ ਤਾਂ ਉਸ ਦਾ ਮੂਡ ਕਾਫੀ ਖਰਾਬ ਸੀ। ਮੈਂ ਪੁੱਛਣਾ ਠੀਕ ਨਾ ਸਮਝਿਆ। ਕੁਝ ਦੇਰ ਬਾਅਦ ਉਹ ਖੁਦ ਮੈਨੂੰ ਦੱਸਣ ਲੱਗੀ, “ਉਹ ਹੋ! ਇਸ ਪਾਰਕ ਵਿੱਚ ਜਾ ਕੇ ਪਹਿਲਾਂ ਯੋਗਾਸਨ ਕਰਨ ਲਈ ਰਜਿਸਟ੍ਰੇਸ਼ਨ ਕਰਾਉਣਾ ਪੈਂਦਾ ਹੈ। ਦੋ-ਤਿੰਨ ਯੋਗਾਸਨ ਦੱਸੇ ਤੇ ਨਾਲ ਹੀ ਖਾਣ-ਪੀਣ ਲਈ ਲੰਬੀ ਲਿਸਟ ਫੜਾ ਦਿੱਤੀ। ਇਸ ਵਿੱਚ ਤਾਂ ਹਰ ਚੀਜ ‘ਤੇ ਖਾਣ ਦੀ ਪਾਬੰਦੀ ਹੈ। ਭਲਾ ਇੰਝ ਵੀ ਹੁੰਦਾ ਹੈ। ਜੇ ਵਿਅਕਤੀ ਯੋਗਾ ਕਰੇਗਾ ਤੇ ਕੁਝ ਵੀ ਨਹੀਂ ਖਾਵੇਗਾ ਤਾਂ ਸਿਹਤ ਸੁਆਹ ਠੀਕ ਰਹੇਗੀ? ਇੱਥੇ ਵੀ ਉਹ ਦੋ-ਚਾਰ ਦਿਨ ਹੀ ਗਈ, ਕਿਉਂਕਿ ਉਸ ਕੋਲੋਂ ਕੁਝ ਵੀ ਕਰਵਾ ਲਓ ਪਰ ਖਾਣ-ਪੀਣ ਦੇ ਮਾਮਲੇ ਵਿੱਚ ਕੁਝ ਨਾ ਆਖੋ। ਇੰਨੀ ਮਿਹਨਤ ਦੇ ਬਾਵਜੂਦ ਵੀ ਗੁਲਾਬੋ ਪਤਲੀ ਤਾਂ ਨਾ ਹੋਈ ਪਰ ਉਸ ਦਾ ਲੱਕ ਜਰੂਰ ਦਰਦ ਕਰਦਾ ਰਹਿੰਦਾ ਸੀ। ਪੈਰਾਂ ਵਿੱਚ ਵੀ ਦਰਦ ਰਹਿਣ ਲੱਗਾ ਸੀ। ਡਾਕਟਰ ਨੇ ਇੱਕ ਮਹੀਨੇ ਦਾ ਰੈਸਟ ਦੱਸਿਆ ਤਦ ਕਿਤੇ ਜਾ ਕੇ ਭਾਗਵਾਨ ਦੇ ਸਿਰ ਤੋਂ ਪਤਲੀ ਹੋਣ ਦਾ ਭੂਤ ਉਤਰਿਆ। ਮੈਂ ਸੁੱਖ ਦਾ ਸਾਹ ਲਿਆ। ਉਸ ਦਾ ਤਿੰਨ ਮਹੀਨਿਆਂ ਦੇ ਪ੍ਰੋਗਰਾਮ ਦਾ ਇਹ ਭੂਤ ਇੱਕ ਮਹੀਨੇ ਮਹੀਨੇ ਤੋਂ ਪਹਿਲਾਂ ਹੀ ਲਹਿ ਗਿਆ ਨਹੀਂ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਜ਼ੋਰੂ ਦਾ ਗੁਲਾਮ ਬਣ ਕੇ ਰਹਿ ਗਿਆ ਹਾਂ ਤੇ ਹੈਲਥ ਪ੍ਰੋਗਰਾਮ ਦੇ ਬਹਾਨੇ ਉਹ ਮੌਜਾਂ ਕਰ ਰਹੀ ਹੈ।
 
Top