ਸਿੱਖ ਧਰਮ ਦੀ ਜਾਣ-ਪਛਾਣ

ਸਿੱਖ ਧਰਮ ਦਾ ਯੁਗ: ਸਿੱਖ ਧਰਮ ਦੇ ਇਤਿਹਾਸ ਦੀ ਅਰੰਭਤਾ 1469 ਈ. ਵਿਚ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਹੋਈ। ਸਿੱਖ ਧਰਮ ਵਿਚ ਪ੍ਰਵੇਸ਼ ਹੋਣ ਦਾ ਸੰਸਕਾਰ ਅਤੇ ਹੋਰ ਧਾਰਮਕ ਪਰੰਪਰਾਵਾਂ 1699 ਈ. ਵਿਚ ਰੂਪਿਤ ਕੀਤੀਆਂ ਗਈਆਂ।

ਸਿੱਖ ਧਰਮ ਦਾ ਆਕਾਰ: ਸਿੱਖ ਧਰਮ ਆਕਾਰ ਅਨੁਸਾਰ ਦੁਨੀਆਂ ਵਿਚ ਪੰਜਵੇਂ ਸਥਾਨ ’ਤੇ ਹੈ। ਜੇ ਪੂਰੀ ਦੁਨੀਆਂ ਵਿਚ ਸਾਰੇ ਖੇਤਰੀ ਅਤੇ ਨਾਸਤਿਕ ਵਰਗਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਇਹ ਨੌਵੇਂ ਸਥਾਨ ’ਤੇ ਆਉਂਦਾ ਹੈ। ਸਿੱਖਾਂ ਦੀ ਕੁੱਲ ਮੌਜੂਦਾ ਆਬਾਦੀ ਲਗਭਗ 25 ਮਿਲੀਅਨ ਹੈ, ਜੋ ਕਿ ਆਕਾਰ ਅਨੁਸਾਰ ਇਸ ਨੂੰ ਬੁਧ ਧਰਮ ਤੋਂ ਥੱਲੇ ਅਤੇ ਯਹੂਦੀ ਧਰਮ ਤੋਂ ਉੱਪਰ ਰੱਖਦੀ ਹੈ।

ਸਿੱਖ ਧਰਮ ਵਿਚ ਇਸਤਰੀ ਦਾ ਸਥਾਨ: ਸਿੱਖ ਧਰਮ ਪੁਰਸ਼ ਅਤੇ ਇਸਤਰੀ ਨੂੰ ਪੂਰੀ ਤਰ੍ਹਾਂ ਸਮਾਨਤਾ ਦੀ ਨਜ਼ਰ ਨਾਲ ਦੇਖਦਾ ਹੈ। ਇਸਤਰੀਆਂ ਪੁਰਸ਼ਾਂ ਵਾਂਙੂ ਹੀ ਸਾਰੇ ਧਾਰਮਕ ਅਤੇ ਨਿਤਾਪ੍ਰਤੀ ਜੀਵਨ ਵਿਚ ਭਾਗ ਲੈਂਦੀਆਂ ਹਨ। ਕਿਸੇ ਵੀ ਤਰ੍ਹਾਂ ਦੇ ਲਿੰਗ-ਭੇਦ ਦੇ ਆਧਾਰ ਤੇ ਇਸਤਰੀਆਂ ਨੂੰ ਕੋਈ ਕੰਮ ਕਰਨ ਜਾਂ ਕਿਸੇ ਅਹੁਦੇ ਤੌਂ ਵਾਂਝਿਆ ਰੱਖਣਾ ਜਾਂ ਮਨ੍ਹਾਂ ਕਰਨਾ, ਸਿੱਖ ਸਿਧਾਂਤਾਂ ਦੇ ਵਿਰੁੱਧ ਹੈ।

ਧਾਰਮਿਕ ਆਗੂਆਂ ਦੀ ਭੂਮਿਕਾ: ਸਿੱਖ ਧਰਮ ਵਿਚ ਹਰੇਕ ਸਿੱਖ ਨੇਕ ਅਤੇ ਨੈਤਿਕ ਜੀਵਨ ਜੀਣ ਲਈ ਵਿਅਕਤੀਗਤ ਤੌਰ ’ਤੇ ਜਿੰਮੇਵਾਰ ਹੈ। ਸਿੱਖ ਪਰਮਾਤਮਾ ਅੱਗੇ ਅਰਦਾਸ ਕਰਨ ਜਾਂ ਮਾਫੀ ਮੰਗਣ ਲਈ ਕਿਸੇ ਵਿਚੋਲੀਏ ਜਾਂ ਮਧਿਅਸਥਤਾ ਵਿਚ ਵਿਸ਼ਵਾਸ ਨਹੀਂ ਕਰਦੇ। ਇਸ ਕਰਕੇ ਸਿੱਖਾਂ ਵਿਚ ਕੋਈ ਪਾਦਰੀ ਜਾਂ ਪੁਰੋਹਤ ਵਰਗ ਨਹੀਂ ਹੈ। ਅਧਿਆਤਮਕ ਵਿੱਦਿਆ ਵਿਚ ਸਿਖਿਅਤ ਜਾਂ ਅਧਿਆਤਮਕ ਸੂਝ ਵਾਲਾ ਕੋਈ ਵੀ ਵਿਅਕਤੀ ਪਰਚਾਰਕ ਜਾ ਲੋਕਾਂ ਲਈ ਮਾਰਗ-ਦਰਸ਼ਕ ਬਣ ਸਕਦਾ ਹੈ, ਪਰ ਉਹ ਪਰਮਾਤਮਾ ਨਾਲ ਕਿਸੇ ਸਿੱਧੇ-ਸੰਪਰਕ ਦੇ ਏਕਾਧਿਕਾਰ ਦਾ ਦਾਵਾ ਨਹੀਂ ਕਰ ਸਕਦਾ। ਸਾਰੇ ਧਾਰਮਕ ਕਾਰਜ ਕਿਸੇ ‘ਗਿਆਨੀ’, ਜਿਸ ਨੇ ਇਨ੍ਹਾਂ ਨੂੰ ਸੁਚੱਜੇ ਢੰਗ ਨਾਲ ਕਰਨ ਦੀ ਸਿਖਲਾਈ ਲਈ ਹੋਵੇ, ਦੁਆਰਾ ਕੀਤੇ ਜਾਂਦੇ ਹਨ। ਫਿਰ ਵੀ ਸਾਰੀ ਸੰਗਤ ਇਨ੍ਹਾਂ ਸਾਰੇ ਧਾਰਮਕ ਕਾਰਜਾਂ ਵਿਚ ਪੂਰੀ ਤਰਾਂ ਸਰਗਰਮੀ ਨਾਲ ਹਿੱਸਾ ਲੈਂਦੀ ਹੈ।

ਪਰਮਾਤਮਾ ਦੀ ਹੋਂਦ ਵਾਰੇ ਵਿਚਾਰਧਾਰਾ: ਸਿੱਖ ਪਰਮਾਤਮਾ ਨੂੰ ਕਿਸੇ ਖਿਆਲੀ ਇਨਸਾਨ ਜਾਂ ਕੋਈ ਨਰ ਜਾਂ ਮਾਦਾ ਮਨੁੱਖ-ਰੂਪ ਵਿਚ ਨਹੀਂ ਦੇਖਦੇ। ਸਿੱਖ ਧਰਮ ਵਿਚ ਪਰਮਾਤਮਾ ਦੀ ਹੋਂਦ ਨੂੰ ਪੂਰੇ ਬ੍ਰਹਿਮੰਡ ਅਤੇ ਸ੍ਰਿਸ਼ਟੀ ਵਿਚ ਵਿਆਪਕ ਮੰਨਿਆ ਜਾਂਦਾ ਹੈ। ਪਰਮਾਤਮਾ ਜੰਗਲ-ਬੀਆਬਾਨ ਜਾਂ ਗੁਫਾਫਾਂ ਵਿਚ ਤਲਾਸ਼ਣ ਨਾਲ ਨਹੀਂ ਮਿਲਦਾ, ਬਲਕਿ ਹਉਮੈ ਨੂੰ ਤਿਆਗਣ ਅਤੇ ਇਸ ਤੋਂ ਬਚਣ ਨਾਲ ਮਿਲਦਾ ਹੈ। ਇਸ ਦ੍ਰਿਸ਼ਟੀਕੋਣ ਨਾਲ ਪਰਮਾਤਮਾ ਦੀ ਹੋਂਦ ਨੂੰ ਹੋਰ ਗਹਿਰਾਈ ਅਤੇ ਸੱਚਾਈ ਨਾਲ ਮਹਿਸੂਸ ਕਰਨਾ ਪ੍ਰਤੀਤ ਹੁੰਦਾ ਹੈ।

ਮੌਤ ਤੋਂ ਬਾਅਦ ਦਾ ਜੀਵਨ: ਸਿੱਖ ਧਰਮ ਅਨੁਸਾਰ ਮੌਤ ਤੋਂ ਬਾਅਦ ਪ੍ਰਾਣੀ ਸਰਵ-ਵਿਆਪਕ ਪਰਮਾਤਮਾ ਵਿਚ ਮੁੜ ਵਿਲੀਨ ਹੋ ਜਾਂਦਾ ਹੈ, ਜਿਵੇਂ ਕਿ ਮੀਂਹ ਦੀ ਕਣੀ ਵਿਸ਼ਾਲ ਸਾਗਰ ਵਿਚ। ਇਸ ਤਰ੍ਹਾਂ ਪ੍ਰਾਣੀ ਦੀ ਆਪਣੀ ਨਿਜੀ ਪਛਾਣ ਖਤਮ ਹੋ ਜਾਂਦੀ ਹੈ। ਸਿੱਖ ਧਰਮ ਸਵਰਗ-ਨਰਕ ਵਿਚ ਵਿਸ਼ਵਾਸ ਨਹੀਂ ਕਰਦਾ। ਸਿੱਖ ਧਰਮ ਅਨੁਸਾਰ ਇਸੇ ਜੀਵਨ ਵਿਚ ਪ੍ਰਭੂ-ਭਗਤੀ ਵਿਚ ਲੀਨ ਰਹਿ ਕੇ ਵੀ ਸਵਰਗ ਦਾ ਅਨੰਦ ਮਾਣਿਆ ਜਾ ਸਕਦਾ ਹੈ। ਇਸ ਦੇ ਉਲਟ, ਹਉਮੈ ਤੋਂ ਉਪਜਿਆ ਦੁਖ-ਦਰਦ ਭਰਿਆ ਜੀਵਨ ਨਰਕ ਤੁੱਲ ਹੈ। ਸਿੱਖ ਧਰਮ ਅਧਿਆਤਮਕ ਅਤੇ ਧਾਰਮਕ ਕਾਰਜਾਂ ਨੂੰ ਮੌਤ ਤੋਂ ਅਣਛੂਹੇ ਸਕਾਰਾਤਮਕ ਅਨੁਭਵ ਮੰਨਦਾ ਹੈ, ਨਾ ਕਿ ਪਰਲੋਕ ਵਿਚ ਪ੍ਰਾਪਤ ਹੋਣ ਵਾਲੇ ਪਦਾਰਥਾਂ ਲਈ ਕੀਤੇ ਗਏ ਤਿਆਗ ਜਾਂ ਬਲ਼ੀਦਾਨ ਦੇ ਤੌਰ ਤੇ।

ਧਾਰਮਕ ਗ੍ਰੰਥ: ਸਿੱਖ ਧਰਮ ਦਾ ਇੱਕੋ ਇਕ ਪ੍ਰਮਾਣਿਤ ਧਾਰਮਕ ਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੈ, ਜਿਸ ਵਿਚ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਬਾਅਦ ਦੇ ਗੁਰੂ ਸਾਹਿਬਾਨਾਂ ਦੁਆਰਾ ਰਚਿਤ ਗੁਰਬਾਣੀ 1430 ਪੰਨਿਆਂ ਵਿਚ ਦਰਜ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੇ ਹਰ ਪਹਿਲੂ ਲਈ ਸਰਬ-ਉੱਚ ਸ਼ਕਤੀ ਪ੍ਰਮਾਣਿਤ ਕਰ ਦਿੱਤਾ ਸੀ। ਬਾਅਦ ਵਿਚ ਕਈ ਹੋਰ ਗ੍ਰੰਥ, ਜਿਵੇਂ ਕਿ ‘ਦਸਮ ਗ੍ਰੰਥ’ ਆਦਿ, ਸਿੱਖ ਜੀਵਨ ਪ੍ਰਣਾਲੀ ਵਿਚ ਸ਼ਾਮਲ ਕਰ ਦਿੱਤੇ ਗਏ, ਪਰ ਇਨ੍ਹਾਂ ਦੀ ਮਹੱਤਤਾ ਅਤੇ ਮਾਨਤਾ ਬਹੁਤ ਹੀ ਘੱਟ ਪੱਧਰ ’ਤੇ ਹੈ, ਨਾਲ ਹੀ ਇਨ੍ਹਾਂ ਗ੍ਰੰਥਾਂ ਦੀ ਪ੍ਰਮਾਣਿਕਤਾ ਵੀ ਹਮੇਸ਼ਾਂ ਹੀ ਵਿਵਾਦਾਂ ਦੇ ਘੇਰੇ ਵਿਚ ਰਹੀ ਹੈ।

ਦੂਜੇ ਧਰਮਾਂ ਬਾਰੇ ਵਿਚਾਰ: ਸਿੱਖ ਧਰਮ ਆਪਣੇ ਵਿਚਾਰਾਂ ਨੂੰ ਦੂਜੇ ਧਰਮਾਂ ਉੱਤੇ ਜਬਰਦਸਤੀ ਥੋਪਣ ਵਿਚ ਵਿਸ਼ਵਾਸ ਨਹੀਂ ਕਰਦਾ, ਅਤੇ ਨਾ ਹੀ ਦੂਜੇ ਧਰਮਾਂ ਦੇ ਪੈਰੋਕਾਰਾਂ ਨੂੰ ਬਰਗਲਾ-ਫੁਸਲਾ ਕੇ ਸਿੱਖ ਧਰਮ ਵਿਚ ਸ਼ਾਮਲ ਕਰਨ ਦੇ ਹੱਕ ਵਿਚ ਹੈ। ਇਹ ਸਭ ਕਰਨ ਦੀ ਸਿੱਖ ਧਰਮ ਵਿਚ ਸਖਤ ਮਨਾਹੀ ਹੈ। ਸਿੱਖਾਂ ਨੂੰ ਦੂਜੇ ਧਰਮਾਂ ਦੀ ਪੂਜਾ ਕਰਨ ਦੇ ਹੱਕਾਂ ਦੀ ਵੀ ਉਵੇਂ ਹੀ ਰਾਖੀ ਕਰਨ ਦਾ ਹੁਕਮ ਹੈ, ਜਿਵੇਂ ਕਿ ਉਹ ਆਪਣੇ ਹੱਕਾਂ ਦੀ ਰਾਖੀ ਕਰਦੇ ਹਨ। ਸਿੱਖ ਇਸ ਧਾਰਨਾ ਵਿਚ ਬਿਲਕੁਲ ਹੀ ਵਿਸ਼ਵਾਸ ਨਹੀਂ ਕਰਦੇ ਕਿ ਕਿਸੇ ਵੀ ਧਰਮ ਦੇ ਪੈਰੋਕਾਰ ਉਨ੍ਹਾਂ ਦੇ ਵਿਅਕਤੀਗਤ ਗੁਣਾਂ ਜਾਂ ਵਰਤਾਉ ਨੂੰ ਅਣਦੇਖਿਆਂ ਕਰਕੇ ਪਰਮਾਤਮਾ ਦੀ ਨਜ਼ਰ ਵਿਚ ਛੋਟੇ ਜਾਂ ਵੱਡੇ ਹਨ, ਅਤੇ ਨਾ ਹੀ ਸਿੱਖ-ਪਰਿਵਾਰ ਵਿਚ ਜਨਮ ਲੈਣਾ ਕਿਸੇ ਤਰ੍ਹਾਂ ਦੇ ਨਿਰਵਾਣ ਜਾਂ ਮੁਕਤੀ ਨੂੰ ਸੁਨਿਸ਼ਚਿਤ ਕਰਦਾ ਹੈ। ਫਿਰ ਵੀ ਇਸ ਦਾ ਅਰਥ ਇਹ ਨਹੀਂ ਹੈ ਕਿ ਸਿੱਖ ਧਰਮ ਹੋਰ ਮੌਜੂਦਾ ਧਰਮਾਂ ਦੇ ਵਰਗਾਂ ਇਕ ਹੋਰ ਧਰਮ ਹੈ। ਸਿੱਖ ਧਰਮ ਦੇ ਸਿਧਾਂਤ, ਜੀਵਨ-ਸ਼ੈਲੀ ਅਤੇ ਇਤਿਹਾਸ ਵਿਲੱਖਣ ਹੈ ਅਤੇ ਇਹ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰਾ ਹੈ।

ਸਿੱਖ ਧਰਮ ਵਿਚ ਸ਼ਾਮਲ ਹੋਣ ਲਈ ਯੋਗਤਾ: ਜਾਤ-ਪਾਤ, ਲਿੰਗ-ਭੇਦ ਅਤੇ ਰਾਸ਼ਟਰੀਅਤਾ ਦੇ ਬਿਨਾਂ ਕਿਸੇ ਵਿਤਕਰੇ ਤੋਂ ਕੋਈ ਵੀ ਪ੍ਰਾਣੀ ਸਿੱਖ ਬਣ ਸਕਦਾ ਹੈ। ਛੋਟੇ ਬੱਚੇ, ਜੋ ਕਿ ਸਿੱਖ ਸਿਧਾਂਤਾਂ ਨੂੰ ਸਮਝ ਸਕਣ ਤੋਂ ਅਸਮਰਥ ਹੋਣ, ਅਤੇ ਆਪਣੇ ਨਿਜੀ ਫੈਸਲੇ ਨਾ ਲੈ ਸਕਦੇ ਹੋਣ, ਸਿੱਖ ਧਰਮ ਵਿਚ ਸ਼ਾਮਲ ਨਹੀਂ ਹੋ ਸਕਦੇ, ਜਦ ਤਕ ਕਿ ਉਹ ਇਸ ਦੇ ਕਾਬਲ ਨਾ ਹੋ ਜਾਣ। ਸਿੱਖਾਂ ਦੇ ਧਾਰਮਕ ਕਾਰਜਾਂ ਜਾਂ ਸਮਾਰੋਹਾਂ ਵਿਚ ਸ਼ਾਮਲ ਹੋਣ ਲਈ ਸਿੱਖ ਹੋਣਾ ਜ਼ਰੂਰੀ ਨਹੀਂ ਹੈ। ਇਨ੍ਹਾਂ ਵਿਚ ਸ਼ਾਮਲ ਹੋਣ ਲਈ ਸਭ ਧਰਮਾਂ ਨੂੰ ਮੰਨਣ ਵਾਲਿਆਂ ਦਾ ਸਵਾਗਤ ਹੈ।

ਸਿੱਖ ਧਰਮ ਇਕ ਨਜ਼ਰ ਵਿਚ: ਯਹੂਦੀ ਧਰਮ ਵਾਂਙੂ ਹੀ, ਜਿਸ ਨੂੰ ਕਿ ਅੱਤ ਦੇ ਤਸੀਹਿਆਂ ਦੇ ਇਤਿਹਾਸ ਵਿਚੋਂ ਗੁਜਰਨਾ ਪਿਆ ਸੀ, ਸਿੱਖ ਧਰਮ ਨੂੰ ਵੀ ਸਮੇਂ-ਸਮੇਂ ਅਨੁਸਾਰ ਵੱਖ-ਵੱਖ ਧਿਰਾਂ ਵਲੋਂ ਅੱਤ ਦੇ ਦਬਾਅ ਹੇਠੋਂ ਗੁਜਰਨਾ ਪਿਆ ਹੈ। ਇਕ ਛੋਟੀ, ਪਰ ਬਹੁਤ ਹੀ ਪ੍ਰਭਾਵਸ਼ਾਲੀ ਘਟਗਿਣਤੀ ਹੋਣ ਕਾਰਨ ਸਿੱਖਾਂ ਨੂੰ ਮੁਗਲ ਹਮਲਾਵਰਾਂ ਅਤੇ ਬਾਅਦ ਵਿਚ ਅੰਗਰੇਜੀ ਹਕੂਮਤ ਦੇ ਨੌਆਬਾਦੀ ਕਾਲ ਦੌਰਾਨ ਕਈ ਵਾਰੀ ਖਤਮ ਹੋਣ ਦੇ ਕਗਾਰ ਤੇ ਪਹੁੰਚਾ ਦਿੱਤਾ ਗਿਆ ਸੀ। ਪਿਛਲੇ ਕੁਝ ਸਮੇਂ ਦੌਰਾਨ ਸਿੱਖਾਂ ਨੂੰ ਹਿੰਦੂ ਕੱਟੜਵਾਦੀ ਸ਼ਕਤੀਆਂ ਦੇ ਹਮਲਿਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਸਭ ਦਹਿਸ਼ਤਾਂ ਦੇ ਬਾਵਜੂਦ, ਸਿੱਖ ਹਰ ਵਾਰੀ ਬਹਾਦਰੀ ਨਾਲ ਹੰਭਲਾ ਮਾਰ ਕੇ ਮੁੜ ਜੇਤੂ ਹੋਏ ਹਨ। ਭਾਰਤ ਵਿਚੋਂ ਮੁਗਲ ਸਾਮਰਾਜ ਅਤੇ ਅੰਗਰੇਜੀ ਰਾਜ ਦੀਆਂ ਜੜ੍ਹਾਂ ਪੁੱਟਣ ਵਿਚ ਸਿੱਖਾਂ ਨੇ ਸਭ ਤੋਂ ਅੱਗੇ ਹੋ ਕੇ ਹਿੱਸਾ ਲਿਆ ਹੈ। ਸਿੱਖ ਧਰਮ ਮੌਜੂਦਾ ਸਮੇਂ ਦੇ ਤੇਜੀ ਨਾਲ ਪ੍ਰਫੁੱਲਿਤ ਹੋਣ ਵਾਲੇ ਧਰਮਾਂ ਵਿਚੋਂ ਇਕ ਹੈ। ਪੂਰੀ ਦੁਨੀਆਂ ਵਿਚ ਲਗਭਗ ਹਰ ਸ਼ਹਿਰ ਵਿਚ ਸਿੱਖ ਧਰਮ ਦੇ ਪੈਰੋਕਾਰ ਦੇਖੇ ਜਾ ਸਕਦੇ ਹਨ।
 
Top