........ਕਵਿਤਾ........

ਮੈਂ ਆਪਣੀ ਕੀ ਸੁਣਾਵਾਂ, ਬੜੀ ਅਜ਼ਬ ਹੈ ਕਹਾਣੀ ।
ਸਹਿਰਾ 'ਚ ਭਟਕਦੀ ਹਾਂ, ਹੋਠਾਂ ਤੇ ਪਾਣੀ-ਪਾਣੀ ।

ਪੜ ਲਿਖ ਕੇ ਮਿਲਣ ਡਾਂਗਾਂ, ਨਾਲ ਭੁੱਖ ਤੇ ਬੇਕਾਰੀ ,
ਇੱਕ ਰਾਜ-ਸੱਤਾ ਦੰਭੀ , ਉਲਝੀ ਪਈ ਹੈ ਤਾਣੀ ।

ਦਿਨ-ਰਾਤ ਭੌਂਕਦਾ ਹੈ, ਕੁੱਤਾ ਮਰੇ ਕਿਸੇ ਦਾ,
ਹੈ ਚਲਾਕ 'ਬੁੱਧੂ ਬਕਸਾ', ਨ ਕਹੇ ਸੱਚ ਦੀ ਕਹਾਣੀ ।

ਉਦੋਂ ਖੂਨ ਨੈਣੀਂ ਆਵੇ , ਲੈਣ ਦੰਦ ਵੀ ਕਚੀਚੀ ,
ਫ਼ਟੀ ਕੁੜਤੀ ਨੂੰ ਘੂਰੇ, ਜਦੋਂ ਵੀ ਮਹਿਲਾਂ ਦੀ ਰਾਣੀ ।

ਤੂੰ ਹੜਾਂ ਦੇ ਮਾਰਿਆਂ ਨੂੰ, ਦੇਵੇਂ ਮਗਰਮੱਛੀ ਹੰਝੂ
ਅਸੀਂ ਸਭੇ ਸਮਝਦੇ ਹਾਂ ,ਅਣਜਾਣ ਨਾ ਤੂੰ ਜਾਣੀ।

ਸਾਡੇ ਧੁਖ ਰਹੇ ਕਲੇਜੇ, ਸਾਡਾ ਖੂਨ ਸਾੜਦੇ ਨੇ ,
ਜੋ ਤੂੰ ਲੁਟ ਕੇ ਬਣਾਇਆ , ਮਹਿਲਾਂ ਨੂੰ ਲਾਟ ਲਾਣੀ ।
 
Top