ਗਜ਼ਲ : ਹਰਜਿੰਦਰ ਬੱਲ

ਉਹ ਗਮਾਂ ਦੀ ਬਾਤ ਪਾ ਕੇ ਸੌਂ ਗਏ।
ਸਾਡੀਆਂ ਨੀਂਦਾਂ ਉਡਾ ਕੇ ਸੌਂ ਗਏ।

ਉਹ ਦੁਖੀ ਨਾ ਹੋਣ ਏਸੇ ਲਈ ਅਸੀਂ,
ਅੱਥਰੂ ਨੈਣੀਂ ਲੁਕਾ ਕੇ ਸੌਂ ਗਏ।

ਜਦ ਸਿਰੇ ਤੋਂ ਟੁੱਟ ਗਈ ਸਾਡੀ ਉਮੀਦ,
ਸੀਨੇ 'ਤੇ ਪੱਥਰ ਟਿਕਾ ਕੇ ਸੌਂ ਗਏ।

ਆਉਣਗੇ ਉਹ ਕਲ ਹੁੰਗਾਰਾ ਭਰਨ ਲਈ,
ਬਾਤ ਨੂੰ ਲਾਰਾ ਲਗਾ ਕੇ ਸੌਂ ਗਏ।

ਦੱਸੀਏ ਕਿਸਨੂੰ ਜੋ ਦਿਲ 'ਤੇ ਬੀਤਦੀ,
ਦਿਲ ਦੀਆਂ ਦਿਲ ਵਿਚ ਲੁਕਾ ਕੇ ਸੌਂ ਗਏ।

ਪੁੱਛਿਆ ਕਿੰਨਾ ਕੁ ਮੈਂ ਆਉਂਦਾ ਸਾਂ ਯਾਦ,
ਮੁਸਕਰਾਏ, ਮੁਸਕਰਾ ਕੇ ਸੌਂ ਗਏ।

ਰਾਤ ਭਰ ਜਾਗੇ ਉਹ ਮੇਰੇ ਨਾਲ ਪਰ.
ਦਿਨ ਚੜੇ ਤਾਰੇ ਵੀ ਜਾ ਕੇ ਸੌਂ ਗਏ।

ਨਾ ਉਹਦੇ ਖਾਬਾਂ 'ਚ ਪੈ ਜਾਵੇ ਖਲਲ,
ਸਿਸਕੀਆਂ ਦਾ ਗਲ ਦਬਾ ਕੇ ਸੌਂ ਗਏ।

ਰਾਤ ਭਰ ਮੈਂ ਕਰਵਟਾਂ ਲੈਂਦਾ ਰਿਹਾ,
ਉਹ ਮਗਰ ਪਾਸਾ ਘੁਮਾ ਕੇ ਸੌਂ ਗਏ।

ਘੁੱਟਿਆ ਹੀ ਸੀ ਅਗਰ ਹੱਥਾਂ 'ਚ ਹੱਥ,
ਘੁੱਟ ਛਡਦੇ ਕਿਉਂ ਛੁਡਾ ਕੇ ਸੌਂ ਗਏ।

ਤੂੰ ਜਲੰਧਰ ਤੋਂ ਲਿਖੇ ਸੀ ਖਤ ਜੋ "ਬੱਲ".
ਫਿਰ ਪੜੇ, ਰੋਏ, ਜਲਾ ਕੇ ਸੌਂ ਗਏ।
 
Top