Punjab News ਅਦਾਲਤਾਂ ਵਿਚ ਜੱਜਾਂ ਦੀ ਘਾਟ ਦਾ ਅਸਰ ਜੇਲ੍ਹਾਂ ’ਤੇ &#

'MANISH'

yaara naal bahara
ਅਦਾਲਤਾਂ ਵਿਚ ਜੱਜਾਂ ਦੀ ਘਾਟ ਦਾ ਅਸਰ ਪੰਜਾਬ ਦੀਆਂ ਜੇਲ੍ਹਾਂ ’ਤੇ ਵੀ ਪੈ ਰਿਹਾ ਹੈ। ਕੇਸਾਂ ਦੇ ਨਿਪਟਾਰੇ ਵਿਚ ਹੁੰਦੀ ਦੇਰ ਕਾਰਨ ਜੇਲ੍ਹਾਂ ਵਿਚ ਹਵਾਲਾਤੀਆਂ ਅਤੇ ਕੈਦੀਆਂ ਦੀ ਗਿਣਤੀ ਵੱਧ ਰਹੀ ਹੈ। ਇਹ ਖੁਲਾਸਾ ਅੱਜ ਇਥੇ ਪੰਜਾਬ ਦੇ ਜੇਲ੍ਹ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕੀਤਾ। ਉਹ ਅੱਜ ਇਥੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਵੀਡੀਓ ਕਾਨਫਰੰਸਿੰਗ ਸੁਵਿਧਾ ਦਾ ਉਦਘਾਟਨ ਕਰਨ ਲਈ ਆਏ ਸਨ।
ਜੇਲ੍ਹ ਵਿਚ ਮੁਹਈਆ ਕਰਵਾਈ ਗਈ ਵੀਡਿਓ ਕਾਨਫਰੰਸ ਦੀ ਆਧੁਨਿਕ ਸੁਵਿਧਾ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਲ੍ਹ ਮੰਤਰੀ ਸ੍ਰੀ ਗਾਬੜੀਆ ਨੇ ਦੱਸਿਆ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਕੇਂਦਰੀ ਜੇਲ੍ਹ ਨੂੰ ਅਜਨਾਲਾ ਅਤੇ ਬਾਬਾ ਬਕਾਲਾ ਸਮੇਤ ਜ਼ਿਲੇ ਦੀਆਂ ਸਮੂਹ ਅਦਾਲਤਾਂ ਨਾਲ ਜੋੜਿਆ ਗਿਆ ਹੈ। ਇਸ ਪ੍ਰਣਾਲੀ ਦੇ ਲਾਗੂ ਕੀਤੇ ਜਾਣ ਨਾਲ ਕੈਦੀਆਂ ਨੂੰ ਅਦਾਲਤ ਵਿਚ ਲਿਜਾਣ ਦੀ ਲੋੜ ਨਹੀਂ ਪਵੇਗੀ ਅਤੇ ਉਨ੍ਹਾਂ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਜੇਲ੍ਹ ਵਿਚ ਹੀ ਹੋ ਜਾਵੇਗੀ। ਇਸ ਤਕਨੀਕ ਸਦਕਾ ਜੇਲ੍ਹ ਪਸ਼ਾਸਨ, ਪੁਲੀਸ, ਸਰਕਾਰ ਅਤੇ ਕੈਦੀਆਂ ਦੇ ਪਰਿਵਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਜਿਥੇ ਇਸ ਤਕਨੀਕ ਸਦਕਾ ਜੇਲ੍ਹ ਪ੍ਰਸ਼ਾਸਨ ਤੇ ਪੁਲੀਸ ਦਾ ਸਮਾਂ ਬਚੇਗਾ, ਉਥੇ ਦੂਰ ਦੁਰਾਡੇ ਤੋਂ ਕੈਦੀਆਂ ਦੇ ਰਿਸ਼ਤੇਦਾਰਾਂ ਨੂੰ ਪੇਸ਼ੀ ਸਮੇਂ ਅਦਾਲਤਾਂ ਵਿਚ ਆਉਣ ਲਈ ਪੈਸੇ ਦੀ ਬਰਬਾਦੀ ਨਹੀਂ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦੇ ਕਾਰਨ ਕੈਦੀਆਂ ਤੇ ਹਵਾਲੀਆਂ ਨੂੰ ਅਦਾਲਤ ’ਚ ਲੈ ਜਾਣ ਲਈ ਵਰਤੀ ਜਾਂਦੀ ਸੁਰੱਖਿਆ ਅਤੇ ਵਾਹਨਾ ਦੇ ਪੈਟਰੋਲ ਆਦਿ ਦਾ ਸਾਲਾਨਾ 25 ਕਰੋੜ ਰੁਪਏ ਦਾ ਫਾਇਦਾ ਹੋਵੇਗਾ। ਇਸ ਤਕਨੀਕ ਦੀ ਸਫਲਤਾ ਪੂਰਵਕ ਸ਼ੁਰੂਆਤ ਲੁਧਿਆਣਾ ਅਤੇ ਪਟਿਆਲਾ ਦੀਆਂ ਜੇਲ੍ਹਾਂ ਵਿਚ ਕੀਤੀ ਜਾ ਚੁੱਕੀ ਹੈ ਅਤੇ ਇਸ ਤਕਨੀਕ ਨੂੰ ਲਾਗੂ ਕਰਨ ਦੇ ਪਹਿਲੇ ਗੇੜ ਵਿਚ ਪੰਜਾਬ ਦੀਆਂ 10 ਜੇਲ੍ਹਾਂ ਨੂੰ 34 ਅਦਾਲਤਾਂ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਜੇਲ੍ਹ ਮੰਤਰੀ ਨੇ ਕੇਂਦਰੀ ਜੇਲ੍ਹ ਵਿਖੇ ਬਣੇ ਨਸ਼ਾ ਛੁਡਾਉ ਕੇਂਦਰ ਦਾ ਉਦਘਾਟਨ ਵੀ ਕੀਤਾ ਅਤੇ ਡਿਊਟੀ ਦੌਰਾਨ ਸ਼ਹੀਦ ਹੋਏ 24 ਜੇਲ੍ਹ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਤਰਸ ਦੇ ਅਧਾਰ ’ਤੇ ਨਿਯੁਕਤੀ ਪੱਤਰ ਦਿੱਤੇ। ਉਨ੍ਹਾਂ ਨੇ 18 ਅਜਿਹੇ ਕੈਦੀਆਂ ਦੀ ਰਿਹਾਈ ਦਾ ਵੀ ਐਲਾਨ ਕੀਤਾ ਜਿਨ੍ਹਾਂ ਦੀ ਸਜ਼ਾ ਖ਼ਤਮ ਹੋਣ ਵਿਚ ਇਕ ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ ਸੀ। ਇਸ ਮੌਕੇ ਜੇਲ੍ਹ ਵਿਭਾਗ ਦੇ ਡੀ.ਆਈ.ਜੀ. ਜਗਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਕਪੂਰਥਲਾ ਅਤੇ ਫਰੀਦਕੋਟ ਵਿਖੇ 2500 ਵਿਅਕਤੀਆਂ ਦੀ ਸਮਰਥਾ ਵਾਲੀਆਂ 2 ਨਵੀਆਂ ਜੇਲ੍ਹਾਂ ਉਸਾਰੀ ਅਧੀਨ ਹਨ। ਉਨ੍ਹਾਂ ਕਿਹਾ ਕਿ 31 ਮਾਰਚ, 2011 ਤੱਕ ਪੰਜਾਬ ਵਿਚ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਜੇਲ੍ਹਾਂ ਉਪਲੱਬਧ ਹੋਣਗੀਆਂ। ਇਕ ਅਹਿਮ ਖੁਲਾਸਾ ਕਰਦਿਆਂ ਇਸ ਮੌਕੇ ਉੱਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਦੇ ਚੇਅਰਮੈਨ ਆਰ:ਸੀ:ਯਾਦਵ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਸੁਪਰਡੈਂਟ ਕੇਂਦਰੀ ਜੇਲ੍ਹ ਜੀ.ਐਸ. ਸਿੱਧੂ ਤੇ ਹੋਰ ਹਾਜ਼ਰ ਸਨ।
 
Top