ਗ਼ਜ਼ਲ ਜਸਿਵੰਦਰ ਮਹਿਰਮ

~Guri_Gholia~

ਤੂੰ ਟੋਲਣ
ਦਿਲ ਤੋੜ ਕੇ ਤੁਰ ਪੈਂਦਾ, ਦਿਲਦਾਰ ਜਦੋਂ ਮਰਜੀ
ਫਿਰ ਯਾਦ ਕਰੇ ਉਸਦੀ, ਬੇਜ਼ਾਰ ਜਦੋਂ ਮਰਜੀ

ਇਜ਼ਹਾਰ ਕਰੇ ਡਟ ਕੇ, ਇਕਰਾਰ ਨਹੀਂ ਕਰਦਾ,
ਉਲਫ਼ਤ ਚ ਸੁਣੋ ਉਸ ਤੋਂ, ਇਨਕਾਰ ਜਦੋਂ ਮਰਜੀ

ਵਿਸ਼ਵਾਸ਼ ਕਿਵੇਂ ਹੋਵੇ , ਕੱਲ ਫੇਰ ਮਿਲੂ ਆ ਕੇ,
ਮਹਿਬੂਬ ਜਿਵੇਂ ਕਰਦੈ, ਤਕਰਾਰ ਜਦੋਂ ਮਰਜੀ

ਖ਼ਾਮੋਸ਼ ਮੁਹੱਬਤ ਵੀ, ਤਾਂ ਯਾਰ ਸਜ਼ਾ ਹੀ ਹੈ,
ਤੂੰ ਸ਼ੋਖ ਅਦਾਵਾਂ ਦਾ , ਕਰ ਵਾਰ ਜਦੋਂ ਮਰਜੀ

ਹੈ ਸ਼ੌਕ ਅਮੀਰਾਂ ਦਾ, ਜਾਂ ਮਾਣ ਅਮੀਰੀ ਦਾ,
ਕਿਉਂ ਦੇਣ ਗਰੀਬਾਂ ਨੂੰ, ਫਿਟਕਾਰ ਜਦੋਂ ਮਰਜੀ

ਦਿਨ ਰਾਤ ਚੁਰਾ ਦੌਲਤ, ਘਰ ਬਾਰ ਭਰੇ ਨੇਤਾ,
ਚੱਲੇ ਜਾਂ ਭਲਾ ਡਿੱਗੇ, ਸਰਕਾਰ ਜਦੋਂ ਮਰਜੀ

ਨਹੀਂ ਆਪ ਅਮਲ ਕਰਦਾ, ਉਹ ਸਖਸ਼ ਅਸੂਲਾਂ ਤੇ
ਮਹਿਫਿਲ ਚ ਸੁਣੋ ਉਸ ਤੋਂ, ਪਰਚਾਰ ਜਦੋਂ ਮਰਜੀ

ਜੋ ਸੀਸ ਤਲੀ ਧਰਦੇ , ਉਹ ਦੇਣ ਇਹੀ ਹੋਕਾ,
ਕਾਤਿਲ ਨੂੰ ਕਹੋ ਪਰਖੇ, ਤਲਵਾਰ ਜਦੋਂ ਮਰਜੀ

ਨਿਰਦੋਸ਼ ਲਹੂ ਡੁੱਲੇ, ਮਜ਼ਲੂਮ ਰਹੇ ਮਰਦਾ,
ਮਗ਼ਰੂਰ ਉਠਾ ਲੈਂਦੈ, ਹਥਿਆਰ ਜਦੋਂ ਮਰਜੀ

ਇਹ ਨੈਣ ਅਸਾਡੇ ਵੀ, ਤੱਕ ਲੈਣ ਨਜ਼ਰ ਭਰ ਕੇ,
ਤੂੰ ਝਲਕ ਦਿਖਾ ਜਾਵੀਂ, ਇੱਕ ਵਾਰ ਜਦੋਂ ਮਰਜੀ

ਤਸਵੀਰ ਵਸਾ ਦਿਲ ਵਿੱਚ, ਮਹਿਬੂਬ ਦੀ ਇੰਜ ' ਮਹਿਰਮ ',
ਤੁੰ ਸੀਸ ਝੁਕਾ ਤੇ ਕਰ , ਦੀਦਾਰ ਜਦੋਂ ਮਰਜੀ

' ਮਹਿਰਮ ', ਜੀ, ਜ਼ਮਾਨੇ ਵਿੱਚ , ਇਤਬਾਰ ਰਹੂ ਕਿਸ ਤੇ,
ਇਨਸਾਨ ਜਿਵੇਂ ਬਦਲੇ , ਕਿਰਦਾਰ ਜਦੋਂ ਮਰਜੀ
 
Top