ਗੁਰਬਾਣੀ ਵੀਚਾਰ - ਹਰਭਜਨ ਸਿੰਘ

Saini Sa'aB

K00l$@!n!
ਬਸੰਤੁ ਚੜਿਆ ਫੂਲੀ ਬਨਰਾਇ…

ਬਸੰਤੁ ਮਹਲਾ ੩
ਬਸੰਤੁ ਚੜਿਆ ਫੂਲੀ ਬਨਰਾਇ॥
ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ॥ ੧ ॥
ਇਨ ਬਿਧਿ ਇਹੁ ਮਨੁ ਹਰਿਆ ਹੋਇ॥
ਹਰਿ ਹਰਿ ਨਾਮੁ ਜਪੈ ਦਿਨੁ ਰਾਤੀ
ਗੁਰਮੁਖਿ ਹਉਮੈ ਕਢੈ ਧੋਇ॥ ੧ ॥ਰਹਾਉ॥
ਸਤਿਗੁਰ ਬਾਣੀ ਸਬਦੁ ਸੁਣਾਏ॥
ਇਹੁ ਜਗੁ ਹਰਿਆ ਸਤਿਗੁਰ ਭਾਏ॥ ੨ ॥
ਫਲ ਫੂਲ ਲਾਗੇ ਜਾਂ ਆਪੇ ਲਾਏ॥
ਮੂਲਿ ਲਗੈ ਤਾਂ ਸਤਿਗੁਰੁ ਪਾਏ॥ ੩ ॥
ਆਪਿ ਬਸੰਤੁ ਜਗਤੁ ਸਭੁ ਵਾੜੀ॥
ਨਾਨਕ ਪੂਰੈ ਭਾਗਿ ਭਗਤਿ ਨਿਰਾਲੀ॥ ੪ ॥੧੭॥Ž(ਅੰਗ1176-77)
ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 1176-1177 ਤੇ ਸੁਭਾਏਮਾਨ ਹੈ।ਇਹ ਸ਼ਬਦ ਬਸੰਤ ਰਾਗ ਅੰਦਰ ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਉਚਾਰਨ ਕੀਤਾ ਹੋਇਆ ਹੇ। ਇਸ ਸ਼ਬਦ ਵਿਚ ਸਤਿਗੁਰੂ ਜੀ ਮਾਨਵ ਜੀਵ ਨੂੰ ਸਮਝਾਉਂਦੇ ਹੋਏ ਬਚਨ ਕਰਦੇ ਹਨ ਕਿ ਜਿਸ ਤਰ੍ਹਾਂ ਬਸੰਤ ਦੇ ਮੌਸਮ ਵਿਚ ਸਾਰੀ ਬਨਸਪਤੀ ਖਿੜ ਪੈਂਦੀ ਹੈ ਠੀਕ ਇਸੇ ਤਰ੍ਹਾਂ ਹੀ ਪਰਮਾਤਮਾ ਨਾਲ ਚਿੱਤ ਜੋੜ ਕੇ ਮਨ ਦਾ ਖੇੜਾ ਪ੍ਰਾਪਤ ਕੀਤਾ ਜਾ ਸਕਦਾ ਹੈ।ਸ਼ਬਦ ਦਾ ਕੇਂਦਰੀ ਭਾਵ ਕਿਉਂਕਿ ਰਹਾਉ ਵਾਲੀ ਪੰਗਤੀ ਵਿਚ ਹੁੰਦਾ ਹੈ,ਇਸ ਲਈ ਪਹਿਲਾਂ ਕੇਂਦਰੀ ਪੰਗਤੀਆਂ ਨੂੰ ਵਿਚਾਰਦੇ ਹਾਂ। ਰਹਾਉ ਵਾਲੀਆਂ ਪੰਗਤੀਆਂ ਇਸ ਪ੍ਰਕਾਰ ਹਨ:-
ਇਨ ਬਿਧਿ ਇਹੁ ਮਨੁ ਹਰਿਆ ਹੋਇ॥
ਹਰਿ ਹਰਿ ਨਾਮੁ ਜਪੈ ਦਿਨੁ ਰਾਤੀ
ਗਰਿਮੁਖਿ ਹਉਮੈ ਕਢੈ ਧੋਇ॥ ੧ ॥ਰਹਾਉ॥
ਇਨ੍ਹਾ ਕੇਂਦਰੀ ਪੰਗਤੀਆਂ ਵਿਚ ਗਰੀਬ ਨਿਵਾਜ ਹੁਕਮ ਕਰਦੇ ਹਨ ਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲੈਂਦਾ ਹੈ ਅਤੇ ਦਿਨ ਰਾਤ ਹਰ ਵੇਲੇ ਪਰਮਾਤਮਾ ਨੂੰ ਯਾਦ ਰੱਖਦਾ ਹੈ ਉਸਦਾ ਮਨ ਸਦੀਵੀ ਵਿਗਾਸ ਵਿਚ ਆ ਜਾਂਦਾ ਹੈ। ਭਾਵ ਪਰਮਾਤਮਾ ਦੇ ਨਾਮ ਵਿਚ ਏਨੀਆਂ ਬਰਕਤਾਂ ਹਨ ਕਿ ਉਸਦੇ ਨਾਮ ਸਿਮਰਨ ਦੁਆਰਾ ਮਨੁੱਖ ਆਤਮਿਕ ਤੌਰ ਤੇ ਬਲਵਾਨ ਹੋ ਜਾਂਦਾ ਹੈ। ਉਸ ਦੀ ਅਵਸਥਾ ਸਦਾ ਅਨੰਦ ਵਾਲੀ ਬਣ ਜਾਂਦੀ ਹੈ। ਸਤਿਗੁਰੂ ਜੀ ਦੇ ਹੁਕਮ ਅਨੁਸਾਰੀ ਹੋਣ ਨਾਲ ਸਦੀਵੀ ਅਨੰਦ ਪ੍ਰਾਪਤ ਹੋਣਾ ਸੁਭਾਵਕ ਹੀ ਹੈ। ਅਜਿਹੀ ਅਵਸਥਾ ਵਿਚ ਮਨ ਦਾ ਸਦੀਵੀ ਖੇੜੇ ਵਿਚ ਰਹਿਣਾ ਕੁਦਰਤੀ ਹੀ ਹੈ। ਸ੍ਰੀ ਗੁਰੂ ਅਮਰਦਾਸ ਜੀ ਅਨੰਦ ਸਾਹਿਬ ਅੰਦਰ ਫੁਰਮਾਉਂਦੇ ਹਨ:-
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ॥
Ž(ਅੰਗ-917)
ਸਾਰੇ ਸੁਖਾਂ ਦਾ ਖਜ਼ਾਨਾ ਉਹ ਪ੍ਰਮਾਤਮਾ ਹੀ ਹੈ। ਉਸ ਪਰਮਾਤਮਾ ਤੋਂ ਬਿਨਾ ਹੋਰ ਥਾਵਾਂ ਤੋਂ ਸਦੀਵੀ ਸੁੱਖਾਂ ਦੀ ਭਾਲ ਵਿਅਰਥ ਹੈ। ਮਨੁੱਖ ਧੰਨ ਦੌਲਤ ਵਿੱਚੋਂ ਸੁੱਖਾਂ ਦੀ ਪ੍ਰਾਪਤੀ ਲੋਚਦਾ ਹੈ,ਪਰ ਇਹ ਧੰਨ ਦੌਲਤ ਅਤੇ ਮਨੁੱਖਾ ਸਰੀਰ ਚਿਰ ਸਦੀਵ ਨਹੀਂ ਹੈ। ਸਦਾ ਕਾਇਮ ਰਹਿਣ ਵਾਲਾ ਤਾਂ ਕੇਵਲ ਪਰਮਾਤਮਾ ਹੀ ਹੈ ਅਤੇ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਹੀ ਸਦੀਵੀ ਸੁੱਖਾਂ ਦਾ ਖਜ਼ਾਨਾ ਹੈ। ਫੁਰਮਾਣ ਹੈ:-
ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ॥
ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ॥
Ž(ਅੰਗ-322)
—————————
ਬਸੰਤੁ ਚੜਿਆ ਫੂਲੀ ਬਨਰਾਇ॥
ਇਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ॥ ੧ ॥

ਇਹਨਾ ਆਰੰਭ ਵਾਲੀਆਂ ਪੰਗਤੀਆਂ ਵਿਚ ਗਰੀਬ ਨਿਵਾਜ਼ ਹੁਕਮ ਕਰਦੇ ਹਨ ਕਿ ਬਸੰਤ ਦੇ ਮਹੀਨੇ ਅੰਦਰ ਸਾਰੀ ਬਨਸਪਤੀ ਖਿੜ ਪੈਂਦੀ ਹੈ,ਨਵੀਆਂ ਕਰੂੰਬਲਾਂ ਫੁਟਦੀਆਂ ਹਨ ਅਤੇ ਚਾਰੇ ਪਾਸੇ ਹਰਿਆਵਲ ਆਪਣਾ ਰੰਗ ਵਿਖਾਉਂਦੀ ਹੈ। ਮਾਲਕ ਇਹ ਉਪਦੇਸ਼ ਦਿੰਦੇ ਹਨ ਕਿ ਠੀਕ ਇਸੇ ਤਰ੍ਹਾਂ ਹੀ ਮਨੁੱਖਾ ਜੀਵ ਪਰਮਾਤਮਾ ਨਾਲ ਚਿੱਤ ਜੋੜਿਆਂ ਖਿੜ ਪੈਂਦੇ ਹਨ। ਪਾਤਸ਼ਾਹ ਜੀ ਇਸ ਬਸੰਤ ਦੇ ਮਹੀਨੇ ਨੂੰ ਜਿੱਥੇ ਬਨਸਪਤੀ ਲਈ ਚੰਗਾ ਮੰਨਦੇ ਹਨ ਉਥੇ ਨਾਲ ਹੀ ਸਾਡੇ ਮਨੁੱਖਾ ਜੀਵਾਂ ਲਈ ਵੀ ਹੁਕਮ ਕਰਦੇ ਹਨ ਕਿ ਆਓ, ਸਾਰੇ ਉਸ ਪਰਮਾਤਮਾ ਦੀ ਸ਼ਰਨ ਪੈ ਕੇ ਅਸੀਂ ਵੀ ਆਪਣਾ ਜੀਵਨ ਸਫ਼ਲ ਕਰ ਲਈਏ ਤਾਂ ਕਿ ਸਾਡਾ ਵੀ ਇਸ ਸੰਸਾਰ ਤੇ ਆਉਣਾ ਸਫ਼ਲ ਹੋ ਸਕੇ। ਕੇਵਲ ਪਰਮਾਤਮਾ ਹੀ ਇਸ ਸਮਰੱਥਾ ਦੇ ਮਾਲਕ ਹਨ ਕਿ ਮਨੁੱਖ ਦੇ ਮਨ ਅੰਦਰ ਸਦੀਵੀ ਖੇੜਾ ਪੈਦਾ ਕਰ ਸਕਣ। ਉਸ ਦੇ ਗੁਣ ਗਾਉਣ ਨਾਲ ਮਨੁੱਖੀ ਮਨ ਬਸੰਤ ਭਾਵ ਖਿੜਾਓ ਦੀ ਅਵਸਥਾ ਵਿਚ ਆ ਜਾਂਦਾ ਹੈ। ਗੁਰਵਾਕ ਹੈ:-
ਤਿਨ ਬਸੰਤੁ ਜੋ ਹਰਿ ਗੁਣ ਗਾਇ॥
ਪੁਰੈ ਭਾਗਿ ਹਰਿ ਭਗਤਿ ਕਰਾਇ॥
Ž(ਅੰਗ-1176)
—————————-
ਸਤਿਗੁਰ ਬਾਣੀ ਸਬਦੁ ਸੁਣਾਏ॥
ਇਹੁ ਜਗੁ ਹਰਿਆ ਸਤਿਗੁਰ ਭਾਏ॥ ੨ ॥
ਇਹਨਾ ਜੀਵਨ ਬਖਸ਼ਣ ਵਾਲੀਆਂ ਪੰਗਤੀਆਂ ਵਿਚ ਤੀਸਰੇ ਪਾਤਸ਼ਾਹ ਉਪਦੇਸ਼ ਕਰਦੇ ਹਨ ਕਿ ਜਦੋਂ ਮਨੁੱਖ ਗੁਰੂ ਦੀ ਬਾਣੀ ਸੁਣਦਾ ਹੈ ਭਾਵ ਗੁਰੂ ਦਾ ਸ਼ਬਦ ਸੁਣਦਾ ਹੈ ਅਤੇ ਗੁਰੂ ਦੇ ਪਿਆਰ ਵਿਚ ਮਗਨ ਹੁੰਦਾ ਹੈ ਉਦੋਂ ਉਹ ਹਰਾ-ਭਰਾ ਭਾਵ ਆਤਮਿਕ ਤੌਰ ਤੇ ਬਲਵਾਨ ਹੋ ਜਾਂਦਾ ਹੈ।
ਗੁਰੁ ਦੇ ਸ਼ਬਦ ਵਿਚ ਬੇਅੰਤ ਤਾਕਤ ਹੈ । ਗੁਰਮਤਿ ਅੰਦਰ ਸ਼ਬਦ ਨੂੰ ਬੇਹੱਦ ਮਹਾਨਤਾ ਹੈ। ਗੁਰੁ ਨਾਨਕ ਦੇਵ ਜੀ ਨੂੰ ਜਦੋਂ ਸਿਧਾਂ ਨੇ ਸਵਾਲ ਕੀਤਾ ਕਿ ਤੁਹਾਡਾ ਗੁਰੁ ਕੌਣ ਹੈ? ਤਾਂ ਉਹਨਾ ਨੇ ਸ਼ਬਦ ਨੂੰ ਆਪਣਾ ਗੁਰੂ ਦੱਸਿਆ ਸੀ। ਸਿਧ ਗੋਸ਼ਟ ਬਾਣੀ ਅੰਦਰ ਫੁਰਮਾਣ ਹੈ :-
ਸਬਦੁ ਗੁਰੂ ਸੁਰਤਿ ਧੁਿਨ ਚੇਲਾ॥
Ž(ਅੰਗ-943)
ਗੁਰਬਾਣੀ ਸਾਰੇ ਦੁੱਖਾਂ ਅਤੇ ਚਿੰਤਾਵਾਂ ਦਾ ਖਾਤਮਾ ਕਰਨ ਦੇ ਸਮਰੱਥ ਹੈ। ਗੁਰੂ ਦੀ ਬਾਣੀ ਧੁਰ ਦਰਗਾਹੋਂ ਆਈ ਹੈ ਜਿਸ ਦੇ ਜਾਪ ਨਾਲ ਸਭ ਦੱੁਖ, ਕਲੇਸ਼ ,ਚਿੰਤਾਵਾਂ ਦੂਰ ਭੱਜ ਜਾਂਦੀਆਂ ਹਨ।:-
ਧੁਰ ਕੀ ਬਾਣੀ ਆਈ॥
ਤਿਨਿ ਸਗਲੀ ਚਿੰਤ ਮਿਟਾਈ॥
Ž(ਅੰਗ-628)
—————————-
ਫਲ ਫੂਲ ਲਾਗੇ ਜਾਂ ਆਪੇ ਲਾਏ॥
ਮੂਲਿ ਲਗੈ ਤਾਂ ਸਤਿਗੁਰੁ ਪਾਏ॥ ੩ ॥
ਇਹਨਾ ਪੰਗਤੀਆਂ ਅੰਦਰ ਗੁਰੂ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਬਸੰਤ ਦੀ ਰੁੱਤ ਨਾਲ ਫੁੱਲ,ਪੱਤੀਆਂ ਅਤੇ ਫਲਾਂ ਦਾ ਸੰਬੰਧ ਜੁੜਦਾ ਹੈ ਅਤੇ ਇਹ ਸਭ ਕੁਦਰਤੀ ਤਬਦੀਲੀ ਕਾਰਨ ਹੈ,ਠੀਕ ਇਸੇ ਹੀ ਤਰ੍ਹਾਂ ਮਨੁੱਖ ਦੇ ਆਤਮਿਕ ਗੁਣਾਂ ਦੇ ਫੁਲ ਫਲ਼ ਵੀ ਪਰਮਾਤਮਾ ਆਪੇ ਹੀ ਲਗਾਉਂਦਾ ਹੈ। ਇਥੇ ਸ਼ਰਤ ਇਹ ਹੈ ਕਿ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਮੂਲ ਭਾਵ ਪਰਮਾਤਮਾ ਦੇ ਲੜ ਲੱਗਣਾ ਪਵੇਗਾ। ਮਨੁੱਖਾ ਮਨ ਅੰਦਰ ਬਸੰਤ ਭਾਵ ਖੇੜਾ ਤਾਂ ਹੀ ਆਵੇਗਾ ਜੇਕਰ ਉਸ ਨੂੰ ਸਦੀਵੀ ਸੱਚ ਪਰਮਾਤਮਾ ਦੇ ਰੰਗ ਵਿਚ ਰੰਗਿਆ ਜਾਵੇਗਾ।
ਮਨੁੱਖਾ ਮਨ ਅਤੇ ਤਨ ਤਾਂ ਹੀ ਅਰੋਗ ਅਤੇ ਤੰਦਰੁਸਤ ਬਣ ਸਕਦਾ ਹੈ ਜੇਕਰ ਪਰਮਾਤਮਾ ਨੂੰ ਸਦਾ ਯਾਦ ਰੱਖਿਆ ਜਾਵੇ। ਉਸਦੀ ਯਾਦ ਤੋਂ ਬਿਨਾ ਤਾਂ ਸੰਸਾਰ(ਸੰਸਾਰ ਦੇ ਲੋਕ)ਵੀ ਸੁਕੀਆਂ ਟਾਹਣੀਆਂ ਦੀ ਤਰ੍ਹਾਂ ਹੈ ਅਤੇ ਮੁੜ-ਮੁੜ ਕੇ ਤ੍ਰਿਸ਼ਨਾ(ਮਾਇਆ) ਦੀ ਅੱਗ ਵਿਚ ਸੜਦਾ ਰਹਿੰਦਾ ਹੈ। ਹੁਕਮ ਹੈ:-
ਸਾਚਿ ਰਤੇ ਤਿਨ ਸਦ ਬਸੰਤ ॥
ਮਨ ਤਨੁ ਹਰਿਆ ਰਵਿ ਗੁਣ ਗੋਵਿੰਦ ॥
ਬਿਨ ਨਾਵੈ ਸੂਕਾ ਸੰਸਾਰੁ ॥
ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥Ž(ਅੰਗ-1173)
———————————
ਆਪਿ ਬਸੰਤੁ ਜਗਤੁ ਸਭੁ ਵਾੜੀ ॥
ਨਾਨਕ ਪੂਰੈ ਭਾਗਿ ਭਗਤਿ ਨਿਰਾਲੀ ॥ ੪ ॥ ੧੭ ॥
ਇਹਨਾ ਆਖਰੀ ਪੰਗਤੀਆਂ ਵਿਚ ਪਾਤਸ਼ਾਹ ਜੀ ਬਿਆਨ ਕਰਦੇ ਹਨ ਕਿ ਇਹ ਸਾਰਾ ਜਗਤ ਉਸ ਪਰਮਾਤਮਾ ਦੀ ਬਗੀਚੀ ਹੈ ਅਤੇ ਇਸ ਨੂੰ ਹਰਾ ਭਰਾ ਰੱਖਣ ਵਾਲਾ ਵੀ ਉਹ ਆਪ ਹੀ ਹੈ। ਅਜਿਹੇ ਬਸੰਤ ਰੂਪੀ ਪਰਮ ਪ੍ਰਮਾਤਮਾ ਦੀ ਭਗਤੀ ਚੰਗੇ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ। ਉਸ ਬਸੰਤ ਰੂਪੀ ਪਰਮ ਹਸਤੀ ਦੇ ਸਿਮਰਨ ਨਾਲ ਸਾਡੇ ਹਿਰਦੇ ਵਿਚ ਵੀ ਬਸੰਤ ਵਰਗਾ ਸੁਹਾਵਣਾ ਬਣ ਸਕਦਾ ਹੈ। ਸੋ ਆਉ,ਅਸੀਂ ਵੀ ਬਸੰਤ ਦੀ ਰੁੱਤ ਵਿਚ ਆਪਣੇ ਹਿਰਦੇ ਅੰਦਰ ਬਸੰਤ ਭਾਵ ਸਦੀਵੀ ਖੇੜਾ ਪੈਦਾ ਕਰੀਏ। ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਅਸੀਂ ਆਪਣੇ ਹਿਰਦੇ ਅੰਦਰ ਗੁਰੂ ਦੇ ਸ਼ਬਦ ਦਾ ਨਿਵਾਸ ਕਰ ਲਵਾਂਗੇ। ਅਜਿਹੀ ਅਵਸਥਾ ਵਿਚ ਪਾਤਸ਼ਾਹ ਜੀ ਦਾ ਇਹ ਮਿੱਠਾ ਬਚਨ ਸੁਭਾਵਕ ਹੀ ਸਾਡੇ ਮੂੰਹੋਂ ਨਿਕਲੇਗਾ:-
ਆਜ ਹਮਾਰੈ ਗ੍ਰਿਹਿ ਬਸੰਤ ॥


ਗੁਰਬਾਣੀ ਵੀਚਾਰ - ਹਰਭਜਨ ਸਿੰਘ
ਗੁਨ ਗਾਏ ਪ੍ਭੁ ਤੁਮ ਬੇਅੰਤ ॥Ž(ਅੰਗ-1180
 
Top