ਸ਼ਨੀ ਭਾਰੂ ਜਾ ਮੰਗਲ ?

Saini Sa'aB

K00l$@!n!
ਸ਼ਨੀ ਭਾਰੂ ਜਾ ਮੰਗਲ ***ਰਵੀ ਸਚਦੇਵਾ***​



ਨਿਹਾਲੇ ਨੂੰ ਆਉਦਾ ਵੇਖ ਸਾਧ ਨੇ ਅੱਖਾਂ ਮੀਚ ਲਈਆਂ ‘ਤੇ ਹੱਥ ‘ਚ ਫੜ੍ਹੀ ਮਾਲਾ ਫੇਰਨ ਲੱਗਾ। ਬਾਬਾ ਜੀ… ਬਾਬਾ ਜੀ… ਕਹਿੰਦਾ ਨਿਹਾਲਾ ਸਾਧ ਦੇ ਚਰਨੀਂ ਜਾ ਲੱਗਾ। ਕੀ ਹੋਇਆ ਭਗਤਾ ? ਸਾਧ ਨੇ ਅੱਖਾਂ ਖੋਲੀਆਂ।

-“ਬਾਬਾ ਜੀ…” ‘ਮੇਰੇ ਘਰ ਬੜਾ ਕਲੇਸ਼ ਏ। ਹਰ ਵਕਤ ਲੜਾਈ ਝਗੜਾ। ਜਦੋਂ ਦੀ ਉਹ ਘਰ ਆਈ ਏ ਘਰ ਦਾ ਸੁੱਖ ਚੈਨ ਖਤਮ ਹੋ ਗਿਆ। ਜਦ ਮੈਂ ਮਾਪਿਆਂ ਦਾ ਪੱਖ ਲੈਦਾ ਹਾਂ ਤਾਂ ਉਹ ਦੁਪਹਿਰ ਦੇ ਸੂਰਜ ਵਾਂਗ ਤਪਨ ਲੱਗਦੀ ਏ। ਅੱਗ ਛੱਡਦੀ ਏ ਨਿਰੀ ਅੱਗ। ਸਾਰਾ ਘਰ ਸਿਰ ਤੇ ਚੁੱਕ ਲੈਦੀ ਏ। ਕਈ ਦਿਨ ਤੂੰ-ਤੂੰ, ਮੈਂ-ਮੈਂ, ਤੇਰਾ ਮੇਰਾ ਦੀ ਜੰਗ ਜੋਰਾ ਸ਼ੋਰਾਂ ਤੇ ਚੱਲਦੀ ਰਹਿੰਦੀ ਏ। ਜਦ ਮੈਂ ਆਪਣੀ ਵਹੁੱਟੀ ਦਾ ਸਾਥ ਦਿੰਦਾ ਹਾਂ ਤਾਂ ਮਾਪੇ ਮੇਰੇ ਤੋਂ ਮੂੰਹ ਫੇਰ ਲੈਦੇ ਨੇ। “ਕਹਿੰਦੇ ਨੇ, “ਕਾਕਾ ਤੂੰ ਕਵਾਰਾ ਹੀ ਚੰਗਾ ਸੀ,। ਜਦ ਦਾ ਤੇਰਾ ਵਿਆਹ ਹੋਇਆ ਏ ਬਸ… ਤੀਵੀ ਜੋਗਾ ਏ। ਤੇਰੀ ਮਤ ਤਾਂ ਉਸਨੇ ਮਾਰ ਰੱਖੀ ਏ। ਉਸ ਬਾਰੇ ਸੋਚਣ ਤੋਂ ਵੇਲ ਮਿਲੇਗੀ ਤਾਂ ਹੀ ਪੁੱਤ ਤੂੰ ਸਾਡੇ ਬਾਰੇ ਸੋਚੇਗਾ। ਬਾਬਾ ਜੀ ਹੁਣ ਤੁਸੀ ਹੀ ਦੱਸੋ ਮੈਂ ਮਾਪਿਆਂ ਦੀ ਮੰਨਾ ਜਾਂ ਵਹੁੱਟੀ ਦੀ। ਦੋਹਾਂ ਪਾਸਿਓ ਮੇਰੀ ਹੀ ਹਾਰ ਏ।

-“ਕਾਕਾ” ‘ਦੋਹਾਂ ਦਾ ਹੱਕ ਬਰਾਬਰ ਹੀ ਬਣਦੈ’। ਤੂੰ ਸਿਰਫ ਸੱਚ ਦਾ ਸਾਥ ਦੇ। ਸਾਧ ਨੇ ਨਾਲ ਪਈ ਟੋਕਰੀ ‘ਚੋਂ ਕੁਝ ਫੁੱਲਾਂ ਦੀਆਂ ਪੱਤੀਆਂ ਚੁੱਕੀਆਂ, ਮੰਤਰ ਪੜ੍ਹਿਆ ‘ਤੇ ਪੱਤੀਆਂ ਨੂੰ ਦਰੱਖਤ ਦੀ ਟਾਹਣੀ ਨਾਲ ਲਟਕ ਰਹੀ ਪਲੇਟ ਉਤੇ ਦੇ ਮਾਰਿਆ। ਜਿਸ ‘ਤੇ ਲਿਖਿਆ ਹੋਇਆ ਸੀ। “ਦਕਸ਼ਣਾ ਸ਼ਰਧਾ ਅਨੁਸਾਰ”। ਨਿਹਾਲਾ ਸਮਝ ਗਿਆ। ਉਸਨੇ ਜੇਬ ‘ਚੌ ਸੌਂ ਦਾ ਨੋਟ ਕੱਢਿਆ ਤੇ ਸਾਹਮਣੇ ਪਈ ਗੜ੍ਹਵੀ ‘ਚ ਰੱਖ ਦਿੱਤਾ।

-“ਆਹ ਜੱਲ ਲੈ ਜੀਂ ਭਗਤਾ, ਘਰ ਜਾ ਕੇ ਛਿੜਕੀਂ। ਸਭ ਕੁਝ ਠੀਕ ਹੋ ਜੂ। ਸਾਡਾ ਆਸ਼ੀਰਵਾਦ ਤੇਰੇ ਨਾਲ ਹੈ।

ਸਾਧ ਨੇ ਗੜ੍ਹਵੀ ਵਿਚਲੇ ਨੋਟ ਨੂੰ ਇੱਕ ਅਂਖ ਨਾਲ ਤੱਕਦੇ ਹੋਏ ਕਿਹਾ। ਸੌ ਦਾ ਕੜਕਦਾ-ਕੜਕਦਾ ਪੱਤਾ ਵੇਖ, ਬਾਬੇ ਨੇ ਆਪਣੀ ਸ਼ੈਤਾਨੀ ਖੋਪੜੀ ਚਲਾਈ। ਇੱਕ ਵਿੳਂੁਤ ਬਣਾਈ। ‘ਤੇ ਇੱਕ ਨਵਾ ਦਾਅ ਸੁੱਟਿਆ।

-“ਕਾਕਾ ਯਾਦ ਕਰ ਕੋਈ ਘਟਨਾ, ਅਪਸ਼ਗੁਨ ਜਾਂ ਕਿਸੇ ਦੀ ਮਾੜੀ ਨਜ਼ਰ। ਤੇਰੇ ਕਰਨੀ ਜਾਂ ਮੂੰਹ ‘ਚੋਂ ਨਿਕਲੀ ਕੋਈ ਅਜਿਹੀ ਗੱਲ ਜਿਸਨੇ ਤੇਰੀ ਚੰਗੀ ਕਿਸਮਤ ਦੀ ਰੇਖਾ ਕੱਟ ਦਿੱਤੀ ‘ਤੇ ਤੈਨੂੰ ਗ੍ਰਿਹਾਂ ਦੇ ਚੱਕਰ ਵਿੱਚ ਪਾ ਦਿੱਤਾ”।

ਨਿਹਾਲਾ ਸਿਰ ਤੇ ਹੱਥ ਰੱਖ ਕੇ ਸੋਚਣ ਲੱਗਾ। ਬਾਬੇ ਦਾ ਦਾਅ ਨਿਸ਼ਾਨੇ ‘ਤੇ ਲੱਗਣ ਲਈ ਤਿਆਰ ਸੀ। ਨਿਹਾਲੇ ਦੇ ਮੂੰਹ ਵੱਲ ਤੱਕਦਾ ਬਾਬਾ, ਉਸਦੇ ਬੁੱਲਾਂ ਦੇ ਹਿੱਲਣ ਦੀ ਉਡੀਕ ਵਿੱਚ ਸੀ।

-“ਜੀ… ਬਾਬਾ ਜੀ…” ਨਿਹਾਲਾ ਇੱਕਦਮ ਬੋਲ ਪਿਆ। ਕੀ ਦੱਸਾਂ ਬਾਬਾ ਜੀ… ਦੱਸਦੇ ਨੂੰ ਵੀ ਸ਼ਰਮ ਆਉਦੀ ਏ। ਗੱਲ ਉਸ ਸਮੇ ਦੀ ਹੈ। ਜਦੋ ਮੈਂ ਆਪਣੇ ਰਿਸ਼ਤੇ ਲਈ ਜੀਤੋ ਨੂੰ ਵੇਖਣ ਗਿਆ ਸਾਂ। ਦੋਹਾ ਪ੍ਰੀਵਾਰਾ ਦੀ ਸਹਿਮਤੀ ਤੋਂ ਬਾਅਦ ਸਾਨੂੰ ਨਾਲ ਵਾਲੇ ਕਮਰੇ ‘ਚ ਤੋਰ ਦਿੱਤਾ। ਹੁਣ ਸਾਡੀ ਵਾਰੀ ਸੀ ਇੱਕ ਦੂਜੇ ਨੂੰ ਨੇੜਿੳਂ ਪਰਖਣ ਦੀ। ਉਹ ਬੈਠਦੇ ਹੀ ਮੇਰੇ ਵੱਲ ਬਿਟਰ-ਬਿਟਰ ਤੱਕਣ ਲੱਗੀ। ਪਤਾ ਨਹੀ ਕਿਉ ਮੈਂ ਉਸਦੇ ਚੇਹਰੇ ਵੱਲ ਵੇਖ ਕੇ ਨੀਵੀਂ ਪਾ ਲਈ ਸੀ। ਸ਼ਾਇਦ… ਮੈਂਨੂੰ ਸ਼ਰਮ ਆ ਰਹੀ ਸੀ। ਨਾ ਗੱਲ ਸ਼ੁਰੂ ਉਹ ਕਰ ਰਹੀ ਸੀ ‘ਤੇ.. ਨਾ ਹੀ ਮੈਂ…! ਕਿੰਨਾ ਹੀ ਚਿਰ ੳੇੁਹ ਮੇਰੇ ਬੂਥੇ ਵੱਲ, ਡੱਡੂ ਵਾਂਗ ਢੱਡੀਆਂ ਅੱਖਾਂ ਨਾਲ ਤੱਕਦੀ ਰਹੀ। ਜਿਵੇਂ ਮੈਂਨੂੰ ਕੱਚੇ ਨੂੰ ਹੀ ਖਾਣਾ ਹੋਵੇ। ਕੁਝ ਸਮਾਂ ਮਾਹੋਲ ਸ਼ਾਂਤ ਰਹਿਣ ਮਗਰੋ ਉਹ ਬੋਲੀ -“ਜੀ.. ਤੁਸੀ.. ਮੇਰੇ…ਤੋਂ.. ਕੁਝ ਪੁੱਛਣਾ ਨਹੀ ਚਾਹੁੰਦੇ…”? ਮੈਂ ਘਬਰਾਹਟ ਵਿੱਚ ਬੋਲ ਗਿਆ “ਭੈਣ ਜੀ.. ਤੁਸੀ ਕਿੰਨੇ ਭੈਣ-ਭਰਾ ਓ”। ਪਹਿਲਾ ਤਾਂ ਉਹ ਗੁੱਸੇ ‘ਚ ਲਾਲ ਪੀਲੀ ਹੋ ਗਈ ‘ਤੇ ਫਿਰ ਜਲਦ ਹੀ ਠੰਢੀ ਪੈ ਗਈ। ਜਿਵੇਂ ਉਸਨੂੰ ਸਮਝ ਆ ਗਈ ਹੋਵੇ ਕਿ ਇਹ ਮੁੰਡਾ ਜਲਦ ਹੀ ਉਸ ਦੇ ਮਗਰ ਲੱਗ ਜਾਵੇਗਾ। ਹੱਸਦੀ ਹੋਈ ਉਹ ਬੋਲੀ, “ਜੀ.. ਪਹਿਲਾ ਤਾਂ ਤਿੰਨ ਭੈਣ-ਭਰਾ ਸਾਂ। ਪਰ ਹੁਣ ਲੱਗਦੈ ਜਿਵੇਂ ਚਾਰ ਹੋ ਗਏ ਆਂ। ਮੇਰਾ ਵੀ ਹਾਸਾ ਨਿੱਕਲ ਗਿਆ। ਦੋਹਾਂ ਨੂੰ ਹੱਸਦੇ ਵੇਖ ਮਾਪਿਆਂ ਨੇ ਸਾਡੇ ਬਾਹਰ ਆਉਣ ਤੋਂ ਪਹਿਲਾ ਹੀ ਰਿਸ਼ਤੇ ਪੱਕੇ ਦੀ ਮੋਹਰ ਲਗਾ ਦਿੱਤੀ। ਰੱਬ ਦਾ ਭਾਣਾਂ ਮੰਨ ਕੇ ਅਸੀ ਵੀ ਇਸ ਨਵੇਂ ਰਿਸ਼ਤੇ ਨੂੰ ਕਬੁਲ ਕਰ ਲਿਆ।

-“ਕਾਕਾ” ‘ਉਸ ਦਿਨ ਭਲਾ ਵਾਰ ਕਹਿੜਾ ਸੀ,। ਬਾਬਾ ਗੜ੍ਹਵੀ ਵਿਚਲੇ ਨੋਟ ਨੂੰ ਚੱਕਦਾ ਹੋਇਆ ਬੋਲਿਆ।

-“ਸ਼ਾਇਦ.. ਬਾਬਾ ਜੀ.. ਸ਼ਨੀਵਾਰ,।

-“ਕਾਕਾ” ਪੈ ਗਿਆ ਨਾ ਪੰਗਾ। ਗ੍ਰਹਿਾਂ ਦਾ ਚੱਕਰ। ਸ਼ਨੀ ਦੀ ਕਰੋਪੀ। ਹੁਣ ਤਾਂ ਪਾਣੀ ਦੇ ਛਿੜਕਾ ਨਾਲ ਵੀ ਕੁਝ ਨਹੀ ਬਣਨਾਂ। ਹਵਨ ਕਰਾਉਣਾਂ ਪੈਣਾ ਏ। ਕਾਕਾ ਇੰਜ ਕਰ ਮੇਰੇ ਚੇਲੇ ਨੂੰ ਕਵੰਜਾ ਸੌਂ ਇੱਕ ਰੁਪਿਆ ਦੇਜਾ ਪੂਜਾ ਦੀ ਸਮੱਗਰੀ ਲਈ।

-“ਪਰ ਬਾਬਾ ਜੀ ਮੇਰੇ ਕੋਲ ਤਾਂ…!!”

-“ਕੋਈ ਗੱਲ ਨਹੀ ਕਾਕਾ ਜਿੰਨੇ ਤੇਰੇ ਕੋਲ ਹੈਗੇ ਨੇ, ਤੂੰ ਦੇਜਾ ਬਾਕੀ ਦੇ ਹਵਨ ਤੋਂ ਬਾਅਦ ਲੈ ਲਵਾਗੇ।

ਜੇਬ ਖਾਲ੍ਹੀ ਕਰਦਾ ਨਿਹਾਲਾ ਸੋਚ ਰਿਹਾ ਸੀ ਕਿ ਉਸ ਦਿਨ ਦਾ ਸ਼ਨੀ ਮੇਰੇ ਤੇ ਭਾਰੂ ਸੀ ਜਾਂ ਫਿਰ ਅੱਜ ਦੇ ਦਿਨ ਵਾਲਾ ਮੰਗਲ…!!

-*-*-*-*-*-
 
Top