ਗ਼ਜ਼ਲ : ਹਰਜਿੰਦਰ ਸਿੰਘ " ਲਾਲ " ਫਿਰੋਜ਼ਪੁਰੀ

ਗ਼ਜ਼ਲ : ਹਰਜਿੰਦਰ ਸਿੰਘ " ਲਾਲ " ਫਿਰੋਜ਼ਪੁਰੀ

ਓਹ ਜੋ ਕਹੇ ਓਹ ਖੂਬ ਹੈ , ਓਹ ਜੋ ਕਰੇ ਕ਼ਮਾਲ ਹੈ .
ਇਹ ਹੁਸਨ ਸ਼ੋਖ ਉਮਰ ਦਾ , ਅਰੇ - ਅਰੇ ਕ਼ਮਾਲ ਹੈ .
……………..
ਇਹ ਜ਼ਿੰਦਗੀ ਤੇ ਮੌਤ ਦਾ , ਜੋ ਖੇਲ ਹੈ ਅਜੀਬ ਹੈ ,
ਜੋ ਡਰ ਗਿਆ ਸੋ ਮਰ ਗਿਆ , ਜੋ ਨਾ ਡਰੇ ਕ਼ਮਾਲ ਹੈ .
……….
ਬਹਾਰ ਹੈ ਇਹ ਜ਼ਿੰਦਗੀ , ਤੇ ਮੌਤ ਹੈ ਖਿਜ਼ਾਂ ਜਿਹੀ ,
ਹੁਣੇ ਜੋ ਪੱਤ ਝੜੇ ਦਿਖੇ , ਹੁਣੇ ਹਰੇ ਕ਼ਮਾਲ ਹੈ .
…………
ਸਵਾਦ ਮੇਰੀ ਪੀੜ ਦਾ , ਜੋ ਹਰ ਘੜੀ ਲਿਆ ਕਰੇ ,
ਮਗਰ ਓਹ ਪੀੜ ਆਪਣੀ, ਨਾ ਪਲ ਜਰੇ ! ਕ਼ਮਾਲ ਹੈ .
…………….’
ਨਾ ਮੋਹ ਕੋਈ ਜੀਣ ਦਾ , ਨਾ ਡਰ ਕਦੇ ਸੀ ਮੌਤ ਦਾ
ਓਹ ਜ਼ਿੰਦਗੀ ਤੋਂ ਵੀ ਰਿਹਾ, ਪਰੇ- ਪਰੇ ਕ਼ਮਾਲ ਹੈ
…………
ਇਹ ਜ਼ੁਲਮ ਦੀ ਹੈ ਇੰਤਿਹਾ , ਕਿ ਬੇ -ਜੁਬਾਂ ਵੀ ਬੋਲ ਪਏ ,
ਸਵਾਲ ਪੁਛੱਦੇ ਨੇ ਹੁਣ , ਖਰੇ- ਖਰੇ ਕ਼ਮਾਲ ਹੈ .
………
ਕ਼ਬੂਲ ਅਰਜ਼ ਵੀ ਨਹੀ , ਸਲਾਮ ਵੀ ਨਹੀ ਕਬੂਲ ,
ਮਿਰਾ ‘ਖੁਦਾ ’ ਨਾ ਕੁਝ ਕਹੇ , ਨਾ ਕੁਝ ਕਰੇ ਕ਼ਮਾਲ ਹੈ
……….
ਕਿ ਹੋਂਠ ਮੁਸਕਰਾ ਰਹੇ , ਤੇ ਬੋਲ ਵੀ ਨੇ ਚਟ -ਪਟੇ ,
ਤਾਂ ਨੈਨ ਕਿਓਂ ਭਰੇ - ਭਰੇ , ਭਰੇ - ਭਰੇ ਕ਼ਮਾਲ ਹੈ
……………….
ਜੇ ਸੋਚਦੇ ਹਾਂ ਬਦਲਣਾ ਹੈ , ਇਹ ਨਿਜ਼ਾਮ - ਏ -ਜ਼ਿੰਦਗੀ ,
ਤਾਂ ਕਿਉਂ ਖੜੇ ਹਾਂ ਮਰਨ ਤੋਂ , ਡਰੇ- ਡਰੇ ਕ਼ਮਾਲ ਹੈ .
……..
ਜੋ ਏਸ ਰਾਹੇ ਤੁਰ ਪਿਆ , ਓਹ ਮੁੜ ਕਦੇ ਨਾ ਪਰਤਿਆ ,
ਜੋ ਮਰ ਗਿਆ ਜਿੰਦਾ ਰਿਹਾ , ਓਹ ਨਾ ਮਰੇ ਕ਼ਮਾਲ ਹੈ .
…….
ਕਿ ਇਸ਼ਕ਼ ਤਾਂ ਹੈ ‘ਖੁਦਕਸ਼ੀ’, ਤੇ ਹੁਸਨ ਦੂਸਰੇ ਦੀ ਮੌਤ ,
ਇਹ ਇਸ਼ਕ਼ ਤਾਂ ਮਰੇ- ਮਰੇ , ਜੇ ਨਾ ਮਰੇ ਕ਼ਮਾਲ ਹੈ .
.............
ਹੈ ਖੇਡ ਸਾਰੀ ਪੀੜ ਦੀ , ਜੋ ਲਾਲ ਤੂੰ ਹੈਂ ਖੇਡਦਾ ,
ਉਚੇੜਦਾ ਹੈਂ ਖੁਦ ਜ਼ਖਮ , ਹਰੇ - ਹਰੇ ਕ਼ਮਾਲ ਹੈ
 
Top