ਜਾਤ ਪਾਤ ਤੇ ਰਾਖਵਾਂਕਰਨ …..

Saini Sa'aB

K00l$@!n!
ਦੋਸਤੋ! ਕਹਿਣ ਨੂੰ ਤਾਂ ਅਸੀਂ ਇੱਕੀਵੀਂ ਸਦੀ ਵਿਚ ਪਹੁੰਚ ਗਏ ਹਾਂ ਪਰ ਕੀ ਅੰਦਰੂਨੀ ਤੋਰ ਤੇ ਇਹ ਮੰਨਣ ਨੂੰ ਤਿਆਰ ਹੋ ਗਏ ਹਾਂ ਕਿ ਅਸੀਂ ਸਭ ਇਕੋ ਰੱਬ, ਵਾਹਿਗੁਰੂ, ਅੱਲ੍ਹਾ, ਰਾਮ, ਰਹੀਮ ਜਾਂ ਯੀਸੂ ਦੇ ਜਾਏ ਹਾਂ। ਸਾਡੇ ਸਾਰਿਆਂ ਦੀਆਂ ਰਗਾਂ ਵਿਚ ਇਕੋ ਜਿਹਾ ਲਾਲ ਰੰਗ ਦਾ ਲਹੂ ਦੌੜ ਰਿਹੈ। ਸਾਰੇ ਇਨਸਾਨ ਪੰਜ ਹੀ ਤੱਤਾਂ ਦੇ ਬਣੇ ਹਨ। ਉਂਜ ਜੋ ਮਰਜੀ ਕਹੀ ਜਾਉ ਪਰ ਹਜਾਰਾਂ ਸਾਲ ਪਹਿਲਾਂ ਜੋ ਵਤੀਰਾ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਹੋਇਆ ਕਰਦਾ ਸੀ, ਉਹ ਅੱਜ ਵੀ ਹੂਬਹੂ ਕਾਇਮ ਹੈ। ਜਿਥੇ ਇਕ ਪਾਸੇ ਦੁਨੀਆਂ ਮੰਗਲ ਗ੍ਰਹਿ ਉਪਰ ਪਹੁੰਚ ਗਈ ਹੈ, ਉਥੇ ਲਗਦੈ ਕਿ ਅਸੀਂ ਅਜੇ ਵੀ ਪੱਥਰ ਯੁਗ ਵਿਚ ਹੀ ਜੀਅ ਰਹੇ ਹਾਂ।

ਹੁਣੇ ਹੀ ਕੁਝ ਦਿਨ ਪਹਿਲਾਂ ਹੀ ਖਬਰਾਂ ਪੜ੍ਹਣ, ਸੁਣਨ ਤੇ ਦੇਖਣ ਵਿਚ ਆਈਆਂ ਸਨ ਕਿ ਪੰਜਾਬ ਵਿਚ ਉਚਜਾਤੀ ਨਾਲ ਸਬੰਧਿਤ ਕੁਝ ਲੋਕਾਂ ਵਲੋਂ ਦਲਿਤ ਜਾਤੀ ਨਾਲ ਸਬੰਧਿਤ ਬੱਚਿਆਂ ਨੂੰ ਜੁੱਤੀਆਂ ਚ ਪਿਸ਼ਾਬ ਪਾ ਕੇ ਜ਼ਬਰੀਂ ਪਿਲਾਇਆ ਗਿਆ। ਝਗੜਾ ਬੱਚਿਆਂ ਦੇ ਖੇਡਣ ਤੋਂ ਸ਼ੁਰੂ ਹੋਇਆ । ਮਾਮਲਾ ਵਡੇਰਿਆਂ ਕੋਲ ਚਲਾ ਗਿਆ। ਉਹਨਾਂ ਨੇ ਆਪਣੀ ਧੋਂਸ ਚ ਆ ਕੇ ਇਸ ਬਹੁਤ ਹੀ ਨਿੰਦਣਯੋਗ ਕਾਰਨਾਮੇ ਨੂੰ ਅੰਜ਼ਾਮ ਦੇ ਦਿੱਤਾ। ਖ਼ਬਰਾਂ ਅਨੁਸਾਰ ਪੁਲਸ ਤੇ ਕੁਝ ਹੋਰ ਪਤਵੰਤਿਆਂ ਵਲੋਂ ਇਸ ਘਟਣਾ ਨੂੰ ਦਬਾਉਣ ਦਾ ਭਰਜੋਰ ਯਤਨ ਕੀਤਾ ਗਿਆ ਪਰ ਕਿਸੇ ਨਾ ਕਿਸੇ ਤਰਾਂ ਇਸ ਘਟਣਾ ਦਾ ਭਾਂਡਾ ਫੁਟ ਗਿਆ। ਰੋਲਾ ਰੱਪਾ ਪਿਆ ਪਰ ਨਤੀਜਾ ਉਹੀ ਕਿ ਪੰਚਾਂ ਦਾ ਕਿਹਾ ਸਿਰਮੱਥੇ, ਪਰਨਾਲਾ ਉਥੇ ਦਾ ਉਥੇ….

ਹੁਣੇ ਹੀ ਰੱਬ ਦੀ ਕੁਰੋਪੀ ਦਾ ਕਹਿਰ ਵਰਸਿਆ ਹੈ । ਸੁਨਾਮੀ ਲਹਿਰਾਂ ਨੇ ਲੱਖਾਂ ਲੋਕਾਂ ਨੂੰ ਕੀਲ਼ ਲਿਆ। ਮਰਨ ਵਾਲਿਆਂ ਚ ਸਾਰੀਆਂ ਜ਼ਾਤਾਂ ਤੇ ਧਰਮਾਂ ਦੇ ਲੋਕ ਸਨ। ਦੂਸਰੇ ਦੇਸ਼ਾਂ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਸਾਡੇ ਦੇਸ਼ ਚ ਜਦੋਂ ਇਹਨਾਂ ਇਲਾਕਿਆਂ ਚ ਰਾਹਤ ਸਮਗਰੀ ਵੰਡਣ ਦਾ ਮੌਕਾ ਆਇਆ ਤਾਂ ਕੂਝ ਰਾਹਤ ਸਮਗਰੀ ਵੰਡਣ ਵਾਲਆਂ ਨੇ ਜ਼ਰੂਰਤ ਮੰਦਾ ਤੋਂ ਉਹਨਾਂ ਦੀ ਜ਼ਾਤ ਪੁੱਛਣਾ ਸ਼ੁਰੂ ਕਰ ਦਿੱਤੀ! ਮਤਲਵ ਕਿ ਜਾਤ ਪਾਤ ਦਾ ਭੂਤ ਉਥੇ ਵੀ ਜਾਗ ਪਿਆ। ਦਲਿਤਾਂ ਨੂੰ ਹੋਰ ਲੋਕਾਂ ਨਾਲ ਇੱਕਠੇ ਸਮਗਰੀ ਲੈਣ ਤੋਂ ਵਰਜਿਤ ਕਰ ਦਿੱਤਾ ਗਿਆ। ਉਹਨਾਂ ਦੀਆਂ ਵੱਖਰੀਆਂ ਕਤਾਰਾਂ ਬਣਾ ਦਿੱਤੀਆਂ ਗਈਆਂ। ਬਚੀ ਖੁਚੀ ਸਮਗਰੀ ਵੰਡੀ ਗਈ।

ਪਿੱਛਲੇ ਸਾਲ ਵੀ ਖ਼ਬਰਾਂ ਪੜ੍ਹੀਆਂ ਸੁਣੀਆਂ ਸਨ ਕਿ ਪਟਿਆਲਾ ਨੇੜੇ ਨਾਭਾ ਰੋਡ ਦੇ ਉਪਰ ਵਸਦੇ ਪਿੰਡ ‘ਮੰਡੋਰ’ ਵਿਚ ਅੱਜ ਵੀ ਦਲਿਤ ਲੋਕਾਂ ਨੂੰ ਮੰਦਰ ਵਿਚ ਪੈਰ ਧਰਨ ਦੀ ਮੁਕੰਮਲ ਮਨਾਹੀ ਹੈ। ਜੇ ਕੋਈ ਦਲਿਤ ਇਸ ਮੰਦਰ ਵਿਚ ਮੱਥਾ ਟੇਕਣ ਆਉਂਦਾ ਹੈ ਤਾਂ ਚੜ੍ਹਾਏ ਪ੍ਰਸਾਦ ਨੂੰ ਉਸਦੇ ਸਾਹਮਣੇ ਹੀ ਕੁੱਤਿਆਂ ਨੂੰ ਪਾ ਦਿਤਾ ਜਾਂਦੈ। ਦਲਿਤ ਦੇ ਪੈਰ ਉਸ ਮੰਦਰ ਵਿਚ ਭੁਲੇਖੇ ਨਾਲ ਪੈ ਜਾਣ ਤਾਂ ਪੂਜਾਰੀ ਸਾਰੇ ਮੰਦਰ ਨੂੰ ਮੁੜ ਧੁਆਏ ਬਿਨਾਂ ਚੈਨ ਨਾਲ ਨਹੀਂ ਬੈਠਦਾ। ਇਕ ਹੋਰ ਕਥਾ ਸੁਣਾਈ ਜਾਦੀ ਹੈ ਕਿ ਇਕ ਵਾਰ ਇਕ ਦਲਿਤ ਨੇ ਮੰਦਰ ਨੇੜੇ ਪਿਸ਼ਾਬ ਕਰ ਦਿਤਾ ਤਾਂ ਉਸਦਾ ਸ਼ਰੀਰ ਉਥੇ ਹੀ ਆਕੜ ਗਿਆ। ਇਸ ਦਾ ਕਾਰਨ ਦਸਿਆ ਜਾਂਦੈ ਕਿ ਉਸਨੂੰ ਪੂਜਾਰੀ ਵਲੋਂ ਸਰਾਪ ਦਿੱਤਾ ਗਿਆ ਸੀ। ਮੰਦਰ ਵਿਚ ਬਣੇ ਤਲਾਬ ਵਿਚ ਵੀ ਦਲਿਤਾਂ ਨੂੰ ਨਹਾਉਣ ਨਹੀਂ ਦਿੱਤਾ ਜਾਂਦਾ ਜਿਸ ਬਾਰੇ ਇਹ ਪ੍ਰਚਲਿਤ ਹੈ ਕਿ ਉਸ ਵਿਚ ਨਹਾ ਕੇ ਕਈ ਦੁਖ ਕੱਟੇ ਜਾਂਦੇ ਹਨ। ਉਹਨਾਂ ਨੂੰ ਮੰਦਰ ਦੇ ਬਾਹਰ ਇਕ ਟੂਟੀ ਰਾਹੀਂ ਕੱਢੇ ਪਾਣੀ ਨਾਲ ਹੀ ਨਹਾ ਕੇ ਕੰਮ ਸਾਰਨਾ ਪੈਂਦੈ। ਇਕ ਗੱਲ ਇਥੇ ਗੌਰ ਕਰਨ ਵਾਲੀ ਇਹ ਵੀ ਹੈ ਕਿ ਜੇਕਰ ਕੋਈ ਦਲਿਤ ਇਥੇ ਪ੍ਰਸਾਦ ਦੇ ਨਾਲ ਨਾਲ ਮੌਟੇ ਪੈਸਿਆਂ ਦਾ ਚੜ੍ਹਾਵਾ ਚੜਾਉਂਦਾ ਹੈ ਤਾਂ ਪੂਜਾਰੀ ਰੁਪਈਆਂ ਦੇ ਨੋਟਾਂ 'ਤੇ ਪਾਣੀ ਤਰੋਂਕ ਕੇ ਤੇ ਚਾਂਦੀ ਦੇ ਸਿਕਿਆਂ ਨੂੰ ਪਾਣੀ ਵਿਚ ਧੋ ਕੇ ਆਪਣੀ ਜੇਬ ਵਿਚ ਪਾ ਲੈਂਦੈ ਪਰ ਪ੍ਰਸਾਦ ਬਾਹਰ ਸੁਟ ਦਿੰਦੈ ਜਾਂ ਫਿਰ ਪਸ਼ੂਆਂ ਨੂੰ ਪਾ ਦਿੰਦੈ। ਜਦੋਂ ਉਹ ਇੰਝ ਕਰਦੈ ਤਾਂ ਉਸਦਾ ਤਰਕ ਹੁੰਦੈ ਕਿ ਮਾਇਆ ਦੀ ਕੋਈ ਜਾਤ ਨਹੀਂ ਹੁੰਦੀ।

ਪਿਛੇ ਜਿਹੇ ਜਲੰਧਰ ਚ ਵਾਪਰੇ ਤਲ੍ਹਣ ਕਾਂਡ ਦੀ ਅੱਗ ਵੀ ਅਜੇ ਪੂਰੀ ਤਰਾਂ ਠੰਡੀ ਨਹੀਂ ਹੋਈ ਹੈ। ਕੁਝ ਸਾਲ ਪਹਿਲਾਂ ਹੀ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਇਕ ਸਵਰਨ ਜਾਤੀ ਦੇ ਭਰਾ ਨੇ ਆਪਣੇ ਦਲਿਤ ਜੀਜਾ ਨੂੰ ਵਿਆਹ ਤੋਂ ਦੋ ਸਾਲ ਬਾਦ ਗੋਲੀ ਨਾਲ ਉਡਾ ਦਿੱਤਾ ਸੀ। ਹਾਲਾਂਕਿ ਉਸਦੀ ਭੈਣ ਨੇ ਵੀ ਉਸੇ ਦਿਨ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ ਸੀ। ਹੁਸ਼ਿਆਰਪੁਰ ਦੇ ਨੇੜੇ ਵੀ ਇਕ ਦਲਿਤ ਨੌਜਵਾਨ ਨੂੰ ਇਸ ਕਰਕੇ ਸ਼ਰਿਆਮ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਸਨੇ ਇਕ ਉਚ ਜਾਤੀ ਦੀ ਲੜਕੀ ਨਾਲ ਪ੍ਰੇਮ ਵਿਆਹ ਕੀਤਾ ਸੀ। ਬਿਹਾਰ ਤੇ ਉਤਰ ਪ੍ਰਦੇਸ਼ ਵਰਗੇ ਸੂਬੇ ਤਾਂ ਇਸ ਤਰਾਂ ਦੀਆਂ ਘਟਨਾਵਾਂ ਵਿਚ ਸਭ ਤੋਂ ਅੱਗੇ ਹਨ। ਬਹੁਤ ਸਾਰੀਆਂ ਇਸ ਤਰਾਂ ਦੀਆਂ ਘਟਨਾਵਾਂ ਨਿਤ ਵਾਪਰਦੀਆਂ ਹਨ ਪਰ ਵਿਰਲੀਆਂ ਟਾਵੀਆਂ ਹੀ ਜੱਗ ਜਾਹਰ ਹੁੰਦੀਆਂ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ, ਸੰਤ ਕਬੀਰ, ਗੁਰੂ ਰਵੀਦਾਸ ਜੀ ਤੇ ਕਈ ਹੋਰ ਮਹਾਂਪੁਰਖ ਇਸ ਛੂਆ ਛਾਤ ਤੇ ਜ਼ਾਤ ਪਾਤ ਦੀ ਬੀਮਾਰੀ ਤੋਂ ਲੋਕਾਂ ਨੂੰ ਮੁਕਤ ਕਰਵਾਉਣ ਵਿਚ ਪੂਰੀ ਉਮਰ ਲਗੇ ਰਹੇ ਪਰ ਇਹ ਜ਼ਹਿਰ ਮੁਕਿਆ ਨਹੀਂ। ਮਹਾਤਮਾ ਗਾਂਧੀ ਨੇ ਸ਼ੂਦਰਾਂ ਨੂੰ ਨਵਾਂ ਨਾਮ 'ਹਰੀਜਨ" ਦਿੱਤਾ ਪਰ ਫਿਰ ਵੀ ਕੋਈ ਖਾਸ ਹੱਲ ਨਹੀਂ ਨਿਕਲਿਆ। ਦਲਿਤ ਉਸੇ ਤਰਾਂ ਹੀ ਗੁਲਾਮਾਂ ਦੀ ਜ਼ਿੰਦਗੀ ਗੁਜ਼ਾਰਣ ਲਈ ਮਜ਼ਬੂਰ ਰਹੇ। ਜੇ ਦਲਿਤਾਂ ਨੇ ਇਸ ਪ੍ਰਥਾ ਵਿਰੁੱਧ ਆਵਾਜ਼ ਉਠਾਈ ਤਾਂ ਜ਼ਿਆਦਾਤਰ ਲੋਕਾਂ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਦ ਲੋਕਤੰਤਰ ਹੋਂਦ ਵਿਚ ਆਇਆ। ਨਵਾਂ ਸਵਿਧਾਨ ਬਣਿਆ। ਜਿਸ ਵਿਚ ਭਾਰਤ ਦੇ ਹਰ ਵਾਸੀ ਨੁੰ ਬਰਾਬਰ ਦੇ ਹੱਕ ਦਿਤੇ ਗਏ,ਉਹ ਭਾਵੇਂ ਕਿਸੇ ਵੀ ਧਰਮ ਜਾਤ ਮਜ਼ਹਬ ਨਾਲ ਸਬੰਧ ਕਿਉਂ ਨਾ ਰਖਦਾ ਹੋਵੇ? ਛੋਟੀਆਂ ਜਾਤਾਂ ਨਾਲ ਸਬੰਧਿਤ ਲੋਕਾਂ ਦੀ ਵੀ ਸੁਣੀ ਗਈ। ਉਹਨਾਂ ਨੂੰ ਅਨੁਸੂਚਿਤ ਤੇ ਜਨਜਾਤੀ ਦਾ ਦਰਜਾ ਦਿਤਾ ਗਿਆ। ਸਵਰਣ ਜਾਤਾਂ ਦੇ ਚੁੰਗਲ ਤੋਂ ਬਚਾਉਣ ਲਈ, ਛੂਆ ਛਾਤ ਨੂੰ ਰੋਕਣ ਲਈ ਕਈ ਕਾਨੂੰਨ ਬਣਾਏ ਗਏ । ਜੀਵਨ ਸਤਰ ਨੂੰ ਉਪਰ ਉਠਾਉਣ ਵਾਸਤੇ ਕਈ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਗਈਆਂ। ਸਕੀਮਾਂ ਚਲਾਈਆਂ ਗਈਆਂ।

ਸਰਕਾਰ ਨੇ ਦਲਿਤ ਲੋਕਾਂ ਲਈ ਸਕੂਲਾਂ, ਕਾਲਜਾਂ, ਨੌਕਰੀਆਂ, ਤਰੱਕੀਆਂ ਤੇ ਰਾਜਨੀਤੀ ਵਿਚ ਵੀ ਰਾਖਵਾਂਕਰਨ ਸ਼ੁਰੂ ਕੀਤਾ। ਇਸ ਨਾਲ ਇਹਨਾ ਲੋਕਾਂ ਦੀ ਜ਼ਿੰਦਗੀ ਵਿਚ ਕੂਝ ਆਰਥਿਕ ਖੁਸ਼ਹਾਲੀ ਆਉਣਾ ਸ਼ੁਰੂ ਹੋਈ। ਲੋਕਾਂ ਦਾ ਜੀਵਨ ਪਧੱਰ ਵੀ ਕੁਝ ਉੱਚਾ ਉਠਿਆ। ਪਹਿਲਾਂ ਤਾਂ ਇਹ ਕਿਹਾ ਜਾਂਦਾ ਰਿਹਾ ਕਿ ਰਾਖਵਾਂਕਰਨ ਦੀ ਸਹੂਲਤ ਤਦ ਤੱਕ ਹੀ ਰਹੇਗੀ ਜਦ ਤੱਕ ਦਲਿਤ ਲੋਕ ਬਾਕੀ ਲੋਕਾਂ ਦੇ ਬਰਾਬਰ ਨਾ ਆ ਜਾਣ। ਪਰ ਰਾਜਨੀਤਕ ਪਾਰਟੀਆਂ ਨੇ ਇਸ ਰਾਖਵਾਂਕਰਨ ਨੂੰ ਆਪਣਾ ਸਭ ਤੋਂ ਵੱਡਾ ਹਥਿਆਰ ਬਣਾ ਲਿਆ। ਇਸਨੂੰ ਵੋਟ ਹਥਿਆਣ ਵਾਸਤੇ ਪ੍ਰਯੋਗ ਕਰਨਾ ਸ਼ੁਰੂ ਕਰ ਦਿਤਾ।

ਇਕ ਪਾਸੇ ਤਾਂ ਸਾਰੀਆਂ ਰਾਜਨੀਤਕ ਪਾਰਟੀਆਂ ਦੇਸ਼ ਵਿਚੋਂ ਜਾਤ ਪਾਤ ਖਤਮ ਕਰਨ ਦਾ ਢਿੰਡੋਰਾ ਪਿਟਦੀਆਂ ਹਨ। ਦੂਜੇ ਪਾਸੇ ਜਾਤ ਪਾਤ 'ਤੇ ਅਧਾਰਿਤ ਰਾਖਵਾਂਕਰਨ ਕਰਕੇ ਲੋਕਾਂ ਵਿਚ ਦੂਰੀਆਂ ਵਧਾਉਂਦੀਆਂ ਹਨ। ਛੂਆ ਛਾਤ ਕਰਨਾ ਗੈਰ ਕਾਨੂੰਨੀ ਤਾਂ ਹੋ ਗਿਆ ਹੈ ਪਰ ਲੋਕਾਂ ਵਿਚ ਇਸ ਰਾਖਵੇਂਕਰਨ ਦੀ ਵਜਹ ਨਾਲ ਅਨੁਸੂਚਿਤ ਜਾਤੀ, ਦਲਿਤਾਂ ਪ੍ਰਤੀ ਗੁੱਸਾ ਵਧਦਾ ਗਿਆ। ਜਿਆਦਾਤਰ ਉਚ ਜਾਤੀ ਨਾਲ ਸਬੰਧਿਤ ਲੋਕ ਅੰਦਰੂਨੀ ਤੌਰ ‘ਤੇ ਇਹਨਾਂ ਨਾਲ ਖਾਰ ਖਾਂਦੇ ਹਨ। ਉਹਨਾਂ ਦਾ ਇਹ ਤਰਕ ਹੈ ਕਿ ਰਾਖਵਾਂਕਰਨ ਜਾਤ ਪਾਤ 'ਤੇ ਅਧਾਰਿਤ ਨਹੀਂ ਹੋਣਾ ਚਾਹੀਦਾ। ਕਿਉਂਕਿ ਕਈ ਸਵਰਣ ਜਾਤਾਂ ਨਾਲ ਸਬੰਧਿਤ ਲੋਕੀ ਐਸੇ ਵੀ ਹਨ ਜਿਹਨਾਂ ਦੇ ਹਾਲਾਤ ਹਰ ਪੱਖੋਂ ਕਈ ਅਨੂਸੁਚਿਤ ਜਾਤੀ ਦਿਆਂ ਲੋਕਾਂ ਕੋਲੋਂ ਵੀ ਕਿਤੇ ਬਦਤਰ ਹਨ ਪਰ ਉਹਨਾਂ ਨੂੰ ਇਹ ਸਹੂਲਤ ਉਪਲਬਧ ਨਹੀਂ ਹੈ। ਦੂਸਰੇ ਪਾਸੇ ਕੁਝ ਦਲਿਤ ਜਾਤ ਨਾਲ ਸਬੰਧਿਤ ਕੁਝ ਸਰਮਾਏਦਾਰ ਲੋਕ ਵੀ ਹਨ ਕਿ ਜਿਹਨਾਂ ਨੂੰ ਕਿਸੇ ਤਰਾਂ ਦੇ ਰਾਖਵੇਂਕਰਨ ਦੀ ਜ਼ਰੂਰਤ ਨਹੀਂ ਹੈ। ਕੁਝ ਦਲਿਤ ਐਸੇ ਵੀ ਹਨ ਜਿਹੜੇ ਰਾਖਵਾਂਕਰਨ ਦੀ ਸਹੂਲਤ ਦਾ ਫਾਇਦਾ ਉਠਾ ਹੀ ਨਹੀਂ ਸਕਦੇ। ਐਸੇ ਲੋਕ ਵੀ ਰਾਖਵੇਂਕਰਨ ਦੀ ਵਜਹ ਨਾਲ ਉਸ ਜਗਹ 'ਤੇ ਪਹੁੰਚ ਜਾਂਦੇ ਹਨ ਜਿਸਦੇ ਉਹ ਕਾਬਿਲ ਨਹੀਂ ਹੁੰਦੇ। ਤਰੱਕੀਆਂ ਦੇ ਮਾਮਲੇ ਵਿਚ ਇਕੋ ਹੀ ਔਹਦੇ 'ਤੇ ਕੰਮ ਕਰਨ ਵਾਲੇ ਦੋ ਸਹਿਕਰਮੀਆਂ, ਦੋਸਤਾਂ ਵਿਚ ਇਸ ਕਰਕੇ ਖਟਾਸ ਆ ਜਾਂਦੀ ਹੈ ਕਿ ਰਾਖਵੇਂਕਰਨ ਕਰਕੇ ਇਕ ਦੂਸਰੇ ਤੋਂ ਅੱਗੇ ਲੰਘ ਗਿਆ। ਕਾਬਲੀਯਤ ਪੱਖੋਂ ਉਹ ਭਾਵੇਂ ਦੁਸਰੇ ਤੋਂ ਕਿਤੇ ਪਿੱਛੇ ਸੀ। ਰਾਖਵੇਂਕਰਨ ਦੀ ਵਜਹ ਨਾਲ ਕਿਸੇ ਖਾਸ ਜਗਹ 'ਤੇ ਪਹੁੰਚਿਆ ਵਿਅਕਤੀ ਵੀ ਪੂਰੀ ਤਰਾਂ ਆਪਣੇ ਕੰਮ ਨਾਲ ਨਿਆਂ ਨਹੀਂ ਕਰ ਪਾਉਂਦਾ । ਉਸਦੇ ਅੰਦਰ ਹੀਣ ਭਾਵਨਾ ਬਣੀਂ ਰਹਿੰਦੀ ਹੈ। ਇਕ ਖਲਾਅ ਹਮੇਸ਼ਾਂ ਕਾਇਮ ਰਹਿੰਦਾ ਹੈ।

ਸਵਾਲ ਇਹ ਹੈ ਕਿ ਜ਼ਾਤ ਪਾਤ ਦੀ ਬਿਮਾਰੀ ਨੂੰ ਜੜ੍ਹੋਂ ਕਿਵੇਂ ਪੁੱਟਿਆ ਜਾਵੇ ? ਇਸ ਜ਼ਹਿਰ ਨੂੰ ਕਿਵੇਂ ਖਤਮ ਕੀਤਾ ਜਾਵੇ? ਲੋਕਾਂ ਦਿਆਂ ਦਿਲਾਂ ਵਿਚ ਇਕ ਦੂਸਰੇ ਪ੍ਰਤੀ ਨਫਰਤ ਕਿਸ ਤਰਾਂ ਖਤਮ ਕੀਤੀ ਜਾਵੇ? ਮੇਰੇ ਖਿਆਲ ਅਨੁਸਾਰ ਸਰਕਾਰੀ ਨੌਕਰੀਆਂ, ਤਰੱਕੀਆਂ, ਸਕੂਲਾਂ ਕਾਲਜਾਂ ਵਿਚੋਂ ਜਾਤ ਪਾਤ ਦੇ ਅਧਾਰ ਤੇ ਹੀ ਨਹੀਂ ਸਗੋਂ ਕਿਸੇ ਵੀ ਪ੍ਰਕਾਰ ਦਾ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ। ਬਾਹਰਲੇ ਦੇਸ਼ਾਂ ਵਾਂਗ ਦੇਸ਼ ਦੇ ਸੁਰੱਖਿਆ ਤੇ ਕੁਝ ਹੋਰ ਜਰੂਰੀ ਵਿਭਾਗਾਂ ਨੂੰ ਛੱਡ ਕੇ ਬਾਕੀ ਸਭ ਸਰਕਾਰੀ ਨੌਕਰੀਆਂ ਖਤਮ ਕਰ ਦੇਣੀਆਂ ਚਾਹੀਦੀਆਂ ਹਨ। ਅਦਾਰੇ ਨਿਜੀ ਕਰ ਦੇਣੇ ਚਾਹੀਦੇ ਹਨ। ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਂਸੁਰੀ। ਜਿਸਦੇ ਵਿਚ ਜੋ ਯੋਗਤਾ ਹੋਵੇਗੀ ਉਹ ਉਸੇ ਤਰਾਂ ਦਾ ਕੰਮ ਕਰੇ। ਸਰਕਾਰ ਨੂੰ ਚਾਹੀਦੈ ਕਿ ਮਾਲੀ ਹਾਲਤਾਂ ਤੋਂ ਕਮਜੋਰ (ਉਹ ਭਾਵੇਂ ਕਿਸੇ ਵੀ ਜਾਤ ਧਰਮ ਨਾਲ ਸਬੰਧਿਤ ਹੋਣ) ਲੋਕਾਂ ਦੀ ਮਾਲੀ ਹੀ ਨਹੀਂ ਸਗੋਂ ਸਰਵਪੱਖੀ ਮਦਦ ਕਰਨ ਦੇ ਪ੍ਰੋਗਰਾਮ ਉਲੀਕੇ ਤਾਂ ਕਿ ਉਹਨਾਂ ਦਾ ਬਹੁਪੱਖੀ ਵਿਕਾਸ ਹੋਵੇ। ਉਹ ਆਪਣੀ ਕਾਬਲਿਯਤ ਦੇ ਦੱਮ ਤੇ ਮੰਜ਼ਿਲ 'ਤੇ ਪਹੁੰਚਣ। ਇੱਜ਼ਤਮਾਨ ਨਾਲ ਜ਼ਿੰਦਗੀ ਜਿਉਣ। ਕਿਸੇ ਕੋਲੋਂ ਆਪਣੀ ਜਾਤ ਛੁਪਾਉਣੀ ਨਾ ਪਏ। ਇਸ ਤਰਾਂ ਜਾਤ ਪਾਤ ਤੇ ਛੂਆ ਛਾਤ ਵਾਲੀ ਬਿਮਾਰੀ ਦਾ ਕੁਝ ਇਲਾਜ ਤਾਂ ਹੋਵੇਗਾ ਹੀ।

ਪਰ ਦੋਸਤੋ! ਸਾਡੇ ਰਾਜਨੀਤਕ ਨੇਤਾ ਤਾਂ ਕੁਝ ਹੋਰ ਹੀ ਮਨਸੂਬੇ ਬਣਾਈ ਬੈਠੇ ਹਨ! ਪਿੱਛੇ ਜਿਹੇ ਰਾਜਸਥਾਨ ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਮ ਜਨਤਾ ਨੂੰ ਭੰਬਲਭੂਸੇ ਵਿਚ ਪਾਉਣ ਤੇ ਨਫਰਤ ਦਾ ਜ਼ਹਿਰ ਫੈਲਾਈ ਰੱਖਣ ਲਈ, ਸਿਆਸੀ ਲੀਡਰਾਂ ਨੇ ‘ਸਵਰਣ ਜ਼ਾਤਾਂ ਲਈ ਰਾਖਵਾਂਕਰਨ' ਰੂਪੀ ਨਵਾਂ ਸੱਪ ਪਿਟਾਰੀ ਵਿਚੋਂ ਕਢ ਮਾਰਿਆ ।ਸਿਆਸੀ ਰੋਟੀਆਂ ਸੇਕਣ ਲਈ ਪਿੱਛੇ ਜਿਹੇ ਕੁਝ ਲੀਡਰਾਂ ਨੇ ਕਿਹਾ ਕਿ ਨਿਜੀ ਅਦਾਰਿਆਂ ਵਿਚ ਵੀ ਜਾਤ ਅਧਾਰਿਤ ਰਾਖਵਾਂਕਰਨ ਲਾਗੂ ਕੀਤਾ ਜਾਵੇ। ਉਹ ਸ਼ਾਇਦ ਚਾਹੁੰਦੇ ਹਨ ਕਿ ਇਹ ਜਾਤ ਪਾਤ ਤੇ ਛੂਆ ਛਾਤ ਦਾ ਜ਼ਹਿਰ ਕਦੇ ਵੀ ਖਤਮ ਨਾ ਹੋਵੇ। ਦਿਨੋਂ ਦਿਨ ਫੈਲਦਾ ਜਾਏ ਤੇ ਉਹ ਆਪਣੀ ਕੁਰਸੀ ਤੇ ਬਿਰਾਜਮਾਨ ਰਹਿਣ! ਕਿਉਂ ਮੈਂ ਕੋਈ ਝੂਠ ਬੋਲਿਅ?

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ
 
Top