Punjab News ਗੁਰਵਿੰਦਰ ਬਰਾੜ ਵੀ ਬਣਿਆ ਫ਼ਿਲਮੀ ਹੀਰੋ

chief

Prime VIP


‘ਗੁੱਡ ਮੌਰਨਿੰਗ’ ਟੇਪ ਰਾਹੀਂ ਪ੍ਰਸਿੱਧੀ ਹਾਸਲ ਕਰਨ ਵਾਲਾ ਗਾਇਕ ਗੁਰਵਿੰਦਰ ਬਰਾੜ ਵੀ ਫ਼ਿਲਮੀ ਹੀਰੋ ਬਣ ਗਿਆ ਹੈ। ਨਿਰਮਾਤਾ ਰਾਜ ਧਾਲੀਵਾਲ ਅਤੇ ਆਨੰਦ ਸੰਗੀਤ ਕੰਪਨੀ ਵੱਲੋਂ ਨਿਰਦੇਸ਼ਕ ਮਨਜੀਤ ਟੋਨੀ ਦੀ ਨਿਰਦੇਸ਼ਨਾ ਹੇਠ ਉਸਦੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ‘ਮੁਹੱਬਤਾਂ’ ਦੀ ਸ਼ੂਟਿੰਗ ਲਗਭਗ ਅੱਸੀ ਪ੍ਰਤੀਸ਼ਤ ਮੁਕੰਮਲ ਹੋ ਚੁੱਕੀ ਹੈ। ਇਸ ਵਿੱਚ ਉਹ ਦਰਸ਼ਕਾਂ ਨੂੰ ਹੀਰੋ ਵਜੋਂ ਨਜ਼ਰ ਆਵੇਗਾ। ਫ਼ਿਲਮ ਦੇ ਬਾਕੀ ਕਲਾਕਾਰਾਂ ਵਿੱਚ ਵਿਕਟਰ ਜੌਨ, ਸੋਹਜ ਬਰਾੜ, ਸ਼ਰਨ, ਕਾਵਿਆ ਸਿੰਘ, ਬੀ.ਐੱਨ.ਸ਼ਰਮਾਂ, ਪ੍ਰਕਾਸ਼ ਗਾਧੂ, ਸਤਿੰਦਰ ਕੌਰ, ਸੁਖਬੀਰ ਸਿੰਘ, ਪ੍ਰਮੋਦ ਪੱਬੀ ਆਦਿ ਸ਼ਾਮਿਲ ਹਨ। ਫ਼ਿਲਮ ਦਾ ਕੈਮਰਾਮੈਨ ਬਰਿੰਦਰ ਸਿੱਧੂ ਹੈ ਅਤੇ ਸੰਗੀਤ ਅਤੁਲ-ਜੁਆਏ ਦੀ ਜੋੜੀ ਨੇ ਤਿਆਰ ਕੀਤਾ ਹੈ। ਫ਼ਿਲਮ ਦੇ ਸਾਰੇ ਗੀਤ ਗੁਰਵਿੰਦਰ ਬਰਾੜ ਦੇ ਲਿਖੇ ਹੋਏ ਹਨ ਅਤੇ ਇਹਨਾਂ ਨੂੰ ਆਵਾਜ਼ਾਂ ਖੁਦ ਗੁਰਵਿੰਦਰ ਬਰਾੜ, ਰਾਜ ਬਰਾੜ, ਸੁਰਜੀਤ ਭੁੱਲਰ ਅਤੇ ਸਾਇਰਾ ਖਾਨ ਨੇ ਦਿੱਤੀਆਂ ਹਨ। ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬੀ ਗਾਇਕਾਂ ਨੂੰ ਨਾਇਕ ਵਜੋਂ ਪੇਸ਼ ਕਰਨ ਦਾ ਚਲਣ ਚੱਲ ਰਿਹਾ ਹੈ ਤੇ ਇਹ ਤਜਰਬਾ ਕਾਫ਼ੀ ਹੱਦ ਤੱਕ ਸਫ਼ਲ ਵੀ ਰਿਹਾ ਹੈ। ਗੁਰਵਿੰਦਰ ਬਰਾੜ ਅੱਜ ਦੋਗਾਣਿਆਂ ਦਾ ਚਰਚਿਤ ਨਾਂ ਹੈ ਤੇ ਲੋਕ ਉਸ ਨੂੰ ਹੀਰੋ ਵਜੋਂ ਦੇਖਣਾ ਵੀ ਲੋਚਦੇ ਹਨ ਇਸੇ ਲਈ ਹੀ ਨਿਰਮਾਤਾਵਾਂ ਨੇ ਉਸ ਨੂੰ ਹੀਰੋ ਲੈਣ ਦੀ ਸੋਚੀ।ਉੱਘੇ ਗੀਤਕਾਰ ਰਾਜ ਸੁਖਰਾਜ ਨਾਲ ਆਪਣੀ ਫ਼ਿਰੋਜ਼ਪੁਰ ਵਿਸ਼ੇਸ਼ ਫੇਰੀ ਦੌਰਾਨ ਗਾਇਕ ਗੁਰਵਿੰਦਰ ਬਰਾੜ ਦਾ ਆਪਣੀ ਇਸ ਪਲੇਠੀ ਫ਼ਿਲਮ ਬਾਰੇ ਕਹਿਣਾ ਹੈ ਕਿ ਉਸਨੇ ਸੋਚਿਆ ਨਹੀਂ ਸੀ ਕਿ ਉਹ ਐਨੀ ਜਲਦੀ ਫ਼ਿਲਮਾਂ ਵਿੱਚ ਕੰਮ ਕਰੇਗਾ ਪਰ ਲੋਕਾਂ ਦੇ ਪਿਆਰ ਅਤੇ ਨਿਰਮਾਤਾਵਾਂ ਦੇ ਭਰੋਸੇ ‘ਤੇ ਉਸ ਨੇ ਇਸ ਫ਼ਿਲਮ ਲਈ ਹਾਂ ਕਹਿ ਦਿੱਤੀ।

ਇਸ ਫ਼ਿਲਮ ਦੀ ਕਹਾਣੀ ਦੋ ਪਰਿਵਾਰਾਂ ਦੀ ਆਪਸੀ ਦੁਸ਼ਮਣੀ ਨੂੰ ਪੇਸ਼ ਕਰਦੀ ਹੈ ਜਿਸ ਵਿੱਚ ਵਿਲੇਨ ਦੇ ਕਿਰਦਾਰ ਵਿੱਚ ਬੀ.ਐੱਨ.ਸ਼ਰਮਾਂ ਅਤੇ ਵਿਕਟਰ ਜੌਨ ਨਜ਼ਰ ਆਉਣਗੇ। ਹਾਸੇ ਦੀਆਂ ਫੁਹਾਰਾਂ ਛੱਡਣ ਦੀ ਜ਼ਿੰਮੇਵਾਰੀ ਪ੍ਰਕਾਸ਼ ਗਾਧੂ ਦੀ ਹੈ। ਗੁਰਵਿੰਦਰ ਬਰਾੜ ਦੀ ਧਰਮਪਤਨੀ ਅਤੇ ਉੱਘੇ ਨਾਟਕਕਾਰ ਪ੍ਰੋ. ਅਜਮੇਰ ਔਲਖ ਦੀ ਬੇਟੀ ਸੁਹਜ ਬਰਾੜ ਨੇ ਵੀ ਇਸ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀਆਂ ਦੋ ਹੀਰੋਇਨਾਂ ਸ਼ਰਨ ਅਤੇ ਕਾਵਿਆ ਸਿੰਘ ਹਨ, ਸ਼ਰਨ ਦੀ ਇਹ ਪਹਿਲੀ ਫ਼ਿਲਮ ਹੈ ਜਦਕਿ ਕਾਵਿਆ ਸਿੰਘ ਇਸ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਫ਼ਿਲਮ ‘ਇੱਕ ਕੁੜੀ ਪੰਜਾਬ ਦੀ’ ਵਿੱਚ ਕੰਮ ਕਰ ਚੁੱਕੀ ਹੈ। ਜੰਗੀ ਪੱਧਰ ‘ਤੇ ਬਣ ਰਹੀ ਇਹ ਫ਼ਿਲਮ ਅਗਸਤ ਦੇ ਮਹੀਨੇ ਦਰਸ਼ਕਾਂ ਤੱਕ ਪਹੁੰਚ ਜਾਵੇਗੀ।
 
Top